Skip to content

Skip to table of contents

ਵਿਛੋੜੇ ਦਾ ਗਮ ਕਿਵੇਂ ਸਹੀਏ?

ਵਿਛੋੜੇ ਦਾ ਗਮ

ਵਿਛੋੜੇ ਦਾ ਗਮ

“ਮੇਰੇ ਤੇ ਸੋਫ਼ੀਆ a ਦੇ ਵਿਆਹ ਨੂੰ 39 ਤੋਂ ਵੀ ਜ਼ਿਆਦਾ ਸਾਲ ਹੋ ਗਏ ਸਨ ਜਦੋਂ ਲੰਬੀ ਬੀਮਾਰੀ ਨੇ ਉਸ ਦੀ ਜਾਨ ਲੈ ਲਈ। ਮੇਰੇ ਦੋਸਤਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਮੈਂ ਆਪਣੇ ਆਪ ਨੂੰ ਵਿਅਸਤ ਰੱਖਿਆ। ਪਰ ਪੂਰਾ ਇਕ ਸਾਲ ਮੈਂ ਗਮ ਦੇ ਸਮੁੰਦਰ ਵਿਚ ਡੁੱਬਾ ਰਿਹਾ। ਮੇਰਾ ਆਪਣੀਆਂ ਭਾਵਨਾਵਾਂ ʼਤੇ ਕਾਬੂ ਨਹੀਂ ਸੀ। ਹੁਣ ਮੇਰੀ ਪਤਨੀ ਦੀ ਮੌਤ ਨੂੰ ਲਗਭਗ ਤਿੰਨ ਸਾਲ ਹੋ ਚੁੱਕੇ ਹਨ, ਪਰ ਅਜੇ ਵੀ ਕਦੇ-ਕਦੇ ਨਿਰਾਸ਼ਾ ਮੈਨੂੰ ਅਚਾਨਕ ਘੇਰ ਲੈਂਦੀ ਹੈ।”​—ਕੋਸਤਾਸ।

ਕੀ ਤੁਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੀ ਮੌਤ ਦਾ ਗਮ ਸਹਿ ਰਹੇ ਹੋ? ਜੇ ਹਾਂ, ਤਾਂ ਸ਼ਾਇਦ ਤੁਸੀਂ ਵੀ ਕੋਸਤਾਸ ਵਾਂਗ ਮਹਿਸੂਸ ਕਰਦੇ ਹੋਵੋ। ਆਪਣੇ ਜੀਵਨ-ਸਾਥੀ, ਰਿਸ਼ਤੇਦਾਰ ਜਾਂ ਦੋਸਤ ਦੀ ਮੌਤ ਤੋਂ ਵੱਡਾ ਗਮ ਹੋਰ ਕੋਈ ਨਹੀਂ। ਸੋਗ ਬਾਰੇ ਅਧਿਐਨ ਕਰਨ ਵਾਲੇ ਮਾਹਰ ਵੀ ਇਸ ਗੱਲ ਨਾਲ ਸਹਿਮਤ ਹਨ। ਇਕ ਰਸਾਲੇ ਮੁਤਾਬਕ “ਜਦੋਂ ਕਿਸੇ ਦੇ ਆਪਣੇ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਨੂੰ ਲੱਗਦਾ ਕਿ ਉਸ ਨੇ ਹਮੇਸ਼ਾ ਲਈ ਉਸ ਨੂੰ ਗੁਆ ਲਿਆ ਹੈ ਤੇ ਉਸ ਦਾ ਦੁੱਖ ਬਰਦਾਸ਼ਤ ਤੋਂ ਬਾਹਰ ਹੈ।” (The American Journal of Psychiatry) ਜਿਸ ਇਨਸਾਨ ʼਤੇ ਦੁੱਖਾਂ ਦਾ ਇੰਨਾ ਵੱਡਾ ਪਹਾੜ ਟੁੱਟਾ ਹੋਵੇ, ਉਹ ਸ਼ਾਇਦ ਸੋਚੇ: ‘ਮੈਨੂੰ ਕਦੋਂ ਤਕ ਇੱਦਾਂ ਹੀ ਲੱਗਦਾ ਰਹਿਣਾ? ਕੀ ਮੈਂ ਕਦੇ ਦੁਬਾਰਾ ਖ਼ੁਸ਼ ਹੋ ਪਾਵਾਂਗਾ? ਮੈਨੂੰ ਸੋਗ ਤੋਂ ਰਾਹਤ ਕਿੱਦਾਂ ਮਿਲ ਸਕਦੀ?’

ਜਾਗਰੂਕ ਬਣੋ! ਦੇ ਇਸ ਅੰਕ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਅਗਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਹਾਲ ਹੀ ਵਿਚ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਵਿਛੋੜਾ ਝੱਲ ਰਹੇ ਹੋ, ਤਾਂ ਤੁਹਾਡੀਆਂ ਭਾਵਨਾਵਾਂ ʼਤੇ ਕੀ ਅਸਰ ਪੈ ਸਕਦਾ ਹੈ। ਉਸ ਤੋਂ ਅਗਲੇ ਲੇਖਾਂ ਵਿਚ ਕੁਝ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਗਮ ਨੂੰ ਘਟਾ ਸਕਦੇ ਹੋ।

ਸਾਨੂੰ ਉਮੀਦ ਹੈ ਕਿ ਅਗਲੇ ਲੇਖਾਂ ਤੋਂ ਉਨ੍ਹਾਂ ਲੋਕਾਂ ਨੂੰ ਮਦਦ ਅਤੇ ਦਿਲਾਸਾ ਮਿਲੇਗਾ ਜੋ ਵਿਛੋੜੇ ਦਾ ਗਮ ਝੱਲ ਰਹੇ ਹਨ।

a ਲੇਖਾਂ ਦੀ ਇਸ ਲੜੀ ਵਿਚ ਕੁਝ ਨਾਂ ਬਦਲੇ ਗਏ ਹਨ।