Skip to content

Skip to table of contents

ਕੀ ਤੁਸੀਂ ਸ਼ਾਫਾਨ ਤੇ ਉਸ ਦੇ ਖ਼ਾਨਦਾਨ ਨੂੰ ਜਾਣਦੇ ਹੋ?

ਕੀ ਤੁਸੀਂ ਸ਼ਾਫਾਨ ਤੇ ਉਸ ਦੇ ਖ਼ਾਨਦਾਨ ਨੂੰ ਜਾਣਦੇ ਹੋ?

ਕੀ ਤੁਸੀਂ ਸ਼ਾਫਾਨ ਤੇ ਉਸ ਦੇ ਖ਼ਾਨਦਾਨ ਨੂੰ ਜਾਣਦੇ ਹੋ?

ਕੀ ਤੁਸੀਂ ਬਾਈਬਲ ਪੜ੍ਹਦੇ ਸਮੇਂ, ਸ਼ਾਫਾਨ ਤੇ ਉਸ ਦੇ ਖ਼ਾਨਦਾਨ ਦੇ ਕੁਝ ਮੈਂਬਰਾਂ ਵੱਲ ਕਦੇ ਧਿਆਨ ਦਿੱਤਾ ਹੈ? ਉਹ ਕੌਣ ਸਨ, ਕੀ ਕਰਦੇ ਸਨ ਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

ਬਾਈਬਲ ਵਿਚ “ਮਸ਼ੁੱਲਾਮ ਦੇ ਪੋਤ੍ਰੇ ਅਸਲਯਾਹ ਦੇ ਪੁੱਤ੍ਰ ਸ਼ਾਫਾਨ” ਦਾ ਪਹਿਲਾ ਜ਼ਿਕਰ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਕਰਨ ਦੇ ਸੰਬੰਧ ਵਿਚ ਪਾਇਆ ਜਾਂਦਾ ਹੈ। ਇਹ ਗੱਲ ਤਕਰੀਬਨ 642 ਸਾ.ਯੁ.ਪੂ. ਦੀ ਹੈ ਜਿਸ ਸਮੇਂ ਯੋਸੀਯਾਹ ਰਾਜ ਕਰਦਾ ਸੀ। (2 ਰਾਜਿਆਂ 22:3) ਸਾਨੂੰ ਉਸ ਦੇ ਚਾਰ ਪੁੱਤਰਾਂ ਦਾ ਜ਼ਿਕਰ ਅਗਲੇ 36 ਸਾਲਾਂ ਦੌਰਾਨ ਯਾਨੀ 607 ਸਾ.ਯੁ.ਪੂ. ਤਕ ਮਿਲਦਾ ਹੈ ਜਦੋਂ ਯਰੂਸ਼ਲਮ ਦੀ ਤਬਾਹੀ ਹੋਈ ਸੀ। ਉਨ੍ਹਾਂ ਦੇ ਨਾਂ ਸਨ ਅਹੀਕਾਮ, ਅਲਆਸਾਹ, ਗਮਰਯਾਹ ਅਤੇ ਯਅਜ਼ਨਯਾਹ। ਉਸ ਦੇ ਦੋ ਪੋਤੇ ਸਨ ਮੀਕਾਯਾਹ ਤੇ ਗਦਲਯਾਹ। (ਚਾਰਟ ਦੇਖੋ।) ਯਹੂਦੀਆਂ ਦਾ ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ‘ਯਹੂਦਾਹ ਦੇਸ਼ ਵਿਚ ਸ਼ਾਫਾਨ ਦੇ ਖ਼ਾਨਦਾਨ ਦੇ ਮੈਂਬਰ ਸਰਕਾਰੀ ਅਧਿਕਾਰੀ ਹੁੰਦੇ ਸਨ। ਯੋਸੀਯਾਹ ਦੇ ਸਮੇਂ ਤੋਂ ਲੈ ਕੇ ਬਾਬਲ ਦੀ ਗ਼ੁਲਾਮੀ ਵਿਚ ਜਾਣ ਤਕ ਉਹ ਰਾਜੇ ਦੇ ਮੁਨਸ਼ੀ ਹੁੰਦੇ ਸਨ।’ ਬਾਈਬਲ ਵਿਚ ਸ਼ਾਫਾਨ ਤੇ ਉਸ ਦੇ ਖ਼ਾਨਦਾਨ ਬਾਰੇ ਲਿਖੀਆਂ ਗੱਲਾਂ ਸਾਡੀ ਇਹ ਸਮਝਣ ਵਿਚ ਮਦਦ ਕਰਨਗੀਆਂ ਕਿ ਉਨ੍ਹਾਂ ਨੇ ਯਿਰਮਿਯਾਹ ਨਬੀ ਦੀ ਕਿਵੇਂ ਮਦਦ ਕੀਤੀ ਸੀ ਤੇ ਯਹੋਵਾਹ ਦੀ ਸੱਚੀ ਉਪਾਸਨਾ ਕਿਵੇਂ ਅੱਗੇ ਵਧਾਈ ਸੀ।

