Skip to content

Skip to table of contents

ਵਧੇਰੇ ਜਾਣਕਾਰੀ

ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ

ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ

ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਉਮਰ ਭਰ ਇਕ-ਦੂਜੇ ਦੇ ਵਫ਼ਾਦਾਰ ਰਹਿਣ। ਜਦ ਯਹੋਵਾਹ ਨੇ ਪਹਿਲੇ ਤੀਵੀਂ-ਆਦਮੀ ਦਾ ਵਿਆਹ ਕੀਤਾ ਸੀ, ਤਾਂ ਉਸ ਨੇ ਕਿਹਾ: “ਮਰਦ . . . ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” ਯਿਸੂ ਨੇ ਇਹੋ ਗੱਲ ਦੁਹਰਾਉਣ ਤੋਂ ਬਾਅਦ ਕਿਹਾ: “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।” (ਉਤਪਤ 2:24; ਮੱਤੀ 19:3-6) ਇਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਦੀਆਂ ਨਜ਼ਰਾਂ ਵਿਚ ਵਿਆਹ ਦਾ ਬੰਧਨ ਜ਼ਿੰਦਗੀ ਭਰ ਦਾ ਸਾਥ ਹੈ ਜੋ ਪਤੀ-ਪਤਨੀ ਵਿੱਚੋਂ ਇਕ ਦੀ ਮੌਤ ਹੋਣ ਨਾਲ ਹੀ ਖ਼ਤਮ ਹੁੰਦਾ ਹੈ। (1 ਕੁਰਿੰਥੀਆਂ 7:39) ਪਤੀ-ਪਤਨੀ ਦਾ ਰਿਸ਼ਤਾ ਪਵਿੱਤਰ ਹੈ ਜਿਸ ਕਰਕੇ ਤਲਾਕ ਨੂੰ ਮਾਮੂਲੀ ਗੱਲ ਨਹੀਂ ਸਮਝਿਆ ਜਾਣਾ ਚਾਹੀਦਾ। ਦਰਅਸਲ, ਯਹੋਵਾਹ ਨੂੰ ਇਸ ਗੱਲ ਤੋਂ ਘਿਣ ਆਉਂਦੀ ਹੈ ਜੇ ਕੋਈ ਬਾਈਬਲ ਵਿਚ ਦੱਸੇ ਕਾਰਨ ਤੋਂ ਬਿਨਾਂ ਤਲਾਕ ਲੈਂਦਾ ਹੈ।​—ਮਲਾਕੀ 2:15, 16.

