Skip to content

Skip to table of contents

ਵਿਆਹ ਦਾ ਬੰਧਨ ਕਿਵੇਂ ਮਜ਼ਬੂਤ ਬਣਾਈਏ

ਵਿਆਹ ਦਾ ਬੰਧਨ ਕਿਵੇਂ ਮਜ਼ਬੂਤ ਬਣਾਈਏ

ਬਾਈਬਲ ਕੀ ਕਹਿੰਦੀ ਹੈ

ਵਿਆਹ ਦਾ ਬੰਧਨ ਕਿਵੇਂ ਮਜ਼ਬੂਤ ਬਣਾਈਏ

‘ਪਰਮੇਸ਼ੁਰ ਨੇ ਇਨਸਾਨਾਂ ਨੂੰ ਬਣਾਇਆ ਸੀ ਅਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਦਮੀ ਅਤੇ ਤੀਵੀਂ ਦੇ ਤੌਰ ਤੇ ਬਣਾਇਆ ਸੀ। ਇਸੇ ਕਰਕੇ ਆਦਮੀ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇਕ ਸਰੀਰ ਹੋਣਗੇ। ਇਸ ਕਰਕੇ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।’—ਮੱਤੀ 19:4-6 ਵਿਚ ਕਹੇ ਯਿਸੂ ਮਸੀਹ ਦੇ ਲਫ਼ਜ਼।

ਦੁਨੀਆਂ ਦੇ ਬਦਲਦੇ ਜਾ ਰਹੇ ਮਿਆਰਾਂ ਕਾਰਨ ਲੋਕ ਹੁਣ ਵਿਆਹ ਦੇ ਬੰਧਨ ਨੂੰ ਇੰਨਾ ਅਹਿਮ ਨਹੀਂ ਸਮਝਦੇ। ਕਈ ਪਤੀ-ਪਤਨੀਆਂ ਦੇ ਰਿਸ਼ਤੇ ਦੀ ਡੋਰ ਉਦੋਂ ਤਕ ਬੱਝੀ ਰਹਿੰਦੀ ਹੈ ਜਦ ਤਕ ਉਨ੍ਹਾਂ ਵਿਚ ਸਰੀਰਕ ਖਿੱਚ ਹੁੰਦੀ ਹੈ ਜਾਂ ਸਾਰਾ ਕੁਝ ਠੀਕ ਚੱਲ ਰਿਹਾ ਹੁੰਦਾ ਹੈ। ਪਰ ਸਮੱਸਿਆਵਾਂ ਆਉਣ ਤੇ, ਜੋ ਕਦੇ-ਕਦੇ ਇੰਨੀਆਂ ਗੰਭੀਰ ਨਹੀਂ ਹੁੰਦੀਆਂ, ਇਹ ਖਿੱਚ ਘਟਣ ਲੱਗਦੀ ਹੈ ਅਤੇ ਪਤੀ-ਪਤਨੀ ਇਕ-ਦੂਜੇ ਤੋਂ ਦੂਰ ਹੋ ਜਾਂਦੇ ਹਨ ਜਾਂ ਤਲਾਕ ਲੈ ਲੈਂਦੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਮਾਤਾ-ਪਿਤਾ ਦੇ ਜੁਦਾ ਹੋ ਜਾਣ ਤੋਂ ਬਾਅਦ ਅਕਸਰ ਬੱਚਿਆਂ ਨੂੰ ਵੱਡਾ ਸਦਮਾ ਲੱਗਦਾ ਹੈ।

ਬਾਈਬਲ ਵਿਚਲੀ ਜਾਣਕਾਰੀ ਤੋਂ ਵਾਕਫ਼ ਲੋਕ ਜਦੋਂ ਇਹ ਸਭ ਕੁਝ ਹੁੰਦਾ ਦੇਖਦੇ ਹਨ, ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੁੰਦੀ। ਅੱਜ ਦੇ ਸਮਿਆਂ ਯਾਨੀ ‘ਆਖ਼ਰੀ ਦਿਨਾਂ’ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਲੋਕਾਂ ਵਿਚ ਉਨ੍ਹਾਂ ਗੁਣਾਂ ਦੀ ਘਾਟ ਹੋਵੇਗੀ ਜੋ ਪਰਿਵਾਰਾਂ ਨੂੰ ਇਕ ਡੋਰ ਵਿਚ ਬੰਨ੍ਹੀ ਰੱਖਦੇ ਹਨ ਜਿਵੇਂ ਵਫ਼ਾਦਾਰੀ, ਸੱਚਾ ਪਿਆਰ ਤੇ ਮੋਹ। (2 ਤਿਮੋਥਿਉਸ 3:1-5) ਕੀ ਇਹ ਘੱਟਦੀਆਂ ਜਾ ਰਹੀਆਂ ਕਦਰਾਂ-ਕੀਮਤਾਂ ਅਤੇ ਪਰਿਵਾਰਾਂ ’ਤੇ ਪੈ ਰਹੇ ਇਸ ਦੇ ਅਸਰ ਕਾਰਨ ਤੁਹਾਨੂੰ ਫ਼ਿਕਰ ਹੈ? ਕੀ ਤੁਸੀਂ ਵਿਆਹ ਦੇ ਬੰਧਨ ਨੂੰ ਅਹਿਮ ਸਮਝਦੇ ਹੋ?

