Skip to content

Skip to table of contents

ਸਵਾਲ 1

ਮੈਂ ਕੌਣ ਹਾਂ?

ਮੈਂ ਕੌਣ ਹਾਂ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਜੇ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਕੌਣ ਹੋ ਅਤੇ ਤੁਹਾਡੇ ਅਸੂਲ ਕੀ ਹਨ, ਤਾਂ ਤੁਸੀਂ ਔਖੇ ਹਾਲਾਤਾਂ ਵਿਚ ਸਹੀ ਫ਼ੈਸਲੇ ਕਰ ਪਾਓਗੇ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਕੈਰਨ ਨੂੰ ਪਾਰਟੀ ਵਿਚ ਆਏ ਅਜੇ ਦਸ ਕੁ ਮਿੰਟ ਹੀ ਹੋਏ ਹਨ ਕਿ ਉਹ ਆਪਣੇ ਪਿੱਛਿਓਂ ਜਾਣੀ-ਪਛਾਣੀ ਆਵਾਜ਼ ਸੁਣਦੀ ਹੈ।

“ਤੂੰ ਐਵੇਂ ਕਿਉਂ ਖੜ੍ਹੀ ਹੈਂ?”

ਕੈਰਨ ਪਿੱਛੇ ਮੁੜ ਕੇ ਦੇਖਦੀ ਹੈ। ਉਸ ਦੀ ਸਹੇਲੀ ਜੈਸਿਕਾ ਨੇ ਦੋ ਬੋਤਲਾਂ ਫੜੀਆਂ ਹਨ। ਜੈਸਿਕਾ ਉਸ ਨੂੰ ਇਕ ਬੋਤਲ ਫੜਾਉਂਦਿਆਂ ਕਹਿੰਦੀ ਹੈ: “ਕੀ ਸੋਚਦੀ ਪਈਂ? ਥੋੜ੍ਹਾ-ਬਹੁਤ ਮਜ਼ਾ ਤਾਂ ਕਰਨਾ ਚਾਹੀਦਾ। ਹੁਣ ਤੂੰ ਇੰਨੀ ਛੋਟੀ ਵੀ ਨਹੀਂ।”

ਕੈਰਨ ਆਪਣੀ ਸਹੇਲੀ ਨੂੰ ਨਾਂਹ ਕਰਨਾ ਚਾਹੁੰਦੀ ਹੈ। ਪਰ ਉਹ ਸੋਚਦੀ ਹੈ, ‘ਜੈਸਿਕਾ ਤਾਂ ਮੇਰੀ ਸਹੇਲੀ ਹੈ, ਮੈਂ ਉਸ ਨੂੰ ਨਾਂਹ ਕਿਵੇਂ ਕਰ ਸਕਦੀ? ਉਹ ਕਿਤੇ ਇਹ ਨਾ ਸੋਚੇ ਕਿ ਮੈਂ ਬਹੁਤ ਬੋਰਿੰਗ ਹਾਂ। ਵੈਸੇ ਜੈਸਿਕਾ ਇਕ ਚੰਗੀ ਕੁੜੀ ਹੈ। ਜੇ ਉਹ ਬੀਅਰ ਪੀ ਰਹੀ ਹੈ, ਤਾਂ ਫਿਰ ਬੀਅਰ ਪੀਣ ਵਿਚ ਕੋਈ ਬੁਰਾਈ ਨਹੀਂ ਹੋਣੀ।’ ਕੈਰਨ ਆਪਣੇ ਮਨ ਵਿਚ ਕਹਿੰਦੀ ਹੈ, ‘ਇਹ ਸਿਰਫ਼ ਬੀਅਰ ਹੀ ਹੈ, ਡ੍ਰੱਗਜ਼ ਤਾਂ ਨਹੀਂ।’

