Skip to content

2014 ਸਾਲਾਨਾ ਮੀਟਿੰਗ ਦੀ ਰਿਪੋਰਟ

ਰਾਜ ਦੇ 100 ਸਾਲ!

2014 ਸਾਲਾਨਾ ਮੀਟਿੰਗ ਦੀ ਰਿਪੋਰਟ

4 ਅਕਤੂਬਰ 2014 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ 130ਵੀਂ ਸਾਲਾਨਾ ਮੀਟਿੰਗ ਹੋਈ ਜਿਸ ਵਿਚ 19,000 ਦੇ ਕਰੀਬ ਲੋਕ ਹਾਜ਼ਰ ਹੋਏ। ਇਹ ਪ੍ਰੋਗ੍ਰਾਮ ਅਮਰੀਕਾ ਦੇ ਨਿਊ ਜਰਜ਼ੀ ਸ਼ਹਿਰ ਵਿਚ ਬਣੇ ਯਹੋਵਾਹ ਦੇ ਗਵਾਹਾਂ ਦੇ ਅਸੈਂਬਲੀ ਹਾਲ ਵਿਚ ਹੋਇਆ ਸੀ ਅਤੇ ਕਈ ਹੋਰ ਥਾਵਾਂ ʼਤੇ ਵੀਡੀਓ ਰਾਹੀਂ ਇਸ ਦਾ ਪ੍ਰਸਾਰਣ ਕੀਤਾ ਗਿਆ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦਾ ਮੈਂਬਰ ਮਾਰਕ ਸੈਂਡਰਸਨ ਇਸ ਮੀਟਿੰਗ ਦਾ ਚੇਅਰਮੈਨ ਸੀ। ਭਰਾ ਸੈਂਡਰਸਨ ਨੇ ਸ਼ੁਰੂ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਇਸ ਸਾਲ ਦੀ ਮੀਟਿੰਗ ਇਕ ਇਤਿਹਾਸਕ ਮੀਟਿੰਗ ਹੈ ਕਿਉਂਕਿ ਯਿਸੂ ਮਸੀਹ ਦੇ ਰਾਜ ਨੂੰ ਸ਼ੁਰੂ ਹੋਇਆਂ 100 ਸਾਲ ਹੋ ਚੁੱਕੇ ਹਨ।

ਭਰਾ ਸੈਂਡਰਸਨ ਨੇ ਰਾਜ ਦੇ 100 ਸਾਲਾਂ ਦੌਰਾਨ ਹੋਈਆਂ ਤਿੰਨ ਪ੍ਰਾਪਤੀਆਂ ਬਾਰੇ ਗੱਲ ਕੀਤੀ:

  • ਦੁਨੀਆਂ ਭਰ ਵਿਚ ਚੱਲ ਰਿਹਾ ਪ੍ਰਚਾਰ ਦਾ ਕੰਮ। ਯਹੋਵਾਹ ਦੀ ਬਰਕਤ ਨਾਲ ਉਸ ਦੇ ਲੋਕਾਂ ਨੇ ਰਾਜ ਦੀ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਵਿਚ ਅਣਥੱਕ ਮਿਹਨਤ ਕੀਤੀ ਹੈ। 1914 ਵਿਚ ਸਾਡੀ ਗਿਣਤੀ ਕੁਝ ਕੁ ਹਜ਼ਾਰ ਹੀ ਸੀ, ਪਰ 2014 ਦੇ ਸੇਵਾ ਸਾਲ ਵਿਚ ਇਹ ਗਿਣਤੀ 80 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਾਂਗੇ ਜਦ ਤਕ ਯਹੋਵਾਹ ਸਾਨੂੰ ਪ੍ਰਚਾਰ ਦਾ ਕੰਮ ਬੰਦ ਕਰਨ ਨੂੰ ਨਹੀਂ ਕਹਿੰਦਾ।

  • ਗਰੁੱਪ ਦੇ ਤੌਰ ʼਤੇ ਰਾਜ ਦੀ ਪਰਜਾ ਦੀ ਰਾਖੀ। ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਰੱਜ ਕੇ ਸਾਡਾ ਵਿਰੋਧ ਕੀਤਾ ਹੈ। ਇੱਥੋਂ ਤਕ ਕਿ ਉਨ੍ਹਾਂ ਨੇ ਯਹੋਵਾਹ ਦੇ ਗਵਾਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਯਹੋਵਾਹ ਨੇ ਗਰੁੱਪ ਦੇ ਤੌਰ ʼਤੇ ਆਪਣੇ ਲੋਕਾਂ ਨੂੰ ਕਦੇ ਵੀ ਖ਼ਤਮ ਨਹੀਂ ਹੋਣ ਦਿੱਤਾ। ਅਮਰੀਕਾ ਦੀ ਸੁਪਰੀਮ ਕੋਰਟ ਅਤੇ ਮਾਨਵੀ ਅਧਿਕਾਰਾਂ ਦੀ ਯੂਰਪੀ ਅਦਾਲਤ ਦੀਆਂ ਜਿੱਤਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਕਾਨੂੰਨੀ ਜਿੱਤਾਂ ਤੋਂ ਪੱਕਾ ਪਤਾ ਲੱਗਦਾ ਹੈ ਕਿ ਯਹੋਵਾਹ ਅੱਜ ਵੀ ਸਾਡੀ ਰਾਖੀ ਕਰ ਰਿਹਾ ਹੈ।

  • ਹਰ ਤਰ੍ਹਾਂ ਦੇ ਲੋਕ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ। ਯਹੋਵਾਹ ਦੇ ਰਾਜ ਨੇ ਵੱਖੋ-ਵੱਖਰੇ ਪਿਛੋਕੜਾਂ, ਦੇਸ਼ਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕ-ਜੁੱਟ ਕੀਤਾ ਹੈ। ਨਾਲੇ ਇਸ ਰਾਜ ਨੇ ਉਨ੍ਹਾਂ ਦੀ ਵੱਖੋ-ਵੱਖਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਿਚ ਮਦਦ ਕੀਤੀ ਅਤੇ ਉਨ੍ਹਾਂ ਨੂੰ ਭਗਤੀ ਕਰਨ ਲਈ ਇਕ-ਮੁੱਠ ਕੀਤਾ ਹੈ। ਭਰਾ ਸੈਂਡਰਸਨ ਨੇ ਕਿਹਾ: “ਇਹ ਚਮਤਕਾਰ ਸਿਰਫ਼ ਯਹੋਵਾਹ ਹੀ ਕਰ ਸਕਦਾ ਹੈ।” ਭਰਾ ਨੇ ਵਾਰ-ਵਾਰ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਇਤਿਹਾਸਕ ਸਾਲਾਨਾ ਮੀਟਿੰਗ ਵਿਚ ਇਕੱਠੇ ਹੋਣਾ ਕਿੰਨੇ ਮਾਣ ਦੀ ਗੱਲ ਸਮਝਣੀ ਚਾਹੀਦੀ ਹੈ!