ਬਾਈਬਲ ਵਿਚ ਤਲਾਕ ਲੈਣ ਦਾ ਕੀ ਕਾਰਨ ਦਿੱਤਾ ਗਿਆ ਹੈ? ਯਹੋਵਾਹ ਨੂੰ ਹਰਾਮਕਾਰੀ ਨਾਲ ਨਫ਼ਰਤ ਹੈ। (ਉਤਪਤ 39:9; 2 ਸਮੂਏਲ 11:26, 27; ਜ਼ਬੂਰਾਂ ਦੀ ਪੋਥੀ 51:4) ਉਸ ਨੂੰ ਹਰਾਮਕਾਰੀ ਨਾਲ ਇੰਨੀ ਘਿਰਣਾ ਹੈ ਕਿ ਉਸ ਨੇ ਇਹ ਕੰਮ ਕਰਨ ਵਾਲੇ ਜੀਵਨ ਸਾਥੀ ਤੋਂ ਤਲਾਕ ਲੈਣ ਦੀ ਇਜਾਜ਼ਤ ਦਿੱਤੀ ਹੈ। (ਅਧਿਆਇ 9, ਪੈਰਾ 7 ਵਿਚ ਹਰਾਮਕਾਰੀ ਬਾਰੇ ਚਰਚਾ ਕੀਤੀ ਗਈ ਹੈ।) ਯਹੋਵਾਹ ਨੇ ਬੇਕਸੂਰ ਜੀਵਨ ਸਾਥੀ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਦਿੱਤਾ ਹੈ ਕਿ ਉਹ ਗੁਨਾਹਗਾਰ ਸਾਥੀ ਨਾਲ ਰਹੇਗਾ ਜਾਂ ਉਸ ਤੋਂ ਤਲਾਕ ਲਵੇਗਾ। (ਮੱਤੀ 19:9) ਅਗਰ ਬੇਕਸੂਰ ਸਾਥੀ ਤਲਾਕ ਲੈਣ ਦਾ ਫ਼ੈਸਲਾ ਕਰਦਾ ਹੈ, ਤਾਂ ਯਹੋਵਾਹ ਦੀ ਨਜ਼ਰ ਵਿਚ ਇਹ ਗ਼ਲਤ ਨਹੀਂ ਹੋਵੇਗਾ। ਪਰ ਤਲਾਕ ਲੈਣ ਲਈ ਉਸ ਉੱਤੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਜ਼ੋਰ ਨਹੀਂ ਪਾਉਣਾ ਚਾਹੀਦਾ। ਕੁਝ ਹਾਲਾਤਾਂ ਵਿਚ ਸ਼ਾਇਦ ਬੇਕਸੂਰ ਸਾਥੀ ਆਪਣੇ ਗੁਨਾਹਗਾਰ ਸਾਥੀ ਨਾਲ ਰਹਿਣ ਦਾ ਫ਼ੈਸਲਾ ਕਰੇ, ਖ਼ਾਸ ਕਰਕੇ ਜੇ ਉਹ ਦਿਲੋਂ ਤੋਬਾ ਕਰਦਾ ਹੈ। ਸੋ ਜੇ ਬੇਕਸੂਰ ਸਾਥੀ ਕੋਲ ਬਾਈਬਲ ਅਨੁਸਾਰ ਤਲਾਕ ਲੈਣ ਦਾ ਕਾਰਨ ਹੈ, ਤਾਂ ਉਸ ਨੇ ਆਪ ਇਹ ਫ਼ੈਸਲਾ ਕਰਨਾ ਹੈ ਅਤੇ ਫਿਰ ਇਸ ਫ਼ੈਸਲੇ ਦੇ ਨਤੀਜਿਆਂ ਦਾ ਵੀ ਸਾਮ੍ਹਣਾ ਕਰਨਾ ਹੈ।​—ਗਲਾਤੀਆਂ 6:5.

ਕੁਝ ਗੰਭੀਰ ਹਾਲਾਤਾਂ ਵਿਚ ਕਈ ਮਸੀਹੀਆਂ ਨੇ ਆਪਣੇ ਜੀਵਨ ਸਾਥੀ ਨੂੰ ਛੱਡਣ ਜਾਂ ਉਸ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ, ਭਾਵੇਂ ਕਿ ਜੀਵਨ ਸਾਥੀ ਨੇ ਹਰਾਮਕਾਰੀ ਨਹੀਂ ਵੀ ਕੀਤੀ। ਇਹ ਫ਼ੈਸਲਾ ਕਰਨ ਵਾਲੇ ਨੂੰ ਬਾਈਬਲ ਕਹਿੰਦੀ ਹੈ ਕਿ ਉਹ ‘ਅਣਵਿਆਹਿਆ ਰਹੇ’ ਜਾਂ ਆਪਣੇ ਜੀਵਨ ਸਾਥੀ ਨਾਲ “ਸੁਲ੍ਹਾ ਕਰ ਲਵੇ।” (1 ਕੁਰਿੰਥੀਆਂ 7:11) ਇਸ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦਾ। (ਮੱਤੀ 5:32) ਥੱਲੇ ਕੁਝ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਕਰਕੇ ਕੁਝ ਮਸੀਹੀਆਂ ਨੇ ਆਪਣੇ ਸਾਥੀਆਂ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ।

