Skip to content

Skip to table of contents

ਸ਼ੂਗਰ​—⁠ਕੀ ਤੁਸੀਂ ਇਸ ਦੇ ਖ਼ਤਰੇ ਨੂੰ ਘਟਾ ਸਕਦੇ ਹੋ?

ਸ਼ੂਗਰ​—⁠ਕੀ ਤੁਸੀਂ ਇਸ ਦੇ ਖ਼ਤਰੇ ਨੂੰ ਘਟਾ ਸਕਦੇ ਹੋ?

ਸ਼ੂਗਰ ਦੀ ਬੀਮਾਰੀ ਦੁਨੀਆਂ ਭਰ ਵਿਚ ਇੰਨੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਕਿ ਇਸ ਨੇ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ। ਸ਼ੂਗਰ ਦੀਆਂ ਦੋ ਮੁੱਖ ਕਿਸਮਾਂ ਹੁੰਦੀਆਂ ਹਨ। ਟਾਈਪ 1 ਆਮ ਤੌਰ ਤੇ ਬਚਪਨ ਵਿਚ ਹੁੰਦੀ ਹੈ ਅਤੇ ਡਾਕਟਰਾਂ ਨੂੰ ਅਜੇ ਪਤਾ ਨਹੀਂ ਹੈ ਕਿ ਬੱਚਿਆਂ ਨੂੰ ਇਸ ਬੀਮਾਰੀ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਟਾਈਪ 2 ਆਮ ਤੌਰ ਤੇ 90 ਪ੍ਰਤਿਸ਼ਤ ਮਰੀਜ਼ਾਂ ਨੂੰ ਹੁੰਦੀ ਹੈ। ਇਸ ਲੇਖ ਵਿਚ ਟਾਈਪ 2 ਸ਼ੂਗਰ ਬਾਰੇ ਗੱਲ ਕੀਤੀ ਗਈ ਹੈ।

ਭਾਵੇਂ ਬੀਤੇ ਸਮੇਂ ਵਿਚ ਟਾਈਪ 2 ਸ਼ੂਗਰ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਸੀ, ਪਰ ਹੁਣ ਇਹ ਬੱਚਿਆਂ ਨੂੰ ਵੀ ਹੋ ਰਹੀ ਹੈ। ਮਾਹਰ ਕਹਿੰਦੇ ਹਨ ਕਿ ਸ਼ੂਗਰ ਹੋਣ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ। ਇਸ ਬੀਮਾਰੀ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਲੈਣੀ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗੀ। *

ਸ਼ੂਗਰ ਦੀ ਬੀਮਾਰੀ ਕੀ ਹੈ?

ਜਿਸ ਵਿਅਕਤੀ ਨੂੰ ਸ਼ੂਗਰ ਹੁੰਦੀ ਹੈ, ਉਸ ਦੇ ਖ਼ੂਨ ਵਿਚ ਖੰਡ ਦੀ ਮਾਤਰਾ ਜ਼ਰੂਰਤ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਆਮ ਤੌਰ ਤੇ ਖ਼ੂਨ ਵਿਚਲੀ ਖੰਡ ਸੈੱਲਾਂ ਵਿਚ ਚਲੀ ਜਾਂਦੀ ਹੈ ਜਿਸ ਨੂੰ ਸੈੱਲ ਊਰਜਾ ਦੇ ਤੌਰ ਤੇ ਇਸਤੇਮਾਲ ਕਰਦੇ ਹਨ, ਪਰ ਸ਼ੂਗਰ ਹੋਣ ਕਰਕੇ ਖੰਡ ਸੈੱਲਾਂ ਵਿਚ ਨਹੀਂ ਜਾਂਦੀ। ਇਸ ਕਰਕੇ ਸਰੀਰ ਦੇ ਜ਼ਰੂਰੀ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਸਰੀਰ ਵਿਚ ਖ਼ੂਨ ਦਾ ਦੌਰਾ ਸਹੀ ਤਰੀਕੇ ਨਾਲ ਨਹੀਂ ਹੁੰਦਾ। ਨਤੀਜੇ ਵਜੋਂ, ਕਈ ਵਾਰੀ ਪੈਰ ਜਾਂ ਪੈਰਾਂ ਦੀਆਂ ਉਂਗਲਾਂ ਕੱਟਣੀਆਂ ਪੈਂਦੀਆਂ ਹਨ, ਅੱਖਾਂ ਅੰਨ੍ਹੀਆਂ ਹੋ ਜਾਂਦੀਆਂ ਹਨ ਤੇ ਗੁਰਦੇ ਖ਼ਰਾਬ ਹੋ ਜਾਂਦੇ ਹਨ। ਸ਼ੂਗਰ ਦੇ ਬਹੁਤ ਸਾਰੇ ਮਰੀਜ਼ ਦਿਲ ਦੇ ਦੌਰੇ ਜਾਂ ਸਟ੍ਰੋਕ ਨਾਲ ਮਰਦੇ ਹਨ।