ਯਹੋਵਾਹ ਦੇ ਦੋਸਤ ਬਣੋ ਲੜੀ।

ਇਸ ਸਾਲਾਨਾ ਮੀਟਿੰਗ ਦੇ ਅਗਲੇ ਭਾਗ ਵਿਚ ਬੱਚਿਆਂ ਲਈ ਤਿਆਰ ਕੀਤੀ ਇਸ ਵੀਡੀਓ ਲੜੀ ਬਾਰੇ ਗੱਲ ਕੀਤੀ ਗਈ। ਅਸੀਂ ਇਸ ਵੀਡੀਓ ਲੜੀ ਦਾ ਮਜ਼ਾ ਪਿਛਲੇ 2 ਤੋਂ ਜ਼ਿਆਦਾ ਸਾਲਾਂ ਤੋਂ ਲੈ ਰਹੇ ਹਾਂ। ਸਭ ਤੋਂ ਪਹਿਲਾਂ ਭਰਾ ਸੈਂਡਰਸਨ ਨੇ ਇਕ ਵੀਡੀਓ ਦਿਖਾਇਆ ਜਿਸ ਵਿਚ ਦੁਨੀਆਂ ਭਰ ਤੋਂ ਬੱਚਿਆਂ ਦੀ ਇੰਟਰਵਿਊ ਲਈ ਗਈ ਸੀ। ਯਹੋਵਾਹ ਦੇ ਦੋਸਤ ਬਣੋ ਵੀਡੀਓ ਲੜੀ ਰਾਹੀਂ ਸਿੱਖੀਆਂ ਗੱਲਾਂ ਦੀ ਬੱਚਿਆਂ ਨੇ ਦਿਲੋਂ ਤਾਰੀਫ਼ ਕੀਤੀ ਜਿਸ ਨੂੰ ਸੁਣ ਕੇ ਹਾਜ਼ਰ ਹੋਏ ਲੋਕਾਂ ਦੇ ਦਿਲ ਖ਼ੁਸ਼ੀ ਨਾਲ ਭਰ ਗਏ।

ਇਸ ਤੋਂ ਬਾਅਦ ਇਸ ਲੜੀ ਦਾ ਇਕ ਨਵਾਂ ਵੀਡੀਓ ਦਿਖਾਇਆ ਗਿਆ। ਇਸ ਦਾ ਵਿਸ਼ਾ ਸੀ: “ਯਹੋਵਾਹ ਤੁਹਾਡੀ ਦਲੇਰ ਬਣਨ ਵਿਚ ਮਦਦ ਕਰੇਗਾ।” ਇਸ 12 ਮਿੰਟ ਦੀ ਵੀਡੀਓ ਵਿਚ ਇਕ ਇਜ਼ਰਾਈਲੀ ਕੁੜੀ ਬਾਰੇ ਦਿਖਾਇਆ ਗਿਆ ਹੈ ਜਿਸ ਨੇ ਦਲੇਰੀ ਨਾਲ ਨਾਮਾਨ ਦੀ ਪਤਨੀ ਨਾਲ ਯਹੋਵਾਹ ਬਾਰੇ ਗੱਲ ਕੀਤੀ ਸੀ। (2 ਰਾਜਿਆਂ 5:1-14) ਇਸ ਵੀਡੀਓ ਨੂੰ jw.org ʼਤੇ ਸੋਮਵਾਰ, 6 ਅਕਤੂਬਰ 2014 ਨੂੰ ਪਾਇਆ ਗਿਆ ਸੀ। ਇਹ ਵੀਡੀਓ 20 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ।

JW Language.

ਭਰਾ ਸੈਂਡਰਸਨ ਨੇ ਸਮਾਰਟ ਫ਼ੋਨ ਅਤੇ ਟੈਬਲੇਟ ਵਗੈਰਾ ਲਈ ਇਸ ਨਵੇਂ ਐਪ ਬਾਰੇ ਘੋਸ਼ਣਾ ਕੀਤੀ। ਇਹ ਐਪ ਉਨ੍ਹਾਂ ਯਹੋਵਾਹ ਦੇ ਗਵਾਹਾਂ ਦੀ ਮਦਦ ਕਰੇਗਾ ਜੋ ਹੋਰ ਭਾਸ਼ਾ ਸਿੱਖ ਕੇ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਇਸ ਐਪ ਵਿਚ 18 ਭਾਸ਼ਾਵਾਂ ਵਿਚ 4,000 ਤੋਂ ਜ਼ਿਆਦਾ ਸ਼ਬਦ ਅਤੇ ਵਾਕ ਹਨ। ਇਸ ਐਪ ਵਿਚ ਹੋਰ ਸ਼ਬਦ ਤੇ ਵਾਕ, ਪ੍ਰਚਾਰ ਲਈ ਹੋਰ ਪੇਸ਼ਕਾਰੀਆਂ ਅਤੇ ਹੋਰ ਫੀਚਰ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

JW Broadcasting.

ਯਹੋਵਾਹ ਦੇ ਗਵਾਹਾਂ ਦੁਆਰਾ ਨਵਾਂ ਇੰਟਰਨੈੱਟ ਟੀ.ਵੀ. ਸਟੇਸ਼ਨ ਸ਼ੁਰੂ ਹੋਣ ਦੀ ਘੋਸ਼ਣਾ ਸੁਣ ਕੇ ਹਾਜ਼ਰ ਲੋਕ ਬਹੁਤ ਖ਼ੁਸ਼ ਹੋਏ। ਇਹ ਸਟੇਸ਼ਨ ਅਜੇ ਸਿਰਫ਼ ਅੰਗ੍ਰੇਜ਼ੀ ਭਾਸ਼ਾ ਵਿਚ ਚਲਾਇਆ ਗਿਆ ਹੈ। ਇਸ ਦਾ ਪ੍ਰਸਾਰਣ ਬਰੁਕਲਿਨ, ਨਿਊਯਾਰਕ, ਅਮਰੀਕਾ ਦੇ ਵਰਲਡ ਹੈੱਡ-ਕੁਆਰਟਰ ਤੋਂ ਹੋਵੇਗਾ। ਇਸ ਉੱਤੇ ਵੀਡੀਓ, ਸੰਗੀਤ ਅਤੇ ਆਡੀਓ ਬਾਈਬਲ ਪਾਏ ਜਾਣਗੇ। ਨਾਲੇ ਇਸ ʼਤੇ ਹਰ ਮਹੀਨੇ ਪ੍ਰਬੰਧਕ ਸਭਾ ਦਾ ਇਕ ਮੈਂਬਰ ਜਾਂ ਇਸ ਦੀਆਂ ਕਮੇਟੀਆਂ ਦਾ ਇਕ ਸਹਾਇਕ ਪ੍ਰੋਗ੍ਰਾਮ ਪੇਸ਼ ਕਰੇਗਾ।

