Skip to content

ਬਾਈਬਲ ਆਇਤਾਂ ਦੀ ਸਮਝ

ਕੂਚ 20:12—“ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ”

ਕੂਚ 20:12—“ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ”

 “ਤੂੰ ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।”—ਕੂਚ 20:12, ਪੰਜਾਬੀ ਦੀ ਪਵਿੱਤਰ ਬਾਈਬਲ।

ਕੂਚ 20:12 ਦਾ ਮਤਲਬ

 ਯਹੋਵਾਹ ਨੇ ਪੁਰਾਣੇ ਸਮੇਂ ਵਿਚ ਇਜ਼ਰਾਈਲੀਆਂ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨ ਦਾ ਹੁਕਮ ਦਿੱਤਾ ਸੀ। ਉਸ ਨੇ ਇਸ ਹੁਕਮ ਦੇ ਨਾਲ ਇਕ ਵਾਅਦਾ ਕਰ ਕੇ ਉਨ੍ਹਾਂ ਨੂੰ ਇਹ ਹੁਕਮ ਮੰਨਣ ਦੀ ਹੱਲਾਸ਼ੇਰੀ ਦਿੱਤੀ। ਭਾਵੇਂ ਮੂਸਾ ਦੇ ਜ਼ਰੀਏ ਇਜ਼ਰਾਈਲੀਆਂ ਨੂੰ ਦਿੱਤਾ ਪਰਮੇਸ਼ੁਰ ਦਾ ਕਾਨੂੰਨ ਖ਼ਤਮ ਹੋ ਚੁੱਕਾ ਹੈ, ਪਰ ਪਰਮੇਸ਼ੁਰ ਦੇ ਮਿਆਰ ਅਜੇ ਵੀ ਬਦਲੇ ਨਹੀਂ ਹਨ। ਜਿਨ੍ਹਾਂ ਅਸੂਲਾਂ ਉੱਤੇ ਪਰਮੇਸ਼ੁਰ ਦਾ ਕਾਨੂੰਨ ਆਧਾਰਿਤ ਸੀ, ਉਹ ਅਸੂਲ ਅੱਜ ਵੀ ਲਾਗੂ ਹੁੰਦੇ ਹਨ, ਇਸ ਲਈ ਮਸੀਹੀਆਂ ਲਈ ਇਨ੍ਹਾਂ ਮੁਤਾਬਕ ਚੱਲਣਾ ਜ਼ਰੂਰੀ ਹੈ।—ਕੁਲੁੱਸੀਆਂ 3:20.

 ਬੱਚੇ ਚਾਹੇ ਵੱਡੇ ਹੋਣ ਜਾਂ ਛੋਟੇ, ਉਹ ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨ ਕੇ ਉਨ੍ਹਾਂ ਦਾ ਆਦਰ ਕਰਦੇ ਹਨ। (ਲੇਵੀਆਂ 19:3; ਕਹਾਉਤਾਂ 1:8) ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਆਪਣੇ ਪਰਿਵਾਰ ਹੁੰਦੇ ਹਨ, ਤਾਂ ਵੀ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਦਾ ਧਿਆਨ ਰੱਖਣ ਦੀ ਲੋੜ ਹੈ। ਮਿਸਾਲ ਲਈ, ਉਹ ਸਿਆਣੀ ਉਮਰ ਦੇ ਮਾਪਿਆਂ ਦੀ ਦੇਖ-ਭਾਲ ਕਰਦੇ ਹਨ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਪੈਸਾ-ਧੇਲਾ ਵੀ ਦਿੰਦੇ ਹਨ।—ਮੱਤੀ 15:4-6; 1 ਤਿਮੋਥਿਉਸ 5:4, 8.

 ਧਿਆਨ ਦਿਓ ਕਿ ਇਜ਼ਰਾਈਲੀ ਬੱਚਿਆਂ ਨੇ ਪਿਤਾ ਅਤੇ ਮਾਤਾ ਦੋਵਾਂ ਦਾ ਆਦਰ ਕਰਨਾ ਹੁੰਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਘਰ ਵਿਚ ਮਾਂ ਨੂੰ ਵੀ ਖ਼ਾਸ ਸਨਮਾਨ ਦਿੱਤਾ ਹੈ। (ਕਹਾਉਤਾਂ 6:20; 19:26) ਅੱਜ ਵੀ ਬੱਚਿਆਂ ਨੂੰ ਇਸੇ ਤਰ੍ਹਾਂ ਕਰਨ ਦੀ ਲੋੜ ਹੈ।

 ਮਾਤਾ-ਪਿਤਾ ਦਾ ਕਹਿਣਾ ਮੰਨਣ ਦੀ ਇਕ ਹੱਦ ਹੈ। ਜਦੋਂ ਮਾਂ-ਬਾਪ ਦਾ ਹੁਕਮ ਪਰਮੇਸ਼ੁਰ ਦੇ ਹੁਕਮ ਤੋਂ ਉਲਟ ਹੁੰਦਾ ਸੀ, ਤਾਂ ਇਜ਼ਰਾਈਲੀ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਜਾਂ ਕਿਸੇ ਹੋਰ ਇਨਸਾਨ ਦਾ ਕਹਿਣਾ ਨਹੀਂ ਮੰਨਣਾ ਸੀ। (ਬਿਵਸਥਾ ਸਾਰ 13:6-8) ਇਸੇ ਤਰ੍ਹਾਂ ਅੱਜ ਮਸੀਹੀ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਦੇ’ ਹਨ।—ਰਸੂਲਾਂ ਦੇ ਕੰਮ 5:29.

