Skip to content

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਧੀਰਜ ਕਿਵੇਂ ਪੈਦਾ ਕਰੀਏ?

ਧੀਰਜ ਕਿਵੇਂ ਪੈਦਾ ਕਰੀਏ?

 “ਹਰ ਰੋਜ਼ ਪਤੀ-ਪਤਨੀ ਦੇ ਧੀਰਜ ਦੀ ਪਰਖ ਹੁੰਦੀ ਹੈ। ਕੁਆਰੇ ਹੁੰਦਿਆਂ ਸ਼ਾਇਦ ਤੁਹਾਨੂੰ ਲੱਗੇ ਕਿ ਧੀਰਜ ਰੱਖਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਵਿਆਹੁਤਾ ਜੀਵਨ ਸਫ਼ਲ ਬਣਾਉਣ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ।”—ਜੌਨ।

 ਤੁਹਾਨੂੰ ਧੀਰਜ ਦਿਖਾਉਣ ਦੀ ਕਿਉਂ ਲੋੜ ਹੈ?

  •   ਵਿਆਹ ਤੋਂ ਬਾਅਦ ਤੁਸੀਂ ਆਪਣੇ ਜੀਵਨ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਸਕਦੇ ਹੋ।

     “ਵਿਆਹ ਤੋਂ ਕੁਝ ਸਮੇਂ ਬਾਅਦ ਆਪਣੇ ਸਾਥੀ ਦੇ ਔਗੁਣਾਂ ʼਤੇ ਧਿਆਨ ਲਾਉਣਾ ਸੌਖਾ ਹੁੰਦਾ ਹੈ। ਇਸ ਤਰ੍ਹਾਂ ਦਾ ਗ਼ਲਤ ਰਵੱਈਆ ਰੱਖਣ ਕਰਕੇ ਤੁਹਾਡੇ ਲਈ ਧੀਰਜ ਰੱਖਣਾ ਔਖਾ ਹੁੰਦਾ ਹੈ।”—ਜਸੈਨਾ।

  •   ਧੀਰਜ ਨਾ ਰੱਖਣ ਕਰਕੇ ਤੁਸੀਂ ਸ਼ਾਇਦ ਬਿਨਾਂ ਸੋਚੇ-ਸਮਝੇ ਗੱਲ ਕਰੋ।

     “ਮੈਂ ਆਪਣੀਆਂ ਭਾਵਨਾਵਾਂ ਨੂੰ ਝੱਟ ਬਿਆਨ ਕਰ ਦਿੰਦੀ ਹਾਂ, ਕਈ ਵਾਰ ਤਾਂ ਮੈਂ ਉਹ ਗੱਲਾਂ ਕਹਿ ਦਿੰਦੀ ਹਾਂ ਜੋ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ। ਜੇ ਮੇਰੇ ਵਿਚ ਜ਼ਿਆਦਾ ਧੀਰਜ ਹੋਵੇ, ਤਾਂ ਮੈਂ ਸੋਚ ਸਕਦੀ ਹਾਂ ਕਿ ਕੋਈ ਗੱਲ ਕਹਿਣੀ ਜ਼ਰੂਰੀ ਹੈ ਕਿ ਨਹੀਂ ਅਤੇ ਮੈਂ ਸ਼ਾਇਦ ਕੁਝ ਨਾ ਕਹਿਣ ਦਾ ਫ਼ੈਸਲਾ ਕਰਾਂ।”—ਕਾਰਮਨ।

     ਬਾਈਬਲ ਦੱਸਦੀ ਹੈ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।” (1 ਕੁਰਿੰਥੀਆਂ 13:4) ਇਹ ਮੰਨਣਾ ਸਹੀ ਲੱਗਦਾ ਹੈ ਕਿ ਦੋ ਪਿਆਰ ਕਰਨ ਵਾਲੇ ਇਨਸਾਨ ਧੀਰਜ ਦਿਖਾਉਣਗੇ। ਪਰ ਹਮੇਸ਼ਾ ਇੱਦਾਂ ਨਹੀਂ ਹੁੰਦਾ। ਜੌਨ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਦੱਸਦਾ ਹੈ, “ਹੋਰ ਚੰਗੇ ਗੁਣਾਂ ਦੀ ਤਰ੍ਹਾਂ ਧੀਰਜ ਦਿਖਾਉਣ ਦੀ ਬਜਾਇ ਧੀਰਜ ਨਾ ਦਿਖਾਉਣਾ ਸੌਖਾ ਹੁੰਦਾ ਹੈ। ਧੀਰਜ ਨੂੰ ਵਧਾਉਂਦੇ ਰਹਿਣ ਲਈ ਮਿਹਨਤ ਕਰਨ ਦੀ ਲੋੜ ਹੈ।”

 ਤੁਸੀਂ ਧੀਰਜ ਕਿਵੇਂ ਦਿਖਾ ਸਕਦੇ ਹੋ?

