Skip to content

ਪਰਿਵਾਰ ਦੀ ਮਦਦ ਲਈ | ਮਾਪੇ

ਬੱਚੇ ਅਤੇ ਸਮਾਰਟ ਫ਼ੋਨ—ਭਾਗ 1: ਕੀ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ?

ਬੱਚੇ ਅਤੇ ਸਮਾਰਟ ਫ਼ੋਨ—ਭਾਗ 1: ਕੀ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ?

 ਅੱਜ ਜ਼ਿਆਦਾਤਰ ਬੱਚੇ ਸਮਾਰਟ ਫ਼ੋਨ a ਵਰਤਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਜਣੇ ਇਕੱਲਿਆਂ ਵਿਚ ਫ਼ੋਨ ʼਤੇ ਇੰਟਰਨੈੱਟ ਚਲਾਉਂਦੇ ਹਨ। ਜੇ ਤੁਸੀਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਦਿੰਦੇ ਹੋ, ਤਾਂ ਇਸ ਨੂੰ ਵਰਤਣ ਦੇ ਕਿਹੜੇ ਖ਼ਤਰੇ ਹਨ? ਇਸ ਦੇ ਕੀ ਫ਼ਾਇਦੇ ਹਨ? ਤੁਹਾਨੂੰ ਆਪਣੇ ਬੱਚੇ ਨੂੰ ਹਰ ਰੋਜ਼ ਕਿੰਨੀ ਦੇਰ ਫ਼ੋਨ ਵਰਤਣ ਦੇਣਾ ਚਾਹੀਦਾ ਹੈ?

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ?

 ਫ਼ਾਇਦੇ

  •   ਬੱਚਿਆਂ ਦੀ ਸੁਰੱਖਿਆ ਅਤੇ ਮਾਪਿਆਂ ਨੂੰ ਮਨ ਦੀ ਸ਼ਾਂਤੀ। ਦੋ ਨੌਜਵਾਨ ਬੱਚਿਆਂ ਦੀ ਮਾਂ ਬੈਥਨੀ ਕਹਿੰਦੀ ਹੈ: “ਅਸੀਂ ਖ਼ਤਰਨਾਕ ਦੁਨੀਆਂ ਵਿਚ ਰਹਿੰਦੇ ਹਾਂ। ਇਸ ਲਈ ਬੱਚਿਆਂ ਕੋਲ ਫ਼ੋਨ ਹੋਣਾ ਜ਼ਰੂਰੀ ਹੈ ਤਾਂਕਿ ਮਾਪੇ ਉਨ੍ਹਾਂ ਨਾਲ ਗੱਲ ਕਰ ਸਕਣ।”

     ਕੈਥਰੀਨ ਨਾਂ ਦੀ ਇਕ ਔਰਤ ਕਹਿੰਦੀ ਹੈ: “ਫ਼ੋਨ ਦੀਆਂ ਕੁਝ ਐਪਸ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਬੱਚੇ ਕਿੱਥੇ ਹਨ। ਜੇ ਤੁਹਾਡਾ ਬੱਚਾ ਗੱਡੀ ਚਲਾ ਰਿਹਾ ਹੈ, ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਹ ਕਿੰਨੀ ਕੁ ਤੇਜ਼ ਗੱਡੀ ਚਲਾ ਰਿਹਾ ਹੈ।”

  •   ਸਕੂਲ ਦਾ ਕੰਮ ਕਰਨ ਵਿਚ ਮਦਦ। ਮੈਰੀ ਨਾਂ ਦੀ ਇਕ ਔਰਤ ਕਹਿੰਦੀ ਹੈ: “ਬੱਚਿਆਂ ਨੂੰ ਸਕੂਲ ਦਾ ਕੰਮ ਈ-ਮੇਲ ਜਾਂ ਮੈਸਿਜ ਰਾਹੀਂ ਮਿਲਦਾ ਹੈ। ਨਾਲੇ ਫ਼ੋਨ ਰਾਹੀਂ ਬੱਚੇ ਆਪਣੇ ਅਧਿਆਪਕਾਂ ਨਾਲ ਗੱਲ ਕਰ ਸਕਦੇ ਹਨ।”