ਸ਼ਾਫਾਨ ਨੇ ਸੱਚੀ ਉਪਾਸਨਾ ਅੱਗੇ ਵਧਾਈ

ਸੰਨ 642 ਸਾ.ਯੁ.ਪੂ. ਵਿਚ ਜਦੋਂ ਰਾਜਾ ਯੋਸੀਯਾਹ ਅਜੇ 25 ਕੁ ਸਾਲਾਂ ਦਾ ਸੀ, ਉਦੋਂ ਸ਼ਾਫਾਨ ਰਾਜੇ ਦੇ ਸੈਕਟਰੀ ਤੇ ਨਕਲਨਵੀਸ ਵਜੋਂ ਸੇਵਾ ਕਰ ਰਿਹਾ ਸੀ। (ਯਿਰਮਿਯਾਹ 36:10) ਇਸ ਵਿਚ ਕੀ-ਕੀ ਸ਼ਾਮਲ ਸੀ? ਉੱਪਰ ਜ਼ਿਕਰ ਕੀਤਾ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਇਕ ਸ਼ਾਹੀ ਮੁਨਸ਼ੀ ਤੇ ਸੈਕਟਰੀ ਰਾਜੇ ਦਾ ਖ਼ਾਸ ਸਲਾਹਕਾਰ ਹੁੰਦਾ ਸੀ। ਉਹੀ ਖ਼ਜ਼ਾਨਚੀ ਅਤੇ ਰਾਜਨੀਤੀ ਵਿਚ ਮਾਹਰ ਹੁੰਦਾ ਸੀ ਤੇ ਉਸ ਨੂੰ ਵਿਦੇਸ਼ੀ ਮਾਮਲਿਆਂ, ਅੰਤਰਰਾਸ਼ਟਰੀ ਕਾਨੂੰਨਾਂ ਤੇ ਵਪਾਰਕ ਇਕਰਾਰਨਾਮਿਆਂ ਬਾਰੇ ਜਾਣਕਾਰੀ ਹੁੰਦੀ ਸੀ। ਇਸ ਲਈ ਇਕ ਸ਼ਾਹੀ ਸੈਕਟਰੀ ਹੋਣ ਦੇ ਨਾਤੇ ਸ਼ਾਫਾਨ ਦੇਸ਼ ਵਿਚ ਬਹੁਤ ਪ੍ਰਭਾਵਸ਼ਾਲੀ ਬੰਦਾ ਸੀ।

ਦਸ ਸਾਲ ਪਹਿਲਾਂ, ਜਦੋਂ ਯੋਸੀਯਾਹ ਅਜੇ ਮੁੰਡਾ ਹੀ ਸੀ, ਤਾਂ ਉਹ “ਆਪਣੇ ਪਿਤਾ ਦਾਊਦ ਦੇ ਪਰਮੇਸ਼ੁਰ ਦਾ ਤਾਲਿਬ” ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਸ਼ਾਫਾਨ ਯੋਸੀਯਾਹ ਤੋਂ ਕਾਫ਼ੀ ਵੱਡਾ ਸੀ, ਇਸ ਲਈ ਉਹ ਉਸ ਨੂੰ ਅਧਿਆਤਮਿਕ ਤੌਰ ਤੇ ਵਧੀਆ ਸਲਾਹ ਦੇ ਸਕਦਾ ਸੀ। ਉਹ ਯੋਸੀਯਾਹ ਦੁਆਰਾ ਦੇਸ਼ ਵਿੱਚੋਂ ਝੂਠੀ ਪੂਜਾ ਖ਼ਤਮ ਕਰਨ ਤੇ ਸੱਚੀ ਪੂਜਾ ਮੁੜ ਸ਼ੁਰੂ ਕਰਨ ਦੀ ਉਸ ਦੀ ਪਹਿਲੀ ਮੁਹਿੰਮ ਵਿਚ ਵੀ ਮਦਦ ਕਰ ਸਕਦਾ ਸੀ। *2 ਇਤਹਾਸ 34:1-8.

