Skip to content

Skip to table of contents

ਚਿੰਤਾ ਦੇ ਰੋਗੀਆਂ ਦੀ ਕਿਵੇਂ ਮਦਦ ਕਰੀਏ

ਚਿੰਤਾ ਦੇ ਰੋਗੀਆਂ ਦੀ ਕਿਵੇਂ ਮਦਦ ਕਰੀਏ

ਚਿੰਤਾ ਦੇ ਰੋਗੀਆਂ ਦੀ ਕਿਵੇਂ ਮਦਦ ਕਰੀਏ

“ਅਕਸਰ ਮੇਰੇ ਦਿਲ ਦੀ ਧੜਕਣ ਬਹੁਤ ਵਧ ਜਾਂਦੀ ਹੈ ਤੇ ਮੈਨੂੰ ਕੱਚੀਆਂ ਤ੍ਰੇਲ਼ੀਆਂ ਆਉਂਦੀਆਂ ਹਨ ਅਤੇ ਔਖਾ-ਔਖਾ ਸਾਹ ਆਉਣ ਲੱਗਦਾ ਹੈ। ਮੇਰੇ ’ਤੇ ਡਰ ਅਤੇ ਚਿੰਤਾ ਹਾਵੀ ਹੋ ਜਾਂਦੀ ਹੈ ਤੇ ਮੈਨੂੰ ਕੁਝ ਨਹੀਂ ਸੁੱਝਦਾ।”—ਚਾਲੀ ਕੁ ਸਾਲਾਂ ਦੀ ਪੈਨਿਕ ਡਿਸਆਰਡਰ ਨਾਲ ਪੀੜਿਤ ਇਜ਼ਾਬੇਲਾ।

ਚਿੰਤਾ ਕਰਨ ਵਾਲਾ ਬੰਦਾ “ਘਬਰਾ ਜਾਂਦਾ ਹੈ ਜਾਂ ਫ਼ਿਕਰ ਕਰਨ ਲੱਗ ਪੈਂਦਾ ਹੈ।” ਮਿਸਾਲ ਲਈ, ਕੀ ਤੁਹਾਨੂੰ ਕਦੇ ਘਬਰਾਹਟ ਹੋਈ ਹੈ ਜਦੋਂ ਤੁਹਾਡਾ ਅਜਿਹੇ ਕੁੱਤੇ ਨਾਲ ਸਾਮ੍ਹਣਾ ਹੁੰਦਾ ਹੈ ਜੋ ਵੱਢਣ ਨੂੰ ਪੈਂਦਾ ਹੈ? ਉਦੋਂ ਕੀ ਹੁੰਦਾ ਹੈ ਜਦੋਂ ਕੁੱਤਾ ਚਲਾ ਜਾਂਦਾ ਹੈ? ਤੁਹਾਡੀ ਘਬਰਾਹਟ ਤੇ ਚਿੰਤਾ ਗਾਇਬ ਹੋ ਜਾਂਦੀ ਹੈ, ਹੈ ਨਾ? ਪਰ ਇਹ ਚਿੰਤਾ ਰੋਗ ਵਿਚ ਕਦੋਂ ਬਦਲ ਜਾਂਦੀ ਹੈ?

ਜਦੋਂ ਤੁਸੀਂ ਲਗਾਤਾਰ ਚਿੰਤਾ ਵਿਚ ਡੁੱਬੇ ਰਹਿੰਦੇ ਹੋ, ਉਦੋਂ ਵੀ ਜਦੋਂ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੁੰਦਾ, ਤਾਂ ਇਹ ਚਿੰਤਾ ਰੋਗ ਬਣ ਜਾਂਦਾ ਹੈ। ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਅਨੁਸਾਰ ‘ਚਿੰਤਾ ਦੇ ਰੋਗ ਨਾਲ ਹਰ ਸਾਲ ਲਗਭਗ ਚਾਰ ਕਰੋੜ ਅਮਰੀਕੀ ਲੋਕ ਪੀੜਿਤ ਹੁੰਦੇ ਹਨ ਜਿਨ੍ਹਾਂ ਦੀ ਉਮਰ 18 ਸਾਲ ਤੇ ਇਸ ਤੋਂ ਉੱਪਰ ਹੈ।’ ਸ਼ੁਰੂ ਵਿਚ ਜ਼ਿਕਰ ਕੀਤੀ ਗਈ ਇਜ਼ਾਬੇਲਾ ਦੀ ਉਦਾਹਰਣ ’ਤੇ ਗੌਰ ਕਰੋ ਜੋ ਹਮੇਸ਼ਾ ਚਿੰਤਾ ਵਿਚ ਡੁੱਬੀ ਰਹਿੰਦੀ ਹੈ। ਇਸ ਤਰ੍ਹਾਂ ਦੀ ਚਿੰਤਾ ਦਾ ਰੋਗੀਆਂ ’ਤੇ ਗੰਭੀਰ ਅਸਰ ਪੈ ਸਕਦਾ ਹੈ।