  •   ਜਦੋਂ ਅਚਾਨਕ ਤੁਹਾਡੇ ਧੀਰਜ ਦੀ ਪਰਖ ਹੁੰਦੀ ਹੈ।

     ਮਿਸਾਲ: ਤੁਹਾਡਾ ਸਾਥੀ ਤੁਹਾਨੂੰ ਬਿਨਾਂ ਸੋਚੇ-ਸਮਝੇ ਕੁਝ ਕਹਿ ਦਿੰਦਾ ਹੈ। ਕੁਦਰਤੀ ਤੌਰ ʼਤੇ ਤੁਸੀਂ ਵੀ ਉਸ ਨੂੰ ਉਸੇ ਤਰੀਕੇ ਨਾਲ ਜਵਾਬ ਦੇਣਾ ਚਾਹੋਗੇ।

     ਬਾਈਬਲ ਦਾ ਅਸੂਲ: “ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।”—ਉਪਦੇਸ਼ਕ ਦੀ ਪੋਥੀ 7:9.

     ਧੀਰਜ ਕਿਵੇਂ ਦਿਖਾਈਏ? ਥੋੜ੍ਹਾ ਰੁਕੋ। ਕੁਝ ਵੀ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਯਕੀਨ ਦਿਵਾਓ ਕਿ ਤੁਹਾਡਾ ਜੀਵਨ ਸਾਥੀ ਆਪਣੀਆਂ ਗੱਲਾਂ ਨਾਲ ਨਾ ਤਾਂ ਤੁਹਾਨੂੰ ਠੇਸ ਪਹੁੰਚਾਉਣੀ ਤੇ ਨਾ ਹੀ ਤੁਹਾਡੀ ਬੇਇੱਜ਼ਤੀ ਕਰਨੀ ਚਾਹੁੰਦਾ ਸੀ। ਆਪਣੇ ਵਿਆਹ ਨੂੰ ਬਚਾਉਣਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਸਾਡੇ ਵਿੱਚੋਂ ਜ਼ਿਆਦਾਤਰ ਜਣੇ ਆਪਣੇ ਜੀਵਨ ਸਾਥੀ ਦੀਆਂ ਗੱਲਾਂ ਦਾ ਉਲਟਾ ਹੀ ਮਤਲਬ ਕੱਢ ਲੈਂਦੇ ਹਨ।”

     ਚਾਹੇ ਤੁਹਾਡਾ ਸਾਥੀ ਤੁਹਾਨੂੰ ਗੁੱਸਾ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਤਾਂ ਵੀ ਤੁਸੀਂ ਧੀਰਜ ਦਿਖਾਉਂਦਿਆਂ ਇੱਟ ਦਾ ਜਵਾਬ ਪੱਥਰ ਨਾਲ ਨਾ ਦੇ ਕੇ ਹਾਲਾਤ ਸੁਧਾਰ ਸਕਦੇ ਹੋ। ਬਾਈਬਲ ਕਹਿੰਦੀ ਹੈ: “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।”—ਕਹਾਉਤਾਂ 26:20.

     “ਜੇ ਤੁਸੀਂ ਆਪਣੀ ਪਤਨੀ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪੈਂਦੇ ਹੋ, ਤਾਂ ਰੁਕੋ ਤੇ ਸੋਚੋ ਕਿ ਤੁਸੀਂ ਉਸ ਨੂੰ ਕਿਉਂ ਪਿਆਰ ਕਰਦੇ ਹੋ ਅਤੇ ਇਕਦਮ ਉਸ ਲਈ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋ।”—ਈਥਨ।

     ਜ਼ਰਾ ਸੋਚੋ:

    •  ਤੁਸੀਂ ਉਦੋਂ ਕੀ ਕਰਦੇ ਹੋ ਜਦੋਂ ਤੁਹਾਡਾ ਸਾਥੀ ਤੁਹਾਨੂੰ ਰੁੱਖੇ ਤਰੀਕੇ ਨਾਲ ਕੁਝ ਕਹਿੰਦਾ ਜਾਂ ਕੁਝ ਕਰਦਾ ਹੈ?