ਜਦੋਂ ਹੈਕਲ ਦੀ ਮੁਰੰਮਤ ਹੋ ਰਹੀ ਸੀ, ਤਾਂ “ਬਿਵਸਥਾ ਦੀ ਪੋਥੀ ਲੱਭੀ” ਤੇ ਸ਼ਾਫਾਨ ਨੇ “ਉਹ ਨੂੰ ਪਾਤਸ਼ਾਹ ਦੇ ਸਾਹਮਣੇ ਪੜ੍ਹਿਆ।” ਪੋਥੀ ਦੀਆਂ ਗੱਲਾਂ ਸੁਣ ਕੇ ਯੋਸੀਯਾਹ ਬੜਾ ਘਬਰਾਇਆ ਤੇ ਉਸ ਨੇ ਹੁਲਦਾਹ ਨਬੀਆ ਦੇ ਕੋਲ ਆਪਣੇ ਭਰੋਸੇਯੋਗ ਬੰਦੇ ਘੱਲੇ ਤਾਂਕਿ ਉਹ ਉਸ ਪੋਥੀ ਦੇ ਸੰਬੰਧ ਵਿਚ ਯਹੋਵਾਹ ਦੀ ਰਾਇ ਪਤਾ ਕਰ ਸਕੇ। ਰਾਜੇ ਨੇ ਸ਼ਾਫਾਨ ਤੇ ਉਸ ਦੇ ਪੁੱਤਰ ਅਹੀਕਾਮ ਨੂੰ ਵੀ ਨਾਲ ਘੱਲ ਕੇ ਉਨ੍ਹਾਂ ਉੱਤੇ ਆਪਣਾ ਭਰੋਸਾ ਪ੍ਰਗਟ ਕੀਤਾ।—2 ਰਾਜਿਆਂ 22:8-14; 2 ਇਤਹਾਸ 34:14-22.

ਬਾਈਬਲ ਵਿਚ ਸ਼ਾਫਾਨ ਬਾਰੇ ਸਿਰਫ਼ ਇਹੀ ਕੁਝ ਦੱਸਿਆ ਗਿਆ ਹੈ ਕਿ ਉਸ ਨੇ ਕੀ ਕੀਤਾ ਸੀ। ਬਾਈਬਲ ਦੀਆਂ ਕੁਝ ਆਇਤਾਂ ਵਿਚ ਉਸ ਨੂੰ ਇਕ ਪਿਤਾ ਜਾਂ ਦਾਦਾ ਕਿਹਾ ਗਿਆ ਹੈ। ਪਰ ਸ਼ਾਫਾਨ ਦੀ ਔਲਾਦ ਦਾ ਯਿਰਮਿਯਾਹ ਨਬੀ ਨਾਲ ਨਜ਼ਦੀਕੀ ਸੰਬੰਧ ਰਿਹਾ ਸੀ।

ਅਹੀਕਾਮ ਤੇ ਗਦਲਯਾਹ

ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਸ਼ਾਫਾਨ ਦੇ ਪੁੱਤਰ ਅਹੀਕਾਮ ਦਾ ਪਹਿਲਾ ਜ਼ਿਕਰ ਉਦੋਂ ਮਿਲਦਾ ਹੈ ਜਦੋਂ ਹੁਲਦਾਹ ਨਬੀਆ ਦੇ ਕੋਲ ਆਦਮੀਆਂ ਦਾ ਇਕ ਗਰੁੱਪ ਭੇਜਿਆ ਗਿਆ ਸੀ। ਇਕ ਪੁਸਤਕ ਕਹਿੰਦੀ ਹੈ: “ਹਾਲਾਂਕਿ ਬਾਈਬਲ ਦੇ ਇਬਰਾਨੀ ਹਿੱਸੇ ਵਿਚ ਅਹੀਕਾਮ ਦੀ ਪਦਵੀ ਬਾਰੇ ਨਹੀਂ ਦੱਸਿਆ ਗਿਆ, ਪਰ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਉੱਚਾ ਰੁਤਬਾ ਰੱਖਦਾ ਸੀ।”