ਸਿਰਫ਼ ਇਹੀ ਨਹੀਂ, ਸਗੋਂ ਉਸ ਦੇ ਪਰਿਵਾਰ ਦੇ ਮੈਂਬਰਾਂ ’ਤੇ ਵੀ ਬੁਰਾ ਅਸਰ ਪੈ ਸਕਦਾ ਹੈ। ਪਰ ਫਿਰ ਵੀ ਖ਼ੁਸ਼ ਹੋਣ ਦਾ ਕਾਰਨ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਦੀ ਇਕ ਪੁਸਤਿਕਾ ਨੇ ਕਿਹਾ: “ਚਿੰਤਾ ਦੇ ਰੋਗ ਦਾ ਇਲਾਜ ਕਰਨ ਦੀਆਂ ਅਸਰਦਾਰ ਥੈਰੇਪੀਆਂ ਉਪਲਬਧ ਹਨ। ਨਾਲੇ ਖੋਜ ਕਰਨ ਦੁਆਰਾ ਇਲਾਜ ਕਰਨ ਦੇ ਨਵੇਂ-ਨਵੇਂ ਤਰੀਕੇ ਪਤਾ ਲੱਗ ਰਹੇ ਹਨ ਜਿਨ੍ਹਾਂ ਦੀ ਮਦਦ ਨਾਲ ਚਿੰਤਾ ਦੇ ਜ਼ਿਆਦਾਤਰ ਰੋਗੀ ਆਮ ਲੋਕਾਂ ਵਾਂਗ ਕੰਮ-ਕਾਜ ਕਰ ਸਕਦੇ ਹਨ।”

ਪਰਿਵਾਰ ਅਤੇ ਦੋਸਤ ਵੀ ਚਿੰਤਾ ਦੇ ਰੋਗੀਆਂ ਦੀ ਮਦਦ ਕਰ ਸਕਦੇ ਹਨ। ਕਿਵੇਂ?

ਤੁਸੀਂ ਕਿਵੇਂ ਮਦਦ ਕਰ ਸਕਦੇ ਹੋ

ਉਨ੍ਹਾਂ ਦਾ ਸਾਥ ਦਿਓ: ਮੋਨਿਕਾ ਜਨਰਲ ਐਂਗਜ਼ਾਇਟੀ ਡਿਸਆਰਡਰ ਅਤੇ ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ ਨਾਲ ਪੀੜਿਤ ਹੈ। ਉਹ ਆਪਣੀ ਇਕ ਮੁਸ਼ਕਲ ਬਾਰੇ ਦੱਸਦੀ ਹੈ: “ਜ਼ਿਆਦਾਤਰ ਲੋਕ ਮੇਰੇ ਜਜ਼ਬਾਤਾਂ ਨੂੰ ਸਮਝ ਨਹੀਂ ਪਾਉਂਦੇ।”

ਨਤੀਜੇ ਵਜੋਂ, ਚਿੰਤਾ ਦੇ ਰੋਗ ਦੇ ਮਰੀਜ਼ਾਂ ਨੂੰ ਅਕਸਰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਦੂਜੇ ਉਸ ਨੂੰ ਗ਼ਲਤ ਸਮਝਣਗੇ, ਇਸ ਲਈ ਉਹ ਦੂਜਿਆਂ ਨੂੰ ਆਪਣੀ ਸਮੱਸਿਆ ਬਾਰੇ ਦੱਸਦੇ ਨਹੀਂ। ਇਸ ਕਾਰਨ ਉਹ ਦੋਸ਼-ਭਾਵਨਾ ਦੇ ਸ਼ਿਕਾਰ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਹਾਲਤ ਹੋਰ ਵੀ ਵਿਗੜ ਸਕਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਅਤੇ ਦੋਸਤ ਉਸ ਦਾ ਸਾਥ ਦੇਣ।

