Skip to content

ਕੀ ਕਿਸੇ ਧਰਮ ਨਾਲ ਜੁੜਨਾ ਜ਼ਰੂਰੀ ਹੈ?

ਕੀ ਕਿਸੇ ਧਰਮ ਨਾਲ ਜੁੜਨਾ ਜ਼ਰੂਰੀ ਹੈ?

ਬਾਈਬਲ ਕਹਿੰਦੀ ਹੈ

 ਹਾਂ, ਕਿਉਂਕਿ ਰੱਬ ਚਾਹੁੰਦਾ ਹੈ ਕਿ ਲੋਕ ਉਸ ਦੀ ਭਗਤੀ ਕਰਨ ਲਈ ਇਕੱਠੇ ਹੋਣ। ਬਾਈਬਲ ਵਿਚ ਲਿਖਿਆ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਤਾਂਕਿ ਅਸੀਂ ਇਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇ ਸਕੀਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ।”​—ਇਬਰਾਨੀਆਂ 10:24, 25.

 ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਇਹ ਕਹਿ ਕੇ ਯਿਸੂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਉਸ ਦੇ ਚੇਲੇ ਇਕ ਸਮੂਹ ਵਜੋਂ ਸੰਗਠਿਤ ਹੋਣਗੇ। ਉਹ ਆਪਣਾ ਪਿਆਰ ਜ਼ਾਹਰ ਕਰਨ ਲਈ ਇਕ-ਦੂਸਰੇ ਨਾਲ ਇਕੱਠੇ ਹੋਣਗੇ। ਉਹ ਛੋਟੇ-ਛੋਟੇ ਸਮੂਹਾਂ ਯਾਨੀ ਮੰਡਲੀਆਂ ਵਿਚ ਭਗਤੀ ਕਰਨ ਲਈ ਬਾਕਾਇਦਾ ਇਕੱਠੇ ਹੋਣਗੇ। (1 ਕੁਰਿੰਥੀਆਂ 16:19) ਪੂਰੀ ਦੁਨੀਆਂ ਵਿਚ ਉਨ੍ਹਾਂ ਦਾ ਇਕ ਭਾਈਚਾਰਾ ਹੋਵੇਗਾ।—1 ਪਤਰਸ 2:17.

ਕਿਸੇ ਧਰਮ ਨਾਲ ਸਿਰਫ਼ ਜੁੜਨਾ ਹੀ ਕਾਫ਼ੀ ਨਹੀਂ

 ਬਾਈਬਲ ਦੱਸਦੀ ਹੈ ਕਿ ਰੱਬ ਦੀ ਭਗਤੀ ਕਰਨ ਲਈ ਇਕੱਠੇ ਹੋਣਾ ਜ਼ਰੂਰੀ ਹੈ, ਪਰ ਇਸ ਵਿਚ ਇਹ ਕਿਤੇ ਨਹੀਂ ਕਿਹਾ ਗਿਆ ਕਿ ਕਿਸੇ ਧਰਮ ਨਾਲ ਸਿਰਫ਼ ਜੁੜਨਾ ਹੀ ਕਾਫ਼ੀ ਹੈ। ਜੇ ਇਕ ਵਿਅਕਤੀ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਹਰ ਰੋਜ਼ ਬਾਈਬਲ ਵਿਚ ਦਿੱਤੀਆਂ ਸਿੱਖਿਆਵਾਂ ਮੁਤਾਬਕ ਚੱਲਣ ਦੀ ਲੋੜ ਹੈ। ਮਿਸਾਲ ਲਈ, ਬਾਈਬਲ ਵਿਚ ਲਿਖਿਆ ਹੈ: ‘ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹਾ ਧਰਮ ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ ਵਿਚ ਯਤੀਮਾਂ ਅਤੇ ਵਿਧਵਾਵਾਂ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।’​—ਯਾਕੂਬ 1:27, ਫੁੱਟਨੋਟ।