ਉਸ ਘਟਨਾ ਤੋਂ ਕੁਝ 15 ਸਾਲ ਬਾਅਦ ਯਿਰਮਿਯਾਹ ਦੀ ਜਾਨ ਖ਼ਤਰੇ ਵਿਚ ਸੀ। ਜਦੋਂ ਉਸ ਨੇ ਲੋਕਾਂ ਨੂੰ ਯਰੂਸ਼ਲਮ ਨੂੰ ਤਬਾਹ ਕਰਨ ਦੇ ਯਹੋਵਾਹ ਦੇ ਇਰਾਦੇ ਬਾਰੇ ਦੱਸਿਆ, ਤਾਂ “ਜਾਜਕਾਂ, ਨਬੀਆਂ ਅਤੇ ਸਾਰੇ ਲੋਕਾਂ ਨੇ ਉਹ ਨੂੰ ਫੜ ਲਿਆ ਅਤੇ ਆਖਿਆ ਕਿ ਤੂੰ ਜ਼ਰੂਰ ਮਰੇਂਗਾ!” ਫਿਰ ਕੀ ਹੋਇਆ? ਬਿਰਤਾਂਤ ਅੱਗੇ ਦੱਸਦਾ ਹੈ ਕਿ “ਸ਼ਾਫ਼ਾਨ ਦੇ ਪੁੱਤ੍ਰ ਅਹੀਕਾਮ ਦਾ ਹੱਥ ਯਿਰਮਿਯਾਹ ਦੇ ਨਾਲ ਸੀ ਭਈ ਓਹ ਉਹ ਨੂੰ ਲੋਕਾਂ ਦੇ ਹੱਥ ਵਿੱਚ ਮਾਰਨ ਲਈ ਨਾ ਦੇਣ।” (ਯਿਰਮਿਯਾਹ 26:1-24) ਇਸ ਤੋਂ ਕੀ ਪਤਾ ਚੱਲਦਾ ਹੈ? ਬਾਈਬਲ ਦਾ ਇਕ ਕੋਸ਼ ਕਹਿੰਦਾ ਹੈ: “ਇਸ ਘਟਨਾ ਤੋਂ ਸਿਰਫ਼ ਇਹੀ ਸਬੂਤ ਨਹੀਂ ਮਿਲਦਾ ਕਿ ਅਹੀਕਾਮ ਬੜਾ ਪ੍ਰਭਾਵਸ਼ਾਲੀ ਬੰਦਾ ਸੀ, ਸਗੋਂ ਇਹ ਵੀ ਕਿ ਉਸ ਨੇ ਆਪਣੇ ਖ਼ਾਨਦਾਨ ਦੇ ਬਾਕੀ ਮੈਂਬਰਾਂ ਵਾਂਗ ਯਿਰਮਿਯਾਹ ਤੇ ਬੜੀ ਦਇਆ ਕੀਤੀ ਸੀ।”

ਸੰਨ 607 ਸਾ.ਯੁ.ਪੂ. ਵਿਚ ਬਾਬਲ ਦੁਆਰਾ ਯਰੂਸ਼ਲਮ ਦੇ ਤਬਾਹ ਹੋਣ ਅਤੇ ਇਸਰਾਏਲੀਆਂ ਦੇ ਗ਼ੁਲਾਮੀ ਵਿਚ ਲਿਜਾਏ ਜਾਣ ਤੋਂ ਕੁਝ 20 ਸਾਲਾਂ ਬਾਅਦ, ਸ਼ਾਫਾਨ ਦੇ ਪੋਤੇ ਗਦਲਯਾਹ, ਯਾਨੀ ਅਹੀਕਾਮ ਦੇ ਪੁੱਤਰ ਨੂੰ ਬਾਕੀ ਰਹਿੰਦੇ ਯਹੂਦੀਆਂ ਉੱਤੇ ਹਾਕਮ ਠਹਿਰਾਇਆ ਗਿਆ ਸੀ। ਕੀ ਉਸ ਨੇ ਵੀ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਯਿਰਮਿਯਾਹ ਦੀ ਦੇਖ-ਭਾਲ ਕੀਤੀ ਸੀ? ਬਾਈਬਲ ਕਹਿੰਦੀ ਹੈ: ‘ਤਾਂ ਯਿਰਮਿਯਾਹ ਅਹੀਕਾਮ ਦੇ ਪੁੱਤ੍ਰ ਗਦਲਯਾਹ ਕੋਲ ਮਿਸਪਾਹ ਵਿੱਚ ਗਿਆ ਤੇ ਉਹ ਦੇ ਨਾਲ ਟਿਕਿਆ ਰਿਹਾ।’ ਕੁਝ ਹੀ ਮਹੀਨਿਆਂ ਬਾਅਦ ਗਦਲਯਾਹ ਨੂੰ ਮਾਰ ਸੁੱਟਿਆ ਗਿਆ ਤੇ ਯਰੂਸ਼ਲਮ ਵਿਚ ਬਾਕੀ ਰਹਿੰਦੇ ਯਹੂਦੀ ਯਿਰਮਿਯਾਹ ਨੂੰ ਆਪਣੇ ਨਾਲ ਮਿਸਰ ਲੈ ਗਏ।—ਯਿਰਮਿਯਾਹ 40:5-7; 41:1, 2; 43:4-7.