ਇਸ ਰੋਗ ਬਾਰੇ ਹੋਰ ਸਿੱਖੋ: ਸ਼ਾਇਦ ਇਹ ਸੁਝਾਅ ਖ਼ਾਸ ਕਰਕੇ ਉਨ੍ਹਾਂ ਲਈ ਢੁਕਵਾਂ ਹੋਵੇ ਜੋ ਰੋਗੀ ਦੇ ਜ਼ਿਆਦਾ ਨਜ਼ਦੀਕ ਹਨ। ਇਹ ਉਸ ਦੇ ਕੋਈ ਪਰਿਵਾਰ ਦਾ ਮੈਂਬਰ ਜਾਂ ਕਰੀਬੀ ਦੋਸਤ ਹੋ ਸਕਦਾ ਹੈ।

ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ: ਪਹਿਲੀ ਸਦੀ ਵਿਚ ਪੌਲੁਸ ਨਾਂ ਦੇ ਇਕ ਮਿਸ਼ਨਰੀ ਨੇ ਥੱਸਲੁਨੀਕਾ ਨਾਂ ਦੇ ਯੂਨਾਨੀ ਸ਼ਹਿਰ ਵਿਚ ਆਪਣੇ ਦੋਸਤਾਂ ਨੂੰ ਤਾਕੀਦ ਕੀਤੀ ਸੀ: “ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ।” (1 ਥੱਸਲੁਨੀਕੀਆਂ 5:11) ਇਹ ਅਸੀਂ ਆਪਣੀਆਂ ਗੱਲਾਂ ਤੇ ਬੋਲਣ ਦੇ ਲਹਿਜੇ ਨਾਲ ਕਰ ਸਕਦੇ ਹਾਂ। ਸਾਨੂੰ ਦਿਖਾਉਣ ਦੀ ਲੋੜ ਹੈ ਕਿ ਅਸੀਂ ਆਪਣੇ ਦੋਸਤਾਂ ਦੀ ਕਿੰਨੀ ਪਰਵਾਹ ਕਰਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਜਿਸ ਕਾਰਨ ਉਨ੍ਹਾਂ ਨੂੰ ਠੇਸ ਪਹੁੰਚੇ।

ਬਾਈਬਲ ਵਿਚ ਅੱਯੂਬ ਨਾਂ ਦੀ ਕਿਤਾਬ ਵਿਚ ਜ਼ਿਕਰ ਕੀਤੇ ਗਏ ਅੱਯੂਬ ਦੇ ਤਿੰਨ ਢੌਂਗੀ ਦੋਸਤਾਂ ਬਾਰੇ ਸੋਚੋ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਉਨ੍ਹਾਂ ਨੇ ਅੱਯੂਬ ’ਤੇ ਝੂਠਾ ਦੋਸ਼ ਲਾਇਆ ਸੀ ਕਿ ਉਹ ਆਪਣੇ ਪਾਪ ਲੁਕੋ ਰਿਹਾ ਸੀ ਜਿਸ ਕਰਕੇ ਉਸ ਉੱਤੇ ਦੁੱਖ ਆਏ ਸਨ।

ਤਾਂ ਫਿਰ ਚਿੰਤਾ ਦੇ ਰੋਗੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੋ। ਉਨ੍ਹਾਂ ਦੀ ਹਾਲਤ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰੋ ਨਾ ਕਿ ਆਪਣੇ। ਉਨ੍ਹਾਂ ਦੀ ਗੱਲ ਸੁਣਦੇ ਸਮੇਂ ਝੱਟ ਉਨ੍ਹਾਂ ਦੀਆਂ ਪਰੇਸ਼ਾਨੀਆਂ ਦੀ ਵਜ੍ਹਾ ਦੱਸਣ ਦੀ ਗ਼ਲਤੀ ਨਾ ਕਰੋ। ਅੱਯੂਬ ਦੇ ਢੌਂਗੀ ਦੋਸਤਾਂ ਨੇ ਇਸੇ ਤਰ੍ਹਾਂ ਕੀਤਾ ਸੀ ਜਿਸ ਕਰਕੇ ਉਨ੍ਹਾਂ ਨੂੰ “ਦੁਖ ਦਾਇਕ ਤਸੱਲੀ ਦੇਣ ਵਾਲੇ” ਕਿਹਾ ਗਿਆ ਸੀ। ਅਸਲ ਵਿਚ ਉਨ੍ਹਾਂ ਨੇ ਅੱਯੂਬ ਦਾ ਦੁੱਖ ਹੋਰ ਵੀ ਵਧਾ ਦਿੱਤਾ ਸੀ!—ਅੱਯੂਬ 16:2.