ਜੇ ਜੀਵਨ ਸਾਥੀ ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਸਾਫ਼ ਇਨਕਾਰ ਕਰਦਾ ਹੈ। ਕਈ ਪਤੀ ਕੰਮ-ਕਾਰ ਕਰਨ ਦੇ ਲਾਇਕ ਹੋਣ ਦੇ ਬਾਵਜੂਦ ਵੀ ਵਿਹਲੇ ਬੈਠੇ ਰਹਿੰਦੇ ਹਨ ਜਾਂ ਘਰ ਕੋਈ ਪੈਸਾ ਨਹੀਂ ਦਿੰਦੇ ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਪੈਸੇ-ਪੈਸੇ ਲਈ ਮੁਥਾਜ ਹੋ ਜਾਂਦੇ ਹਨ ਤੇ ਘਰ ਦੇ ਜੀਅ ਭੁੱਖੇ ਮਰਦੇ ਹਨ। ਬਾਈਬਲ ਕਹਿੰਦੀ ਹੈ: “ਜੇ ਕੋਈ ਇਨਸਾਨ ਆਪਣਿਆਂ ਦਾ, ਖ਼ਾਸ ਕਰਕੇ ਆਪਣੇ ਘਰ ਦੇ ਜੀਆਂ ਦਾ ਧਿਆਨ ਨਹੀਂ ਰੱਖਦਾ, ਤਾਂ ਉਸ ਨੇ ਨਿਹਚਾ ਕਰਨੀ ਛੱਡ ਦਿੱਤੀ ਹੈ ਅਤੇ ਉਹ ਇਨਸਾਨ ਨਿਹਚਾ ਨਾ ਕਰਨ ਵਾਲਿਆਂ ਨਾਲੋਂ ਵੀ ਬੁਰਾ ਹੈ।” (1 ਤਿਮੋਥਿਉਸ 5:8) ਜੇ ਉਹ ਆਪਣੇ ਆਪ ਨੂੰ ਨਹੀਂ ਬਦਲਦਾ, ਤਾਂ ਉਸ ਦੀ ਪਤਨੀ ਆਪਣੇ ਅਤੇ ਬੱਚਿਆਂ ਦੇ ਭਲੇ ਲਈ ਸ਼ਾਇਦ ਉਸ ਤੋਂ ਕਾਨੂੰਨੀ ਤੌਰ ਤੇ ਵੱਖ ਹੋਣ ਦਾ ਫ਼ੈਸਲਾ ਕਰ ਲਵੇ। ਪਰ ਮਸੀਹੀ ਬਜ਼ੁਰਗਾਂ ਨੂੰ ਪਤਨੀ ਵੱਲੋਂ ਪਤੀ ਤੇ ਲਾਏ ਇਸ ਦੋਸ਼ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ। ਪਰਿਵਾਰ ਦੀ ਦੇਖ-ਭਾਲ ਕਰਨ ਤੋਂ ਇਨਕਾਰ ਕਰਨ ਵਾਲੇ ਮਸੀਹੀ ਨੂੰ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ।

ਮਾਰ-ਕੁਟਾਈ। ਕੋਈ ਸ਼ਾਇਦ ਆਪਣੇ ਜੀਵਨ ਸਾਥੀ ਨੂੰ ਇੰਨਾ ਮਾਰਦਾ-ਕੁੱਟਦਾ ਹੋਵੇ ਕਿ ਜੀਵਨ ਸਾਥੀ ਦੀ ਸਿਹਤ ਜਾਂ ਜ਼ਿੰਦਗੀ ਖ਼ਤਰੇ ਵਿਚ ਪੈ ਜਾਵੇ। ਜੇ ਮਾਰ-ਕੁਟਾਈ ਕਰਨ ਵਾਲਾ ਮਸੀਹੀ ਹੈ, ਤਾਂ ਮੰਡਲੀ ਦੇ ਬਜ਼ੁਰਗਾਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਜਿਹੜਾ ਮਸੀਹੀ ਗੁੱਸੇ ਵਿਚ ਆ ਕੇ ਮਾਰਦਾ-ਕੁੱਟਦਾ ਰਹਿੰਦਾ ਹੈ, ਉਸ ਨੂੰ ਮੰਡਲੀ ਵਿੱਚੋਂ ਛੇਕਿਆ ਜਾ ਸਕਦਾ ਹੈ।​—ਗਲਾਤੀਆਂ 5:19-21.

ਜਦੋਂ ਜੀਵਨ ਸਾਥੀ ਨਾਲ ਰਹਿਣ ਕਰਕੇ ਪਰਮੇਸ਼ੁਰ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਜਾਵੇ। ਕਿਸੇ ਮਸੀਹੀ ਦਾ ਜੀਵਨ ਸਾਥੀ ਸ਼ਾਇਦ ਉਸ ਲਈ ਸ਼ੁੱਧ ਭਗਤੀ ਕਰਨੀ ਨਾਮੁਮਕਿਨ ਬਣਾਉਂਦਾ ਹੋਵੇ ਜਾਂ ਉਸ ਉੱਤੇ ਪਰਮੇਸ਼ੁਰ ਦੇ ਹੁਕਮ ਤੋੜਨ ਦਾ ਦਬਾਅ ਪਾਉਂਦਾ ਹੋਵੇ। ਅਜਿਹੀ ਹਾਲਤ ਵਿਚ ਉਹ ਫ਼ੈਸਲਾ ਕਰ ਸਕਦਾ ਹੈ ਕਿ ‘ਇਨਸਾਨਾਂ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਣ’ ਲਈ ਆਪਣੇ ਪਤੀ ਜਾਂ ਪਤਨੀ ਤੋਂ ਅੱਡ ਹੋਣਾ ਜ਼ਰੂਰੀ ਹੈ।​—ਰਸੂਲਾਂ ਦੇ ਕੰਮ 5:29.