ਜੇ ਤੁਸੀਂ ਕੈਰਨ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਇਸ ਤਰ੍ਹਾਂ ਦੇ ਹਾਲਾਤ ਵਿਚ ਸਹੀ ਫ਼ੈਸਲਾ ਕਰਨ ਲਈ ਜ਼ਰੂਰੀ ਹੈ ਕਿ ਤੁਹਾਡੀ ਆਪਣੀ ਕੋਈ ਪਛਾਣ ਹੋਵੇ। ਆਪਣੀ ਪਛਾਣ ਹੋਣ ਦਾ ਮਤਲਬ ਹੈ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਅਤੇ ਤੁਹਾਡੇ ਅਸੂਲ ਕੀ ਹਨ। ਇਹ ਗੱਲ ਪਤਾ ਹੋਣ ਨਾਲ ਤੁਸੀਂ ਦੂਸਰਿਆਂ ਦੀਆਂ ਉਂਗਲਾਂ ’ਤੇ ਨੱਚਣ ਦੀ ਬਜਾਇ ਆਪਣੀ ਜ਼ਿੰਦਗੀ ਦੇ ਫ਼ੈਸਲੇ ਆਪ ਕਰ ਸਕੋਗੇ।1 ਕੁਰਿੰਥੀਆਂ 9:26, 27.

ਤੁਸੀਂ ਆਪਣੇ ਅੰਦਰ ਸਹੀ ਕੰਮ ਕਰਨ ਦੀ ਹਿੰਮਤ ਕਿਵੇਂ ਪੈਦਾ ਕਰ ਸਕਦੇ ਹੋ? ਅੱਗੇ ਦਿੱਤੇ ਚਾਰ ਸਵਾਲਾਂ ਦੇ ਜਵਾਬ ਤੁਹਾਡੀ ਇਸ ਮਾਮਲੇ ਵਿਚ ਮਦਦ ਕਰਨਗੇ।

1 ਮੇਰੇ ਵਿਚ ਕਿਹੜੀਆਂ ਖੂਬੀਆਂ ਹਨ?

ਆਪਣੀਆਂ ਕਾਬਲੀਅਤਾਂ ਤੇ ਖੂਬੀਆਂ ਦਾ ਅਹਿਸਾਸ ਹੋਣ ਨਾਲ ਤੁਹਾਡਾ ਆਪਣੇ ਆਪ ’ਤੇ ਭਰੋਸਾ ਵਧੇਗਾ।

ਬਾਈਬਲ ਵਿਚ ਮਿਸਾਲ: ਪੌਲੁਸ ਰਸੂਲ ਨੇ ਕਿਹਾ: “ਜੇ ਮੇਰੇ ਅੰਦਰ ਚੰਗੀ ਤਰ੍ਹਾਂ ਗੱਲ ਕਰਨ ਦੀ ਯੋਗਤਾ ਨਹੀਂ ਵੀ ਹੈ, ਤਾਂ ਵੀ ਮੈਂ ਗਿਆਨ ਵਿਚ ਘੱਟ ਨਹੀਂ ਹਾਂ।” (2 ਕੁਰਿੰਥੀਆਂ 11:6) ਪੌਲੁਸ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਦੀ ਡੂੰਘੀ ਸਮਝ ਸੀ, ਇਸ ਲਈ ਉਹ ਦੂਸਰਿਆਂ ਦੇ ਵਿਰੋਧ ਦੇ ਬਾਵਜੂਦ ਮਜ਼ਬੂਤ ਰਹਿ ਸਕਿਆ। ਜਦੋਂ ਦੂਸਰਿਆਂ ਨੇ ਉਸ ਬਾਰੇ ਬੁਰਾ-ਭਲਾ ਕਿਹਾ, ਤਾਂ ਉਸ ਦਾ ਹੌਸਲਾ ਢਹਿ-ਢੇਰੀ ਨਹੀਂ ਹੋਇਆ।2 ਕੁਰਿੰਥੀਆਂ 10:10; 11:5.

ਆਪਣੀ ਜਾਂਚ ਕਰੋ: ਥੱਲੇ ਆਪਣੀ ਕੋਈ ਕਾਬਲੀਅਤ ਜਾਂ ਹੁਨਰ ਲਿਖੋ।

ਹੁਣ ਤੁਸੀਂ ਆਪਣੀ ਕਿਸੇ ਖੂਬੀ ਬਾਰੇ ਦੱਸੋ। (ਉਦਾਹਰਣ ਲਈ, ਕੀ ਤੁਸੀਂ ਦੂਜਿਆਂ ਦੀ ਪਰਵਾਹ ਕਰਦੇ ਹੋ? ਖੁੱਲ੍ਹੇ ਦਿਲ ਵਾਲੇ ਹੋ? ਭਰੋਸੇਮੰਦ ਹੋ? ਸਮੇਂ ਦੇ ਪਾਬੰਦ ਹੋ?)

2 ਮੇਰੇ ਵਿਚ ਕਿਹੜੀਆਂ ਕਮਜ਼ੋਰੀਆਂ ਹਨ?

ਜੇ ਜ਼ੰਜੀਰ ਦੀ ਇਕ ਵੀ ਕੜੀ ਕਮਜ਼ੋਰ ਹੈ, ਤਾਂ ਜ਼ੰਜੀਰ ਕਮਜ਼ੋਰ ਹੋਵੇਗੀ। ਇਸੇ ਤਰ੍ਹਾਂ ਜੇ ਤੁਸੀਂ ਆਪਣੀ ਕਿਸੇ ਕਮਜ਼ੋਰੀ ਦੇ ਗ਼ੁਲਾਮ ਹੋ ਜਾਂਦੇ ਹੋ, ਤਾਂ ਇਹ ਕਮਜ਼ੋਰੀ ਹੀ ਤੁਹਾਡੀ ਪਛਾਣ ਬਣੇਗੀ।

ਬਾਈਬਲ ਵਿਚ ਮਿਸਾਲ: ਪੌਲੁਸ ਨੂੰ ਆਪਣੀਆਂ ਕਮਜ਼ੋਰੀਆਂ ਬਾਰੇ ਪਤਾ ਸੀ। ਉਸ ਨੇ ਲਿਖਿਆ: “ਮੈਨੂੰ ਪਰਮੇਸ਼ੁਰ ਦੇ ਕਾਨੂੰਨ ਤੋਂ ਦਿਲੋਂ ਖ਼ੁਸ਼ੀ ਹੁੰਦੀ ਹੈ। ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿਚ ਇਕ ਹੋਰ ਕਾਨੂੰਨ ਦੇਖਦਾ ਹਾਂ। ਇਹ ਕਾਨੂੰਨ ਮੇਰੇ ਮਨ ਦੇ ਕਾਨੂੰਨ ਨਾਲ ਲੜਦਾ ਹੈ। ਇਹ ਮੈਨੂੰ ਪਾਪ ਦੇ ਕਾਨੂੰਨ ਦਾ ਗ਼ੁਲਾਮ ਬਣਾ ਕੇ ਰੱਖਦਾ ਹੈ।”ਰੋਮੀਆਂ 7:22, 23.

ਆਪਣੀ ਜਾਂਚ ਕਰੋ: ਤੁਸੀਂ ਆਪਣੀਆਂ ਕਿਹੜੀਆਂ ਕੁਝ ਕਮਜ਼ੋਰੀਆਂ ’ਤੇ ਕਾਬੂ ਪਾਉਣਾ ਚਾਹੁੰਦੇ ਹੋ?

3 ਮੇਰੇ ਟੀਚੇ ਕੀ ਹਨ?

ਕੀ ਤੁਸੀਂ ਕਿਸੇ ਟੈਕਸੀ ਵਿਚ ਬੈਠ ਕੇ ਡ੍ਰਾਈਵਰ ਨੂੰ ਕਹੋਗੇ ਕਿ ਉਹ ਮੁਹੱਲੇ ਦਾ ਉਦੋਂ ਤਕ ਚੱਕਰ ਲਾਉਂਦਾ ਰਹੇ ਜਦੋਂ ਤਕ ਪੈਟ੍ਰੋਲ ਖ਼ਤਮ ਨਹੀਂ ਹੋ ਜਾਂਦਾ? ਇੱਦਾਂ ਕਰਨਾ ਬੇਵਕੂਫ਼ੀ ਅਤੇ ਫ਼ਜ਼ੂਲ-ਖ਼ਰਚੀ ਹੋਵੇਗੀ!

