Skip to content

Skip to table of contents

ਜਿਵੇਂ ਪਤਵਾਰ ਨਾਲ ਕਿਸ਼ਤੀ ਸਹੀ ਦਿਸ਼ਾ ਵਿਚ ਰਹਿੰਦੀ ਹੈ, ਉਸੇ ਤਰ੍ਹਾਂ ਅਨੁਸ਼ਾਸਨ ਨਾਲ ਬੱਚਾ ਸਹੀ ਦਿਸ਼ਾ ਵਿਚ ਰਹਿੰਦਾ ਹੈ

ਮਾਪਿਆਂ ਲਈ

6: ਅਨੁਸ਼ਾਸਨ ਦਿਓ

6: ਅਨੁਸ਼ਾਸਨ ਦਿਓ

ਇਸ ਦਾ ਕੀ ਮਤਲਬ ਹੈ?

ਅਨੁਸ਼ਾਸਨ ਦੇਣ ਦਾ ਮਤਲਬ ਬੱਚੇ ਨੂੰ ਸਿਖਾਉਣਾ ਤੇ ਉਸ ਨੂੰ ਸੇਧ ਦੇਣਾ ਹੁੰਦਾ ਹੈ। ਕਦੇ-ਕਦੇ ਅਨੁਸ਼ਾਸਨ ਦਾ ਮਤਲਬ ਹੈ ਬੱਚੇ ਦੇ ਬੁਰੇ ਵਿਵਹਾਰ ਨੂੰ ਸੁਧਾਰਨਾ। ਪਰ ਅਕਸਰ ਇਸ ਵਿਚ ਬੱਚਿਆਂ ਨੂੰ ਨੇਕ ਚਾਲ-ਚਲਣ ਰੱਖਣ ਦੀ ਸਿੱਖਿਆ ਦੇਣੀ ਸ਼ਾਮਲ ਹੁੰਦੀ ਹੈ ਤਾਂਕਿ ਬੱਚੇ ਸਹੀ ਫ਼ੈਸਲੇ ਕਰ ਸਕਣ।

ਇਹ ਜ਼ਰੂਰੀ ਕਿਉਂ ਹੈ?

ਪਿਛਲੇ ਕੁਝ ਦਹਾਕਿਆਂ ਤੋਂ ਬੱਚਿਆਂ ਨੂੰ ਅਨੁਸ਼ਾਸਨ ਦੇਣਾ ਲਗਭਗ ਖ਼ਤਮ ਹੀ ਹੋ ਗਿਆ ਹੈ। ਮਾਪੇ ਡਰਦੇ ਹਨ ਕਿ ਜੇ ਉਹ ਬੱਚੇ ਦੀ ਗ਼ਲਤੀ ਨੂੰ ਸੁਧਾਰਨਗੇ, ਤਾਂ ਬੱਚਾ ਆਪਣਾ ਆਤਮ-ਸਨਮਾਨ ਗੁਆ ਬੈਠੇਗਾ। ਪਰ ਸਮਝਦਾਰ ਮਾਪੇ ਆਪਣੇ ਬੱਚਿਆਂ ਲਈ ਜਾਇਜ਼ ਨਿਯਮ ਬਣਾਉਂਦੇ ਹਨ ਅਤੇ ਇਨ੍ਹਾਂ ਨੂੰ ਮੰਨਣ ਦੀ ਸਿਖਲਾਈ ਵੀ ਦਿੰਦੇ ਹਨ।

“ਬੱਚਿਆਂ ਲਈ ਹੱਦਾਂ ਠਹਿਰਾਉਣੀਆਂ ਜ਼ਰੂਰੀ ਹੁੰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਵੱਡੇ ਹੋ ਕੇ ਸਮਝਦਾਰ ਇਨਸਾਨ ਬਣਨਗੇ। ਜਿਸ ਬੱਚੇ ਨੂੰ ਹੱਦਾਂ ਵਿਚ ਰੱਖ ਕੇ ਅਨੁਸ਼ਾਸਨ ਨਹੀਂ ਦਿੱਤਾ ਜਾਂਦਾ ਉਹ ਬੱਚਾ ਬਿਨਾਂ ਪਤਵਾਰ ਦੇ ਕਿਸ਼ਤੀ ਵਾਂਗ ਹੈ। ਉਹ ਕਿਸ਼ਤੀ ਜਾਂ ਤਾਂ ਕਿਨਾਰੇ ਤੋਂ ਦੂਰ ਚਲੀ ਜਾਏਗੀ ਜਾਂ ਡੁੱਬ ਜਾਵੇਗੀ।”​—ਪਾਮੇਲਾ।

ਤੁਸੀਂ ਕੀ ਕਰ ਸਕਦੇ ਹੋ?

ਆਪਣੀ ਗੱਲ ʼਤੇ ਪੱਕੇ ਰਹੋ। ਜੇ ਤੁਹਾਡਾ ਬੱਚਾ ਤੁਹਾਡੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਨੂੰ ਉਸ ਦੇ ਨਤੀਜੇ ਭੁਗਤਣ ਦਿਓ। ਦੂਜੇ ਪਾਸੇ, ਜਦੋਂ ਬੱਚਾ ਕਹਿਣੇ ਵਿਚ ਰਹਿੰਦਾ ਹੈ, ਤਾਂ ਉਸ ਦੀ ਤਾਰੀਫ਼ ਕਰਨ ਵਿਚ ਢਿੱਲ-ਮੱਠ ਨਾ ਕਰੋ।

“ਜਦੋਂ ਮੇਰੇ ਬੱਚੇ ਮੇਰਾ ਕਹਿਣਾ ਮੰਨਦੇ ਹਨ, ਤਾਂ ਮੈਂ ਹਮੇਸ਼ਾ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦੀ ਹਾਂ ਕਿਉਂਕਿ ਅਸੀਂ ਇਕ ਅਣਆਗਿਆਕਾਰ ਦੁਨੀਆਂ ਵਿਚ ਰਹਿੰਦੇ ਹਾਂ। ਜਦੋਂ ਬੱਚੇ ਦੀ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਉਸ ਲਈ ਤਾੜਨਾ ਕਬੂਲ ਕਰਨੀ ਵੀ ਸੌਖੀ ਹੁੰਦੀ ਹੈ।”​—ਕ੍ਰਿਸਟੀਨ।

ਬਾਈਬਲ ਦਾ ਅਸੂਲ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”​—ਗਲਾਤੀਆਂ 6:7.

