Skip to content

ਸਕਾਈ ਟਾਵਰ ʼਤੇ ਆਤਮ-ਹੱਤਿਆ ਕਰਨ ਤੋਂ ਰੋਕਿਆ

ਸਕਾਈ ਟਾਵਰ ʼਤੇ ਆਤਮ-ਹੱਤਿਆ ਕਰਨ ਤੋਂ ਰੋਕਿਆ

80 ਸਾਲਾਂ ਦੇ ਗ੍ਰੇਅਮ ਬ੍ਰਾਊਨ ਨਾਂ ਦੇ ਯਹੋਵਾਹ ਦੇ ਗਵਾਹ ਨੇ ਇਕ ਮਾਨਸਿਕ ਰੋਗੀ ਨੂੰ ਮਨਾਇਆ ਕਿ ਉਹ ਆਕਲੈਂਡ, ਨਿਊਜ਼ੀਲੈਂਡ ਵਿਚ 328 ਮੀਟਰ (1,076 ਫੁੱਟ) ਉੱਚੇ ਸਕਾਈ ਟਾਵਰ ਤੋਂ ਛਾਲ ਨਾ ਮਾਰੇ। ਗ੍ਰੇਅਮ ਨੇ ਕਿਹਾ: “ਜਦੋਂ ਇਸ ਆਦਮੀ ਨੇ ਪੁੱਛਿਆ ਕਿ ਉਹ ਕਿਸੇ ਯਹੋਵਾਹ ਦੇ ਗਵਾਹ ਨਾਲ ਗੱਲ ਕਰਨੀ ਚਾਹੁੰਦਾ ਹੈ, ਤਾਂ ਪੁਲਸ ਨੇ ਮਦਦ ਲਈ ਮੈਨੂੰ ਬੁਲਾਇਆ।

“ਸਕਾਈ ਟਾਵਰ ਸਟਾਫ਼ ਨੇ ਮੈਨੂੰ ਸੇਫ਼ਟੀ ਬੈਲਟਾਂ ਨਾਲ ਬੰਨ੍ਹਿਆ ਤੇ ਮੇਰੀ ਬਾਈਬਲ ਨੂੰ ਇਕ ਲੰਬੀ ਰੱਸੀ ਨਾਲ ਬੰਨ੍ਹ ਦਿੱਤਾ। ਫਿਰ ਪੁਲਸ ਨੇ ਮੈਨੂੰ 192 ਮੀਟਰ (630 ਫੁੱਟ) ਉੱਚੇ ਸਕਾਈ ਜੰਪ ਡੈਕ ਉੱਤੇ ਪਹੁੰਚਾ ਦਿੱਤਾ। ਟਾਵਰ ਦੇ ਆਲੇ-ਦੁਆਲੇ ਠੰਢੀ ਤੇ ਤੇਜ਼ ਹਵਾ ਚੱਲ ਰਹੀ ਸੀ। ਛਾਲ ਮਾਰਨ ਦੀ ਧਮਕੀ ਦੇਣ ਵਾਲਾ ਆਦਮੀ ਮੇਰੇ ਤੋਂ ਥੋੜ੍ਹੀ ਦੂਰ ਤੰਗ ਜਿਹੀ ਜਗ੍ਹਾ ʼਤੇ ਆਪਣੀਆਂ ਲੱਤਾਂ ਥੱਲੇ ਨੂੰ ਲਟਕਾ ਕੇ ਬੈਠਾ ਹੋਇਆ ਸੀ।

“ਮੈਂ ਉਸ ਨੂੰ ਕਿਹਾ ਕਿ ਮੈਂ ਯਹੋਵਾਹ ਦਾ ਇਕ ਗਵਾਹ ਹਾਂ ਤੇ ਉਸ ਦੀ ਮਦਦ ਕਰਨੀ ਚਾਹੁੰਦਾ ਹਾਂ। ਫਿਰ ਦਿਲ ਵਿਚ ਛੋਟੀ ਜਿਹੀ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਬਾਈਬਲ ਖੋਲ੍ਹੀ ਤੇ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ।