 ਪਰਮੇਸ਼ੁਰ ਨੇ ਆਪਣੇ ਕਾਨੂੰਨ ਵਿਚ ਵਾਅਦਾ ਕੀਤਾ ਸੀ ਕਿ ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਦਾ ਆਦਰ ਕਰਨਗੇ, ਵਾਅਦਾ ਕੀਤੇ ਦੇਸ਼ ਵਿਚ ਉਨ੍ਹਾਂ ਦੇ ‘ਦਿਨ ਲੰਮੇ ਹੋਣਗੇ ਅਤੇ ਉਨ੍ਹਾਂ ਦਾ ਭਲਾ ਹੋਵੇਗਾ।’ (ਬਿਵਸਥਾ ਸਾਰ 5:16) ਜਿਹੜੇ ਵੱਡੇ ਹੋ ਚੁੱਕੇ ਬੱਚੇ ਆਪਣੇ ਮਾਂ-ਬਾਪ ਦਾ ਕਹਿਣਾ ਮੰਨਦੇ ਸਨ, ਉਨ੍ਹਾਂ ਨੂੰ ਉਹ ਸਜ਼ਾ ਨਹੀਂ ਭੁਗਤਣੀ ਪੈਂਦੀ ਸੀ ਜੋ ਸਜ਼ਾ ਪਰਮੇਸ਼ੁਰ ਦੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਅਤੇ ਆਪਣੇ ਮਾਪਿਆਂ ਵਿਰੁੱਧ ਬਗਾਵਤ ਕਰਨ ਵਾਲਿਆਂ ਨੂੰ ਮਿਲਦੀ ਸੀ। (ਬਿਵਸਥਾ ਸਾਰ 21:18-21) ਸਮੇਂ ਦੇ ਬੀਤਣ ਨਾਲ ਉਹ ਅਸੂਲ ਨਹੀਂ ਬਦਲੇ ਹਨ ਜਿਨ੍ਹਾਂ ਉੱਤੇ ਉਹ ਕਾਨੂੰਨ ਆਧਾਰਿਤ ਸਨ। (ਅਫ਼ਸੀਆਂ 6:1-3) ਭਾਵੇਂ ਅਸੀਂ ਛੋਟੇ ਹਾਂ ਜਾਂ ਵੱਡੇ, ਅਸੀਂ ਸਾਰੇ ਆਪਣੇ ਸ੍ਰਿਸ਼ਟੀਕਰਤਾ ਨੂੰ ਜਵਾਬਦੇਹ ਹਾਂ। ਅਤੇ ਜਿਹੜੇ ਬੱਚੇ ਉਸ ਦਾ ਅਤੇ ਆਪਣੇ ਮਾਪਿਆਂ ਦਾ ਕਹਿਣਾ ਮੰਨਦੇ ਹਨ, ਤਾਂ ਉਸ ਦੇ ਵਾਅਦੇ ਮੁਤਾਬਕ ਉਨ੍ਹਾਂ ਦੀ ਉਮਰ ਲੰਬੀ ਹੁੰਦੀ ਹੈ। ਇੰਨਾ ਹੀ ਨਹੀਂ, ਉਹ ਨੂੰ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ।—1 ਤਿਮੋਥਿਉਸ 4:8; 6:18, 19.

ਹੋਰ ਆਇਤਾਂ ਮੁਤਾਬਕ ਕੂਚ 20:12 ਦੀ ਸਮਝ

 ਕੂਚ 20:12 ਵਿਚ ਦਿੱਤਾ ਗਿਆ ਹੁਕਮ ਦਸ ਹੁਕਮਾਂ ਵਿਚ ਖ਼ਾਸ ਜਗ੍ਹਾ ਉੱਤੇ ਰੱਖਿਆ ਗਿਆ ਹੈ। (ਕੂਚ 20:1-17) ਇਸ ਤੋਂ ਪਹਿਲਾਂ ਦੇ ਹੁਕਮਾਂ ਵਿਚ ਇਜ਼ਰਾਈਲੀਆਂ ਨੂੰ ਪਰਮੇਸ਼ੁਰ ਦੀ ਸੇਵਾ ਸੰਬੰਧੀ ਹਿਦਾਇਤਾਂ ਦਿੱਤੀਆਂ ਗਈਆਂ ਸਨ, ਜਿਵੇਂ ਕਿ ਸਿਰਫ਼ ਉਸ ਦੀ ਹੀ ਭਗਤੀ ਕਰਨੀ। ਇਸ ਤੋਂ ਅਗਲੇ ਹੁਕਮਾਂ ਵਿਚ ਹੋਰ ਇਨਸਾਨਾਂ ਪ੍ਰਤੀ ਜ਼ਿੰਮੇਵਾਰੀਆਂ ਦੱਸੀਆਂ ਗਈਆਂ ਹਨ, ਜਿਵੇਂ ਕਿ ਆਪਣੇ ਜੀਵਨ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਅਤੇ ਚੋਰੀ ਨਾ ਕਰਨੀ। ਇਸ ਤਰ੍ਹਾਂ ‘ਆਪਣੇ ਪਿਤਾ ਅਰ ਆਪਣੀ ਮਾਤਾ ਦਾ ਆਦਰ ਕਰਨ’ ਦਾ ਹੁਕਮ ਇਨ੍ਹਾਂ ਦੋਵੇਂ ਤਰ੍ਹਾਂ ਦੇ ਹੁਕਮਾਂ ਵਿਚ ਇਕ ਕੜੀ ਦਾ ਕੰਮ ਕਰਦਾ ਹੈ।

ਕੂਚ ਅਧਿਆਇ 20 ਪੜ੍ਹੋ।