Skip to content

ਪਰਿਵਾਰ ਦੀ ਮਦਦ ਲਈ

ਵਧੀਆ ਨੰਬਰ ਲਿਆਉਣ ਵਿਚ ਬੱਚੇ ਦੀ ਮਦਦ ਕਿਵੇਂ ਕਰੀਏ?

ਵਧੀਆ ਨੰਬਰ ਲਿਆਉਣ ਵਿਚ ਬੱਚੇ ਦੀ ਮਦਦ ਕਿਵੇਂ ਕਰੀਏ?

 ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਨਾ ਤਾਂ ਸਕੂਲ ਜਾਣਾ ਪਸੰਦ ਹੈ ਅਤੇ ਨਾ ਹੀ ਉਹ ਪੜ੍ਹਦਾ ਤੇ ਸਕੂਲ ਦਾ ਕੰਮ ਕਰਦਾ ਹੈ। ਇਸ ਦਾ ਨਤੀਜਾ ਕੀ ਨਿਕਲਦਾ ਹੈ? ਉਸ ਦੇ ਪੇਪਰਾਂ ਵਿੱਚੋਂ ਘੱਟ ਨੰਬਰ ਆਉਣ ਲੱਗ ਪੈਂਦੇ ਹਨ ਅਤੇ ਉਸ ਦਾ ਰਵੱਈਆ ਹੋਰ ਵੀ ਖ਼ਰਾਬ ਹੋ ਜਾਂਦਾ ਹੈ। ਤੁਸੀਂ ਆਪਣੇ ਬੱਚੇ ਦੀ ਵਧੀਆ ਨੰਬਰ ਲਿਆਉਣ ਵਿਚ ਕਿਵੇਂ ਮਦਦ ਕਰ ਸਕਦੇ ਹੋ?

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

 ਦਬਾਅ ਕਰਕੇ ਸਮੱਸਿਆ ਵਧਦੀ ਹੈ। ਬੱਚੇ ʼਤੇ ਦਬਾਅ ਪਾਉਣ ਕਰਕੇ ਉਸ ਨੂੰ ਸਕੂਲ ਤੇ ਘਰ ਵਿਚ ਚਿੰਤਾ ਹੀ ਰਹੇਗੀ। ਚਿੰਤਾ ਘਟਾਉਣ ਲਈ ਉਹ ਸ਼ਾਇਦ ਝੂਠ ਬੋਲੇ, ਆਪਣੇ ਨੰਬਰ ਨਾ ਦੱਸੇ, ਆਪਣੇ ਰਿਪੋਰਟ ਕਾਰਡ ʼਤੇ ਖ਼ੁਦ ਦਸਤਖਤ ਕਰ ਲਵੇ ਜਾਂ ਸਕੂਲ ਜਾਣ ਦੀ ਬਜਾਇ ਕਿਤੇ ਹੋਰ ਜਾਵੇ। ਦਬਾਅ ਪਾਉਣ ਨਾਲ ਸਮੱਸਿਆ ਸਿਰਫ਼ ਵਧੇਗੀ।

 ਇਨਾਮ ਪਾਉਣ ਦੀ ਇੱਛਾ ਦਾ ਉਲਟਾ ਅਸਰ ਪੈ ਸਕਦਾ ਹੈ। ਐਂਡਰੂ ਨਾਂ ਦਾ ਪਿਤਾ ਦੱਸਦਾ ਹੈ: “ਆਪਣੀ ਧੀ ਨੂੰ ਹੱਲਾਸ਼ੇਰੀ ਦੇਣ ਲਈ ਅਸੀਂ ਵਧੀਆ ਨੰਬਰ ਆਉਣ ʼਤੇ ਉਸ ਨੂੰ ਇਨਾਮ ਦਿੰਦੇ ਸੀ। ਪਰ ਇਸ ਕਰਕੇ ਉਸ ਦਾ ਧਿਆਨ ਸਿਰਫ਼ ਇਨਾਮ ʼਤੇ ਲੱਗ ਜਾਂਦਾ ਸੀ। ਘੱਟ ਨੰਬਰ ਆਉਣ ʼਤੇ ਉਸ ਨੂੰ ਇਸ ਗੱਲ ਦਾ ਦੁੱਖ ਨਹੀਂ ਹੁੰਦਾ ਸੀ ਕਿ ਉਸ ਦੇ ਨੰਬਰ ਘੱਟ ਆਏ ਹਨ, ਸਗੋਂ ਇਸ ਗੱਲ ਦਾ ਜ਼ਿਆਦਾ ਦੁੱਖ ਹੁੰਦਾ ਸੀ ਕਿ ਉਸ ਨੂੰ ਇਨਾਮ ਨਹੀਂ ਮਿਲਿਆ।”