“ਮੈਂ ਉਸ ਨਾਲ ਗੱਲ ਕੀਤੀ ਕਿ ਜ਼ਿੰਦਗੀ ਕਿੰਨੀ ਪਵਿੱਤਰ ਹੈ। ਇਸ ਵਿਸ਼ੇ ਬਾਰੇ ਮੈਂ ਹਾਲ ਹੀ ਵਿਚ ਆਪਣੇ ਕਿੰਗਡਮ ਹਾਲ ਵਿਚ ਭਾਸ਼ਣ ਦਿੱਤਾ ਸੀ।

“ਮੈਂ ਕਿਹਾ, ‘ਰੱਬ ਦੀਆਂ ਨਜ਼ਰਾਂ ਵਿਚ ਤੂੰ ਇਕ ਅਨਮੋਲ ਹੀਰਾ ਹੈਂ ਤੇ ਉਸ ਨੇ ਤੈਨੂੰ ਜ਼ਿੰਦਗੀ ਦਾ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ। ਕਿਉਂ ਨਾ ਤੂੰ ਉਸ ਨੂੰ ਦਿਖਾ ਕਿ ਤੂੰ ਇਸ ਤੋਹਫ਼ੇ ਨੂੰ ਕਿੰਨਾ ਕੀਮਤੀ ਸਮਝਦਾ ਹੈਂ? ਪਲੀਜ਼ ਸੁਰੱਖਿਅਤ ਜਗ੍ਹਾ ʼਤੇ ਆ ਜਾ।’

“ਮੈਂ ਉਸ ਨੂੰ ਬਾਈਬਲ ਵਿੱਚੋਂ ਕਈ ਹਵਾਲੇ ਪੜ੍ਹ ਕੇ ਸੁਣਾਏ ਜਿਵੇਂ ਯੂਹੰਨਾ 3:16. ਇਸ ਵਿਚ ਦੱਸਿਆ ਹੈ: ‘ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।’

“ਮੈਂ ਉਸ ਨੂੰ ਕਿਹਾ, ‘ਰੱਬ ਤੈਨੂੰ ਪਿਆਰ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਤੂੰ ਜੀਉਂਦਾ ਰਹੇਂ।’

“ਪਹਿਲਾਂ-ਪਹਿਲ ਲੱਗਦਾ ਸੀ ਕਿ ਉਹ ਆਦਮੀ ਕੋਈ ਧਿਆਨ ਨਹੀਂ ਦੇ ਰਿਹਾ। ਇਸ ਲਈ ਮੈਂ ਦਿਲ ਵਿਚ ਪ੍ਰਾਰਥਨਾ ਕੀਤੀ ਕਿ ਯਹੋਵਾਹ ਉਸ ਆਦਮੀ ਨੂੰ ਛਾਲ ਮਾਰਨ ਤੋਂ ਰੋਕਣ ਵਿਚ ਮੇਰੀ ਮਦਦ ਕਰੇ। ਅਖ਼ੀਰ ਉਹ ਆਦਮੀ ਹੌਲੀ-ਹੌਲੀ ਉੱਠ ਕੇ ਮੇਰੇ ਨੇੜੇ ਆ ਗਿਆ। ਉਹ ਬਹੁਤ ਪਰੇਸ਼ਾਨ ਸੀ।

“ਉਸ ਨੇ ਕਿਹਾ, ‘ਹਾਲ ਹੀ ਵਿਚ ਯਹੋਵਾਹ ਦੇ ਗਵਾਹ ਮੇਰੇ ਘਰ ਆਏ ਸਨ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਮੈਨੂੰ ਬਹੁਤ ਬੁਰਾ ਲੱਗਾ। ਕੀ ਤੁਸੀਂ ਮੈਨੂੰ ਮਾਫ਼ ਕਰ ਦਿਓਗੇ?’

“ਮੈਂ ਉਸ ਨੂੰ ਯਕੀਨ ਦਿਵਾਇਆ, ‘ਗਵਾਹ ਬਣਨ ਤੋਂ ਪਹਿਲਾਂ ਸਾਡੇ ਵਿੱਚੋਂ ਵੀ ਕਈਆਂ ਨੇ ਇਸ ਤਰ੍ਹਾਂ ਕੀਤਾ ਸੀ। ਤੂੰ ਯਕੀਨ ਕਰ ਸਕਦਾ ਹੈਂ ਕਿ ਯਹੋਵਾਹ ਤੈਨੂੰ ਮਾਫ਼ ਕਰ ਦੇਵੇਗਾ।’

“ਉਸ ਨੇ ਕਿਹਾ, ‘ਸ਼ੁਕਰੀਆ, ਮੇਰੇ ਦਿਮਾਗ਼ ਤੋਂ ਬੋਝ ਲਹਿ ਗਿਆ।’

“ਮੈਂ ਅੱਗੇ ਕਿਹਾ, ‘ਤੈਨੂੰ ਪਤਾ ਕਿ ਮੈਂ ਤੇਰੇ ਕਰਕੇ ਡਰਿਆ ਹੋਇਆ ਹਾਂ। ਮੈਂ ਤਾਂ ਸੇਫ਼ਟੀ ਬੈਲਟਾਂ ਬੰਨ੍ਹੀਆਂ ਹੋਈਆਂ ਹਨ, ਪਰ ਤੂੰ ਜਿਸ ਜਗ੍ਹਾ ਖੜ੍ਹਾ ਹੈਂ, ਉੱਥੋਂ ਥੋੜ੍ਹਾ ਜਿਹਾ ਪੈਰ ਫਿਸਲ ਗਿਆ, ਤਾਂ ਤੁਹਾਡੀ ਅਨਮੋਲ ਜ਼ਿੰਦਗੀ ਖ਼ਤਮ ਹੋ ਜਾਵੇਗੀ। ਇਹ ਦੇਖ ਕੇ ਯਹੋਵਾਹ ਬਹੁਤ ਦੁਖੀ ਹੋਵੇਗਾ। ਇਸ ਲਈ ਸੁਰੱਖਿਅਤ ਜਗ੍ਹਾ ʼਤੇ ਆ ਜਾ।’

“ਹੁਣ ਤਕ ਉਹ ਆਪਣਾ ਮਨ ਬਦਲ ਚੁੱਕਾ ਸੀ। ਉਸ ਨੇ ਹੌਲੀ ਜਿਹੀ ਕਿਹਾ, ‘ਅੱਛਾ, ਮੈਂ ਆਉਂਦਾ।’

“ਉਹ ਸਕਾਈ ਜੰਪ ਡੈਕ ʼਤੇ ਆ ਗਿਆ ਅਤੇ ਪੁਲਸ ਫਟਾਫਟ ਉਸ ਨੂੰ ਸੁਰੱਖਿਅਤ ਜਗ੍ਹਾ ʼਤੇ ਲੈ ਗਈ। ਅਸੀਂ ਇਕ ਘੰਟਾ ਗੱਲਾਂ ਕਰਦੇ ਰਹੇ।”

ਯਹੋਵਾਹ ਦੇ ਗਵਾਹ ਦਿਲੋਂ ਲੋਕਾਂ ਦੀ ਪਰਵਾਹ ਕਰਦੇ ਹਨ, ਖ਼ਾਸਕਰ ਉਨ੍ਹਾਂ ਦੀ ਜੋ ਦੁਖੀ ਹਨ। ਦੁਨੀਆਂ ਭਰ ਵਿਚ ਉਹ ਬਾਈਬਲ ਤੋਂ ਲੋਕਾਂ ਨੂੰ ਉਮੀਦ ਤੇ ਦਿਲਾਸਾ ਦਿੰਦੇ ਹਨ ਅਤੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਨ ਕਿ ਰੱਬ ਸੱਚ-ਮੁੱਚ ਉਨ੍ਹਾਂ ਦੀ ਪਰਵਾਹ ਕਰਦਾ ਹੈ।