Skip to content

Skip to table of contents

ਸਾਡੇ ’ਤੇ ਦੁੱਖ-ਤਕਲੀਫ਼ਾਂ ਤੇ ਮੌਤ ਕਿਉਂ ਆਉਂਦੀ ਹੈ?

ਸਾਡੇ ’ਤੇ ਦੁੱਖ-ਤਕਲੀਫ਼ਾਂ ਤੇ ਮੌਤ ਕਿਉਂ ਆਉਂਦੀ ਹੈ?

ਅਸੀਂ ਸਾਰੇ ਰੱਬ ਦੇ ਬੱਚੇ ਹਾਂ। ਇਸ ਲਈ ਉਹ ਨਹੀਂ ਚਾਹੁੰਦਾ ਕਿ ਸਾਡੇ ’ਤੇ ਦੁੱਖ ਆਉਣ। ਪਰ ਅੱਜ ਹਰ ਪਾਸੇ ਦੁੱਖ ਹੀ ਦੁੱਖ ਕਿਉਂ ਹਨ?

ਪਹਿਲੇ ਆਦਮੀ ਤੇ ਔਰਤ ਕਰਕੇ

“ਇਕ ਆਦਮੀ ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।”​—ਰੋਮੀਆਂ 5:12.

ਜਦੋਂ ਰੱਬ ਨੇ ਦੁਨੀਆਂ ਦੇ ਸਭ ਤੋਂ ਪਹਿਲੇ ਆਦਮੀ ਤੇ ਔਰਤ ਨੂੰ ਬਣਾਇਆ ਸੀ, ਤਾਂ ਉਨ੍ਹਾਂ ਵਿਚ ਕੋਈ ਖੋਟ ਨਹੀਂ ਸੀ। ਉਹ ਬਿਲਕੁਲ ਮੁਕੰਮਲ ਸਨ। ਉਨ੍ਹਾਂ ਦਾ ਨਾਂ ਆਦਮ ਤੇ ਹੱਵਾਹ ਸੀ। ਉਨ੍ਹਾਂ ਦੀ ਸਿਹਤ ਹਮੇਸ਼ਾ ਵਧੀਆ ਰਹਿੰਦੀ ਤੇ ਉਹ ਕਦੀ ਬੀਮਾਰ ਨਹੀਂ ਸੀ ਹੁੰਦੇ। ਰੱਬ ਨੇ ਉਨ੍ਹਾਂ ਨੂੰ ਰਹਿਣ ਲਈ ਅਦਨ ਨਾਂ ਦਾ ਇਕ ਸੋਹਣਾ ਬਾਗ਼ ਦਿੱਤਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਕ ਦਰਖ਼ਤ ਤੋਂ ਸਿਵਾਇ ਸਾਰੇ ਦਰਖ਼ਤਾਂ ਤੋਂ ਫਲ ਖਾ ਸਕਦੇ ਸਨ। ਪਰ ਆਦਮ ਤੇ ਹੱਵਾਹ ਨੇ ਉਸੇ ਦਰਖ਼ਤ ਤੋਂ ਫਲ ਖਾਧਾ ਅਤੇ ਪਾਪ ਕੀਤਾ। (ਉਤਪਤ 2:15-17; 3:1-19) ਇਸ ਲਈ ਰੱਬ ਨੇ ਉਨ੍ਹਾਂ ਨੂੰ ਬਾਗ਼ ਵਿੱਚੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਸਮੇਂ ਦੇ ਬੀਤਣ ਨਾਲ, ਉਨ੍ਹਾਂ ਦੇ ਬੱਚੇ ਹੋਏ ਤੇ ਉਨ੍ਹਾਂ ਨੂੰ ਵੀ ਕਈ ਦੁੱਖ ਝੱਲਣੇ ਪਏ। ਉਹ ਸਾਰੇ ਬੁੱਢੇ ਹੋਣ ਲੱਗੇ ਤੇ ਫਿਰ ਮਰ ਗਏ। (ਉਤਪਤ 3:23; 5:5) ਆਦਮ ਤੇ ਹੱਵਾਹ ਦੀ ਔਲਾਦ ਹੋਣ ਕਰਕੇ ਅਸੀਂ ਵੀ ਬੀਮਾਰ ਤੇ ਬੁੱਢੇ ਹੁੰਦੇ ਹਾਂ ਤੇ ਮਰ ਜਾਂਦੇ ਹਾਂ।

ਦੁਸ਼ਟ ਦੂਤਾਂ ਕਰਕੇ

“ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ।”​—1 ਯੂਹੰਨਾ 5:19.