ਯਾਦ ਰੱਖੋ ਕਿ ਸਾਨੂੰ ਚਿੰਤਾ ਦੇ ਰੋਗੀ ਨੂੰ ਦਿਲ ਖੋਲ੍ਹ ਕੇ ਗੱਲ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਬਿਹਤਰ ਤਰੀਕੇ ਨਾਲ ਸਮਝ ਸਕੋਗੇ ਕਿ ਉਹ ਕਿਨ੍ਹਾਂ ਹਾਲਾਤਾਂ ਵਿੱਚੋਂ ਦੀ ਗੁਜ਼ਰ ਰਹੇ ਹਨ। ਨਾਲੇ ਇਸ ਦੇ ਫ਼ਾਇਦੇ ਬਾਰੇ ਸੋਚੋ! ਤੁਸੀਂ ਚਿੰਤਾ ਦੇ ਰੋਗੀਆਂ ਦੀ ਆਮ ਲੋਕਾਂ ਵਾਂਗ ਜ਼ਿੰਦਗੀ ਜੀਉਣ ਵਿਚ ਮਦਦ ਕਰ ਸਕਦੇ ਹੋ। (g12-E 03)

[ਸਫ਼ਾ 25 ਉੱਤੇ ਡੱਬੀ/ਤਸਵੀਰ]

ਚਿੰਤਾ ਦੇ ਵੱਖੋ-ਵੱਖਰੇ ਰੋਗਾਂ ਦੀ ਪਛਾਣ ਕਰੋ

ਚਿੰਤਾ ਦੇ ਰੋਗਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਖ਼ਾਸਕਰ ਜੇ ਚਿੰਤਾ ਦੇ ਰੋਗੀ ਤੁਹਾਡੇ ਆਪਣੇ ਪਰਿਵਾਰ ਦੇ ਜੀਅ ਜਾਂ ਕਰੀਬੀ ਦੋਸਤ ਹੋਣ। ਚਿੰਤਾ ਦੇ ਰੋਗਾਂ ਦੀਆਂ ਪੰਜ ਕਿਸਮਾਂ ’ਤੇ ਗੌਰ ਕਰੋ।

ਪੈਨਿਕ ਡਿਸਆਰਡਰ: ਇਸ ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੀ ਗਈ ਇਜ਼ਾਬੇਲਾ ਨੂੰ ਯਾਦ ਕਰੋ। ਉਸ ਲਈ ਸਿਰਫ਼ ਚਿੰਤਾ ਦੇ ਦੌਰੇ ਹੀ ਰੁਕਾਵਟ ਨਹੀਂ ਬਣਦੇ, ਸਗੋਂ ਉਹ ਦੱਸਦੀ ਹੈ: “ਦੌਰਾ ਪੈਣ ਤੋਂ ਬਾਅਦ ਮੈਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਮੈਨੂੰ ਫਿਰ ਦੌਰਾ ਪੈ ਜਾਵੇਗਾ।” ਨਤੀਜੇ ਵਜੋਂ, ਰੋਗੀਆਂ ਦਾ ਅਕਸਰ ਇਹ ਝੁਕਾਅ ਹੁੰਦਾ ਹੈ ਕਿ ਉਹ ਉਨ੍ਹਾਂ ਥਾਵਾਂ ਤੋਂ ਦੂਰ ਰਹਿੰਦੇ ਹਨ ਜਿੱਥੇ ਉਨ੍ਹਾਂ ਨੂੰ ਦੌਰਾ ਪਿਆ ਸੀ। ਕਈ ਤਾਂ ਇੰਨਾ ਡਰਨ ਲੱਗ ਪੈਂਦੇ ਹਨ ਕਿ ਉਹ ਘਰੋਂ ਬਾਹਰ ਪੈਰ ਵੀ ਨਹੀਂ ਰੱਖਦੇ ਜਾਂ ਸਿਰਫ਼ ਉਦੋਂ ਹੀ ਕੁਝ ਕਰਦੇ ਹਨ ਜਦੋਂ ਉਨ੍ਹਾਂ ਦੇ ਨਾਲ ਕੋਈ ਹੋਰ ਹੁੰਦਾ ਹੈ ਜਿਸ ’ਤੇ ਉਹ ਭਰੋਸਾ ਕਰਦੇ ਹਨ। ਇਜ਼ਾਬੇਲਾ ਸਮਝਾਉਂਦੀ ਹੈ: “ਇਕੱਲੀ ਹੋਣ ਨਾਲ ਹੀ ਮੈਨੂੰ ਦੌਰਾ ਪੈ ਜਾਂਦਾ ਹੈ। ਜਦੋਂ ਮੇਰੀ ਮਾਂ ਮੇਰੇ ਨਾਲ ਹੁੰਦੀ ਹੈ, ਤਾਂ ਮੈਨੂੰ ਡਰ ਨਹੀਂ ਲੱਗਦਾ, ਪਰ ਜੇ ਉਹ ਮੇਰੇ ਨਾਲ ਨਾ ਹੋਵੇ, ਤਾਂ ਮੈਂ ਇਕਦਮ ਘਬਰਾ ਜਾਂਦੀ ਹਾਂ।”