ਭਰਾ ਸੈਂਡਰਸਨ ਨੇ ਪਹਿਲੇ ਪ੍ਰੋਗ੍ਰਾਮ ਦੀਆਂ ਕੁਝ ਝਲਕੀਆਂ ਦਿਖਾਈਆਂ। ਪ੍ਰਬੰਧਕ ਸਭਾ ਦੇ ਮੈਂਬਰ ਸਟੀਵਨ ਲੈੱਟ ਦੁਆਰਾ ਪਹਿਲਾ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਜਿਸ ਵਿਚ ਦਿਖਾਇਆ ਗਿਆ ਕਿ ਇਸ ਨਵੇਂ ਟੀ.ਵੀ ਸਟੇਸ਼ਨ ਨੂੰ ਬਣਾਉਣ ਲਈ ਕਿਹੜੇ-ਕਿਹੜੇ ਕੰਮ ਕੀਤੇ ਗਏ। 6 ਅਕਤੂਬਰ 2014 ਨੂੰ JW Broadcasting ਸਟੇਸ਼ਨ ਸ਼ੁਰੂ ਹੋ ਗਿਆ ਅਤੇ ਇਸ ਨੂੰ tv.dan124.com ʼਤੇ ਜਾ ਕੇ ਦੇਖਿਆ ਜਾ ਸਕਦਾ ਹੈ।

“ਰਾਜ ਦੇ 100 ਸਾਲ ਪੂਰੇ ਹੋਏ ਅਤੇ ਅੱਗੇ ਜਾਰੀ ਹਨ।”

ਇਸ ਵੀਡੀਓ ਵਿਚ ਜੋ ਦਿਖਾਇਆ ਗਿਆ ਸੀ ਉਸ ਬਾਰੇ ਗੱਲ ਕਰਦੇ ਹੋਏ ਪ੍ਰਬੰਧਕ ਸਭਾ ਦੇ ਮੈਂਬਰ ਸੈਮੂਏਲ ਹਰਡ ਨੇ ਦੱਸਿਆ ਕਿ ਕਿਵੇਂ ਪਰਮੇਸ਼ੁਰ ਦੇ ਰਾਜ ਨੇ ਸਾਡੇ ਪ੍ਰਚਾਰ ਦੇ ਕੰਮ ਨੂੰ ਵਧਾਉਣ ਅਤੇ ਇਸ ਕੰਮ ਨੂੰ ਬਿਹਤਰ ਬਣਾਉਣ ਵਿਚ ਮਦਦ ਕੀਤੀ। ਇਸ ਵੀਡੀਓ ਵਿਚ ਪੁਰਾਣੀਆਂ ਫ਼ਿਲਮਾਂ ਦੀਆਂ ਕੁਝ ਝਲਕੀਆਂ ਦਿਖਾਈਆਂ ਗਈਆਂ, ਪੁਰਾਣੇ ਸਮੇਂ ਵਿਚ ਹੋਈਆਂ ਘਟਨਾਵਾਂ ਨੂੰ ਪਾਤਰਾਂ ਦੁਆਰਾ ਉਸੇ ਤਰ੍ਹਾਂ ਪੇਸ਼ ਕੀਤਾ ਗਿਆ ਜਿੱਦਾਂ ਇਹ ਘਟਨਾਵਾਂ ਹੋਈਆਂ ਸਨ ਅਤੇ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਗਵਾਹਾਂ ਨੇ ਆਪਣੇ ਤਜਰਬੇ ਦੱਸੇ। ਨਾਲੇ ਇਹ ਵੀ ਦਿਖਾਇਆ ਗਿਆ ਕਿ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਕਿਵੇਂ ਬਣਾਇਆ ਗਿਆ ਅਤੇ ਕਿਵੇਂ ਇਸ ਦੀ ਜ਼ੋਰਾਂ-ਸ਼ੋਰਾਂ ਨਾਲ ਵਰਤੋ ਕੀਤੀ ਗਈ ਸੀ। ਇਸ ਤੋਂ ਇਲਾਵਾ, ਵੀਡੀਓ ਵਿਚ ਇਹ ਵੀ ਦਿਖਾਇਆ ਗਿਆ ਕਿ ਪ੍ਰਚਾਰ ਦੇ ਕੰਮ ਵਿਚ ਕਿਵੇਂ ਫੋਨੋਗ੍ਰਾਫ, ਟੈਸਟੀਮਨੀ ਕਾਰਡ, ਇਸ਼ਤਿਹਾਰ ਤਖ਼ਤੀਆਂ ਅਤੇ ਲਾਊਡ-ਸਪੀਕਰ ਵਾਲੀਆਂ ਕਾਰਾਂ ਵਰਤੀਆਂ ਜਾਂਦੀਆਂ ਸਨ। ਨਾਲੇ ਇਹ ਵੀ ਦੱਸਿਆ ਗਿਆ ਕਿ ਸਕੂਲਾਂ ਦਾ ਪ੍ਰਬੰਧ ਕੀਤਾ ਗਿਆ ਤਾਂਕਿ ਪ੍ਰਚਾਰ ਦਾ ਕੰਮ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਸਕੇ।

ਪਹਿਲੇ ਸੌ ਸਾਲਾਂ ਵਿਚ ਰਾਜ ਨੇ ਜੋ ਕੀਤਾ, ਉਸ ਬਾਰੇ ਸੋਚ-ਵਿਚਾਰ ਕਰ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ? ਇਸ ਤਰ੍ਹਾਂ ਕਰਨ ਨਾਲ ਰਾਜ ਸਾਡੇ ਲਈ ਹੋਰ ਵੀ ਅਸਲੀ ਹੋਵੇਗਾ ਅਤੇ ਭਵਿੱਖ ਵਿਚ ਰਾਜ ਨੇ ਜੋ ਕਰਨਾ ਹੈ, ਉਸ ਬਾਰੇ ਸਾਡੀ ਉਮੀਦ ਹੋਰ ਵੀ ਪੱਕੀ ਹੁੰਦੀ ਹੈ।