ਹੱਦੋਂ ਵੱਧ ਉਮੀਦ ਨਾ ਰੱਖੋ। ਗ਼ਲਤੀ ਦੀ ਗੰਭੀਰਤਾ ਦੇ ਨਾਲ-ਨਾਲ ਬੱਚੇ ਦੀ ਉਮਰ ਅਤੇ ਸਮਝ ਨੂੰ ਧਿਆਨ ਵਿਚ ਰੱਖਦਿਆਂ ਅਨੁਸ਼ਾਸਨ ਦਿਓ। ਵਧੀਆ ਹੋਵੇਗਾ ਕਿ ਤਾੜਨਾ ਜਾਂ ਸਜ਼ਾ ਗ਼ਲਤੀ ਦੇ ਮੁਤਾਬਕ ਹੀ ਹੋਵੇ। ਮਿਸਾਲ ਲਈ, ਜੇ ਬੱਚਾ ਮੋਬਾਇਲ ਦੀ ਗ਼ਲਤ ਵਰਤੋਂ ਕਰਦਾ ਹੈ, ਤਾਂ ਮਾਪੇ ਸ਼ਾਇਦ ਉਸ ਤੋਂ ਕੁਝ ਸਮੇਂ ਲਈ ਮੋਬਾਇਲ ਲੈ ਲੈਣ। ਬੱਚਿਆਂ ਨੂੰ ਉਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਲਈ ਗੁੱਸੇ ਨਾ ਹੋਵੇ ਜੋ ਤੁਹਾਨੂੰ ਪਸੰਦ ਨਹੀਂ।

“ਮੈਂ ਹਮੇਸ਼ਾ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਬੱਚੇ ਨੇ ਜਾਣ-ਬੁੱਝ ਕੇ ਮੇਰਾ ਕਹਿਣਾ ਨਹੀਂ ਮੰਨਿਆ ਜਾਂ ਉਸ ਨੇ ਅਣਜਾਣੇ ਵਿਚ ਇੱਦਾਂ ਕੀਤਾ ਹੈ। ਕੀ ਇਹ ਬਹੁਤ ਵੱਡੀ ਸਮੱਸਿਆ ਹੈ ਜਿਸ ਕਰਕੇ ਉਸ ਨੂੰ ਵਾਰ-ਵਾਰ ਸੁਧਾਰਨ ਦੀ ਲੋੜ ਪੈਣੀ, ਜਾਂ ਇਕ ਛੋਟੀ ਜਿਹੀ ਗੱਲ ਹੈ ਜੋ ਇੱਕੋ ਵਾਰ ਕਹਿਣ ʼਤੇ ਖ਼ਤਮ ਹੋ ਜਾਣੀ।”​—ਵੈੱਨਡਲ।

ਬਾਈਬਲ ਦਾ ਅਸੂਲ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ।”​—ਕੁਲੁੱਸੀਆਂ 3:21.

ਪਿਆਰ ਨਾਲ ਸੁਧਾਰੋ। ਜਦੋਂ ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਮਾਪੇ ਪਿਆਰ ਕਰਨ ਕਰਕੇ ਤਾੜਨਾ ਦੇ ਰਹੇ ਹਨ, ਤਾਂ ਉਨ੍ਹਾਂ ਲਈ ਉਸ ਤਾੜਨਾ ਨੂੰ ਮੰਨਣਾ ਤੇ ਉਸ ʼਤੇ ਚੱਲਣਾ ਸੌਖਾ ਹੁੰਦਾ ਹੈ।

“ਜਦੋਂ ਸਾਡਾ ਮੁੰਡਾ ਗ਼ਲਤੀਆਂ ਕਰਦਾ ਸੀ, ਤਾਂ ਅਸੀਂ ਉਸ ਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੇ ਸੀ ਕਿ ਸਾਨੂੰ ਉਸ ਦੇ ਪਹਿਲਾਂ ਕੀਤੇ ਚੰਗੇ ਫ਼ੈਸਲਿਆਂ ਕਰਕੇ ਉਸ ʼਤੇ ਮਾਣ ਹੈ। ਅਸੀਂ ਉਸ ਨੂੰ ਸਮਝਾਇਆ ਕਿ ਜੇ ਉਹ ਆਪਣੀ ਗ਼ਲਤੀ ਨੂੰ ਸੁਧਾਰ ਲੈਂਦਾ ਹੈ, ਤਾਂ ਉਸ ਦਾ ਨਾਂ ਖ਼ਰਾਬ ਨਹੀਂ ਹੋਵੇਗਾ। ਨਾਲੇ ਅਸੀਂ ਉਸ ਨੂੰ ਕਿਹਾ ਕਿ ਅਸੀਂ ਉਸ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਹਾਂ।”​—ਡੈਨੀਏਲ।

ਬਾਈਬਲ ਦਾ ਅਸੂਲ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ।”​—1 ਕੁਰਿੰਥੀਆਂ 13:4.