 ਖ਼ਤਰੇ

  •   ਹੱਦੋਂ ਵੱਧ ਫ਼ੋਨ ਦੀ ਵਰਤੋ। ਨੌਜਵਾਨ ਹਰ ਰੋਜ਼ ਕਈ-ਕਈ ਘੰਟੇ ਫ਼ੋਨ ʼਤੇ ਲੱਗੇ ਰਹਿੰਦੇ ਹਨ। ਦਰਅਸਲ, ਮਾਪੇ ਜਿੰਨਾ ਸਮਾਂ ਆਪਣੇ ਫ਼ੋਨ ਵਗੈਰਾ ʼਤੇ ਲਾਉਂਦੇ ਹਨ, ਉੱਨਾ ਸਮਾਂ ਹੀ ਉਹ ਆਪਣੇ ਬੱਚਿਆਂ ਨਾਲ ਗੱਲ ਕਰਨ ʼਤੇ ਲਾਉਂਦੇ ਹਨ। ਇਕ ਸਲਾਹਕਾਰ ਕਹਿੰਦਾ ਹੈ ਕਿ ਕਈ ਘਰਾਂ ਵਿਚ “ਪਰਿਵਾਰ ਦੇ ਮੈਂਬਰ ਅਜਨਬੀਆਂ ਵਾਂਗ ਰਹਿੰਦੇ ਹਨ ਅਤੇ ਉਹ ਸਿਰਫ਼ ਫ਼ੋਨ ʼਤੇ ਹੀ ਗੱਲ ਕਰਦੇ ਹਨ।” b

  •   ਪੋਰਨੋਗ੍ਰਾਫੀ। ਅੰਦਾਜ਼ਾ ਲਾਇਆ ਗਿਆ ਹੈ ਕਿ ਅੱਧੇ ਤੋਂ ਜ਼ਿਆਦਾ ਨੌਜਵਾਨ ਹਰ ਮਹੀਨੇ ਪੋਰਨੋਗ੍ਰਾਫੀ ਦੇਖਣ ਲਈ ਸਾਈਟਾਂ ਲੱਭਦੇ ਹਨ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸਮਾਰਟ ਫ਼ੋਨ ਰਾਹੀਂ ਪੋਰਨੋਗ੍ਰਾਫੀ ਦੇਖਣੀ ਬਹੁਤ ਸੌਖੀ ਹੈ। ਦੋ ਨੌਜਵਾਨਾਂ ਦਾ ਪਿਤਾ ਵਿਲਿਅਮ ਕਹਿੰਦਾ ਹੈ: “ਜਦੋਂ ਮਾਪੇ ਆਪਣੇ ਬੱਚਿਆਂ ਨੂੰ ਫ਼ੋਨ ਰੱਖਣ ਦੀ ਇਜਾਜ਼ਤ ਦਿੰਦੇ ਹਨ, ਤਾਂ ਉਹ ਆਪਣੇ ਬੱਚਿਆਂ ਲਈ ਰਾਹ ਖੋਲ੍ਹ ਦਿੰਦੇ ਹਨ ਕਿ ਉਹ ਜਿੱਥੇ ਮਰਜ਼ੀ ਪੋਰਨੋਗ੍ਰਾਫੀ ਦੇਖ ਸਕਦੇ ਹਨ।”

  •   ਫ਼ੋਨ ਦੀ ਲਤ। ਬਹੁਤ ਸਾਰੇ ਲੋਕ ਆਪਣੇ ਫ਼ੋਨ ਤੋਂ ਬਿਨਾਂ ਨਹੀਂ ਰਹਿ ਸਕਦੇ। ਜੇ ਉਨ੍ਹਾਂ ਦਾ ਫ਼ੋਨ ਕਿਤੇ ਇੱਧਰ-ਉੱਧਰ ਹੋ ਜਾਵੇ, ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ, ਉਨ੍ਹਾਂ ਨੂੰ ਤਰਲੋ-ਮੱਛੀ ਲੱਗ ਜਾਂਦੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਬੀਮਾਰ ਹੋ ਗਏ ਹਨ। ਕੁਝ ਮਾਪੇ ਕਹਿੰਦੇ ਹਨ ਕਿ ਜੇ ਉਨ੍ਹਾਂ ਦੇ ਬੱਚਿਆਂ ਨੂੰ ਉਦੋਂ ਬੁਲਾਇਆ ਜਾਵੇ ਜਦੋਂ ਉਹ ਫ਼ੋਨ ਵਰਤ ਰਹੇ ਹੁੰਦੇ ਹਨ, ਤਾਂ ਉਹ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ। ਕਾਰਮਨ ਕਹਿੰਦੀ ਹੈ, “ਕਦੀ-ਕਦਾਈਂ ਜਦੋਂ ਮੈਂ ਆਪਣੇ ਮੁੰਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਤਾਂ ਉਹ ਮੂੰਹ ਬਣਾ ਲੈਂਦਾ ਹੈ ਜਾਂ ਮੈਨੂੰ ਟੁੱਟ ਕੇ ਪੈਂਦਾ ਹੈ। ਉਹ ਨਹੀਂ ਚਾਹੁੰਦਾ ਕਿ ਜਦੋਂ ਉਹ ਫ਼ੋਨ ਵਰਤ ਰਿਹਾ ਹੋਵੇ, ਤਾਂ ਕੋਈ ਉਹ ਨੂੰ ਬੁਲਾਵੇ।”