ਗਮਰਯਾਹ ਅਤੇ ਮੀਕਾਯਾਹ

ਯਿਰਮਿਯਾਹ ਦੇ 36ਵੇਂ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਉਸ ਸਮੇਂ ਦੀਆਂ ਘਟਨਾਵਾਂ ਵਿਚ ਸ਼ਾਫਾਨ ਦੇ ਪੁੱਤਰ ਗਮਰਯਾਹ ਤੇ ਪੋਤੇ ਮੀਕਾਯਾਹ ਦਾ ਕੀ ਹਿੱਸਾ ਸੀ। ਸਾਲ 624 ਸਾ.ਯੁ.ਪੂ. ਸੀ ਯਾਨੀ ਰਾਜੇ ਯਹੋਯਾਕੀਮ ਦੀ ਹਕੂਮਤ ਦਾ ਪੰਜਵਾਂ ਸਾਲ। ਯਿਰਮਿਯਾਹ ਦੇ ਮੁਨਸ਼ੀ ਬਾਰੂਕ ਨੇ ਯਿਰਮਿਯਾਹ ਦੀਆਂ ਗੱਲਾਂ ਪੱਤਰੀ ਵਿੱਚੋਂ “ਸ਼ਾਫ਼ਾਨ ਦੇ ਪੁੱਤ੍ਰ ਗਮਰਯਾਹ ਲਿਖਾਰੀ ਦੀ ਕੋਠੜੀ ਦੇ ਵਿੱਚ” ਉੱਚੀ ਆਵਾਜ਼ ਵਿਚ ਪੜ੍ਹ ਕੇ ਸੁਣਾਈਆਂ। ਇਸ ਤਰ੍ਹਾਂ “ਸ਼ਾਫ਼ਾਨ ਦੇ ਪੋਤੇ ਗਮਰਯਾਹ ਦੇ ਪੁੱਤ੍ਰ ਮੀਕਾਯਾਹ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਸ ਪੱਤ੍ਰੀ ਵਿੱਚ ਸਨ ਸੁਣੀਆਂ।”—ਯਿਰਮਿਯਾਹ 36:9-11.

ਮੀਕਾਯਾਹ ਨੇ ਆਪਣੇ ਪਿਤਾ ਅਤੇ ਦੂਜੇ ਸਾਰੇ ਸਰਦਾਰਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਪੱਤਰੀ ਵਿੱਚੋਂ ਪੜ੍ਹੀਆਂ ਗਈਆਂ ਸਨ ਤੇ ਉਹ ਸਾਰੇ ਜਾਣਨਾ ਚਾਹੁੰਦੇ ਸਨ ਕਿ ਉਸ ਵਿਚ ਕੀ ਲਿਖਿਆ ਹੋਇਆ ਸੀ। ਸੁਣਨ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ? “ਤਾਂ ਐਉਂ ਹੋਇਆ ਕਿ ਜਦ ਓਹਨਾਂ ਏਹ ਗੱਲਾਂ ਸੁਣੀਆਂ ਤਾਂ ਹਰੇਕ ਆਪਣੇ ਸਾਥੀ ਵੱਲ ਵੇਖ ਕੇ ਕੰਬਣ ਲੱਗ ਪਿਆ। ਓਹਨਾਂ ਨੇ ਬਾਰੂਕ ਨੂੰ ਆਖਿਆ ਕਿ ਸਾਨੂੰ ਏਹ ਸਾਰੀਆਂ ਗੱਲਾਂ ਪਾਤਸ਼ਾਹ ਨੂੰ ਦੱਸਣੀਆਂ ਪੈਣਗੀਆਂ।” ਇਸ ਲਈ ਰਾਜੇ ਨੂੰ ਦੱਸਣ ਤੋਂ ਪਹਿਲਾਂ ਸਰਦਾਰਾਂ ਨੇ ਬਾਰੂਕ ਨੂੰ ਸਲਾਹ ਦਿੱਤੀ: “ਜਾਹ ਤੂੰ ਅਤੇ ਯਿਰਮਿਯਾਹ, ਆਪਣੇ ਆਪ ਨੂੰ ਲੁਕਾ ਲਓ ਅਤੇ ਕੋਈ ਨਾ ਜਾਣੇ ਕਿ ਤੁਸੀਂ ਕਿੱਥੇ ਹੋ!”—ਯਿਰਮਿਯਾਹ 36:12-19.

ਜਦੋਂ ਇਹ ਸੰਦੇਸ਼ ਰਾਜੇ ਨੂੰ ਸੁਣਾਇਆ ਗਿਆ, ਤਾਂ ਉਸ ਨੇ ਪੱਤਰੀ ਦੇ ਟੁਕੜੇ-ਟੁਕੜੇ ਕਰ ਕੇ ਉਸ ਨੂੰ ਸਾੜ ਦਿੱਤਾ। ਕਈ ਸਰਦਾਰਾਂ ਨੇ ਜਿਨ੍ਹਾਂ ਵਿਚ ਸ਼ਾਫਾਨ ਦਾ ਪੁੱਤਰ ਗਮਰਯਾਹ ਵੀ ਸੀ, “ਪਾਤਸ਼ਾਹ ਅੱਗੇ ਬੇਨਤੀ ਕੀਤੀ ਕਿ ਏਸ ਲਪੇਟੇ ਹੋਏ ਨੂੰ ਅੱਗ ਵਿੱਚ ਨਾ ਸਾੜੋ ਪਰ ਉਸ ਓਹਨਾਂ ਦੀ ਨਾ ਸੁਣੀ।” (ਯਿਰਮਿਯਾਹ 36:21-25) ਯਿਰਮਿਯਾਹ ਬਾਰੇ ਲਿਖੀ ਗਈ ਇਕ ਪੁਸਤਕ ਕਹਿੰਦੀ ਹੈ ਕਿ “ਯਹੋਯਾਕੀਮ ਰਾਜੇ ਦੇ ਦਰਬਾਰ ਵਿਚ ਗਮਰਯਾਹ ਨੇ ਯਿਰਮਿਯਾਹ ਦੀ ਬਹੁਤ ਮਦਦ ਕੀਤੀ।”