ਭਗਤੀ ਲਈ ਗੀਤ।

ਜਦੋਂ ਪ੍ਰਬੰਧਕ ਸਭਾ ਦੇ ਮੈਂਬਰ ਡੇਵਿਡ ਸਪਲੇਨ ਨੇ ਆਓ ਯਹੋਵਾਹ ਦੇ ਗੁਣ ਗਾਈਏ (ਅੰਗ੍ਰੇਜ਼ੀ) ਗੀਤਾਂ ਦੀ ਕਿਤਾਬ ਦੇ ਰਿਵਾਈਜ਼ਡ ਐਡੀਸ਼ਨ ਦੀ ਯੋਜਨਾ ਬਾਰੇ ਗੱਲ ਕੀਤੀ, ਤਾਂ ਹਾਜ਼ਰ ਲੋਕ ਬਹੁਤ ਖ਼ੁਸ਼ ਹੋਏ। ਇਸ ਦਾ ਕਵਰ ਅਤੇ ਸਫ਼ਿਆਂ ਦੇ ਬਾਹਰੀ ਕੋਨਿਆਂ ਦਾ ਰੰਗ ਵੀ ਨਿਊ ਵਰਲਡ ਟ੍ਰਾਂਸਲੇਸ਼ਨ ਵਰਗਾ ਹੋਵੇਗਾ। ਇਸ ਤਰ੍ਹਾਂ ਵਧੀਆ ਤਰੀਕੇ ਨਾਲ ਤਿਆਰ ਕੀਤੀ ਗੀਤਾਂ ਦੀ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਸਾਡੀ ਭਗਤੀ ਵਿਚ ਸੰਗੀਤ ਦਾ ਕਿੰਨਾ ਅਹਿਮ ਸਥਾਨ ਹੈ।

ਭਰਾ ਸਪਲੇਨ ਨੇ ਇਹ ਵੀ ਘੋਸ਼ਣਾ ਕੀਤੀ ਕਿ ਗੀਤਾਂ ਵਾਲੀ ਕਿਤਾਬ ਵਿਚ ਕੁਝ ਹੋਰ ਗੀਤ ਪਾਏ ਜਾਣਗੇ। ਪਰ ਇਨ੍ਹਾਂ ਗੀਤਾਂ ਨੂੰ ਗਾਉਣ ਲਈ ਸਾਨੂੰ ਰਿਵਾਈਜ਼ਡ ਗੀਤਾਂ ਵਾਲੀ ਕਿਤਾਬ ਦੇ ਛਪਣ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਜਦ ਇਹ ਗੀਤ ਉਪਲਬਧ ਹੋਣਗੇ, ਤਾਂ ਇਨ੍ਹਾਂ ਨੂੰ jw.org ʼਤੇ ਪਾ ਦਿੱਤਾ ਜਾਵੇਗਾ।

ਇਕ ਹਫ਼ਤੇ ਪਹਿਲਾਂ ਜਿਨ੍ਹਾਂ ਤਿੰਨ ਨਵੇਂ ਗੀਤਾਂ ਦੀ ਬੈਥਲ ਪਰਿਵਾਰ ਨੇ ਪ੍ਰੈਕਟਿਸ ਕੀਤੀ ਸੀ, ਉਨ੍ਹਾਂ ਗੀਤਾਂ ਨੂੰ ਇਸ ਸਾਲਾਨਾ ਮੀਟਿੰਗ ਵਿਚ ਗਾਇਆ ਗਿਆ। ਭਰਾ ਸਪਲੇਨ ਨੇ ਟੋਲੀ ਨਾਲ ਮਿਲ ਕੇ ਗੀਤ ਗਾਇਆ ਜਿਸ ਦਾ ਵਿਸ਼ਾ ਸੀ: “ਰਾਜ ਸਥਾਪਿਤ ਹੋ ਗਿਆ—ਤੇਰਾ ਰਾਜ ਆਵੇ!” ਇਹ ਗੀਤ ਖ਼ਾਸ ਕਰਕੇ ਰਾਜ ਦੇ 100 ਸਾਲ ਪੂਰੇ ਹੋਣ ਦੇ ਮੌਕੇ ਲਈ ਤਿਆਰ ਕੀਤਾ ਗਿਆ ਸੀ। ਟੋਲੀ ਦੇ ਗੀਤ ਗਾਉਣ ਤੋਂ ਬਾਅਦ ਬਾਕੀ ਹਾਜ਼ਰ ਲੋਕਾਂ ਨੇ ਵੀ ਉਨ੍ਹਾਂ ਨਾਲ ਮਿਲ ਕੇ ਇਹ ਗੀਤ ਗਾਇਆ। ਬਾਅਦ ਵਿਚ ਇਸ ਟੋਲੀ ਅਤੇ ਹਾਜ਼ਰ ਲੋਕਾਂ ਨੇ ਮਿਲ ਕੇ ਇਕ ਹੋਰ ਨਵਾਂ ਗੀਤ ਗਾਇਆ ਜਿਸ ਦਾ ਵਿਸ਼ਾ ਸੀ: “ਸਾਨੂੰ ਦਲੇਰੀ ਬਖ਼ਸ਼।

ਇੰਟਰਵਿਊ।

ਪ੍ਰਬੰਧਕ ਸਭਾ ਦੇ ਮੈਂਬਰ ਗੇਰਟ ਲੋਸ਼ ਨੇ ਤਿੰਨ ਵਿਆਹੁਤਾ ਜੋੜਿਆਂ ਦੀ ਇੰਟਰਵਿਊ ਲਈ ਜੋ ਕਈ ਸਾਲਾਂ ਤੋਂ ਬੈਥਲ ਵਿਚ ਸੇਵਾ ਕਰ ਰਹੇ ਹਨ। ਇਹ ਇੰਟਰਵਿਊ ਪਹਿਲਾਂ ਹੀ ਰਿਕਾਰਡ ਕੀਤੀ ਗਈ ਸੀ। ਉਨ੍ਹਾਂ ਨੇ ਸਾਲਾਂ ਤਕ ਜੋ ਬਦਲਾਅ ਦੇਖੇ ਸਨ, ਉਨ੍ਹਾਂ ਬਾਰੇ ਦੱਸਿਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਯਹੋਵਾਹ ਦੇ ਲੋਕ ਲਗਾਤਾਰ ਅੱਗੇ ਵਧ ਰਹੇ ਹਨ। ਭਰਾ ਲੋਸ਼ ਨੇ ਦੱਸਿਆ ਕਿ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਸੰਗਠਨ ਵਿਚ ਸਮੇਂ-ਸਮੇਂ ʼਤੇ ਸੁਧਾਰ ਹੋਣਗੇ ਅਤੇ ਸਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ ਕਿ ਉਹ ਯਹੋਵਾਹ ਦੇ ਸੰਗਠਨ ਨਾਲ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣ।​—ਯਸਾਯਾਹ 60:17.