  •   ਹੋਰ ਖ਼ਤਰੇ। ਸਮਾਰਟ ਫ਼ੋਨ ʼਤੇ ਇੰਟਰਨੈੱਟ ਰਾਹੀਂ ਤੰਗ ਕਰਨ ਅਤੇ ਅਸ਼ਲੀਲ ਮੈਸਿਜ, ਫੋਟੋਆਂ ਜਾਂ ਵੀਡੀਓ ਭੇਜਣ ਦਾ ਖ਼ਤਰਾ ਵਧ ਜਾਂਦਾ ਹੈ। ਨਾਲੇ ਗ਼ਲਤ ਤਰੀਕੇ ਨਾਲ ਬੈਠਣ ਅਤੇ ਨੀਂਦ ਦੀ ਕਮੀ ਕਰਕੇ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਕੁਝ ਨੌਜਵਾਨ “ਗੌਸਟ ਐਪ” ਵਰਤਦੇ ਹਨ। ਇੱਦਾਂ ਲੱਗਦਾ ਹੈ ਕਿ ਉਹ ਕੈਲਕੂਲੇਟਰ ਵਗੈਰਾ ਵਰਤ ਰਹੇ ਹਨ। ਪਰ ਇਸ ਐਪ ਰਾਹੀਂ ਨੌਜਵਾਨ ਆਪਣੇ ਮਾਪਿਆਂ ਤੋਂ ਉਹ ਗੱਲਾਂ ਲੁਕੋ ਸਕਦੇ ਹਨ ਜੋ ਉਹ ਨਹੀਂ ਚਾਹੁੰਦੇ ਕਿ ਮਾਪਿਆਂ ਨੂੰ ਪਤਾ ਲੱਗਣ।

     ਇਕ ਨੌਜਵਾਨ ਕੁੜੀ ਦਾ ਪਿਤਾ ਡਾਨੀਏਲ ਕਹਿੰਦਾ ਹੈ: “ਸਮਾਰਟ ਫ਼ੋਨ ਹਰ ਚੰਗੀ ਤੇ ਬੁਰੀ ਚੀਜ਼ ਲਈ ਰਾਹ ਖੋਲ੍ਹਦਾ ਹੈ ਜੋ ਇੰਟਰਨੈੱਟ ʼਤੇ ਪਾਈ ਗਈ ਹੈ।”

 ਤੁਹਾਨੂੰ ਕੀ ਪੁੱਛਣਾ ਚਾਹੀਦਾ ਹੈ?

  •   ‘ਕੀ ਮੇਰੇ ਬੱਚੇ ਨੂੰ ਸਮਾਰਟ ਫ਼ੋਨ ਦੀ ਲੋੜ ਹੈ?’