ਹਜ਼ਾਰਾਂ ਸਾਲ ਪਹਿਲਾਂ ਸਵਰਗ ਵਿਚ ਰੱਬ ਦਾ ਇਕ ਦੂਤ ਸੀ। ਉਸ ਨੇ ਰੱਬ ਦਾ ਕਹਿਣਾ ਨਹੀਂ ਮੰਨਿਆ ਅਤੇ ਉਸ ਦਾ ਦੁਸ਼ਮਣ ਬਣ ਗਿਆ। ਇਸ ਦੁਸ਼ਟ ਦੂਤ ਨੂੰ “ਸ਼ੈਤਾਨ” ਕਿਹਾ ਗਿਆ ਹੈ। ਬਾਅਦ ਵਿਚ, ਹੋਰ ਦੂਤ ਸ਼ੈਤਾਨ ਨਾਲ ਰਲ਼ ਗਏ ਤੇ ਰੱਬ ਦੇ ਵਿਰੁੱਧ ਹੋ ਗਏ। (ਯੂਹੰਨਾ 8:44; ਪ੍ਰਕਾਸ਼ ਦੀ ਕਿਤਾਬ 12:9) ਇਹ ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਰਦੇ ਹਨ ਤਾਂਕਿ ਉਹ ਰੱਬ ਦੀ ਗੱਲ ਨਾ ਮੰਨਣ ਤੇ ਉਨ੍ਹਾਂ ਤੋਂ ਬੁਰੇ ਕੰਮ ਕਰਾਉਂਦੇ ਹਨ। (ਜ਼ਬੂਰ 106:35-38; 1 ਤਿਮੋਥਿਉਸ 4:1) ਸ਼ੈਤਾਨ ਅਤੇ ਦੁਸ਼ਟ ਦੂਤ ਲੋਕਾਂ ਨੂੰ ਬਹੁਤ ਦੁੱਖ ਦਿੰਦੇ ਹਨ ਅਤੇ ਉਨ੍ਹਾਂ ਨੂੰ ਦੁੱਖ ਵਿਚ ਦੇਖ ਕੇ ਉਹ ਖ਼ੁਸ਼ ਹੁੰਦੇ ਹਨ।

ਆਪਣੀਆਂ ਗ਼ਲਤੀਆਂ ਕਰਕੇ

“ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”​—ਗਲਾਤੀਆਂ 6:7.