“ਪਰਛਾਵਾਂ ਅਤੇ ਅਸਲੀਅਤ।”

ਭਰਾ ਸਪਲੇਨ ਨੇ ਇਸ ਭਾਸ਼ਣ ਵਿਚ ਦੱਸਿਆ ਕਿ ਪਹਿਲਾਂ ਵਾਂਗ ਹੁਣ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਵਿਚਲੀਆਂ ਗੱਲਾਂ ਦਾ ਸੰਬੰਧ ਭਵਿੱਖ ਨਾਲ ਕਿਉਂ ਨਹੀਂ ਜੋੜਿਆ ਜਾਂਦਾ।

ਬੀਤੇ ਸਮੇਂ ਵਿਚ, ਬਾਈਬਲ ਵਿਚ ਦੱਸੇ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦਾ ਸੰਬੰਧ ਅੱਜ ਦੇ ਵਫ਼ਾਦਾਰ ਮਸੀਹੀਆਂ ਨਾਲ ਜੋੜਿਆ ਜਾਂਦਾ ਸੀ। ਇਸੇ ਤਰ੍ਹਾਂ ਬਾਈਬਲ ਵਿਚ ਦਰਜ ਬਿਰਤਾਂਤਾਂ ਨੂੰ ਭਵਿੱਖਬਾਣੀਆਂ ਕਹਿ ਕੇ ਅੱਜ ਦੇ ਵਫ਼ਾਦਾਰ ਸੇਵਕਾਂ ਨਾਲ ਹੋਈਆਂ ਘਟਨਾਵਾਂ ਨਾਲ ਜੋੜਿਆ ਜਾਂਦਾ ਸੀ। ਇਹ ਗੱਲ ਸੱਚ ਹੈ ਕਿ ਅਜਿਹੀਆਂ ਗੱਲਾਂ ਬਾਰੇ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ। ਤਾਂ ਫਿਰ, ਹਾਲ ਹੀ ਦੇ ਸਾਲਾਂ ਵਿਚ ਸਾਡੇ ਪ੍ਰਕਾਸ਼ਨਾਂ ਵਿਚ ਇਨ੍ਹਾਂ ਦਾ ਜ਼ਿਕਰ ਕਿਉਂ ਘੱਟ ਗਿਆ ਹੈ?

ਬਾਈਬਲ ਸਾਨੂੰ ਕੁਝ ਬਾਈਬਲ ਪਾਤਰਾਂ ਅਤੇ ਘਟਨਾਵਾਂ ਬਾਰੇ ਦੱਸਦੀ ਹੈ ਜੋ ਕਿਸੇ ਹੋਰ ਨੂੰ ਦਰਸਾਉਂਦੀਆਂ ਹਨ। ਜਦੋਂ ਬਾਈਬਲ ਦੱਸਦੀ ਹੈ ਕਿ ਕੋਈ ਵਿਅਕਤੀ, ਘਟਨਾ ਜਾਂ ਚੀਜ਼ ਭਵਿੱਖ ਵਿਚ ਕਿਸੇ ਨੂੰ ਦਰਸਾਉਂਦੀ ਹੈ, ਤਾਂ ਸਾਨੂੰ ਇਸ ਗੱਲ ʼਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਭਰਾ ਸਪਲੇਨ ਨੇ ਕਿਹਾ ਕਿ “ਜਦੋਂ ਬਾਈਬਲ ਵਿਚ ਇਸ ਤਰ੍ਹਾਂ ਕਰਨ ਦਾ ਕੋਈ ਆਧਾਰ ਨਹੀਂ ਹੁੰਦਾ, ਤਾਂ ਸਾਨੂੰ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਨਹੀਂ ਜੋੜਨਾ ਚਾਹੀਦਾ।” ਸਾਨੂੰ ਬਾਈਬਲ ਦੇ ਬਿਰਤਾਂਤਾਂ ਵਿਚ ਹੱਦੋਂ ਵਧ ਨਹੀਂ ਖੁੱਭ ਜਾਣਾ ਚਾਹੀਦਾ। ਭਾਵੇਂ ਸਾਡੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ʼਤੇ ਰਹਿਣ ਦੀ, ਜੇ ਸਾਡੇ ਵਿੱਚੋਂ ਕੋਈ ਵੀ ਆਪਣਾ ਧਿਆਨ ਬਾਈਬਲ ਦੇ ਬਿਰਤਾਂਤਾਂ ਦਾ ਸੰਬੰਧ ਭਵਿੱਖ ਨਾਲ ਜੋੜਨ ʼਤੇ ਜ਼ਿਆਦਾ ਲਾਉਂਦਾ ਹੈ, ਤਾਂ ਸ਼ਾਇਦ ਉਹ ਇਨ੍ਹਾਂ ਵਿਚ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਜੁੜੇ ਸਬਕ ਅਣਗੌਲੇ ਕਰ ਦੇਵੇ।—ਰੋਮੀਆਂ 15:4. a

“ਕੀ ਤੁਸੀਂ ‘ਖ਼ਬਰਦਾਰ’ ਰਹੋਗੇ?”

ਭਰਾ ਲੈੱਟ ਨੇ ਇਸ ਭਾਸ਼ਣ ਵਿਚ ਯਿਸੂ ਦੁਆਰਾ ਦਿੱਤੀ 10 ਕੁਆਰੀਆਂ ਦੀ ਮਿਸਾਲ ਬਾਰੇ ਨਵੀਂ ਸਮਝ ਦਿੱਤੀ। (ਮੱਤੀ 25:1-13) ਹੁਣ ਇਸ ਮਿਸਾਲ ਦੀ ਸਮਝ ਇਸ ਤਰ੍ਹਾਂ ਹੈ: ਲਾੜਾ ਯਿਸੂ ਹੈ ਅਤੇ ਕੁਆਰੀਆਂ ਯਿਸੂ ਦੇ ਚੁਣੇ ਹੋਏ ਚੇਲੇ ਹਨ। (ਲੂਕਾ 5:34, 35; 2 ਕੁਰਿੰਥੀਆਂ 11:2) ਇਹ ਮਿਸਾਲ ਆਖ਼ਰੀ ਦਿਨਾਂ ਬਾਰੇ ਹੈ ਜਿਸ ਦਾ ਅੰਜਾਮ ਮਹਾਂਕਸ਼ਟ ਦੌਰਾਨ ਹੋਵੇਗਾ। ਜਦੋਂ ਯਿਸੂ ਨੇ ਪੰਜ ਮੂਰਖ ਕੁਆਰੀਆਂ ਬਾਰੇ ਦੱਸਿਆ, ਤਾਂ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਬਹੁਤ ਸਾਰੇ ਚੁਣੇ ਹੋਏ ਮਸੀਹੀ ਵਫ਼ਾਦਾਰ ਨਹੀਂ ਰਹਿਣਗੇ ਜਿਸ ਕਰਕੇ ਉਨ੍ਹਾਂ ਦੀ ਜਗ੍ਹਾ ਹੋਰਨਾਂ ਨੂੰ ਚੁਣਨ ਦੀ ਲੋੜ ਪਵੇਗੀ। ਇਸ ਦੀ ਬਜਾਇ, ਯਿਸੂ ਇਕ ਜ਼ਬਰਦਸਤ ਚੇਤਾਵਨੀ ਦੇ ਰਿਹਾ ਸੀ। ਜਿਸ ਤਰ੍ਹਾਂ ਪੰਜ ਕੁਆਰੀਆਂ ਸਮਝਦਾਰ ਸਨ ਤੇ ਪੰਜ ਮੂਰਖ, ਉਸੇ ਤਰ੍ਹਾਂ ਹਰ ਇਕ ਚੁਣੇ ਹੋਏ ਮਸੀਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਤਿਆਰ ਤੇ ਖ਼ਬਰਦਾਰ ਰਹੇ। ਜੇ ਉਹ ਇੱਦਾਂ ਨਾ ਕਰੇ, ਤਾਂ ਉਹ ਸ਼ਾਇਦ ਮੂਰਖ ਤੇ ਬੇਵਫ਼ਾ ਹੋ ਜਾਵੇ।

ਸਾਨੂੰ ਕਿਸੇ ਬਿਰਤਾਂਤ ਵਿਚ ਹੱਦੋਂ ਵਧ ਨਾ ਖੁੱਭ ਜਾਣ ਦੀ ਗੱਲ ʼਤੇ ਚੱਲਣਾ ਚਾਹੀਦਾ ਹੈ। ਸੋ ਇਹ ਬੁੱਧੀਮਾਨੀ ਦੀ ਗੱਲ ਹੈ ਕਿ ਅਸੀਂ ਇਸ ਬਿਰਤਾਂਤ ਦੀ ਇਕ-ਇਕ ਗੱਲ ਦਾ ਸੰਬੰਧ ਭਵਿੱਖ ਨਾਲ ਨਾ ਜੋੜੀਏ। ਨਾਲੇ ਚੰਗਾ ਹੋਵੇਗਾ ਕਿ ਅਸੀਂ ਇਸ ਬਿਰਤਾਂਤ ਤੋਂ ਵਧੀਆ ਸਬਕ ਸਿੱਖੀਏ। ਭਾਵੇਂ ਅਸੀਂ ਚੁਣੇ ਹੋਏ ਮਸੀਹੀ ਹਾਂ ਜਾਂ “ਹੋਰ ਭੇਡਾਂ” ਵਿੱਚੋਂ ਹਾਂ, ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਚਾਨਣ ਚਮਕਾਈਏ ਅਤੇ ‘ਖ਼ਬਰਦਾਰ ਰਹੀਏ।’ (ਯੂਹੰਨਾ 10:16; ਮਰਕੁਸ 13:37; ਮੱਤੀ 5:16) ਕੋਈ ਵੀ ਸਾਡੇ ਲਈ ਵਫ਼ਾਦਾਰ ਨਹੀਂ ਰਹਿ ਸਕਦਾ, ਸਗੋਂ ਸਾਡੇ ਵਿੱਚੋਂ ਹਰ ਕਿਸੇ ਨੂੰ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਕੇ ਅਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿ ਕੇ ‘ਜੀਵਨ ਨੂੰ ਚੁਣਨਾ’ ਚਾਹੀਦਾ ਹੈ।—ਬਿਵਸਥਾ ਸਾਰ 30:19.

“ਚਾਂਦੀ ਦੇ ਸਿੱਕਿਆਂ ਦੀ ਮਿਸਾਲ।”

ਪ੍ਰਬੰਧਕ ਸਭਾ ਦੇ ਮੈਂਬਰ ਐਂਟਨੀ ਮੌਰਿਸ ਨੇ ਅਗਲਾ ਭਾਸ਼ਣ ਦਿੱਤਾ ਜਿਸ ਵਿਚ ਉਸ ਨੇ ਹਾਜ਼ਰ ਲੋਕਾਂ ਨੂੰ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦੀ ਨਵੀਂ ਸਮਝ ਦਿੱਤੀ। (ਮੱਤੀ 25:14-30) ਹੁਣ ਅਸੀਂ ਇਸ ਮਿਸਾਲ ਨੂੰ ਇੱਦਾਂ ਸਮਝਦੇ ਹਾਂ ਕਿ ਮਿਸਾਲ ਵਿਚ ਦੱਸਿਆ ਮਾਲਕ (ਯਿਸੂ) ਆਪਣੇ ਨੌਕਰਾਂ (ਧਰਤੀ ʼਤੇ ਉਸ ਦੇ ਚੁਣੇ ਹੋਏ ਵਫ਼ਾਦਾਰ ਚੇਲੇ) ਨੂੰ ਇਨਾਮ ਦੇਵੇਗਾ। ਉਹ ਨੌਕਰਾਂ ਨੂੰ ਭਵਿੱਖ ਵਿਚ ਇਨਾਮ ਉਦੋਂ ਦੇਵੇਗਾ ਜਦੋਂ ਉਹ ਆਵੇਗਾ ਅਤੇ ਉਨ੍ਹਾਂ ਨੂੰ ਆਪਣੇ ਨਾਲ ਸਵਰਗ ਲੈ ਜਾਵੇਗਾ। ਜਦੋਂ ਯਿਸੂ ਦੱਸਦਾ ਹੈ ਕਿ ‘ਨਿਕੰਮੇ ਤੇ ਆਲਸੀ ਨੌਕਰ’ ਦਾ ਕੀ ਹੋਵੇਗਾ, ਤਾਂ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਚੁਣੇ ਹੋਏ ਮਸੀਹੀਆਂ ਵਿੱਚੋਂ ਬਹੁਤ ਸਾਰੇ ਮਸੀਹੀ ਵਫ਼ਾਦਾਰ ਨਹੀਂ ਰਹਿਣਗੇ। ਇਸ ਦੀ ਬਜਾਇ, ਉਹ ਚੁਣੇ ਹੋਏ ਮਸੀਹੀਆਂ ਨੂੰ ਚੇਤਾਵਨੀ ਦੇ ਰਿਹਾ ਸੀ ਕਿ ਉਨ੍ਹਾਂ ਨੂੰ ਮਿਹਨਤ ਕਰਨ ਦੀ ਲੋੜ ਹੈ ਤੇ ਉਹ ਖ਼ਬਰਦਾਰ ਰਹਿਣ ਤਾਂਕਿ ਉਹ ਦੁਸ਼ਟ ਨੌਕਰ ਵਾਂਗ ਨਾ ਬਣ ਜਾਣ।

ਇਸ ਮਿਸਾਲ ਤੋਂ ਅਸੀਂ ਕਿਹੜੇ ਵਧੀਆ ਸਬਕ ਸਿੱਖ ਸਕਦੇ ਹਾਂ? ਮਿਸਾਲ ਵਿਚ ਮਾਲਕ ਆਪਣੇ ਨੌਕਰਾਂ ਨੂੰ ਅਨਮੋਲ ਖ਼ਜ਼ਾਨਾ ਦਿੰਦਾ ਹੈ। ਇਸੇ ਤਰ੍ਹਾਂ ਯਿਸੂ ਨੇ ਆਪਣੇ ਚੁਣੇ ਹੋਏ ਚੇਲਿਆਂ ਨੂੰ ਅਨਮੋਲ ਖ਼ਜ਼ਾਨਾ ਦਿੱਤਾ ਯਾਨੀ ਉਨ੍ਹਾਂ ਨੂੰ ਪ੍ਰਚਾਰ ਅਤੇ ਚੇਲੇ ਬਣਾਉਣ ਦੀ ਅਹਿਮ ਜ਼ਿੰਮੇਵਾਰੀ ਦਿੱਤੀ। ਉਹ ਸਾਡੇ ਸਾਰਿਆਂ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਆਪਣੇ ਹਾਲਾਤਾਂ ਅਨੁਸਾਰ ਪ੍ਰਚਾਰ ਦੇ ਕੰਮ ਵਿਚ ਆਪਣੀ ਪੂਰੀ ਵਾਹ ਲਾਈਏ। ਭਰਾ ਮੌਰਿਸ ਨੇ ਹਾਜ਼ਰ ਲੋਕਾਂ ਦੀ ਤਾਰੀਫ਼ ਕੀਤੀ ਕਿ ਉਹ ਰਾਜ ਦੇ ਕੰਮਾਂ ਵਿਚ ਜੋਸ਼ ਨਾਲ ਲੱਗੇ ਹੋਏ ਹਨ।

“ਜਲਦੀ ਹੀ ਪਰਮੇਸ਼ੁਰ ਦੇ ਲੋਕਾਂ ʼਤੇ ਕੌਣ ਹਮਲਾ ਕਰੇਗਾ?”

ਪ੍ਰੋਗ੍ਰਾਮ ਦਾ ਇਹ ਦਿਲਚਸਪ ਆਖ਼ਰੀ ਭਾਸ਼ਣ ਪ੍ਰਬੰਧਕ ਸਭਾ ਦੇ ਮੈਂਬਰ ਜੈਫਰੀ ਜੈਕਸਨ ਨੇ ਦਿੱਤਾ। ਭਰਾ ਜੈਕਸਨ ਨੇ ਇਸ ਗੱਲ ʼਤੇ ਚਰਚਾ ਕੀਤੀ ਕਿ ਮਾਗੋਗ ਦਾ ਗੋਗ ਭਵਿੱਖ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨ ਵਿਚ ਅਗਵਾਈ ਕਰੇਗਾ।​—ਹਿਜ਼ਕੀਏਲ 38:14-23.

ਕਈ ਸਾਲਾਂ ਤੋਂ ਸਮਝਾਇਆ ਜਾਂਦਾ ਰਿਹਾ ਹੈ ਕਿ ਗੋਗ ਸ਼ੈਤਾਨ ਹੈ ਅਤੇ ਇਹ ਨਾਂ ਉਸ ਨੂੰ ਸਵਰਗ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਦਿੱਤਾ ਗਿਆ ਸੀ। ਪਰ ਭਰਾ ਜੈਕਸਨ ਨੇ ਕੁਝ ਅਹਿਮ ਸਵਾਲਾਂ ʼਤੇ ਤਰਕ ਕੀਤਾ ਜੋ ਗੋਗ ਨੂੰ ਸ਼ੈਤਾਨ ਸਮਝਣ ਕਰਕੇ ਖੜ੍ਹੇ ਹੁੰਦੇ ਹਨ। ਮਿਸਾਲ ਲਈ, ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਜਦੋਂ ਗੋਗ ਨੂੰ ਹਰਾਇਆ ਜਾਵੇਗਾ, ਤਾਂ ਉਹ ਗੋਗ ਨੂੰ “ਹਰ ਪਰਕਾਰ ਦੇ ਸ਼ਿਕਾਰੀ ਪੰਛੀਆਂ ਅਤੇ ਰੜ ਦੇ ਦਰਿੰਦਿਆਂ ਲਈ ਖਾਣ ਨੂੰ” ਦੇਵੇਗਾ। (ਹਿਜ਼ਕੀਏਲ 39:4) ਯਹੋਵਾਹ ਨੇ ਇਹ ਵੀ ਦੱਸਿਆ ਸੀ ਕਿ “ਗੋਗ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ” ਧਰਤੀ ਵਿਚ ਦੱਬਿਆ ਜਾਵੇਗਾ। (ਹਿਜ਼ਕੀਏਲ 39:11) ਪਰ ਸ਼ੈਤਾਨ ਨਾਲ ਇੱਦਾਂ ਕਿਵੇਂ ਹੋ ਸਕਦਾ ਹੈ, ਜੋ ਹੱਡ-ਮਾਸ ਦਾ ਬਣਿਆ ਹੋਇਆ ਨਹੀਂ ਹੈ? ਸ਼ੈਤਾਨ ਨੂੰ ਨਾ ਖਾਧਾ ਜਾਵੇਗਾ ਜਾਂ ਦੱਬਿਆ ਜਾਵੇਗਾ, ਸਗੋਂ ਉਸ ਨੂੰ 1,000 ਸਾਲ ਲਈ ਅਥਾਹ-ਕੁੰਡ ਵਿਚ ਸੁੱਟਿਆ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 20:1, 2) ਇਸ ਤੋਂ ਇਲਾਵਾ, 1,000 ਸਾਲ ਖ਼ਤਮ ਹੁੰਦਿਆਂ ਹੀ ਸ਼ੈਤਾਨ ਨੂੰ ਅਥਾਹ-ਕੁੰਡ ਵਿੱਚੋਂ ਛੱਡਿਆ ਜਾਵੇਗਾ ਅਤੇ “ਉਹ ਧਰਤੀ ਦੇ ਚਾਰੇ ਕੋਨਿਆਂ ਵਿਚ ਜਾ ਕੇ ਗੋਗ ਅਤੇ ਮਾਗੋਗ ਯਾਨੀ ਕੌਮਾਂ ਨੂੰ ਗੁਮਰਾਹ ਕਰੇਗਾ ਅਤੇ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇਗਾ।” (ਪ੍ਰਕਾਸ਼ ਦੀ ਕਿਤਾਬ 20:7, 8) ਸੋ ਜੇ ਸ਼ੈਤਾਨ ਆਪ ਹੀ ਗੋਗ ਹੈ, ਤਾਂ ਉਹ ਗੋਗ ਨੂੰ ਕਿੱਦਾਂ ਗੁਮਰਾਹ ਕਰ ਸਕਦਾ ਹੈ।

ਭਰਾ ਜੈਕਸਨ ਨੇ ਸਮਝਾਇਆ ਕਿ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਮਾਗੋਗ ਦਾ ਗੋਗ ਸ਼ੈਤਾਨ ਨੂੰ ਨਹੀਂ, ਸਗੋਂ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ। ਇਹ ਕੌਮਾਂ ਭਵਿੱਖ ਵਿਚ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। ਬਿਨਾਂ ਸ਼ੱਕ ਗੋਗ ਦਾ ਇਹ ਹਮਲਾ ‘ਉੱਤਰ ਦੇ ਰਾਜੇ’ ਅਤੇ “ਧਰਤੀ ਦੇ ਰਾਜੇ” ਦੁਆਰਾ ਕੀਤੇ ਗਏ ਹਮਲੇ ਵਰਗਾ ਹੋਵੇਗਾ।​—ਦਾਨੀਏਲ 11:40, 44, 45; ਪ੍ਰਕਾਸ਼ ਦੀ ਕਿਤਾਬ 17:12-14; 19:19.

“ਉੱਤਰ ਦਾ ਰਾਜਾ” ਕਿਸ ਨੂੰ ਦਰਸਾਉਂਦਾ ਹੈ? ਇਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਜੋ ਵੀ ਹੈ, ਜਿੱਦਾਂ-ਜਿੱਦਾਂ ਅਸੀਂ ਅੰਤ ਦੇ ਨੇੜੇ ਜਾ ਰਹੇ ਹਾਂ, ਉੱਦਾਂ-ਉੱਦਾਂ ਭਵਿੱਖ ਦੀਆਂ ਇਨ੍ਹਾਂ ਘਟਨਾਵਾਂ ਬਾਰੇ ਸਾਡੀ ਸਮਝ ਵਿਚ ਸੁਧਾਰ ਹੁੰਦਾ ਦੇਖ ਕੇ ਸਾਡੀ ਨਿਹਚਾ ਹੋਰ ਵੀ ਪੱਕੀ ਹੁੰਦੀ ਹੈ। ਪਰਮੇਸ਼ੁਰ ਦੇ ਲੋਕਾਂ ʼਤੇ ਹੋਣ ਵਾਲੇ ਹਮਲੇ ਤੋਂ ਅਸੀਂ ਨਹੀਂ ਡਰਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਮਾਗੋਗ ਦਾ ਗੋਗ ਹਮਲਾ ਕਰੇਗਾ, ਤਾਂ ਉਸ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇਗਾ ਯਾਨੀ ਉਸ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਦੂਜੇ ਪਾਸੇ, ਪਰਮੇਸ਼ੁਰ ਦੇ ਲੋਕ ਹਮੇਸ਼ਾ-ਹਮੇਸ਼ਾ ਰਹਿਣਗੇ। b

ਪ੍ਰੋਗ੍ਰਾਮ ਦੀ ਸਮਾਪਤੀ।

ਭਰਾ ਸੈਂਡਰਸਨ ਨੇ ਘੋਸ਼ਣਾ ਕੀਤੀ ਕਿ ਹੁਣ ਨਿਊ ਵਰਲਡ ਟ੍ਰਾਂਸਲੇਸ਼ਨ ਦਾ ਛੋਟਾ ਸਾਈਜ਼ ਉਪਲਬਧ ਹੈ। ਨਾਲੇ ਬਾਈਬਲ ਦੀ ਆਡੀਓ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਵਿਚ ਬਾਈਬਲ ਪਾਤਰਾਂ ਦੀਆਂ ਆਵਾਜ਼ਾਂ ਅਲੱਗ-ਅਲੱਗ ਵਿਅਕਤੀਆਂ ਦੁਆਰਾ ਰਿਕਾਰਡ ਕੀਤੀਆਂ ਜਾਣਗੀਆਂ। ਇਨ੍ਹਾਂ ਰਿਕਾਰਡਿੰਗਾਂ ਨੂੰ jw.org ʼਤੇ ਸਮੇਂ-ਸਮੇਂ ʼਤੇ ਪਾਇਆ ਜਾਵੇਗਾ। ਸਭ ਤੋਂ ਪਹਿਲਾਂ ਮੱਤੀ ਦੀ ਕਿਤਾਬ ਪਾਈ ਜਾਵੇਗੀ।

ਭਰਾ ਸੈਂਡਰਸਨ ਨੇ ਘੋਸ਼ਣਾ ਕੀਤੀ ਕਿ ਸਾਲ 2015 ਲਈ ਬਾਈਬਲ ਦਾ ਹਵਾਲਾ ਹੋਵੇਗਾ: “ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ।” (ਜ਼ਬੂਰਾਂ ਦੀ ਪੋਥੀ 106:1) ਉਸ ਨੇ ਸਾਰਿਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਰੋਜ਼ ਪਰਮੇਸ਼ੁਰ ਦਾ ਧੰਨਵਾਦ ਕਰਨ ਦੇ ਕਾਰਨ ਲੱਭਣ।

ਮੀਟਿੰਗ ਦੇ ਖ਼ਤਮ ਹੋਣ ਤੇ ਨਵੇਂ ਗੀਤਾਂ ਵਿੱਚੋਂ ਤੀਸਰਾ ਗੀਤ ਗਾਇਆ ਗਿਆ ਜਿਸ ਦਾ ਵਿਸ਼ਾ ਸੀ: “ਯਹੋਵਾਹ ਹੈ ਤੇਰਾ ਨਾਂ।” ਪ੍ਰਬੰਧਕ ਸਭਾ ਦੇ ਸੱਤੇ ਮੈਂਬਰਾਂ ਨੇ ਸਟੇਜ ਤੋਂ ਟੋਲੀ ਨਾਲ ਅਤੇ ਹਾਜ਼ਰ ਲੋਕਾਂ ਨਾਲ ਮਿਲ ਕੇ ਇਹ ਗੀਤ ਗਾਇਆ। ਸੱਚ-ਮੁੱਚ ਇਸ ਇਤਿਹਾਸਕ ਮੀਟਿੰਗ ਦੀ ਕਿੰਨੀ ਹੀ ਵਧੀਆ ਸਮਾਪਤੀ!

a ਇਹ ਅਤੇ ਅਗਲੇ ਦੋ ਭਾਸ਼ਣ ਪਹਿਰਾਬੁਰਜ 15 ਮਾਰਚ 2015 ਦੇ ਲੇਖਾਂ ʼਤੇ ਆਧਾਰਿਤ ਸਨ ਜੋ ਇਸ ਅੰਕ ਵਿਚ ਛਪਣਗੇ।

b ਇਹ ਭਾਸ਼ਣ ਪਹਿਰਾਬੁਰਜ 15 ਮਈ 2015 ਦੇ ਲੇਖ ʼਤੇ ਆਧਾਰਿਤ ਸੀ ਜੋ ਇਸ ਅੰਕ ਵਿਚ ਛਪੇਗਾ।