ਉਬਸੈਸਿਵ-ਕੰਪਲਸਿਵ ਡਿਸਆਰਡਰ: ਜਿਸ ਇਨਸਾਨ ਨੂੰ ਜੀਵਾਣੂਆਂ ਜਾਂ ਗੰਦਗੀ ਤੋਂ ਨਫ਼ਰਤ ਹੁੰਦੀ ਹੈ, ਉਹ ਵਾਰ-ਵਾਰ ਆਪਣੇ ਹੱਥ ਧੋਂਦਾ ਰਹਿੰਦਾ ਹੈ। ਇਸੇ ਤਰ੍ਹਾਂ ਦੀ ਬੀਮਾਰੀ ਤੋਂ ਪੀੜਿਤ ਰੇਨਾਨ ਕਹਿੰਦਾ ਹੈ: “ਮੇਰੇ ਮਨ ਵਿਚ ਹਲਚਲ ਮਚੀ ਰਹਿੰਦੀ ਹੈ ਕਿਉਂਕਿ ਮੈਂ ਆਪਣੀਆਂ ਪਿਛਲੀਆਂ ਗ਼ਲਤੀਆਂ ਬਾਰੇ ਸੋਚਦਾ ਰਹਿੰਦਾ ਹਾਂ। ਮੈਂ ਵਾਰ-ਵਾਰ ਇਹ ਵਿਚਾਰ ਕਰਦਾ ਰਹਿੰਦਾ ਹਾਂ ਕਿ ਇਹ ਗ਼ਲਤੀ ਮੈਥੋਂ ਕਿਵੇਂ ਅਤੇ ਕਿਉਂ ਹੋਈ, ਮੈਂ ਉਸ ਵੇਲੇ ਕੀ ਕਰ ਸਕਦਾ ਸੀ ਜਾਂ ਕੀ ਨਹੀਂ ਕਰ ਸਕਦਾ ਸੀ।” ਇਸ ਤਰ੍ਹਾਂ ਦੇ ਰੋਗੀ ਦੂਜਿਆਂ ਅੱਗੇ ਵਾਰ-ਵਾਰ ਆਪਣੀਆਂ ਗ਼ਲਤੀਆਂ ਮੰਨਣ ਦਾ ਝੁਕਾਅ ਰੱਖਦੇ ਹਨ। ਰੇਨਾਨ ਨੂੰ ਵਾਰ-ਵਾਰ ਭਰੋਸਾ ਦਿਵਾਉਣ ਦੀ ਲੋੜ ਪੈਂਦੀ ਹੈ। ਪਰ ਦਵਾਈਆਂ ਦੀ ਮਦਦ ਨਾਲ ਉਹ ਕੁਝ ਹੱਦ ਤਕ ਆਪਣੇ ਇਸ ਝੁਕਾਅ ’ਤੇ ਕੰਟ੍ਰੋਲ ਕਰ ਸਕਿਆ ਹੈ। *

