Skip to content

ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?

ਯਹੋਵਾਹ ਦੇ ਗਵਾਹਾਂ ਦੇ ਕੀ ਵਿਸ਼ਵਾਸ ਹਨ?

 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਉਨ੍ਹਾਂ ਸਿੱਖਿਆਵਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜੋ ਯਿਸੂ ਨੇ ਸਿਖਾਈਆਂ ਸਨ ਅਤੇ ਜਿਨ੍ਹਾਂ ਉੱਤੇ ਉਸ ਦੇ ਰਸੂਲ ਚੱਲਦੇ ਸਨ। ਇਸ ਲੇਖ ਵਿਚ ਸਾਡੇ ਬੁਨਿਆਦੀ ਵਿਸ਼ਵਾਸਾਂ ਦਾ ਸਾਰ ਦਿੱਤਾ ਗਿਆ ਹੈ।

  1.  1. ਰੱਬ: ਅਸੀਂ ਇੱਕੋ-ਇਕ ਸੱਚੇ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਇਸ ਦੁਨੀਆਂ ਦਾ ਸਿਰਜਣਹਾਰ ਹੈ। ਉਸ ਦਾ ਨਾਮ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18; ਪ੍ਰਕਾਸ਼ ਦੀ ਕਿਤਾਬ 4:11) ਉਹ ਅਬਰਾਹਾਮ, ਮੂਸਾ ਅਤੇ ਯਿਸੂ ਦਾ ਪਰਮੇਸ਼ੁਰ ਹੈ।​—ਕੂਚ 3:6; 32:11; ਯੂਹੰਨਾ 20:17.

  2.  2. ਬਾਈਬਲ: ਅਸੀਂ ਮੰਨਦੇ ਹਾਂ ਕਿ ਬਾਈਬਲ ਪਰਮੇਸ਼ੁਰ ਵੱਲੋਂ ਇਨਸਾਨਾਂ ਨੂੰ ਦਿੱਤਾ ਹੋਇਆ ਸੰਦੇਸ਼ ਹੈ। (ਯੂਹੰਨਾ 17:17; 2 ਤਿਮੋਥਿਉਸ 3:16) ਸਾਡੇ ਵਿਸ਼ਵਾਸ ਇਸ ਦੀਆਂ 66 ਕਿਤਾਬਾਂ ʼਤੇ ਆਧਾਰਿਤ ਹਨ ਜਿਨ੍ਹਾਂ ਵਿਚ “ਪੁਰਾਣਾ ਨੇਮ” ਅਤੇ “ਨਵਾਂ ਨੇਮ” ਸ਼ਾਮਲ ਹੈ। ਇਹ ਗੱਲ ਪ੍ਰੋਫ਼ੈਸਰ ਜੇਸਨ ਡੀ. ਬੇਡੂਨ ਨੇ ਉਦੋਂ ਕਹੀ ਸੀ ਜਦੋਂ ਉਸ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਯਹੋਵਾਹ ਦੇ ਗਵਾਹ “ਆਪਣੀ ਮਰਜ਼ੀ ਮੁਤਾਬਕ ਇਹ ਨਹੀਂ ਧਾਰਦੇ ਕਿ ਉਹ ਕੀ ਮੰਨਣਗੇ ਜਾਂ ਕੀ ਨਹੀਂ। ਉਹ ਜੋ ਵੀ ਮੰਨਦੇ ਹਨ ਉਹ ਬਾਈਬਲ ਤੋਂ ਹੀ ਹੁੰਦਾ ਹੈ।” a

     ਹਾਲਾਂਕਿ ਅਸੀਂ ਪੂਰੀ ਬਾਈਬਲ ਨੂੰ ਮੰਨਦੇ ਹਾਂ, ਪਰ ਅਸੀਂ ਇਕੱਲੇ-ਇਕੱਲੇ ਸ਼ਬਦ ਦਾ ਮਤਲਬ ਕੱਢਣ ਦੀ ਕੋਸ਼ਿਸ਼ ਨਹੀਂ ਕਰਦੇ। ਅਸੀਂ ਜਾਣਦੇ ਹਾਂ ਕਿ ਬਾਈਬਲ ਵਿਚ ਕਈ ਸ਼ਬਦਾਂ ਦਾ ਕੁਝ ਹੋਰ ਵੀ ਮਤਲਬ ਹੁੰਦਾ ਹੈ।​—ਪ੍ਰਕਾਸ਼ ਦੀ ਕਿਤਾਬ 1:1.