    •  ਅਗਲੀ ਵਾਰ ਇੱਦਾਂ ਹੋਣ ʼਤੇ ਤੁਸੀਂ ਹੋਰ ਜ਼ਿਆਦਾ ਧੀਰਜ ਕਿਵੇਂ ਦਿਖਾ ਸਕਦੇ ਹੋ?

  •   ਜਦੋਂ ਇੱਕੋ ਗੱਲ ਕਰਕੇ ਤੁਹਾਡੇ ਧੀਰਜ ਦੀ ਪਰਖ ਹੁੰਦੀ ਹੈ।

     ਮਿਸਾਲ: ਜਦੋਂ ਤੁਹਾਡਾ ਸਾਥੀ ਹਮੇਸ਼ਾ ਤੁਹਾਨੂੰ ਇੰਤਜ਼ਾਰ ਕਰਵਾਉਂਦਾ ਹੈ, ਤਾਂ ਤੁਹਾਨੂੰ ਗੁੱਸਾ ਚੜ੍ਹਦਾ ਹੈ।

     ਬਾਈਬਲ ਦਾ ਅਸੂਲ: “ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।”—ਕੁਲੁੱਸੀਆਂ 3:13.

     ਧੀਰਜ ਕਿਵੇਂ ਦਿਖਾਈਏ? ਆਪਣੀਆਂ ਲੋੜਾਂ ਨਾਲੋਂ ਜ਼ਿਆਦਾ ਆਪਣੇ ਰਿਸ਼ਤੇ ਦੀਆਂ ਲੋੜਾਂ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਤੋਂ ਪੁੱਛੋ, ‘ਕਿਸੇ ਗੱਲ ʼਤੇ ਬਹਿਸ ਕਰਨ ਨਾਲ ਸਾਡੇ ਰਿਸ਼ਤੇ ʼਤੇ ਚੰਗਾ ਅਸਰ ਪਵੇਗਾ ਜਾਂ ਮਾੜਾ?’ ਨਾਲੇ ਯਾਦ ਰੱਖੋ ਕਿ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂਬ 3:2) ਇਸ ਦਾ ਮਤਲਬ ਹੈ ਕਿ ਤੁਹਾਨੂੰ ਵੀ ਕਈ ਚੀਜ਼ਾਂ ਵਿਚ ਸੁਧਾਰ ਕਰਨ ਦੀ ਲੋੜ ਹੈ।

     “ਕਦੀ-ਕਦਾਈਂ ਮੈਂ ਆਪਣੇ ਪਤੀ ਨਾਲੋਂ ਜ਼ਿਆਦਾ ਆਪਣੀ ਸਹੇਲੀ ਨਾਲ ਧੀਰਜ ਨਾਲ ਪੇਸ਼ ਆਉਂਦੀ ਹਾਂ। ਮੈਨੂੰ ਲੱਗਦਾ ਹੈ ਕਿ ਇਹ ਇਸ ਲਈ ਹੁੰਦਾ ਹੈ ਕਿਉਂਕਿ ਮੈਂ ਆਪਣੇ ਪਤੀ ਨਾਲ ਜ਼ਿਆਦਾ ਸਮਾਂ ਬਿਤਾਉਂਦੀ ਹਾਂ ਤੇ ਉਸ ਦੀਆਂ ਕਮੀਆਂ-ਕਮਜ਼ੋਰੀਆਂ ਦੇਖਦੀ ਹਾਂ। ਪਰ ਧੀਰਜ ਦਿਖਾ ਕੇ ਮੈਂ ਜ਼ਾਹਰ ਕਰਦੀ ਹਾਂ ਕਿ ਮੈਂ ਆਪਣੇ ਪਤੀ ਨੂੰ ਪਿਆਰ ਕਰਦੀ ਹਾਂ ਤੇ ਉਸ ਦੀ ਇੱਜ਼ਤ ਕਰਦੀ ਹਾਂ ਜੋ ਕਿ ਵਿਆਹੁਤਾ ਰਿਸ਼ਤੇ ਵਿਚ ਬਹੁਤ ਜ਼ਰੂਰੀ ਹੈ।”—ਨੀਆ।

     ਜ਼ਰਾ ਸੋਚੋ:

    •  ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ਦੇਖ ਕੇ ਤੁਸੀਂ ਕਿੰਨਾ ਕੁ ਧੀਰਜ ਦਿਖਾਉਂਦੇ ਹੋ?

    •  ਤੁਸੀਂ ਭਵਿੱਖ ਵਿਚ ਹੋਰ ਜ਼ਿਆਦਾ ਧੀਰਜ ਕਿਵੇਂ ਦਿਖਾ ਸਕਦੇ ਹੋ?