ਜੇ ਹਾਂ, ਤਾਂ ਤੁਹਾਨੂੰ ਬਾਈਬਲ ਤੋਂ ਦਿਲਾਸਾ ਮਿਲ ਸਕਦਾ ਹੈ ਕਿਉਂਕਿ ਬਾਈਬਲ ਦੀ ਅਜ਼ਮਾਈ ਹੋਈ ਸਲਾਹ ਅੱਜ ਵੀ ਕਈ ਜੋੜਿਆਂ ਦੀ ਮਦਦ ਕਰ ਰਹੀ ਹੈ। ਮਿਸਾਲ ਲਈ ਜ਼ਰਾ ਪੰਜ ਸਿਧਾਂਤਾਂ ’ਤੇ ਗੌਰ ਕਰੋ ਜੋ ਪਤੀ-ਪਤਨੀ ਦੇ ਰਿਸ਼ਤੇ ਵਿਚ ਮਿਠਾਸ ਭਰ ਸਕਦੇ ਹਨ। *

ਵਿਆਹ ਦੇ ਅਟੁੱਟ ਬੰਧਨ ਲਈ ਪੰਜ ਖ਼ਾਸ ਗੱਲਾਂ

(1) ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝੋ। ਖੱਬੇ ਪਾਸੇ ਦਿੱਤੇ ਯਿਸੂ ਦੇ ਲਫ਼ਜ਼ਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਅਤੇ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਵਿਆਹ ਦੇ ਬੰਧਨ ਨੂੰ ਪਵਿੱਤਰ ਸਮਝਦੇ ਹਨ। ਪਰਮੇਸ਼ੁਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਜਦੋਂ ਉਸ ਨੇ ਪੁਰਾਣੇ ਜ਼ਮਾਨੇ ਦੇ ਆਦਮੀਆਂ ਨੂੰ ਸਖ਼ਤ ਤਾੜਨਾ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਜਵਾਨ ਔਰਤਾਂ ਨਾਲ ਵਿਆਹ ਕਰਾਉਣ ਲਈ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਦਿੱਤਾ ਸੀ। ਪਰਮੇਸ਼ੁਰ ਨੇ ਕਿਹਾ ਸੀ: “ਤੂੰ ਆਪਣੀ ਜਵਾਨੀ ਦੇ ਵਿਚ ਵਿਆਹੀ ਹੋਈ ਪਤਨੀ ਨਾਲ ਵਿਸ਼ਵਾਸਘਾਤ ਕੀਤਾ, ਬੇਸ਼ਕ ਉਹ ਤੇਰੀ ਸਾਥਨ ਸੀ ਅਤੇ ਪ੍ਰਭੂ ਦੇ ਸਾਹਮਣੇ ਉਸ ਨਾਲ ਕੀਤੀ ਪ੍ਰਤਿਗਿਆ ਨੂੰ ਤੋੜਿਆ ਹੈ। ਪਰ ਤੂੰ ਉਸ ਨਾਲ ਵਫਾਦਾਰ ਰਹਿਣ ਦੀ ਪ੍ਰਤਿਗਿਆ ਪ੍ਰਭੂ ਦੇ ਸਾਹਮਣੇ ਕੀਤੀ ਸੀ।” ਫਿਰ ਯਹੋਵਾਹ ਨੇ ਇਹ ਜ਼ਬਰਦਸਤ ਗੱਲ ਕਹੀ: “ਮੈਂ ਇਸ ਗੱਲ ਤੋਂ ਘਿਰਣਾ ਕਰਦਾ ਹਾਂ, ਜਦੋਂ ਤੁਹਾਡੇ ਵਿਚੋਂ ਕੋਈ ਵੀ ਇਹੋ ਜਿਹੀ ਘਟੀਆ ਗੱਲ ਆਪਣੀ ਪਤਨੀ ਨਾਲ ਕਰਦਾ ਹੈ।” (ਮਲਾਕੀ 2:14-16, CL) ਇਸ ਤੋਂ ਜ਼ਾਹਰ ਹੈ ਕਿ ਪਰਮੇਸ਼ੁਰ ਵਿਆਹ ਦੇ ਬੰਧਨ ਨੂੰ ਮਾਮੂਲੀ ਨਹੀਂ ਸਮਝਦਾ। ਉਹ ਦੇਖਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ।

(2) ਪਤੀਓ, ਆਪਣੀ ਜ਼ਿੰਮੇਵਾਰੀ ਪੂਰੀ ਕਰੋ। ਪਰਿਵਾਰ ਵਿਚ ਜਦੋਂ ਕੋਈ ਅਹਿਮ ਸਥਿਤੀ ਪੈਦਾ ਹੁੰਦੀ ਹੈ, ਤਾਂ ਕਿਸੇ-ਨਾ-ਕਿਸੇ ਨੂੰ ਤਾਂ ਆਖ਼ਰੀ ਫ਼ੈਸਲਾ ਕਰਨਾ ਹੀ ਪੈਂਦਾ ਹੈ। ਬਾਈਬਲ ਵਿਚ ਇਹ ਜ਼ਿੰਮੇਵਾਰੀ ਪਤੀਆਂ ਨੂੰ ਸੌਂਪੀ ਗਈ ਹੈ। ਅਫ਼ਸੀਆਂ 5:23 ਕਹਿੰਦਾ ਹੈ: “ਪਤੀ ਆਪਣੀ ਪਤਨੀ ਦਾ ਸਿਰ ਹੈ।” ਪਰ ਇਸ ਦਾ ਇਹ ਮਤਲਬ ਨਹੀਂ ਕਿ ਪਤੀ ਆਪਣੀ ਪਤਨੀ ’ਤੇ ਧੌਂਸ ਜਮਾਵੇ। ਪਤੀ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਉਹ ਤੇ ਉਸ ਦੀ ਪਤਨੀ “ਇਕ ਸਰੀਰ” ਹਨ ਅਤੇ ਉਸ ਨੂੰ ਪਤਨੀ ਦਾ ਆਦਰ ਕਰਨਾ ਚਾਹੀਦਾ ਹੈ ਤੇ ਪਰਿਵਾਰ ਦੇ ਮਸਲਿਆਂ ਸੰਬੰਧੀ ਉਸ ਦੀ ਰਾਇ ਪੁੱਛਣੀ ਚਾਹੀਦੀ ਹੈ। (1 ਪਤਰਸ 3:7) ਬਾਈਬਲ ਸਲਾਹ ਦਿੰਦੀ ਹੈ ਕਿ “ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ।”—ਅਫ਼ਸੀਆਂ 5:28.

(3) ਪਤਨੀਓ, ਆਪਣੇ ਪਤੀ ਦਾ ਸਾਥ ਦਿਓ। ਬਾਈਬਲ ਕਹਿੰਦੀ ਹੈ ਕਿ ਪਤਨੀ ਆਪਣੇ ਪਤੀ ਦੀ “ਸਹਾਇਕਣ” ਹੈ। (ਉਤਪਤ 2:18) ਉਸ ਵਿਚ ਅਜਿਹੇ ਗੁਣ ਹਨ ਜੋ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹਨ। ਸਹਾਇਕਣ ਹੋਣ ਦੇ ਨਾਤੇ, ਉਹ ਆਪਣੇ ਪਤੀ ਨਾਲ ਮੁਕਾਬਲੇਬਾਜ਼ੀ ਨਹੀਂ ਕਰਦੀ, ਸਗੋਂ ਪਿਆਰ ਨਾਲ ਉਸ ਦਾ ਸਾਥ ਦੇ ਕੇ ਪਰਿਵਾਰ ਵਿਚ ਸ਼ਾਂਤੀ ਦਾ ਮਾਹੌਲ ਪੈਦਾ ਕਰਦੀ ਹੈ। ਅਫ਼ਸੀਆਂ 5:22 ਕਹਿੰਦਾ ਹੈ: “ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ।” ਪਰ ਫਿਰ ਕੀ ਜੇ ਉਹ ਕਿਸੇ ਮਸਲੇ ਬਾਰੇ ਆਪਣੇ ਪਤੀ ਨਾਲ ਸਹਿਮਤ ਨਹੀਂ ਹੈ? ਉਸ ਨੂੰ ਬਿਨਾਂ ਝਿਜਕੇ ਆਦਰ ਨਾਲ ਆਪਣੀ ਰਾਇ ਦੇਣੀ ਚਾਹੀਦੀ ਹੈ, ਠੀਕ ਜਿਵੇਂ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨਾਲ ਗੱਲ ਕਰੇ।