  3.  3. ਯਿਸੂ: ਅਸੀਂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਮਿਸਾਲ ʼਤੇ ਚੱਲਦੇ ਹਾਂ। ਅਸੀਂ ਉਸ ਨੂੰ ਮੁਕਤੀਦਾਤਾ ਤੇ ਪਰਮੇਸ਼ੁਰ ਦਾ ਪੁੱਤਰ ਮੰਨਦੇ ਹਾਂ। (ਮੱਤੀ 20:28; ਰਸੂਲਾਂ ਦੇ ਕੰਮ 5:31) ਇਸ ਲਈ ਅਸੀਂ ਮਸੀਹੀ ਕਹਾਏ ਜਾਂਦੇ ਹਾਂ। (ਰਸੂਲਾਂ ਦੇ ਕੰਮ 11:26) ਅਸੀਂ ਬਾਈਬਲ ਤੋਂ ਸਿੱਖਿਆ ਹੈ ਕਿ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਹੈ ਅਤੇ ਬਾਈਬਲ ਵਿਚ ਕਿਤੇ ਵੀ ਤ੍ਰਿਏਕ ਦੀ ਸਿੱਖਿਆ ਨਹੀਂ ਦਿੱਤੀ ਗਈ।​—ਯੂਹੰਨਾ 14:28.

  4.  4. ਪਰਮੇਸ਼ੁਰ ਦਾ ਰਾਜ: ਇਹ ਮਸੀਹੀਆਂ ਦੇ ਦਿਲਾਂ ਦੀ ਹਾਲਤ ਨਹੀਂ ਹੈ, ਸਗੋਂ ਸਵਰਗ ਵਿਚ ਅਸਲੀ ਸਰਕਾਰ ਹੈ। ਇਹ ਮਨੁੱਖੀ ਸਰਕਾਰਾਂ ਦੀ ਜਗ੍ਹਾ ਲੈ ਲਵੇਗੀ ਤੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰੇਗੀ। (ਦਾਨੀਏਲ 2:44; ਮੱਤੀ 6:9, 10) ਇਹ ਸਰਕਾਰ ਜਲਦੀ ਹੀ ਇਹ ਕਦਮ ਚੁੱਕੇਗੀ ਕਿਉਂਕਿ ਬਾਈਬਲ ਦੀ ਭਵਿੱਖਬਾਣੀ ਦੱਸਦੀ ਹੈ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ।​—2 ਤਿਮੋਥਿਉਸ 3:1-5; ਮੱਤੀ 24:3-14.

     ਯਿਸੂ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦਾ ਰਾਜਾ ਹੈ। ਉਹ 1914 ਤੋਂ ਰਾਜ ਕਰ ਰਿਹਾ ਹੈ।​—ਪ੍ਰਕਾਸ਼ ਦੀ ਕਿਤਾਬ 11:15.

  5.  5. ਮੁਕਤੀ: ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਪਾਪ ਅਤੇ ਮੌਤ ਤੋਂ ਮੁਕਤੀ ਮਿਲ ਸਕਦੀ ਹੈ। (ਮੱਤੀ 20:28; ਰਸੂਲਾਂ ਦੇ ਕੰਮ 4:12) ਇਸ ਕੁਰਬਾਨੀ ਤੋਂ ਫ਼ਾਇਦਾ ਲੈਣ ਲਈ ਲੋਕਾਂ ਨੂੰ ਨਾ ਸਿਰਫ਼ ਯਿਸੂ ʼਤੇ ਨਿਹਚਾ ਕਰਨੀ ਚਾਹੀਦੀ ਹੈ, ਸਗੋਂ ਆਪਣੀ ਜ਼ਿੰਦਗੀ ਦੇ ਤੌਰ-ਤਰੀਕੇ ਬਦਲ ਕੇ ਬਪਤਿਸਮਾ ਵੀ ਲੈਣਾ ਚਾਹੀਦਾ ਹੈ। (ਮੱਤੀ 28:19, 20; ਯੂਹੰਨਾ 3:16; ਰਸੂਲਾਂ ਦੇ ਕੰਮ 3:19, 20) ਇਕ ਵਿਅਕਤੀ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਨਿਹਚਾ ਪੱਕੀ ਹੈ ਕਿ ਨਹੀਂ। (ਯਾਕੂਬ 2:24, 26) ਅਸੀਂ ਖ਼ੁਦ ਮੁਕਤੀ ਹਾਸਲ ਨਹੀਂ ਕਰ ਸਕਦੇ, ਸਗੋਂ ਸਾਨੂੰ “ਪਰਮੇਸ਼ੁਰ ਦੀ ਅਪਾਰ ਕਿਰਪਾ” ਕਰਕੇ ਹੀ ਮੁਕਤੀ ਮਿਲ ਸਕਦੀ ਹੈ।​—ਗਲਾਤੀਆਂ 2:16, 21.