ਅਲਆਸਾਹ ਤੇ ਯਅਜ਼ਨਯਾਹ

ਸੰਨ 617 ਸਾ.ਯੁ.ਪੂ. ਵਿਚ ਬਾਬਲ ਨੇ ਯਹੂਦਾਹ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਹਜ਼ਾਰਾਂ ਹੀ ਯਹੂਦੀਆਂ, “ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਜੋਧਿਆਂ ਨੂੰ . . . ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ” ਬਾਬਲ ਲਿਜਾਇਆ ਗਿਆ ਸੀ। ਇਨ੍ਹਾਂ ਵਿਚ ਹਿਜ਼ਕੀਏਲ ਨਬੀ ਵੀ ਸੀ। ਫਿਰ ਮਤੱਨਯਾਹ ਨੂੰ ਨਵਾਂ ਰਾਜਾ ਬਣਾ ਦਿੱਤਾ ਗਿਆ। ਬਾਬਲ ਦੇ ਲੋਕਾਂ ਨੇ ਉਸ ਦਾ ਨਾਂ ਸਿਦਕੀਯਾਹ ਰੱਖ ਦਿੱਤਾ ਤੇ ਉਹ ਹੁਣ ਉਨ੍ਹਾਂ ਦੇ ਅਧੀਨ ਰਾਜਾ ਸੀ। (2 ਰਾਜਿਆਂ 24:12-17) ਫਿਰ ਸਿਦਕੀਯਾਹ ਨੇ ਬਾਬਲ ਨੂੰ ਇਕ ਗਰੁੱਪ ਭੇਜਿਆ ਜਿਨ੍ਹਾਂ ਵਿਚ ਸ਼ਾਫਾਨ ਦਾ ਪੁੱਤਰ ਅਲਆਸਾਹ ਵੀ ਸ਼ਾਮਲ ਸੀ। ਯਿਰਮਿਯਾਹ ਨੇ ਅਲਆਸਾਹ ਦੇ ਹੱਥੀਂ ਇਕ ਪੱਤਰੀ ਘੱਲੀ ਜਿਸ ਵਿਚ ਗ਼ੁਲਾਮ ਯਹੂਦੀਆਂ ਲਈ ਯਹੋਵਾਹ ਵੱਲੋਂ ਇਕ ਖ਼ਾਸ ਸੰਦੇਸ਼ ਸੀ।—ਯਿਰਮਿਯਾਹ 29:1-3.