(4) ਯਾਦ ਰੱਖੋ ਕਿ ਚੁਣੌਤੀਆਂ ਜ਼ਰੂਰ ਆਉਣਗੀਆਂ। ਪਤੀ-ਪਤਨੀ ਦੇ ਰਿਸ਼ਤੇ ਦੀ ਪਰਖ ਉਦੋਂ ਹੋ ਸਕਦੀ ਹੈ ਜਦੋਂ ਉਹ ਇਕ-ਦੂਜੇ ਨੂੰ ਬਿਨਾਂ ਸੋਚੇ-ਸਮਝੇ ਜਾਂ ਕਠੋਰ ਗੱਲਾਂ ਕਹਿੰਦੇ ਹਨ, ਪੈਸੇ ਦੀ ਤੰਗੀ ਆਉਂਦੀ ਹੈ, ਕੋਈ ਗੰਭੀਰ ਬੀਮਾਰੀ ਲੱਗ ਜਾਂਦੀ ਹੈ ਜਾਂ ਬੱਚਿਆਂ ਨੂੰ ਪਾਲ਼ਣ ਵਿਚ ਪਰੇਸ਼ਾਨੀ ਆਉਂਦੀ ਹੈ। ਇਸ ਲਈ ਬਾਈਬਲ ਸਾਫ਼ ਕਹਿੰਦੀ ਹੈ ਕਿ ਜਿਹੜੇ ਲੋਕ ਵਿਆਹ ਕਰਾਉਂਦੇ ਹਨ, “ਉਨ੍ਹਾਂ ਨੂੰ ਜ਼ਿੰਦਗੀ ਵਿਚ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰਥੀਆਂ 7:28) ਪਰ ਇਨ੍ਹਾਂ ਮੁਸੀਬਤਾਂ ਕਾਰਨ ਤੁਹਾਨੂੰ ਆਪਣੇ ਰਿਸ਼ਤੇ ਦੀ ਡੋਰ ਕਮਜ਼ੋਰ ਨਹੀਂ ਪੈਣ ਦੇਣੀ ਚਾਹੀਦੀ। ਹਕੀਕਤ ਤਾਂ ਇਹ ਹੈ ਕਿ ਜੇ ਉਹ ਦੋਵੇਂ ਜਣੇ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਕੋਲ ਪਰਮੇਸ਼ੁਰ ਦੀ ਬੁੱਧ ਹੈ, ਤਾਂ ਉਹ ਲੜਾਈ-ਝਗੜੇ ਦਾ ਕਾਰਨ ਬਣਨ ਵਾਲੀਆਂ ਗੱਲਾਂ ਨੂੰ ਪਹਿਲਾਂ ਹੀ ਸੁਲਝਾ ਸਕਦੇ ਹਨ। ਕੀ ਤੁਹਾਡੇ ਕੋਲ ਅਜਿਹੀ ਬੁੱਧ ਹੈ ਜੋ ਪਰਿਵਾਰ ਵਿਚ ਉੱਠਣ ਵਾਲੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਜ਼ਰੂਰੀ ਹੈ? ਬਾਈਬਲ ਕਹਿੰਦੀ ਹੈ: ‘ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।’—ਯਾਕੂਬ 1:5.