ਆਦਮ ਤੇ ਹੱਵਾਹ ਦੇ ਪਾਪ ਕਰਕੇ ਅਤੇ ਸ਼ੈਤਾਨ ਤੇ ਦੁਸ਼ਟ ਦੂਤਾਂ ਕਰਕੇ ਅਸੀਂ ਕਈ ਦੁੱਖ ਝੱਲਦੇ ਹਾਂ। ਪਰ ਕਈ ਵਾਰ ਅਸੀਂ ਆਪਣੇ ਦੁੱਖਾਂ ਲਈ ਖ਼ੁਦ ਜ਼ਿੰਮੇਵਾਰ ਹੁੰਦੇ ਹਾਂ। ਕਿਵੇਂ? ਜੇ ਅਸੀਂ ਕੋਈ ਬੁਰਾ ਕੰਮ ਜਾਂ ਕੋਈ ਗ਼ਲਤ ਫ਼ੈਸਲਾ ਕਰੀਏ, ਤਾਂ ਸਾਨੂੰ ਇਸ ਦੇ ਬੁਰੇ ਅੰਜਾਮ ਭੁਗਤਣੇ ਪੈਣਗੇ। ਦੂਜੇ ਪਾਸੇ, ਜੇ ਅਸੀਂ ਕੋਈ ਚੰਗਾ ਕੰਮ ਜਾਂ ਕੋਈ ਸਹੀ ਫ਼ੈਸਲਾ ਕਰੀਏ, ਤਾਂ ਇਸ ਦੇ ਵਧੀਆ ਨਤੀਜੇ ਨਿਕਲਣਗੇ। ਮਿਸਾਲ ਲਈ, ਜੇ ਕੋਈ ਵਿਅਕਤੀ ਈਮਾਨਦਾਰ ਹੋਵੇ, ਸਖ਼ਤ ਮਿਹਨਤ ਕਰੇ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰੇ, ਤਾਂ ਉਸ ਦਾ ਪਰਿਵਾਰ ਖ਼ੁਸ਼ ਰਹੇਗਾ। ਪਰ ਜੇ ਇਕ ਵਿਅਕਤੀ ਜੂਆ ਖੇਡੇ, ਹੱਦੋਂ ਵੱਧ ਸ਼ਰਾਬ ਪੀਵੇ ਜਾਂ ਆਲਸੀ ਹੋਵੇ, ਤਾਂ ਉਸ ਦਾ ਪਰਿਵਾਰ ਕਰਜ਼ੇ ਵਿਚ ਡੁੱਬ ਜਾਵੇਗਾ ਅਤੇ ਪਰਿਵਾਰ ਵਿਚ ਖ਼ੁਸ਼ੀ ਨਹੀਂ ਰਹੇਗੀ। ਰੱਬ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਅਤੇ “ਬੇਹੱਦ ਸ਼ਾਂਤੀ” ਪਾਈਏ। ਇਸ ਲਈ ਉਸ ਦੀ ਸਲਾਹ ਦਾ ਸਾਨੂੰ ਹੀ ਫ਼ਾਇਦਾ ਹੋਵੇਗਾ।—ਜ਼ਬੂਰ 119:165.

“ਆਖ਼ਰੀ ਦਿਨ” ਹੋਣ ਕਰਕੇ

‘ਆਖ਼ਰੀ ਦਿਨਾਂ ਵਿਚ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਮਾਤਾ-ਪਿਤਾ ਦੇ ਅਣਆਗਿਆਕਾਰ, ਅਸੰਜਮੀ, ਵਹਿਸ਼ੀ ਤੇ ਭਲਾਈ ਨਾਲ ਨਫ਼ਰਤ ਕਰਨ ਵਾਲੇ ਹੋਣਗੇ।’​—2 ਤਿਮੋਥਿਉਸ 3:1-5.

ਧਰਮ-ਗ੍ਰੰਥ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਇਸ ਦੁਨੀਆਂ ਦੇ ‘ਆਖ਼ਰੀ ਦਿਨਾਂ’ ਵਿਚ ਲੋਕਾਂ ਕਿਸ ਤਰ੍ਹਾਂ ਦੇ ਹੋਣਗੇ। ਇਹ ਵੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਯੁੱਧ ਹੋਣਗੇ, ਕਾਲ਼ ਪੈਣਗੇ, ਭੁਚਾਲ਼ ਆਉਣਗੇ ਅਤੇ ਮਹਾਂਮਾਰੀਆਂ ਫੈਲਣਗੀਆਂ। (ਮੱਤੀ 24:3, 7, 8; ਲੂਕਾ 21:10, 11) ਅੱਜ ਸਾਡੇ ਚਾਰੇ ਪਾਸੇ ਇੱਦਾਂ ਹੀ ਹੋ ਰਿਹਾ ਹੈ। ਇਸ ਕਰਕੇ ਲੋਕ ਬਹੁਤ ਸਾਰੇ ਦੁੱਖ ਝੱਲ ਰਹੇ ਹਨ ਅਤੇ ਮਰ ਰਹੇ ਹਨ।