ਪੋਸਟ ਟ੍ਰਾਮੇਟਿਕ ਸਟ੍ਰੈਸ ਡਿਸਆਰਡਰ: (ਪੀ. ਟੀ. ਐੱਸ. ਡੀ.) ਹਾਲ ਹੀ ਦੇ ਸਮਿਆਂ ਵਿਚ ਮਾਨਸਿਕ ਬੀਮਾਰੀਆਂ ਦੇ ਵੱਖੋ-ਵੱਖਰੇ ਲੱਛਣਾਂ ਬਾਰੇ ਸਮਝਾਉਣ ਲਈ ਇਹ ਸ਼ਬਦ ਵਰਤੇ ਗਏ ਹਨ। ਇਸ ਰੋਗ ਦੇ ਮਰੀਜ਼ਾਂ ਨੂੰ ਕੋਈ ਘਟਨਾ ਵਾਪਰਨ ਤੋਂ ਬਾਅਦ ਬਹੁਤ ਵੱਡਾ ਸਦਮਾ ਲੱਗਦਾ ਹੈ। ਇਸ ਘਟਨਾ ਦੌਰਾਨ ਉਨ੍ਹਾਂ ਨੂੰ ਜਾਂ ਕੋਈ ਸੱਟ ਲੱਗੀ ਹੋਣੀ ਜਾਂ ਲੱਗਣ ਦਾ ਖ਼ਤਰਾ ਹੋਣਾ। ਪੀ. ਟੀ. ਐੱਸ. ਡੀ. ਦੇ ਰੋਗੀ ਸ਼ਾਇਦ ਜਲਦੀ ਘਬਰਾ ਜਾਣ, ਚਿੜਚਿੜੇ ਹੋ ਜਾਣ, ਸੁੰਨ ਹੋ ਜਾਣ, ਉਨ੍ਹਾਂ ਕੰਮਾਂ ਵਿਚ ਕੋਈ ਰੁਚੀ ਨਾ ਰੱਖਣ ਜੋ ਉਹ ਪਹਿਲਾਂ ਕਰਨੇ ਪਸੰਦ ਕਰਦੇ ਸਨ ਅਤੇ ਉਨ੍ਹਾਂ ਨੂੰ ਸ਼ਾਇਦ ਦੂਜਿਆਂ ਲਈ ਪਿਆਰ ਜ਼ਾਹਰ ਕਰਨਾ ਮੁਸ਼ਕਲ ਲੱਗੇ, ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੇ ਉਹ ਕਰੀਬ ਹੁੰਦੇ ਸਨ। ਕੁਝ ਝਗੜਾਲੂ ਜਾਂ ਹਿੰਸਕ ਬਣ ਜਾਂਦੇ ਹਨ ਅਤੇ ਉਨ੍ਹਾਂ ਸਥਿਤੀਆਂ ਤੋਂ ਦੂਰ ਰਹਿੰਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਉਹ ਘਟਨਾ ਯਾਦ ਆਉਂਦੀ ਹੈ ਜਿਸ ਕਰਕੇ ਉਨ੍ਹਾਂ ਨੂੰ ਸਦਮਾ ਪਹੁੰਚਿਆ ਸੀ।

ਸੋਸ਼ਲ ਫੋਬੀਆ ਜਾਂ ਸੋਸ਼ਲ ਐਂਗਜ਼ਾਇਟੀ ਡਿਸਆਰਡਰ: ਜਿਨ੍ਹਾਂ ਲੋਕਾਂ ਨੂੰ ਇਹ ਰੋਗ ਹੈ, ਉਹ ਬੇਹੱਦ ਚਿੰਤਾ ਕਰਦੇ ਹਨ ਅਤੇ ਹਰ ਰੋਜ਼ ਉਨ੍ਹਾਂ ਨੂੰ ਇਹੀ ਫ਼ਿਕਰ ਰਹਿੰਦਾ ਹੈ ਕਿ ਜੇ ਉਹ ਲੋਕਾਂ ਨਾਲ ਮਿਲਣ-ਗਿਲਣਗੇ, ਤਾਂ ਉਹ ਉਨ੍ਹਾਂ ਬਾਰੇ ਕੀ ਸੋਚਣਗੇ। ਕੁਝ ਰੋਗੀਆਂ ਨੂੰ ਇਹੀ ਡਰ ਰਹਿੰਦਾ ਹੈ ਕਿ ਲੋਕ ਉਨ੍ਹਾਂ ਵੱਲ ਦੇਖ ਰਹੇ ਹਨ ਅਤੇ ਉਨ੍ਹਾਂ ਵਿਚ ਨੁਕਸ ਕੱਢ ਰਹੇ ਹਨ। ਕਿਸੇ ਮੌਕੇ ਤੇ ਜਾਣ ਤੋਂ ਪਹਿਲਾਂ ਉਹ ਸ਼ਾਇਦ ਉਸ ਬਾਰੇ ਕਈ ਦਿਨਾਂ ਜਾਂ ਹਫ਼ਤਿਆਂ ਤਕ ਫ਼ਿਕਰ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਡਰ ਸ਼ਾਇਦ ਇੰਨਾ ਵਧ ਜਾਵੇ ਕਿ ਇਹ ਉਨ੍ਹਾਂ ਦੇ ਕੰਮ ਤੇ ਜਾਂ ਸਕੂਲ ਜਾਣ ਵਿਚ ਜਾਂ ਹੋਰ ਕੋਈ ਆਮ ਕੰਮ-ਕਾਜ ਕਰਨ ਵਿਚ ਰੁਕਾਵਟ ਬਣ ਸਕਦਾ ਹੈ। ਇਸ ਡਰ ਕਰਕੇ ਉਨ੍ਹਾਂ ਨੂੰ ਦੋਸਤ ਬਣਾਉਣ ਅਤੇ ਬਣਾਈ ਰੱਖਣ ਵਿਚ ਵੀ ਮੁਸ਼ਕਲ ਹੁੰਦੀ ਹੈ।