  6.  6. ਸਵਰਗ: ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ ਅਤੇ ਹੋਰ ਵਫ਼ਾਦਾਰ ਦੂਤ ਸਵਰਗ ਵਿਚ ਰਹਿੰਦੇ ਹਨ। b (ਜ਼ਬੂਰਾਂ ਦੀ ਪੋਥੀ 103:19-​21; ਰਸੂਲਾਂ ਦੇ ਕੰਮ 7:​55) ਸਿਰਫ਼ ਥੋੜ੍ਹੇ ਜਿਹੇ ਲੋਕਾਂ ਨੂੰ ਯਾਨੀ 1,44,000 ਜਣਿਆਂ ਨੂੰ ਸਵਰਗ ਵਿਚ ਅਮਰ ਜੀਵਨ ਦਿੱਤਾ ਜਾਵੇਗਾ ਅਤੇ ਉਹ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ।​—ਦਾਨੀਏਲ 7:27; 2 ਤਿਮੋਥਿਉਸ 2:12; ਪ੍ਰਕਾਸ਼ ਦੀ ਕਿਤਾਬ 5:9, 10; 14:1, 3.

  7.  7. ਧਰਤੀ: ਰੱਬ ਨੇ ਧਰਤੀ ਇਨਸਾਨਾਂ ਦੇ ਹਮੇਸ਼ਾ ਰਹਿਣ ਲਈ ਬਣਾਈ ਸੀ। (ਜ਼ਬੂਰਾਂ ਦੀ ਪੋਥੀ 104:5; 115:16; ਉਪਦੇਸ਼ਕ ਦੀ ਪੋਥੀ 1:4) ਜਦੋਂ ਇਸ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਇਆ ਜਾਵੇਗਾ ਉਦੋਂ ਰੱਬ ਆਗਿਆਕਾਰ ਇਨਸਾਨਾਂ ਨੂੰ ਧਰਤੀ ʼਤੇ ਤੰਦਰੁਸਤੀ ਅਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।​—ਜ਼ਬੂਰਾਂ ਦੀ ਪੋਥੀ 37:11, 34.

  8.  8. ਬੁਰਾਈ ਅਤੇ ਦੁੱਖ: ਇਹ ਉਦੋਂ ਸ਼ੁਰੂ ਹੋਏ ਜਦੋਂ ਰੱਬ ਦੇ ਇਕ ਦੂਤ ਨੇ ਬਗਾਵਤ ਕੀਤੀ। (ਯੂਹੰਨਾ 8:44) ਬਗਾਵਤ ਤੋਂ ਬਾਅਦ ਇਸ ਦੂਤ ਨੂੰ “ਸ਼ੈਤਾਨ” ਕਿਹਾ ਜਾਣ ਲੱਗਾ ਜਿਸ ਨੇ ਪਹਿਲੇ ਇਨਸਾਨੀ ਜੋੜੇ ਨੂੰ ਆਪਣੇ ਮਗਰ ਲਾ ਲਿਆ ਅਤੇ ਉਨ੍ਹਾਂ ਦੀ ਔਲਾਦ ਨੂੰ ਇਸ ਦੇ ਤਬਾਹਕੁਨ ਨਤੀਜੇ ਭੁਗਤਣੇ ਪਏ। (ਉਤਪਤ 3:1-6; ਰੋਮੀਆਂ 5:12) ਸ਼ੈਤਾਨ ਦੇ ਕੁਝ ਖੜ੍ਹੇ ਕੀਤੇ ਸਵਾਲਾਂ ਦਾ ਜਵਾਬ ਦੇਣ ਲਈ ਰੱਬ ਨੇ ਬੁਰਾਈ ਅਤੇ ਦੁੱਖ-ਤਕਲੀਫ਼ਾਂ ਰਹਿਣ ਦੀ ਇਜਾਜ਼ਤ ਦਿੱਤੀ ਹੈ, ਪਰ ਉਹ ਇਨ੍ਹਾਂ ਨੂੰ ਹਮੇਸ਼ਾ ਲਈ ਨਹੀਂ ਰਹਿਣ ਦੇਵੇਗਾ।