(5) ਇਕ-ਦੂਜੇ ਪ੍ਰਤੀ ਵਫ਼ਾਦਾਰ ਰਹੋ। ਵਿਆਹ ਦਾ ਬੰਧਨ ਕਈ ਗੱਲਾਂ ਕਰਕੇ ਕਮਜ਼ੋਰ ਪੈ ਸਕਦਾ ਹੈ। ਪਰ ਇਸ ਬੰਧਨ ਦੇ ਟੁੱਟਣ ਦਾ ਵੱਡਾ ਖ਼ਤਰਾ ਉਦੋਂ ਹੁੰਦਾ ਹੈ ਜਦੋਂ ਪਤੀ-ਪਤਨੀ ਵਿੱਚੋਂ ਇਕ ਜਣਾ ਕਿਸੇ ਗ਼ੈਰ ਨਾਲ ਜਿਨਸੀ ਸੰਬੰਧ ਰੱਖ ਕੇ ਹਰਾਮਕਾਰੀ ਕਰਦਾ ਹੈ। ਤਲਾਕ ਲੈਣ ਦਾ ਇਹੋ ਇੱਕੋ-ਇਕ ਆਧਾਰ ਹੈ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ। (ਮੱਤੀ 19:9) ਬਾਈਬਲ ਕਹਿੰਦੀ ਹੈ: “ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ ਅਤੇ ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ ਕਿਉਂਕਿ ਹਰਾਮਕਾਰਾਂ ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।” (ਇਬਰਾਨੀਆਂ 13:4) ਕਾਮ-ਵਾਸ਼ਨਾ ਦੀ ਅੱਗ ਨੂੰ ਬੁਝਾਉਣ ਲਈ ਕਿਸੇ ਹੋਰ ਵੱਲ ਤੱਕਣ ਤੋਂ ਬਚਣ ਲਈ ਪਤੀ-ਪਤਨੀ ਕੀ ਕਰ ਸਕਦੇ ਹਨ? ਬਾਈਬਲ ਕਹਿੰਦੀ ਹੈ: “ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ; ਇਸੇ ਤਰ੍ਹਾਂ [ਪਤਨੀ] ਵੀ ਆਪਣੇ ਪਤੀ ਦਾ ਹੱਕ ਪੂਰਾ ਕਰੇ।”—1 ਕੁਰਿੰਥੀਆਂ 7:3, 4.

ਕੁਝ ਲੋਕਾਂ ਨੂੰ ਸ਼ਾਇਦ ਇਹ ਪੰਜ ਖ਼ਾਸ ਗੱਲਾਂ ਅਜੀਬ ਜਾਂ ਪੁਰਾਣੇ ਜ਼ਮਾਨੇ ਦੀਆਂ ਲੱਗਣ। ਪਰ ਇਨ੍ਹਾਂ ਗੱਲਾਂ ’ਤੇ ਚੱਲਣ ਵਾਲਿਆਂ ਨੂੰ ਵਧੀਆ ਨਤੀਜੇ ਮਿਲਦੇ ਹਨ। ਅਸਲ ਵਿਚ ਇਹ ਨਤੀਜੇ ਉਸ ਵਿਅਕਤੀ ਦੇ ਕੰਮਾਂ ਦੇ ਨਤੀਜਿਆਂ ਵਰਗੇ ਹਨ ਜੋ ਜ਼ਿੰਦਗੀ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੀ ਅਗਵਾਈ ਭਾਲਦਾ ਹੈ। ‘ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।’ (ਜ਼ਬੂਰਾਂ ਦੀ ਪੋਥੀ 1:2, 3) ਜੀ ਹਾਂ, ਅਜਿਹਾ ਇਨਸਾਨ ਆਪਣੇ ਵਿਆਹ ਦੇ ਬੰਧਨ ਨੂੰ ਅਟੁੱਟ ਬਣਾਉਣ ਵਿਚ ਵੀ ਸਫ਼ਲ ਹੁੰਦਾ ਹੈ। (g11-E 11)

[ਫੁਟਨੋਟ]

^ ਪੈਰਾ 6 ਵਿਆਹ ਬਾਰੇ ਹੋਰ ਜਾਣਕਾਰੀ ਲਈ ਜੁਲਾਈ-ਸਤੰਬਰ 2011 ਦਾ ਪਹਿਰਾਬੁਰਜ ਰਸਾਲਾ ਦੇਖੋ।

ਕੀ ਤੁਸੀਂ ਕਦੇ ਸੋਚਿਆ ਹੈ?

● ਤਲਾਕ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?—ਮਲਾਕੀ 2:14-16.

● ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?—ਅਫ਼ਸੀਆਂ 5:23, 28.

● ਕਿਸ ਦੀ ਬੁੱਧ ਨਾਲ ਵਿਆਹ ਦਾ ਬੰਧਨ ਅਟੁੱਟ ਬਣਦਾ ਹੈ?—ਜ਼ਬੂਰਾਂ ਦੀ ਪੋਥੀ 1:2, 3.