ਟਾਈਪ 2 ਸ਼ੂਗਰ ਹੋਣ ਦਾ ਮੁੱਖ ਕਾਰਨ ਸਰੀਰ ਵਿਚ ਬਹੁਤ ਜ਼ਿਆਦਾ ਚਰਬੀ ਹੋਣਾ ਹੈ। ਮਾਹਰ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਦੇ ਢਿੱਡ ਵਿਚ ਅਤੇ ਲੱਕ ਦੁਆਲੇ ਚਰਬੀ ਇਕੱਠੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਸ਼ੂਗਰ ਹੋਣ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਖ਼ਾਸ ਤੌਰ ਤੇ ਪੈਨਕ੍ਰੀਅਸ ਅਤੇ ਜਿਗਰ ਵਿਚ ਇਕੱਠੀ ਹੋਈ ਚਰਬੀ ਕਰਕੇ ਸਰੀਰ ਖ਼ੂਨ ਵਿਚਲੀ ਖੰਡ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਪਾਉਂਦਾ। ਸ਼ੂਗਰ ਹੋਣ ਦੇ ਖ਼ਤਰੇ ਨੂੰ ਘਟਾਉਣ ਲਈ ਤੁਸੀਂ ਕੀ ਕਰ ਸਕਦੇ ਹੋ?

ਇਨ੍ਹਾਂ ਤਿੰਨ ਸੁਝਾਵਾਂ ਦੀ ਮਦਦ ਨਾਲ ਸ਼ੂਗਰ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ

1. ਟੈੱਸਟ ਕਰਾਓ ਕਿ ਤੁਹਾਡੇ ਖ਼ੂਨ ਵਿਚ ਖੰਡ (ਬਲੱਡ ਸ਼ੂਗਰ) ਦੀ ਕਿੰਨੀ ਮਾਤਰਾ ਹੈ। ਕਈ ਲੋਕਾਂ ਨੂੰ ਸ਼ੂਗਰ ਤਾਂ ਨਹੀਂ ਹੁੰਦੀ, ਪਰ ਉਨ੍ਹਾਂ ਦੇ ਖ਼ੂਨ ਵਿਚ ਖੰਡ ਦੀ ਮਾਤਰਾ ਜ਼ਰੂਰਤ ਨਾਲੋਂ ਥੋੜ੍ਹੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਅਕਸਰ ਟਾਈਪ 2 ਸ਼ੂਗਰ ਹੋ ਜਾਂਦੀ ਹੈ। ਟਾਈਪ 2 ਸ਼ੂਗਰ ਨੂੰ ਕੰਟ੍ਰੋਲ ਕੀਤਾ ਜਾ ਸਕਦਾ ਹੈ, ਪਰ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ। ਦੂਜੇ ਪਾਸੇ, ਖ਼ੂਨ ਵਿਚਲੀ ਖੰਡ ਨੂੰ ਘਟਾ ਕੇ ਸਹੀ ਮਾਤਰਾ ’ਤੇ ਲਿਆਇਆ ਜਾ ਸਕਦਾ ਹੈ। ਬਲੱਡ ਸ਼ੂਗਰ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੋਣ ਬਾਰੇ ਪਤਾ ਨਹੀਂ ਲੱਗਦਾ ਕਿਉਂਕਿ ਇਸ ਦੇ ਸਰੀਰ ਉੱਤੇ ਅਸਰ ਦੇ ਕੋਈ ਲੱਛਣ ਨਹੀਂ ਦਿਖਾਈ ਦਿੰਦੇ। ਰਿਪੋਰਟਾਂ ਮੁਤਾਬਕ ਦੁਨੀਆਂ ਭਰ ਵਿਚ 31 ਕਰੋੜ 60 ਲੱਖ ਲੋਕ ਇਸ ਹਾਲਤ ਵਿਚ ਹਨ, ਪਰ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਦਾਹਰਣ ਲਈ, ਅਮਰੀਕਾ ਵਿਚ ਤਕਰੀਬਨ 90 ਪ੍ਰਤਿਸ਼ਤ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੈ।