  9.  9. ਮੌਤ: ਜਿਹੜੇ ਲੋਕ ਮਰ ਜਾਂਦੇ ਹਨ ਉਨ੍ਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ। (ਜ਼ਬੂਰਾਂ ਦੀ ਪੋਥੀ 146:4; ਉਪਦੇਸ਼ਕ ਦੀ ਪੋਥੀ 9:5, 10) ਉਹ ਨਰਕ ਦੀ ਅੱਗ ਵਿਚ ਨਹੀਂ ਤੜਫ਼ਦੇ।

     ਰੱਬ ਅਰਬਾਂ ਹੀ ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। (ਰਸੂਲਾਂ ਦੇ ਕੰਮ 24:15) ਪਰ ਜਿਹੜੇ ਜੀ ਉੱਠਣ ਤੋਂ ਬਾਅਦ ਰੱਬ ਦੇ ਰਾਹਾਂ ਬਾਰੇ ਸਿੱਖਣ ਤੋਂ ਇਨਕਾਰ ਕਰਨਗੇ, ਉਨ੍ਹਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਦੁਬਾਰਾ ਜੀ ਉੱਠਣ ਦੀ ਕੋਈ ਉਮੀਦ ਨਹੀਂ ਹੋਵੇਗੀ।​—ਪ੍ਰਕਾਸ਼ ਦੀ ਕਿਤਾਬ 20:14, 15.

  10.  10. ਪਰਿਵਾਰ: ਪਰਮੇਸ਼ੁਰ ਨੇ ਇਕ ਆਦਮੀ ਤੇ ਔਰਤ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਸੀ ਅਤੇ ਅਸੀਂ ਵੀ ਵਿਆਹ ਦੇ ਇਸੇ ਮਿਆਰ ʼਤੇ ਚੱਲਦੇ ਹਾਂ। ਤਲਾਕ ਲੈਣ ਦਾ ਸਿਰਫ਼ ਇੱਕੋ ਆਧਾਰ ਹੈ ਹਰਾਮਕਾਰੀ। (ਮੱਤੀ 19:4-9) ਸਾਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਕਿ ਬਾਈਬਲ ਵਿਚ ਦਿੱਤੀ ਸਲਾਹ ʼਤੇ ਚੱਲ ਕੇ ਪਰਿਵਾਰ ਖ਼ੁਸ਼ੀਆਂ ਮਾਣ ਸਕਦੇ ਹਨ।​—ਅਫ਼ਸੀਆਂ 5:22–6:1.

  11.  11. ਸਾਡੀ ਭਗਤੀ: ਅਸੀਂ ਕ੍ਰਾਸ ਜਾਂ ਹੋਰ ਕਿਸੇ ਵੀ ਮੂਰਤੀ ਦੀ ਭਗਤੀ ਨਹੀਂ ਕਰਦੇ। (ਬਿਵਸਥਾ ਸਾਰ 4:15-19; 1 ਯੂਹੰਨਾ 5:21) ਸਾਡੀ ਭਗਤੀ ਵਿਚ ਥੱਲੇ ਦੱਸੀਆਂ ਮੁੱਖ ਗੱਲਾਂ ਸ਼ਾਮਲ ਹਨ:

  12.  12. ਸਾਡਾ ਸੰਗਠਨ: ਅਸੀਂ ਮੰਡਲੀਆਂ ਵਿਚ ਇਕੱਠੇ ਹੁੰਦੇ ਹਾਂ ਅਤੇ ਹਰ ਮੰਡਲੀ ਦੀ ਨਿਗਰਾਨੀ ਬਜ਼ੁਰਗਾਂ ਦਾ ਇਕ ਸਮੂਹ ਕਰਦਾ ਹੈ। ਪਰ ਇਹ ਬਜ਼ੁਰਗ ਪਾਦਰੀਆਂ ਵਜੋਂ ਕੰਮ ਨਹੀਂ ਕਰਦੇ ਤੇ ਨਾ ਹੀ ਇਨ੍ਹਾਂ ਨੂੰ ਕੋਈ ਤਨਖ਼ਾਹ ਮਿਲਦੀ ਹੈ। (ਮੱਤੀ 10:8; 23:8) ਅਸੀਂ ਦਸਵੰਧ ਦੀ ਸਿੱਖਿਆ ਨੂੰ ਨਹੀਂ ਮੰਨਦੇ ਅਤੇ ਨਾ ਹੀ ਮੰਡਲੀਆਂ ਵਿਚ ਦਾਨ ਇਕੱਠਾ ਕਰਦੇ ਹਾਂ। (2 ਕੁਰਿੰਥੀਆਂ 9:7) ਸਾਡੇ ਸਾਰੇ ਕੰਮ ਆਪਣੀ ਮਰਜ਼ੀ ਨਾਲ ਦਿੱਤੇ ਗਏ ਦਾਨ ਦੀ ਸਹਾਇਤਾ ਨਾਲ ਕੀਤੇ ਜਾਂਦੇ ਹਨ।

     ਪ੍ਰਬੰਧਕ ਸਭਾ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਨੂੰ ਸੇਧ ਦਿੰਦੀ ਹੈ। ਇਹ ਤਜਰਬੇਕਾਰ ਭਰਾਵਾਂ ਦਾ ਛੋਟਾ ਜਿਹਾ ਗਰੁੱਪ ਹੈ ਜੋ ਸਾਡੇ ਮੁੱਖ ਦਫ਼ਤਰ ਵਿਚ ਸੇਵਾ ਕਰਦਾ ਹੈ।​—ਮੱਤੀ 24:45.

  13.  13. ਸਾਡੀ ਏਕਤਾ: ਦੁਨੀਆਂ ਭਰ ਵਿਚ ਸਾਡੇ ਇੱਕੋ ਜਿਹੇ ਵਿਸ਼ਵਾਸ ਹਨ। (1 ਕੁਰਿੰਥੀਆਂ 1:10) ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵਿਚ ਸਮਾਜਕ, ਸਭਿਆਚਾਰਕ, ਜਾਤ-ਪਾਤ ਜਾਂ ਨਸਲੀ ਪੱਖਪਾਤ ਨਾ ਹੋਵੇ। (ਰਸੂਲਾਂ ਦੇ ਕੰਮ 10:34, 35; ਯਾਕੂਬ 2:4) ਪਰ ਸਾਡੀ ਏਕਤਾ ਇਸ ਗੱਲ ʼਤੇ ਨਿਰਭਰ ਕਰਦੀ ਹੈ ਕਿ ਅਸੀਂ ਕਿਹੋ ਜਿਹੇ ਫ਼ੈਸਲੇ ਕਰਦੇ ਹਾਂ। ਹਰੇਕ ਗਵਾਹ ਆਪਣੀ ਬਾਈਬਲ ਮੁਤਾਬਕ ਢਾਲ਼ੀ ਜ਼ਮੀਰ ਮੁਤਾਬਕ ਫ਼ੈਸਲੇ ਕਰਦਾ ਹੈ।​—ਰੋਮੀਆਂ 14:1-4; ਇਬਰਾਨੀਆਂ 5:14.

  14.  14. ਸਾਡਾ ਚਾਲ-ਚਲਣ: ਅਸੀਂ ਆਪਣੇ ਕੰਮਾਂ ਰਾਹੀਂ ਨਿਰਸੁਆਰਥ ਪਿਆਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। (ਯੂਹੰਨਾ 13:34, 35) ਅਸੀਂ ਉਨ੍ਹਾਂ ਕੰਮਾਂ ਤੋਂ ਦੂਰ ਰਹਿੰਦੇ ਹਾਂ ਜਿਨ੍ਹਾਂ ਤੋਂ ਰੱਬ ਦੁਖੀ ਹੁੰਦਾ ਹੈ। ਇਨ੍ਹਾਂ ਵਿਚ ਖ਼ੂਨ ਨਾ ਲੈਣਾ ਵੀ ਸ਼ਾਮਲ ਹੈ। (ਰਸੂਲਾਂ ਦੇ ਕੰਮ 15:28, 29; ਗਲਾਤੀਆਂ 5:19-21) ਅਸੀਂ ਸ਼ਾਂਤੀ-ਪਸੰਦ ਲੋਕ ਹਾਂ ਅਤੇ ਯੁੱਧਾਂ ਵਿਚ ਹਿੱਸਾ ਨਹੀਂ ਲੈਂਦੇ। (ਮੱਤੀ 5:9; ਯਸਾਯਾਹ 2:4) ਜਿੱਥੇ ਅਸੀਂ ਰਹਿੰਦੇ ਹਾਂ, ਅਸੀਂ ਉੱਥੋਂ ਦੀ ਸਰਕਾਰ ਦਾ ਆਦਰ ਕਰਦੇ ਹਾਂ ਅਤੇ ਇਸ ਦੇ ਕਾਨੂੰਨਾਂ ਦੀ ਉਦੋਂ ਤਕ ਪਾਲਣਾ ਕਰਦੇ ਹਾਂ ਜਦ ਤਕ ਰੱਬ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ।​—ਮੱਤੀ 22:21; ਰਸੂਲਾਂ ਦੇ ਕੰਮ 5:29.

  15.  15. ਦੂਜਿਆਂ ਨਾਲ ਸਾਡਾ ਰਿਸ਼ਤਾ: ਯਿਸੂ ਨੇ ਹੁਕਮ ਦਿੱਤਾ: “ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” ਉਸ ਨੇ ਇਹ ਵੀ ਕਿਹਾ ਸੀ ਕਿ ਮਸੀਹੀ “ਦੁਨੀਆਂ ਵਰਗੇ ਨਹੀਂ ਹਨ।” (ਮੱਤੀ 22:39; ਯੂਹੰਨਾ 17:16) ਇਸ ਲਈ ਅਸੀਂ “ਸਾਰਿਆਂ ਦਾ ਭਲਾ ਕਰਦੇ” ਹਾਂ, ਪਰ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਕੋਈ ਹਿੱਸਾ ਨਹੀਂ ਲੈਂਦੇ ਅਤੇ ਦੂਜੇ ਧਰਮਾਂ ਨਾਲ ਕੋਈ ਨਾਤਾ ਨਹੀਂ ਰੱਖਦੇ। (ਗਲਾਤੀਆਂ 6:10; 2 ਕੁਰਿੰਥੀਆਂ 6:14) ਪਰ ਅਸੀਂ ਇਨ੍ਹਾਂ ਮਾਮਲਿਆਂ ਵਿਚ ਦੂਜਿਆਂ ਦੇ ਫ਼ੈਸਲਿਆਂ ਦਾ ਆਦਰ ਕਰਦੇ ਹਾਂ।—ਰੋਮੀਆਂ 14:12.

ਜੇ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਤੁਹਾਡੇ ਹੋਰ ਸਵਾਲ ਹਨ, ਤਾਂ ਤੁਸੀਂ ਸਾਡੀ ਵੈੱਬਸਾਈਟ ਉੱਤੇ ਸਾਡੇ ਬਾਰੇ ਹੋਰ ਪੜ੍ਹ ਸਕਦੇ ਹੋ, ਸਾਡੇ ਕਿਸੇ ਬ੍ਰਾਂਚ ਆਫ਼ਿਸ ਨਾਲ ਸੰਪਰਕ ਕਰ ਸਕਦੇ ਹੋ, ਆਪਣੇ ਨੇੜੇ ਕਿਸੇ ਕਿੰਗਡਮ ਹਾਲ ਵਿਚ ਕਿਸੇ ਸਭਾ ਵਿਚ ਜਾ ਸਕਦੇ ਹੋ ਜਾਂ ਆਪਣੇ ਇਲਾਕੇ ਦੇ ਕਿਸੇ ਯਹੋਵਾਹ ਦੇ ਗਵਾਹ ਨਾਲ ਗੱਲ ਕਰ ਸਕਦੇ ਹੋ

a ਅਨੁਵਾਦ ਵਿਚ ਸੱਚਾਈ (ਅੰਗ੍ਰੇਜ਼ੀ) ਸਫ਼ਾ 165 ਦੇਖੋ।

b ਦੁਸ਼ਟ ਦੂਤਾਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਗਿਆ ਹੈ, ਪਰ ਅਸੀਂ ਉਨ੍ਹਾਂ ਨੂੰ ਦੇਖ ਨਹੀਂ ਸਕਦੇ।—ਪ੍ਰਕਾਸ਼ ਦੀ ਕਿਤਾਬ 12:7-9.