ਟੀਚੇ ਰੱਖਣ ਨਾਲ ਤੁਹਾਨੂੰ ਜ਼ਿੰਦਗੀ ਵਿਚ ਮਕਸਦ ਮਿਲੇਗਾ ਅਤੇ ਤੁਸੀਂ ਐਵੇਂ ਭਟਕਦੇ ਨਹੀਂ ਰਹੋਗੇ। ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡੀ ਮੰਜ਼ਲ ਕੀ ਹੈ ਅਤੇ ਤੁਸੀਂ ਉੱਥੇ ਕਿਵੇਂ ਪਹੁੰਚਣਾ ਹੈ।

ਬਾਈਬਲ ਵਿਚ ਮਿਸਾਲ: ਪੌਲੁਸ ਨੇ ਲਿਖਿਆ: “ਮੈਂ ਇਸ ਤਰ੍ਹਾਂ ਨਹੀਂ ਦੌੜਦਾ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ।” (1 ਕੁਰਿੰਥੀਆਂ 9:26) ਜ਼ਿੰਦਗੀ ਵਿਚ ਭਟਕਣ ਦੀ ਬਜਾਇ ਪੌਲੁਸ ਨੇ ਟੀਚੇ ਰੱਖੇ ਅਤੇ ਫਿਰ ਉਨ੍ਹਾਂ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕੀਤੀ।ਫ਼ਿਲਿੱਪੀਆਂ 3:12-14.

ਆਪਣੀ ਜਾਂਚ ਕਰੋ: ਥੱਲੇ ਤਿੰਨ ਟੀਚੇ ਲਿਖੋ ਜੋ ਤੁਸੀਂ ਇਕ ਸਾਲ ਦੇ ਅੰਦਰ-ਅੰਦਰ ਹਾਸਲ ਕਰਨਾ ਚਾਹੁੰਦੇ ਹੋ।

4 ਮੇਰੇ ਵਿਸ਼ਵਾਸ ਕੀ ਹਨ?

ਜਦੋਂ ਤੁਸੀਂ ਆਪਣੇ ਅਸੂਲਾਂ ’ਤੇ ਪੱਕੇ ਰਹਿ ਕੇ ਆਪਣੀ ਇਕ ਪਛਾਣ ਬਣਾਓਗੇ, ਤਾਂ ਤੁਸੀਂ ਉਸ ਦਰਖ਼ਤ ਵਰਗੇ ਹੋਵੋਗੇ ਜੋ ਜੜ੍ਹਾਂ ਡੂੰਘੀਆਂ ਹੋਣ ਕਰਕੇ ਜ਼ਬਰਦਸਤ ਤੂਫ਼ਾਨਾਂ ਵਿਚ ਵੀ ਖੜ੍ਹਾ ਰਹਿੰਦਾ ਹੈ

ਜੇ ਕਿਸੇ ਗੱਲ ਬਾਰੇ ਤੁਹਾਡੇ ਵਿਸ਼ਵਾਸ ਪੱਕੇ ਨਹੀਂ ਹਨ, ਤਾਂ ਤੁਸੀਂ ਫ਼ੈਸਲਾ ਕਰਨ ਵੇਲੇ ਉਲਝਣ ਵਿਚ ਪੈ ਜਾਓਗੇ। ਤੁਸੀਂ ਇਕ ਗਿਰਗਿਟ ਵਾਂਗ ਹੋਵੋਗੇ ਤੇ ਆਪਣੇ ਦੋਸਤਾਂ ਵਰਗੇ ਬਣਨ ਲਈ ਝੱਟ ਆਪਣਾ ਰੰਗ ਬਦਲ ਲਓਗੇ। ਇਸ ਦਾ ਮਤਲਬ ਹੈ ਕਿ ਤੁਹਾਡੀ ਆਪਣੀ ਕੋਈ ਪਛਾਣ ਨਹੀਂ ਹੈ।