ਪਰ ਇਹ ਹਾਲਤ ਵੀ ਸਰੀਰ ਲਈ ਨੁਕਸਾਨਦੇਹ ਹੈ। ਇਸ ਨਾਲ ਟਾਈਪ 2 ਸ਼ੂਗਰ ਹੋਣ ਦਾ ਖ਼ਤਰਾ ਤਾਂ ਹੁੰਦਾ ਹੀ ਹੈ, ਪਰ ਹਾਲ ਹੀ ਵਿਚ ਦੇਖਿਆ ਗਿਆ ਹੈ ਕਿ ਇਸ ਕਰਕੇ ਯਾਦਾਸ਼ਤ ਚਲੀ ਜਾਣ ਦਾ ਵੀ ਜ਼ਿਆਦਾ ਖ਼ਤਰਾ ਹੁੰਦਾ ਹੈ। ਜੇ ਤੁਹਾਡਾ ਭਾਰ ਬਹੁਤ ਜ਼ਿਆਦਾ ਹੈ, ਤੁਸੀਂ ਕੋਈ ਸਰੀਰਕ ਕੰਮ ਜਾਂ ਕਸਰਤ ਨਹੀਂ ਕਰਦੇ ਜਾਂ ਤੁਹਾਡੇ ਪਰਿਵਾਰ ਵਿਚ ਕਈਆਂ ਨੂੰ ਸ਼ੂਗਰ ਹੈ, ਤਾਂ ਤੁਹਾਡੀ ਵੀ ਬਲੱਡ ਸ਼ੂਗਰ ਵੱਧ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਬਲੱਡ ਟੈੱਸਟ ਕਰਾ ਕੇ ਤੁਸੀਂ ਆਪਣੀ ਬਲੱਡ ਸ਼ੂਗਰ ਦੀ ਮਾਤਰਾ ਜਾਣ ਸਕਦੇ ਹੋ।

2. ਪੌਸ਼ਟਿਕ ਭੋਜਨ ਖਾਓ। ਤੁਹਾਨੂੰ ਅੱਗੇ ਦਿੱਤੇ ਸੁਝਾਵਾਂ ਤੋਂ ਫ਼ਾਇਦਾ ਹੋ ਸਕਦਾ ਹੈ: ਆਮ ਨਾਲੋਂ ਥੋੜ੍ਹਾ ਘੱਟ ਖਾਓ। ਖੰਡ ਵਾਲੇ ਫਲਾਂ ਦਾ ਜੂਸ ਜਾਂ ਕੋਲਡ-ਡਰਿੰਕ ਪੀਣ ਦੀ ਬਜਾਇ ਪਾਣੀ, ਚਾਹ ਜਾਂ ਕੌਫ਼ੀ ਪੀਓ। ਪੂਰੇ ਦਾਣਿਆਂ ਦੇ ਆਟੇ ਨਾਲ ਬਣੀ ਬ੍ਰੈੱਡ, ਚੌਲ ਤੇ ਪਾਸਤਾ ਖਾਓ। ਘੱਟ ਚਰਬੀ ਵਾਲਾ ਮੀਟ, ਮੱਛੀ, ਗਿਰੀਆਂ ਵਗੈਰਾ ਖਾਓ।

3. ਕਸਰਤ ਵਗੈਰਾ ਕਰੋ। ਕਸਰਤ ਕਰਨ ਨਾਲ ਬਲੱਡ ਸ਼ੂਗਰ ਦੀ ਮਾਤਰਾ ਅਤੇ ਤੁਹਾਡਾ ਭਾਰ ਘੱਟ ਸਕਦਾ ਹੈ। ਇਕ ਮਾਹਰ ਸੁਝਾਅ ਦਿੰਦਾ ਹੈ ਕਿ ਟੀ. ਵੀ ਮੋਹਰੇ ਬੈਠੇ ਰਹਿਣ ਦੀ ਬਜਾਇ ਕੁਝ ਸਮਾਂ ਕਸਰਤ ਕਰੋ।

ਤੁਸੀਂ ਆਪਣੇ ਸਰੀਰ ਵਿਚਲੇ ਜੀਨਾਂ ਨੂੰ ਬਦਲ ਨਹੀਂ ਸਕਦੇ, ਪਰ ਤੁਸੀਂ ਆਪਣੇ ਜੀਉਣ ਦੇ ਢੰਗ ਨੂੰ ਜ਼ਰੂਰ ਬਦਲ ਸਕਦੇ ਹੋ। ਆਪਣੀ ਸਿਹਤ ਵਿਚ ਸੁਧਾਰ ਕਰਨ ਲਈ ਤੁਸੀਂ ਜੋ ਵੀ ਕਰ ਸਕਦੇ ਹੋ, ਉਸ ਨਾਲ ਤੁਹਾਨੂੰ ਜ਼ਰੂਰ ਫ਼ਾਇਦਾ ਹੋਵੇਗਾ। ▪ (g14 09-E)

^ ਪੈਰਾ 3 ਜਾਗਰੂਕ ਬਣੋ! ਰਸਾਲਾ ਕਿਸੇ ਨੂੰ ਸਲਾਹ ਨਹੀਂ ਦਿੰਦਾ ਕਿ ਉਸ ਨੂੰ ਕਿਸ ਤਰ੍ਹਾਂ ਦਾ ਖਾਣਾ ਜਾਂ ਕਸਰਤ ਕਰਨੀ ਚਾਹੀਦੀ ਹੈ। ਹਰ ਵਿਅਕਤੀ ਨੂੰ ਆਪਣੀ ਸਿਹਤ ਬਾਰੇ ਫ਼ੈਸਲਾ ਕਰਨ ਤੋਂ ਪਹਿਲਾਂ ਸਾਰੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।