     ਬਾਈਬਲ ਕਹਿੰਦੀ ਹੈ: “ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।” (ਕਹਾਉਤਾਂ 14:15) ਇਹ ਗੱਲ ਮਨ ਵਿਚ ਰੱਖਦਿਆਂ ਆਪਣੇ ਆਪ ਤੋਂ ਪੁੱਛੋ:

     ‘ਕੀ ਸੁਰੱਖਿਆ ਜਾਂ ਹੋਰ ਕਾਰਨਾਂ ਕਰਕੇ ਮੇਰੇ ਬੱਚੇ ਕੋਲ ਸਮਾਰਟ ਫ਼ੋਨ ਹੋਣਾ ਚਾਹੀਦਾ ਹੈ? ਕੀ ਮੈਂ ਫ਼ੋਨ ਰੱਖਣ ਦੇ ਫ਼ਾਇਦਿਆਂ ਤੇ ਨੁਕਸਾਨ ਬਾਰੇ ਸੋਚਿਆ ਹੈ? ਕੀ ਸਮਾਰਟ ਫ਼ੋਨ ਤੋਂ ਇਲਾਵਾ ਕੋਈ ਹੋਰ ਰਸਤਾ ਹੈ?’

     ਟਾਡ ਨਾਂ ਦਾ ਪਿਤਾ ਕਹਿੰਦਾ ਹੈ: “ਸਮਾਰਟ ਫ਼ੋਨ ਤੋਂ ਇਲਾਵਾ ਵੀ ਫ਼ੋਨ ਹਨ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਬੱਚਿਆਂ ਨੂੰ ਫ਼ੋਨ ਜਾਂ ਮੈਸਿਜ ਕਰ ਸਕਦੇ ਹੋ। ਇਸ ਨਾਲ ਤੁਹਾਡਾ ਕਾਫ਼ੀ ਪੈਸਾ ਵੀ ਬਚੇਗਾ।”

  •   ‘ਕੀ ਮੇਰਾ ਬੱਚਾ ਸਮਾਰਟ ਫ਼ੋਨ ਰੱਖਣ ਲਈ ਤਿਆਰ ਹੈ?’

     ਬਾਈਬਲ ਕਹਿੰਦੀ ਹੈ: “ਬੁੱਧੀਮਾਨ ਦਾ ਦਿਲ ਉਸ ਨੂੰ ਸਹੀ ਰਾਹ ਪਾਉਂਦਾ ਹੈ।” (ਉਪਦੇਸ਼ਕ ਦੀ ਕਿਤਾਬ 10:2) ਇਹ ਗੱਲ ਮਨ ਵਿਚ ਰੱਖਦਿਆਂ ਆਪਣੇ ਆਪ ਤੋਂ ਪੁੱਛੋ:

     ‘ਕਿਹੜੀ ਗੱਲ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਮੇਰਾ ਬੱਚਾ ਭਰੋਸੇ ਦੇ ਲਾਇਕ ਹੈ? ਕੀ ਉਹ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਦਾ ਹੈ? ਕੀ ਉਹ ਮੇਰੇ ਤੋਂ ਕੁਝ ਗੱਲਾਂ ਲੁਕਾਉਂਦਾ ਹੈ, ਜਿਵੇਂ ਉਸ ਦੇ ਦੋਸਤ ਕੌਣ ਹਨ? ਕੀ ਉਸ ਨੂੰ ਪਹਿਲਾਂ ਹੀ ਪਤਾ ਹੈ ਕਿ ਟੀ.ਵੀ, ਟੈਬਲੇਟ ਤੇ ਲੈਪਟੋਪ ਵਰਤਦਿਆਂ ਆਪਣੇ ʼਤੇ ਕਾਬੂ ਕਿਵੇਂ ਰੱਖਣਾ ਹੈ?’ ਸਰੀਨਾ ਨਾਂ ਦੀ ਮਾਂ ਕਹਿੰਦੀ ਹੈ: “ਸਮਾਰਟ ਫ਼ੋਨ ਦੇ ਫ਼ਾਇਦੇ ਤਾਂ ਹਨ, ਪਰ ਨੁਕਸਾਨ ਵੀ ਹਨ। ਜ਼ਰਾ ਸੋਚੋ ਕਿ ਤੁਸੀਂ ਛੋਟੀ ਉਮਰ ਵਿਚ ਆਪਣੇ ਬੱਚੇ ਨੂੰ ਕਿੰਨੀ ਵੱਡੀ ਜ਼ਿੰਮੇਵਾਰੀ ਦੇ ਰਹੇ ਹੋ।”

  •   ‘ਕੀ ਮੈਂ ਆਪਣੇ ਬੱਚੇ ਨੂੰ ਸਮਾਰਟ ਫ਼ੋਨ ਦੇਣ ਲਈ ਤਿਆਰ ਹਾਂ?’