ਜਨਰਲ ਐਂਗਜ਼ਾਇਟੀ ਡਿਸਆਰਡਰ: ਲੇਖ ਵਿਚ ਜ਼ਿਕਰ ਕੀਤੀ ਮੋਨਿਕਾ ਇਸ ਰੋਗ ਤੋਂ ਪੀੜਿਤ ਹੈ। ਉਹ ਸਾਰਾ ਦਿਨ ਚਿੰਤਾਵਾਂ ਵਿਚ ਡੁੱਬੀ ਰਹਿੰਦੀ ਹੈ ਭਾਵੇਂ ਚਿੰਤਾ ਕਰਨ ਦਾ ਕੋਈ ਕਾਰਨ ਨਾ ਵੀ ਹੋਵੇ। ਇਸ ਚਿੰਤਾ ਦੇ ਰੋਗੀ ਅਕਸਰ ਕੁਝ ਬੁਰਾ ਵਾਪਰਨ ਦਾ ਅੰਦਾਜ਼ਾ ਲਾਉਂਦੇ ਹਨ ਅਤੇ ਉਨ੍ਹਾਂ ਨੂੰ ਸਿਹਤ, ਪੈਸੇ, ਪਰਿਵਾਰ ਦੀਆਂ ਸਮੱਸਿਆਵਾਂ ਜਾਂ ਕੰਮ ਤੇ ਆਉਂਦੀਆਂ ਮੁਸ਼ਕਲਾਂ ਬਾਰੇ ਬਹੁਤ ਜ਼ਿਆਦਾ ਫ਼ਿਕਰ ਰਹਿੰਦਾ ਹੈ। ਸਿਰਫ਼ ਇਹੀ ਖ਼ਿਆਲ ਉਨ੍ਹਾਂ ਨੂੰ ਚਿੰਤਾ ਵਿਚ ਪਾ ਦਿੰਦਾ ਹੈ ਕਿ ਉਨ੍ਹਾਂ ਦਾ ਦਿਨ ਕਿਸ ਤਰ੍ਹਾਂ ਲੰਘੇਗਾ। *

[ਫੁਟਨੋਟ]

^ ਪੈਰਾ 19 ਜਾਗਰੂਕ ਬਣੋ! ਰਸਾਲਾ ਇਹ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੋ ਜਿਹਾ ਇਲਾਜ ਕਰਾਉਣਾ ਚਾਹੀਦਾ ਹੈ।

^ ਪੈਰਾ 22 ਉੱਪਰ ਦਿੱਤੀ ਜਾਣਕਾਰੀ ਯੂ. ਐੱਸ. ਡਿਪਾਰਟਮੈਂਟ ਆਫ਼ ਹੈਲਥ ਐਂਡ ਹਿਊਮਨ ਸਰਵਿਸਿਸ ਦੀ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਪੁਸਤਿਕਾ ਉੱਤੇ ਆਧਾਰਿਤ ਹੈ।

[ਸਫ਼ਾ 24 ਉੱਤੇ ਤਸਵੀਰ]

“ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ”