Skip to content

ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

ਗ਼ਲਤਫ਼ਹਿਮੀਆਂ

 ਗ਼ਲਤ: ਯਹੋਵਾਹ ਦੇ ਗਵਾਹ ਕ੍ਰਿਸਮਸ ਇਸ ਲਈ ਨਹੀਂ ਮਨਾਉਂਦੇ ਕਿਉਂਕਿ ਉਹ ਯਿਸੂ ਨੂੰ ਨਹੀਂ ਮੰਨਦੇ।

 ਸਹੀ: ਅਸੀਂ ਮਸੀਹੀ ਯਾਨੀ ਯਿਸੂ ਦੇ ਚੇਲੇ ਹਾਂ। ਅਸੀਂ ਮੰਨਦੇ ਹਾਂ ਕਿ ਸਿਰਫ਼ ਯਿਸੂ ਮਸੀਹ ਦੇ ਜ਼ਰੀਏ ਹੀ ਮੁਕਤੀ ਮਿਲ ਸਕਦੀ ਹੈ।—ਰਸੂਲਾਂ ਦੇ ਕੰਮ 4:12.

 ਗ਼ਲਤ: ਕ੍ਰਿਸਮਸ ਨਾ ਮਨਾਉਣ ਕਰਕੇ ਤੁਸੀਂ ਪਰਿਵਾਰਾਂ ਵਿਚ ਫੁੱਟ ਪਾਉਂਦੇ ਹੋ।

 ਸਹੀ: ਅਸੀਂ ਚਾਹੁੰਦੇ ਹਾਂ ਕਿ ਹਰ ਪਰਿਵਾਰ ਸੁਖੀ ਹੋਵੇ, ਇਸ ਲਈ ਅਸੀਂ ਉਨ੍ਹਾਂ ਨੂੰ ਮਜ਼ਬੂਤ ਰੱਖਣ ਲਈ ਬਾਈਬਲ ਦੀ ਸਿੱਖਿਆ ਦਿੰਦੇ ਹਾਂ।

 ਗ਼ਲਤ: ਕ੍ਰਿਸਮਸ ਨਾ ਮਨਾਉਣ ਕਰਕੇ ਤੁਸੀਂ ਲੈਣ-ਦੇਣ ਅਤੇ ਦੋਸਤ-ਮਿੱਤਰਾਂ ਦੀ ਖ਼ੁਸ਼ੀ ਵਿਚ ਸ਼ਰੀਕ ਨਹੀਂ ਹੁੰਦੇ।

 ਸਹੀ: ਅਸੀਂ ਹਮੇਸ਼ਾ ਖੁੱਲ੍ਹ-ਦਿਲੇ ਹੋਣ ਅਤੇ ਹਰ ਵੇਲੇ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। (ਕਹਾਉਤਾਂ 11:25; ਰੋਮੀਆਂ 12:18) ਮਿਸਾਲ ਲਈ, ਜਦੋਂ ਅਸੀਂ ਮੀਟਿੰਗਾਂ ਚਲਾਉਂਦੇ ਹਾਂ ਅਤੇ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਯਿਸੂ ਦੇ ਕਹੇ ਮੁਤਾਬਕ ਕਰਦੇ ਹਾਂ ਜਿਸ ਨੇ ਕਿਹਾ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਇਸ ਦੇ ਨਾਲ-ਨਾਲ ਅਸੀਂ ਪਰਮੇਸ਼ੁਰ ਦੇ ਰਾਜ ਵੱਲ ਧਿਆਨ ਖਿੱਚਦੇ ਹਾਂ ਜੋ ਧਰਤੀ ʼਤੇ ਸੱਚੀ ਖ਼ੁਸ਼ੀ ਲਿਆਵੇਗਾ।—ਮੱਤੀ 10:7.

ਯਹੋਵਾਹ ਦੇ ਗਵਾਹ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

  •   ਯਿਸੂ ਨੇ ਹੁਕਮ ਦਿੱਤਾ ਕਿ ਅਸੀਂ ਉਸ ਦਾ ਜਨਮ ਨਹੀਂ, ਸਗੋਂ ਉਸ ਦੀ ਮੌਤ ਨੂੰ ਯਾਦ ਕਰੀਏ।—ਲੂਕਾ 22:19, 20.

  •   ਪਹਿਲੀ ਸਦੀ ਵਿਚ ਯਿਸੂ ਦੇ ਰਸੂਲ ਅਤੇ ਚੇਲੇ ਕ੍ਰਿਸਮਸ ਨਹੀਂ ਸੀ ਮਨਾਉਂਦੇ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ‘ਯਿਸੂ ਦਾ ਜਨਮ ਦਿਨ 243 ਈਸਵੀ ਤੋਂ ਬਾਅਦ ਹੀ ਮਨਾਇਆ ਜਾਣ ਲੱਗਾ,’ ਯਾਨੀ ਅਖ਼ੀਰਲੇ ਰਸੂਲ ਦੇ ਮਰਨ ਤੋਂ ਸੌ ਤੋਂ ਜ਼ਿਆਦਾ ਸਾਲ ਬਾਅਦ।

  •   ਕੋਈ ਸਬੂਤ ਨਹੀਂ ਹੈ ਕਿ ਯਿਸੂ ਦਾ ਜਨਮ 25 ਦਸੰਬਰ ਨੂੰ ਹੋਇਆ ਸੀ; ਬਾਈਬਲ ਵਿਚ ਉਸ ਦੀ ਜਨਮ ਤਾਰੀਖ਼ ਨਹੀਂ ਦੱਸੀ ਗਈ।

  •   ਅਸੀਂ ਮੰਨਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕ੍ਰਿਸਮਸ ਮਨਾਉਣੀ ਗ਼ਲਤ ਹੈ ਕਿਉਂਕਿ ਇਸ ਦੀ ਸ਼ੁਰੂਆਤ ਉਨ੍ਹਾਂ ਰਸਮਾਂ-ਰਿਵਾਜਾਂ ਤੋਂ ਹੋਈ ਸੀ ਜੋ ਸੱਚੇ ਧਰਮ ਦੇ ਖ਼ਿਲਾਫ਼ ਹਨ।—2 ਕੁਰਿੰਥੀਆਂ 6:17.

ਤੁਸੀਂ ਕ੍ਰਿਸਮਸ ਨੂੰ ਲੈ ਕੇ ਇੰਨੀ ਵੱਡੀ ਗੱਲ ਕਿਉਂ ਬਣਾ ਲਈ?

 ਕਈਆਂ ਨੂੰ ਪਤਾ ਹੈ ਕਿ ਕ੍ਰਿਸਮਸ ਝੂਠੇ ਧਰਮਾਂ ਤੋਂ ਸ਼ੁਰੂ ਹੋਈ ਹੈ ਅਤੇ ਇਸ ਦਾ ਬਾਈਬਲ ਵਿਚ ਕਿਤੇ ਜ਼ਿਕਰ ਨਹੀਂ ਆਉਂਦਾ, ਫਿਰ ਵੀ ਉਹ ਕ੍ਰਿਸਮਸ ਮਨਾਉਂਦੇ ਹਨ। ਅਜਿਹੇ ਲੋਕ ਸ਼ਾਇਦ ਪੁੱਛਣ: ਜੇ ਬਾਕੀ ਸਾਰੇ ਕ੍ਰਿਸਮਸ ਮਨਾਉਂਦੇ ਹਨ, ਤਾਂ ਮਸੀਹੀਆਂ ਨੂੰ ਕਿਉਂ ਇਸ ਮਾਮਲੇ ਵਿਚ ਡਟੇ ਰਹਿਣਾ ਚਾਹੀਦਾ ਹੈ? ਇਹ ਨੂੰ ਵੱਡੀ ਗੱਲ ਬਣਾਉਣ ਦਾ ਕੀ ਫ਼ਾਇਦਾ?

 ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਸਾਨੂੰ ਆਪਣੀ “ਸੋਚਣ-ਸਮਝਣ ਦੀ ਕਾਬਲੀਅਤ” ਵਰਤਣੀ ਚਾਹੀਦੀ ਹੈ। (ਰੋਮੀਆਂ 12:1, 2) ਬਾਈਬਲ ਮੁਤਾਬਕ ਸੱਚਾਈ ਬਹੁਤ ਅਹਿਮੀਅਤ ਰੱਖਦੀ ਹੈ। (ਯੂਹੰਨਾ 4:23, 24) ਇਸ ਲਈ ਭਾਵੇਂ ਸਾਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ, ਫਿਰ ਵੀ ਅਸੀਂ ਬਾਈਬਲ ਦੇ ਖ਼ਿਲਾਫ਼ ਨਹੀਂ ਜਾਂਦੇ ਚਾਹੇ ਲੋਕ ਸਾਨੂੰ ਅਜੀਬ ਸਮਝਣ।

 ਭਾਵੇਂ ਅਸੀਂ ਕ੍ਰਿਸਮਸ ਨਹੀਂ ਮਨਾਉਂਦੇ, ਪਰ ਦੂਸਰੇ ਲੋਕ ਇਸ ਮਾਮਲੇ ਵਿਚ ਆਪੋ-ਆਪਣਾ ਫ਼ੈਸਲਾ ਕਰ ਸਕਦੇ ਹਨ। ਇਹ ਉਨ੍ਹਾਂ ਦਾ ਹੱਕ ਹੈ ਅਤੇ ਅਸੀਂ ਕ੍ਰਿਸਮਸ ਦੀਆਂ ਪਾਰਟੀਆਂ ਵਗੈਰਾ ਵਿਚ ਦਖ਼ਲ ਨਹੀਂ ਦਿੰਦੇ।