ਪਰ ਜੇ ਤੁਸੀਂ ਆਪਣੇ ਵਿਸ਼ਵਾਸਾਂ ’ਤੇ ਪੱਕੇ ਰਹਿੰਦੇ ਹੋ ਅਤੇ ਉਨ੍ਹਾਂ ਮੁਤਾਬਕ ਚੱਲਦੇ ਹੋ, ਤਾਂ ਤੁਸੀਂ ਆਪਣੀ ਪਛਾਣ ਕਾਇਮ ਰੱਖੋਗੇ, ਭਾਵੇਂ ਦੂਸਰੇ ਜੋ ਮਰਜ਼ੀ ਕਰਨ।

ਬਾਈਬਲ ਵਿਚ ਮਿਸਾਲ: ਜਦੋਂ ਨਬੀ ਦਾਨੀਏਲ ਅਜੇ ਨੌਜਵਾਨ ਹੀ ਸੀ, ਉਸ ਨੇ “ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ” ਸੀ ਯਾਨੀ ਉਸ ਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਉਹ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰੇਗਾ, ਭਾਵੇਂ ਕਿ ਉਹ ਆਪਣੇ ਪਰਿਵਾਰ ਤੋਂ ਬਹੁਤ ਦੂਰ ਸੀ। (ਦਾਨੀਏਲ 1:8) ਇਸ ਤਰ੍ਹਾਂ ਕਰ ਕੇ ਉਸ ਨੇ ਆਪਣੀ ਪਛਾਣ ਕਾਇਮ ਰੱਖੀ। ਉਹ ਜ਼ਿੰਦਗੀ ਭਰ ਆਪਣੇ ਵਿਸ਼ਵਾਸਾਂ ਮੁਤਾਬਕ ਚੱਲਦਾ ਰਿਹਾ।

ਆਪਣੀ ਜਾਂਚ ਕਰੋ: ਤੁਹਾਡੇ ਵਿਸ਼ਵਾਸ ਕੀ ਹਨ? ਉਦਾਹਰਣ ਲਈ, ਕੀ ਤੁਸੀਂ ਮੰਨਦੇ ਹੋ ਕਿ ਰੱਬ ਹੈ? ਜੇ ਹਾਂ, ਤਾਂ ਤੁਸੀਂ ਕਿਉਂ ਇਸ ਗੱਲ ’ਤੇ ਵਿਸ਼ਵਾਸ ਕਰਦੇ ਹੋ? ਕਿਹੜੇ ਸਬੂਤ ਤੁਹਾਨੂੰ ਯਕੀਨ ਦਿਵਾਉਂਦੇ ਹਨ ਕਿ ਰੱਬ ਹੈ?

ਕੀ ਤੁਹਾਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਵੱਲੋਂ ਕਾਇਮ ਕੀਤੇ ਨੈਤਿਕ ਅਸੂਲ ਤੁਹਾਡੇ ਭਲੇ ਲਈ ਹਨ? ਜੇ ਹਾਂ, ਤਾਂ ਕਿਉਂ?

ਅਖ਼ੀਰ ਵਿਚ, ਸੋਚੋ ਕਿ ਤੁਸੀਂ ਕਿਸ ਵਰਗੇ ਬਣਨਾ ਚਾਹੋਗੇ—ਇਕ ਡਿਗੇ ਹੋਏ ਪੱਤੇ ਵਰਗੇ ਜੋ ਮਾੜੀ ਜਿਹੀ ਹਵਾ ਚੱਲਣ ’ਤੇ ਇੱਧਰ-ਉੱਧਰ ਉੱਡਣ ਲੱਗ ਪੈਂਦਾ ਹੈ ਜਾਂ ਫਿਰ ਇਕ ਦਰਖ਼ਤ ਵਰਗੇ ਜੋ ਜ਼ਬਰਦਸਤ ਤੂਫ਼ਾਨਾਂ ਵਿਚ ਵੀ ਖੜ੍ਹਾ ਰਹਿੰਦਾ ਹੈ? ਆਪਣੀ ਪਛਾਣ ਕਾਇਮ ਰੱਖੋ ਅਤੇ ਉਸ ਦਰਖ਼ਤ ਵਰਗੇ ਬਣੋ। ਫਿਰ ਤੁਸੀਂ ਇਸ ਸਵਾਲ ਦਾ ਜਵਾਬ ਦੇ ਸਕੋਗੇ, ਮੈਂ ਕੌਣ ਹਾਂ?