ਉੱਪਰ ਦੱਸੇ ਹਾਲਾਤਾਂ ਵਿਚ, ਕਿਸੇ ਨੂੰ ਵੀ ਬੇਕਸੂਰ ਜੀਵਨ ਸਾਥੀ ਉੱਤੇ ਵੱਖ ਹੋਣ ਜਾਂ ਨਾਲ ਰਹਿਣ ਦਾ ਦਬਾਅ ਨਹੀਂ ਪਾਉਣਾ ਚਾਹੀਦਾ। ਸਮਝਦਾਰ ਦੋਸਤ ਅਤੇ ਬਜ਼ੁਰਗ ਉਸ ਦੀ ਮਦਦ ਕਰ ਸਕਦੇ ਹਨ ਜਾਂ ਉਸ ਨੂੰ ਬਾਈਬਲ ਵਿੱਚੋਂ ਸਲਾਹ ਦੇ ਸਕਦੇ ਹਨ, ਪਰ ਉਹ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਪਤੀ-ਪਤਨੀ ਵਿਚ ਕੀ ਹੋਇਆ ਹੈ। ਸਿਰਫ਼ ਯਹੋਵਾਹ ਹੀ ਪੂਰੀ ਗੱਲ ਜਾਣਦਾ ਹੈ। ਆਪਣੇ ਜੀਵਨ ਸਾਥੀ ਤੋਂ ਵੱਖ ਹੋਣ ਲਈ ਜੇ ਕੋਈ ਮਸੀਹੀ ਆਪਣੀਆਂ ਘਰੇਲੂ ਸਮੱਸਿਆਵਾਂ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ, ਤਾਂ ਉਹ ਯਹੋਵਾਹ ਅਤੇ ਵਿਆਹੁਤਾ ਰਿਸ਼ਤੇ ਦਾ ਨਿਰਾਦਰ ਕਰਦਾ ਹੈ। ਵੱਖ ਹੋਣ ਲਈ ਪਤੀ-ਪਤਨੀ ਜਿਹੜੀਆਂ ਮਰਜ਼ੀ ਸਕੀਮਾਂ ਘੜਨ ਤੇ ਉਨ੍ਹਾਂ ਨੂੰ ਲੁਕਾਉਣ ਦੀਆਂ ਲੱਖ ਕੋਸ਼ਿਸ਼ਾਂ ਕਰਨ, ਯਹੋਵਾਹ ਨੂੰ ਤਾਂ ਪਤਾ ਹੁੰਦਾ ਹੀ ਹੈ। ਬਾਈਬਲ ਕਹਿੰਦੀ ਹੈ: “ਹਰ ਚੀਜ਼ [ਪਰਮੇਸ਼ੁਰ] ਦੇ ਸਾਮ੍ਹਣੇ ਹੈ ਅਤੇ ਉਹ ਸਭ ਕੁਝ ਦੇਖ ਸਕਦਾ ਹੈ ਅਤੇ ਅਸੀਂ ਉਸ ਨੂੰ ਲੇਖਾ ਦੇਣਾ ਹੈ।” (ਇਬਰਾਨੀਆਂ 4:13) ਪਰ ਜੇ ਖ਼ਤਰਨਾਕ ਹਾਲਾਤਾਂ ਵਿਚ ਕੋਈ ਮਸੀਹੀ ਆਪਣੇ ਬਚਾਅ ਲਈ ਵੱਖ ਹੋਣ ਦਾ ਫ਼ੈਸਲਾ ਕਰਦਾ ਹੈ, ਤਾਂ ਕਿਸੇ ਨੂੰ ਵੀ ਉਸ ਨੂੰ ਬੁਰਾ-ਭਲਾ ਨਹੀਂ ਕਹਿਣਾ ਚਾਹੀਦਾ। ਆਖ਼ਰਕਾਰ, “ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਖੜ੍ਹਾਂਗੇ।”​—ਰੋਮੀਆਂ 14:10-12.