Skip to content

Skip to table of contents

ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

ਕੀ ਬਾਈਬਲ ਵਾਕਈ ਬਦਲ ਗਈ ਹੈ?

ਕੀ ਬਾਈਬਲ ਵਾਕਈ ਬਦਲ ਗਈ ਹੈ?

ਬਾਈਬਲ ਬਾਕੀ ਸਾਰੀਆਂ ਧਾਰਮਿਕ ਕਿਤਾਬਾਂ ਤੋਂ ਬਿਲਕੁਲ ਵੱਖਰੀ ਹੈ। ਹੋਰ ਕਿਸੇ ਵੀ ਕਿਤਾਬ ਨੇ ਇੰਨੇ ਲੰਬੇ ਸਮੇਂ ਤਕ ਲੋਕਾਂ ਦੇ ਵਿਸ਼ਵਾਸਾਂ ’ਤੇ ਇੰਨਾ ਅਸਰ ਨਹੀਂ ਪਾਇਆ ਜਿੰਨਾ ਬਾਈਬਲ ਨੇ। ਪਰ ਇਹ ਵੀ ਸੱਚ ਹੈ ਕਿ ਹੋਰ ਕਿਤਾਬਾਂ ਦੇ ਮੁਕਾਬਲੇ ਬਾਈਬਲ ਦੀ ਸਭ ਤੋਂ ਜ਼ਿਆਦਾ ਜਾਂਚ-ਪੜਤਾਲ ਅਤੇ ਆਲੋਚਨਾ ਕੀਤੀ ਗਈ ਹੈ।

ਮਿਸਾਲ ਲਈ, ਕੁਝ ਵਿਦਵਾਨ ਇਸ ਗੱਲ ’ਤੇ ਸ਼ੱਕ ਕਰਦੇ ਹਨ ਕਿ ਅੱਜ ਦੀਆਂ ਬਾਈਬਲਾਂ ਮੁਢਲੀਆਂ ਲਿਖਤਾਂ ਦੀ ਹੂ-ਬਹੂ ਨਕਲ ਹਨ। ਧਰਮਾਂ ਦਾ ਅਧਿਐਨ ਕਰਨ ਵਾਲੇ ਇਕ ਵਿਦਵਾਨ ਨੇ ਕਿਹਾ: “ਅਸੀਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਸਾਡੇ ਕੋਲ ਜੋ ਬਾਈਬਲ ਹੈ, ਉਹ ਪੁਰਾਣੀਆਂ ਹੱਥ-ਲਿਖਤਾਂ ਦੀ ਬਿਲਕੁਲ ਸਹੀ ਨਕਲ ਹੈ। ਅੱਜ ਸਾਡੇ ਕੋਲ ਜੋ ਨਕਲਾਂ ਹਨ, ਉਹ ਗ਼ਲਤੀਆਂ ਨਾਲ ਭਰੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਨਕਲਾਂ ਤਾਂ ਪ੍ਰਾਚੀਨ ਹੱਥ-ਲਿਖਤਾਂ ਤੋਂ ਕਈ ਸਦੀਆਂ ਬਾਅਦ ਤਿਆਰ ਕੀਤੀਆਂ ਗਈਆਂ ਸਨ ਅਤੇ ਇਨ੍ਹਾਂ ਵਿਚ ਹਜ਼ਾਰਾਂ ਹੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ।”

ਕੁਝ ਲੋਕ ਆਪਣੇ ਧਾਰਮਿਕ ਪਿਛੋਕੜ ਕਰਕੇ ਬਾਈਬਲ ’ਤੇ ਸ਼ੱਕ ਕਰਦੇ ਹਨ। ਜ਼ਰਾ ਫੈਜ਼ਲ ਦੀ ਮਿਸਾਲ ’ਤੇ ਗੌਰ ਕਰੋ ਜਿਸ ਦਾ ਪਰਿਵਾਰ ਈਸਾਈ ਨਹੀਂ ਸੀ। ਉਸ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਬਾਈਬਲ ਇਕ ਪਵਿੱਤਰ ਕਿਤਾਬ ਤਾਂ ਹੈ, ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ। ਉਹ ਦੱਸਦਾ ਹੈ: “ਇਸ ਲਈ ਜਦੋਂ ਵੀ ਕੋਈ ਮੇਰੇ ਨਾਲ ਬਾਈਬਲ ਤੋਂ ਗੱਲ ਕਰਦਾ ਸੀ, ਤਾਂ ਮੈਂ ਸ਼ੱਕ ਕਰਦਾ ਸੀ। ਮੈਂ ਸੋਚਦਾ ਸੀ ਕਿ ਇਨ੍ਹਾਂ ਕੋਲ ਅਸਲੀ ਬਾਈਬਲ ਤਾਂ ਹੈ ਹੀ ਨਹੀਂ। ਇਹ ਤਾਂ ਬਦਲ ਦਿੱਤੀ ਗਈ ਹੈ।”

ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਬਾਈਬਲ ਬਦਲ ਦਿੱਤੀ ਗਈ ਹੈ ਜਾਂ ਨਹੀਂ? ਇਸ ਬਾਰੇ ਆਓ ਆਪਾਂ ਕੁਝ ਸਵਾਲਾਂ ’ਤੇ ਗੌਰ ਕਰੀਏ। ਜੇ ਤੁਹਾਨੂੰ ਲੱਗਦਾ ਹੈ ਕਿ ਭਵਿੱਖ ਬਾਰੇ ਬਾਈਬਲ ਵਿਚ ਜੋ ਵਾਅਦੇ ਕੀਤੇ ਗਏ ਹਨ, ਉਹ ਮੁਢਲੀਆਂ ਹੱਥ-ਲਿਖਤਾਂ ਵਿਚ ਨਹੀਂ ਸਨ, ਤਾਂ ਕੀ ਤੁਸੀਂ ਉਨ੍ਹਾਂ ’ਤੇ ਯਕੀਨ ਕਰੋਗੇ? (ਰੋਮੀਆਂ 15:4) ਜੇ ਅੱਜ ਦੀਆਂ ਬਾਈਬਲਾਂ ਸਿਰਫ਼ ਗ਼ਲਤੀਆਂ ਨਾਲ ਭਰੀਆਂ ਹਨ, ਤਾਂ ਕੀ ਤੁਸੀਂ ਕੰਮ-ਕਾਰ, ਪਰਿਵਾਰ ਜਾਂ ਭਗਤੀ ਬਾਰੇ ਫ਼ੈਸਲੇ ਕਰਦਿਆਂ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੋਗੇ?

ਇਹ ਸੱਚ ਹੈ ਕਿ ਅੱਜ ਸਾਡੇ ਕੋਲ ਬਾਈਬਲ ਦੀਆਂ ਮੁਢਲੀਆਂ ਕਿਤਾਬਾਂ ਨਹੀਂ ਹਨ ਜੋ ਲਿਖਾਰੀਆਂ ਨੇ ਆਪਣੇ ਹੱਥੀਂ ਲਿਖੀਆਂ ਸਨ, ਪਰ ਅਸੀਂ ਇਨ੍ਹਾਂ ਦੀਆਂ ਬਹੁਤ ਸਾਰੀਆਂ ਨਕਲਾਂ ਅਤੇ ਹਜ਼ਾਰਾਂ ਹੱਥ-ਲਿਖਤਾਂ ਦੇਖ ਸਕਦੇ ਹਾਂ। ਪਰ ਸਵਾਲ ਇਹ ਉੱਠਦੇ ਹਨ ਕਿ ਇਹ ਹੱਥ-ਲਿਖਤਾਂ ਖ਼ਰਾਬ ਹੋਣ ਤੋਂ ਕਿੱਦਾਂ ਬਚ ਗਈਆਂ? ਬਾਈਬਲ ਨੂੰ ਲੋਕਾਂ ਦੀ ਪਹੁੰਚ ਤੋਂ ਬਾਹਰ ਰੱਖਣ ਲਈ ਕੀ ਕੀਤਾ ਗਿਆ ਤੇ ਇਸ ਵਿਚ ਲਿਖੀਆਂ ਗੱਲਾਂ ਨੂੰ ਬਦਲਣ ਦੀ ਕੋਸ਼ਿਸ਼ ਕਿੱਦਾਂ ਕੀਤੀ ਗਈ? ਜਦੋਂ ਤੁਸੀਂ ਜਾਣੋਗੇ ਕਿ ਬਾਈਬਲ ਦੀਆਂ ਹੱਥ-ਲਿਖਤਾਂ ਇੰਨੀਆਂ ਸਦੀਆਂ ਤਕ ਕਿੱਦਾਂ ਬਚੀਆਂ ਰਹੀਆਂ, ਤਾਂ ਤੁਹਾਡਾ ਇਸ ਗੱਲ ’ਤੇ ਯਕੀਨ ਵਧੇਗਾ ਕਿ ਤੁਹਾਡੇ ਕੋਲ ਅੱਜ ਜੋ ਬਾਈਬਲ ਹੈ ਉਹ ਬਦਲੀ ਨਹੀਂ ਹੈ। ਆਓ ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖਾਂ ਵਿਚ ਦੇਖੀਏ।