 ਅਧਿਆਪਕਾਂ ʼਤੇ ਦੋਸ਼ ਲਾਉਣ ਕਰਕੇ ਤੁਹਾਡੇ ਬੱਚੇ ਨੂੰ ਫ਼ਾਇਦਾ ਨਹੀਂ ਹੋਵੇਗਾ। ਤੁਹਾਡਾ ਬੱਚਾ ਸ਼ਾਇਦ ਇਹ ਸੋਚੇ ਕਿ ਵਧੀਆ ਨੰਬਰ ਲਿਆਉਣ ਲਈ ਮਿਹਨਤ ਕਰਨ ਦੀ ਲੋੜ ਨਹੀਂ ਹੈ। ਉਹ ਸ਼ਾਇਦ ਆਪਣੀਆਂ ਗ਼ਲਤੀਆਂ ਦਾ ਦੋਸ਼ ਦੂਜਿਆਂ ʼਤੇ ਮੜ੍ਹਨਾ ਸਿੱਖ ਲਵੇ ਅਤੇ ਦੂਜਿਆਂ ਤੋਂ ਉਮੀਦ ਰੱਖੇ ਕਿ ਉਹ ਉਸ ਦੀਆਂ ਮੁਸ਼ਕਲਾਂ ਹੱਲ ਕਰਨ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਤੁਹਾਡਾ ਬੱਚਾ ਇਹ ਗੱਲ ਸਿੱਖਣ ਤੋਂ ਵਾਂਝਾ ਰਹਿ ਜਾਵੇਗਾ ਕਿ ਆਪਣੇ ਕੰਮਾਂ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ।

 ਤੁਸੀਂ ਕੀ ਕਰ ਸਕਦੇ ਹੋ?

 ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖੋ। ਜੇ ਤੁਹਾਨੂੰ ਗੁੱਸਾ ਚੜ੍ਹਿਆ ਹੋਇਆ ਹੈ, ਤਾਂ ਉਸ ਸਮੇਂ ਆਪਣੇ ਬੱਚੇ ਨਾਲ ਨੰਬਰਾਂ ਬਾਰੇ ਗੱਲ ਨਾ ਕਰੋ। ਬ੍ਰੈੱਟ ਨਾਂ ਦਾ ਪਿਤਾ ਦੱਸਦਾ ਹੈ: “ਜਦੋਂ ਮੈਂ ਤੇ ਮੇਰੀ ਪਤਨੀ ਸ਼ਾਂਤ ਹੋ ਕੇ ਤੇ ਪਿਆਰ ਨਾਲ ਗੱਲ ਕਰਦੇ ਹਾਂ, ਤਾਂ ਫ਼ਾਇਦਾ ਹੁੰਦਾ ਹੈ।”

 ਬਾਈਬਲ ਦਾ ਅਸੂਲ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।”​—ਯਾਕੂਬ 1:19.

 ਸਮੱਸਿਆ ਦੀ ਜੜ੍ਹ ਪਛਾਣੋ। ਘੱਟ ਨੰਬਰ ਆਉਣ ਦੇ ਆਮ ਕਾਰਨ ਹਨ, ਦੂਜੇ ਵਿਦਿਆਰਥੀਆਂ ਵੱਲੋਂ ਡਰਾਇਆ-ਧਮਕਾਇਆ ਜਾਣਾ, ਹੋਰ ਸਕੂਲ ਵਿਚ ਦਾਖ਼ਲਾ ਲੈਣਾ, ਪੇਪਰਾਂ ਦੀ ਟੈਨਸ਼ਨ, ਪਰਿਵਾਰ ਦੇ ਮਸਲੇ, ਨੀਂਦ ਪੂਰੀ ਨਾ ਹੋਣੀ, ਸਹੀ ਸ਼ਡਿਉਲ ਨਾ ਹੋਣਾ ਜਾਂ ਧਿਆਨ ਲਾ ਕੇ ਨਾ ਪੜ੍ਹਨਾ। ਇਹ ਨਾ ਸੋਚੋ ਕਿ ਤੁਹਾਡਾ ਬੱਚਾ ਨਾਲਾਇਕ ਹੈ।

 ਬਾਈਬਲ ਦਾ ਅਸੂਲ: “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ।”​—ਕਹਾਉਤਾਂ 16:20.

 ਪੜ੍ਹਾਈ ਲਈ ਸ਼ਾਂਤ ਮਾਹੌਲ ਬਣਾਓ। ਸਕੂਲ ਦਾ ਕੰਮ ਕਰਨ ਤੇ ਪੜ੍ਹਨ ਲਈ ਸ਼ਡਿਉਲ ਬਣਾਓ। ਪੜ੍ਹਾਈ ਕਰਨ ਲਈ ਇੱਦਾਂ ਦੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਤੁਹਾਡਾ ਬੱਚਾ ਬਿਨਾਂ ਧਿਆਨ ਭਟਕਾਏ (ਟੈਲੀਵਿਯਨ ਅਤੇ ਮੋਬਾਇਲ ਵੀ ਸ਼ਾਮਲ ਹਨ) ਆਪਣਾ ਸਕੂਲ ਦਾ ਕੰਮ ਕਰ ਸਕੇ। ਸਕੂਲ ਦਾ ਕੰਮ ਕਰਨ ਲਈ ਥੋੜ੍ਹਾ-ਥੋੜ੍ਹਾ ਸਮਾਂ ਰੱਖੋ ਤਾਂਕਿ ਬੱਚਾ ਧਿਆਨ ਨਾਲ ਕੰਮ ਕਰ ਸਕੇ। ਜਰਮਨੀ ਤੋਂ ਹੈਕਟਰ ਨਾਂ ਦਾ ਪਿਤਾ ਕਹਿੰਦਾ ਹੈ: “ਜੇ ਬੱਚੇ ਦਾ ਕੋਈ ਟੈਸਟ ਹੋਣਾ ਹੁੰਦਾ ਹੈ, ਤਾਂ ਟੈਸਟ ਦੀ ਤਿਆਰੀ ਆਖ਼ਰੀ ਸਮੇਂ ਤਕ ਲਟਕਾਉਣ ਦੀ ਬਜਾਇ ਅਸੀਂ ਉਸ ਨੂੰ ਹਰ ਦਿਨ ਥੋੜ੍ਹਾ-ਥੋੜ੍ਹਾ ਪੜ੍ਹਾਉਂਦੇ ਹਾਂ।”

 ਬਾਈਬਲ ਦਾ ਅਸੂਲ: “ਹਰੇਕ ਕੰਮ ਦਾ ਇੱਕ ਸਮਾ ਹੈ।”​—ਉਪਦੇਸ਼ਕ ਦੀ ਪੋਥੀ 3:1.

 ਸਿੱਖਣ ਦੀ ਹੱਲਾਸ਼ੇਰੀ ਦਿਓ। ਜਿੰਨੀ ਜ਼ਿਆਦਾ ਬੱਚੇ ਨੂੰ ਇਹ ਗੱਲ ਸਮਝ ਲੱਗੇਗੀ ਕਿ ਹੁਣ ਸਕੂਲ ਜਾਣ ਦਾ ਉਸ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ, ਉੱਨਾ ਜ਼ਿਆਦਾ ਉਹ ਸਿੱਖਣ ਲਈ ਪ੍ਰੇਰਿਤ ਹੋਵੇਗਾ। ਮਿਸਾਲ ਲਈ, ਗਣਿਤ ਦੀ ਪੜ੍ਹਾਈ ਕਰਨ ਕਰਕੇ ਉਹ ਆਪਣੇ ਜੇਬ ਖ਼ਰਚੇ ਦਾ ਹਿਸਾਬ-ਕਿਤਾਬ ਰੱਖ ਸਕਦਾ ਹੈ।

 ਬਾਈਬਲ ਦਾ ਅਸੂਲ: “ਬੁੱਧ ਨੂੰ ਪ੍ਰਾਪਤ ਕਰ, ਸਮਝ ਨੂੰ ਵੀ ਪ੍ਰਾਪਤ ਕਰ . . . ਉਹ ਦੀ ਵਡਿਆਈ ਕਰ।”​—ਕਹਾਉਤਾਂ 4:5, 8.

 ਸੁਝਾਅ: ਸਕੂਲ ਦਾ ਕੰਮ ਕਰਨ ਵਿਚ ਬੱਚੇ ਦੀ ਮਦਦ ਕਰੋ, ਪਰ ਆਪ ਉਸ ਦਾ ਕੰਮ ਨਾ ਕਰੋ। ਐਂਡਰੂ ਮੰਨਦਾ ਹੈ: “ਸਾਡੀ ਧੀ ਸਕੂਲ ਦਾ ਕੰਮ ਆਪ ਕਰਨ ਦੀ ਬਜਾਇ ਇਹ ਉਮੀਦ ਰੱਖਦੀ ਸੀ ਕਿ ਅਸੀਂ ਉਸ ਦਾ ਕੰਮ ਕਰ ਦੇਵਾਂਗੇ।” ਬੱਚੇ ਨੂੰ ਖ਼ੁਦ ਆਪਣਾ ਸਕੂਲ ਦਾ ਕੰਮ ਕਰਨਾ ਸਿਖਾਓ।