     ਬਾਈਬਲ ਕਹਿੰਦੀ ਹੈ: “ਮੁੰਡੇ ਨੂੰ ਉਹ ਰਾਹ ਸਿਖਾ ਜਿਸ ਰਾਹ ਉਸ ਨੂੰ ਜਾਣਾ ਚਾਹੀਦਾ ਹੈ।” (ਕਹਾਉਤਾਂ 22:6, ਫੁਟਨੋਟ) ਇਹ ਗੱਲ ਮਨ ਵਿਚ ਰੱਖਦਿਆਂ ਆਪਣੇ ਆਪ ਤੋਂ ਪੁੱਛੋ:

     ‘ਕੀ ਮੈਨੂੰ ਫ਼ੋਨ ਬਾਰੇ ਇੰਨੀ ਕੁ ਜਾਣਕਾਰੀ ਹੈ ਕਿ ਮੈਂ ਆਪਣੇ ਬੱਚੇ ਨੂੰ ਇਸ ਦੇ ਨੁਕਸਾਨ ਬਾਰੇ ਦੱਸ ਸਕਾਂ? ਕੀ ਮੈਂ ਜਾਣਦਾ ਹਾਂ ਕਿ ਮੈਂ ਆਪਣੇ ਬੱਚੇ ਨੂੰ ਫ਼ੋਨ ʼਤੇ ਕਿੰਨਾ ਸਮਾਂ ਬਿਤਾਉਣ ਅਤੇ ਕੀ-ਕੀ ਦੇਖਣ ਦੀ ਇਜਾਜ਼ਤ ਦੇਵਾਂਗਾ? ਮੈਂ ਫ਼ੋਨ ਦੀ ਸਹੀ ਵਰਤੋਂ ਕਰਨ ਵਿਚ ਆਪਣੇ ਬੱਚੇ ਦੀ ਕਿਵੇਂ ਮਦਦ ਕਰਾਂਗਾ?’ ਡਾਨੀਏਲ ਨਾਂ ਦਾ ਪਿਤਾ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਮੈਂ ਦੇਖਿਆ ਹੈ ਕਿ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੇ ਹੱਥਾਂ ਵਿਚ ਫ਼ੋਨ ਫੜਾ ਦਿੰਦੇ ਹਨ, ਪਰ ਇਹ ਨਹੀਂ ਦੇਖਦੇ ਕਿ ਉਨ੍ਹਾਂ ਦੇ ਬੱਚੇ ਫ਼ੋਨ ʼਤੇ ਕੀ ਦੇਖ ਰਹੇ ਹਨ।”

 ਮੁੱਖ ਗੱਲ: ਬੱਚਿਆਂ ਨੂੰ ਫ਼ੋਨ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਦੀ ਸਿਖਲਾਈ ਦਿਓ। ਇਕ ਕਿਤਾਬ ਦੱਸਦੀ ਹੈ: “ਜ਼ਿਆਦਾਤਰ ਬੱਚੇ ਫ਼ੋਨ, ਟੈਬਲੇਟ ਵਗੈਰਾ ʼਤੇ ਜ਼ਿਆਦਾ ਸਮਾਂ ਲਾਉਣ ਦੇ ਫੰਦੇ ਤੋਂ ਬਚ ਨਹੀਂ ਪਾਉਂਦੇ। ਖ਼ਾਸ ਕਰਕੇ ਉਦੋਂ ਜਦੋਂ ਮਾਪਿਆਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੱਚੇ ਫ਼ੋਨਾਂ ʼਤੇ ਕੀ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਕੋਈ ਸਲਾਹ ਨਹੀਂ ਦਿੰਦੇ।”

a ਇਸ ਲੇਖ ਵਿਚ “ਸਮਾਰਟ ਫ਼ੋਨ” ਸ਼ਬਦ ਉਸ ਫ਼ੋਨ ਲਈ ਵਰਤਿਆ ਗਿਆ ਹੈ ਜਿਸ ʼਤੇ ਇੰਟਰਨੈੱਟ ਚਲਾਇਆ ਜਾ ਸਕਦਾ ਹੈ।

b ਥੌਮਸ ਕ੍ਰੈਸਟਿੰਗ ਦੀ ਕਿਤਾਬ ਡਿਸਕੋਨੈਕਟਡ ਤੋਂ।