ਬਾਈਬਲ ਤੋਂ ਇਹ ਪਤਾ ਚੱਲਦਾ ਹੈ ਕਿ ਸ਼ਾਫਾਨ ਨੇ, ਉਸ ਦੇ ਤਿੰਨ ਪੁੱਤਰਾਂ ਨੇ ਤੇ ਉਸ ਦੇ ਦੋ ਪੋਤਿਆਂ ਨੇ ਆਪਣੇ ਉੱਚੇ ਅਧਿਕਾਰ ਨੂੰ ਸੱਚੀ ਉਪਾਸਨਾ ਅੱਗੇ ਵਧਾਉਣ ਲਈ ਵਰਤਿਆ ਸੀ। ਉਨ੍ਹਾਂ ਨੇ ਵਫ਼ਾਦਾਰ ਨਬੀ ਯਿਰਮਿਯਾਹ ਦੀ ਮਦਦ ਕੀਤੀ। ਪਰ ਸ਼ਾਫਾਨ ਦੇ ਪੁੱਤਰ ਯਅਜ਼ਨਯਾਹ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਿਹਾ। ਉਹ ਮੂਰਤੀ ਪੂਜਾ ਕਰਨ ਲੱਗ ਪਿਆ ਸੀ। ਬਾਬਲ ਵਿਚ ਗ਼ੁਲਾਮੀ ਦੇ ਲਗਭਗ ਛੇਵੇਂ ਸਾਲ ਵਿਚ ਯਾਨੀ 612 ਸਾ.ਯੁ.ਪੂ. ਵਿਚ ਹਿਜ਼ਕੀਏਲ ਨਬੀ ਨੂੰ ਇਕ ਦਰਸ਼ਣ ਹੋਇਆ ਜਿਸ ਵਿਚ ਉਸ ਨੇ 70 ਮਨੁੱਖਾਂ ਨੂੰ ਯਰੂਸ਼ਲਮ ਦੀ ਹੈਕਲ ਵਿਚ ਮੂਰਤੀਆਂ ਅੱਗੇ ਧੂਪ ਧੁਖਾਉਂਦੇ ਦੇਖਿਆ ਸੀ। ਇਨ੍ਹਾਂ ਵਿਚ ਯਅਜ਼ਨਯਾਹ ਵੀ ਸੀ। ਇਸ ਬਿਰਤਾਂਤ ਵਿਚ ਸਿਰਫ਼ ਉਸ ਦਾ ਹੀ ਨਾਂ ਦਿੱਤਾ ਗਿਆ ਹੈ। ਇਸ ਤੋਂ ਇਵੇਂ ਲੱਗਦਾ ਹੈ ਕਿ ਉਹੀ ਇਸ ਗਰੁੱਪ ਦਾ ਮੁੱਖ ਮੈਂਬਰ ਸੀ। (ਹਿਜ਼ਕੀਏਲ 8:1, 9-12) ਯਅਜ਼ਨਯਾਹ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਇਕ ਧਰਮੀ ਪਰਿਵਾਰ ਵਿਚ ਪੈਦਾ ਹੋਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਜ਼ਰੂਰ ਯਹੋਵਾਹ ਦੇ ਵਫ਼ਾਦਾਰ ਸੇਵਕ ਬਣੋਗੇ। ਹਰੇਕ ਆਪੋ-ਆਪਣੀਆਂ ਕਰਨੀਆਂ ਦਾ ਫਲ ਭੋਗੇਗਾ।—2 ਕੁਰਿੰਥੀਆਂ 5:10.

ਸ਼ਾਫਾਨ ਤੇ ਉਸ ਦੇ ਪਰਿਵਾਰ ਬਾਰੇ ਸੱਚਾਈ

ਉਨ੍ਹੀਂ ਦਿਨੀਂ ਜਦੋਂ ਸ਼ਾਫਾਨ ਤੇ ਉਸ ਦੇ ਪਰਿਵਾਰ ਨੇ ਯਰੂਸ਼ਲਮ ਵਿਚ ਹੋਈਆਂ ਘਟਨਾਵਾਂ ਵਿਚ ਹਿੱਸਾ ਲਿਆ ਸੀ, ਯਹੂਦਾਹ ਵਿਚ ਆਮ ਤੌਰ ਤੇ ਮੁਹਰਾਂ ਵਰਤੀਆਂ ਜਾਂਦੀਆਂ ਸਨ। ਮੁਹਰਾਂ ਕਾਗਜ਼ੀ ਕੰਮਾਂ-ਕਾਰਾਂ ਵਿਚ ਦਸਤਖਤਾਂ ਜਾਂ ਗਵਾਹੀ ਵਜੋਂ ਵਰਤੀਆਂ ਜਾਂਦੀਆਂ ਸਨ। ਇਹ ਮੁਹਰਾਂ ਅਣਮੋਲ ਪੱਥਰਾਂ, ਧਾਤ, ਹਾਥੀ ਦੇ ਦੰਦਾਂ ਜਾਂ ਕੱਚ ਦੀਆਂ ਬਣੀਆਂ ਹੁੰਦੀਆਂ ਸਨ। ਆਮ ਤੌਰ ਤੇ ਮੁਹਰ ਉੱਤੇ ਮੁਹਰ ਦੇ ਮਾਲਕ ਦਾ ਨਾਂ, ਉਸ ਦੇ ਪਿਤਾ ਦਾ ਨਾਂ ਤੇ ਕਦੇ-ਕਦੇ ਮਾਲਕ ਦਾ ਖ਼ਿਤਾਬ ਵੀ ਉੱਕਰਿਆ ਜਾਂਦਾ ਸੀ।

ਚਿਕਣੀ ਮਿੱਟੀ ਤੋਂ ਬਣੀਆਂ ਸੈਂਕੜੇ ਹੀ ਇਬਰਾਨੀ ਮੁਹਰਾਂ ਲੱਭੀਆਂ ਗਈਆਂ ਹਨ। ਇਬਰਾਨੀ ਭਾਸ਼ਾ ਵਿਚ ਪ੍ਰਾਚੀਨ ਲਿਖਤਾਂ ਦੇ ਮਾਹਰ ਪ੍ਰੋਫ਼ੈਸਰ ਨਮੌਨ ਓਵੀਗੌਡ ਨੇ ਕਿਹਾ: ‘ਸਾਨੂੰ ਸਿਰਫ਼ ਮੁਹਰਾਂ ਉੱਤੇ ਉੱਕਰੀਆਂ ਇਬਰਾਨੀ ਪ੍ਰਾਚੀਨ ਲਿਖਤਾਂ ਤੋਂ ਬਾਈਬਲ ਵਿਚ ਜ਼ਿਕਰ ਕੀਤੇ ਵਿਅਕਤੀਆਂ ਦੇ ਨਾਂ ਮਿਲਦੇ ਹਨ।’ ਕੀ ਇਨ੍ਹਾਂ ਮੁਹਰਾਂ ਉੱਤੇ ਸ਼ਾਫਾਨ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਵੀ ਪਾਏ ਜਾਂਦੇ ਹਨ? ਜੀ ਹਾਂ, ਸ਼ਾਫਾਨ ਤੇ ਉਸ ਦੇ ਪੁੱਤਰ ਗਮਰਯਾਹ ਦੇ ਨਾਂ ਉਸ ਮੁਹਰ ਉੱਤੇ ਦੇਖੇ ਜਾ ਸਕਦੇ ਹਨ ਜੋ 19 ਤੇ 21 ਸਫ਼ਿਆਂ ਉੱਤੇ ਦਿਖਾਈ ਗਈ ਹੈ।

ਵਿਦਵਾਨ ਇਹ ਵੀ ਕਹਿੰਦੇ ਹਨ ਕਿ ਸ਼ਾਇਦ ਇਸ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਦੇ ਨਾਂ ਮੁਹਰਾਂ ਉੱਤੇ ਹਨ, ਜਿਵੇਂ ਕਿ ਸ਼ਾਫਾਨ ਦਾ ਪਿਤਾ ਅਸਲਯਾਹ, ਸ਼ਾਫਾਨ ਦਾ ਪੁੱਤਰ ਅਹੀਕਾਮ; ਸ਼ਾਫਾਨ ਦਾ ਪੁੱਤਰ ਗਮਰਯਾਹ ਤੇ ਪੋਤਾ ਗਦਲਯਾਹ ਜੋ ਮੁਹਰ ਅਨੁਸਾਰ ਸ਼ਾਇਦ ‘ਸ਼ਾਹੀ ਘਰਾਣੇ ਵਿਚ ਇਕ ਅਧਿਕਾਰੀ ਸੀ।’ ਇਨ੍ਹਾਂ ਮੁਹਰਾਂ ਵਿੱਚੋਂ ਚੌਥੀ ਮੁਹਰ ਸ਼ਾਫਾਨ ਦੇ ਪੋਤੇ ਗਦਲਯਾਹ ਦੀ ਮੰਨੀ ਜਾਂਦੀ ਹੈ ਹਾਲਾਂਕਿ ਉਸ ਦੇ ਪਿਤਾ ਅਹੀਕਾਮ ਦਾ ਨਾਂ ਉਸ ਉੱਤੇ ਨਹੀਂ ਪਾਇਆ ਜਾਂਦਾ। ਮੁਹਰ ਤੋਂ ਪਤਾ ਚੱਲਦਾ ਹੈ ਕਿ ਉਹ ਦੇਸ਼ ਵਿਚ ਸਭ ਤੋਂ ਵੱਡਾ ਅਧਿਕਾਰੀ ਸੀ।

ਅਸੀਂ ਕੀ ਸਬਕ ਸਿੱਖ ਸਕਦੇ ਹਾਂ?

ਸ਼ਾਫਾਨ ਤੇ ਉਸ ਦੇ ਖ਼ਾਨਦਾਨ ਨੇ ਸੱਚੀ ਉਪਾਸਨਾ ਅੱਗੇ ਵਧਾਉਣ ਲਈ ਤੇ ਵਫ਼ਾਦਾਰ ਯਿਰਮਿਯਾਹ ਦੀ ਮਦਦ ਕਰਨ ਲਈ ਆਪਣੇ ਉੱਚੇ ਅਧਿਕਾਰ ਵਰਤੇ। ਉਨ੍ਹਾਂ ਨੇ ਇਸ ਤਰ੍ਹਾਂ ਕਰ ਕੇ ਕਿੰਨੀ ਚੰਗੀ ਮਿਸਾਲ ਕਾਇਮ ਕੀਤੀ ਹੈ! ਅਸੀਂ ਵੀ ਯਹੋਵਾਹ ਦੀ ਸੰਸਥਾ ਦੀ ਅਤੇ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣਾ ਪੈਸਾ-ਧੇਲਾ ਜਾਂ ਆਪਣੀ ਪਦਵੀ ਵਰਤ ਸਕਦੇ ਹਾਂ।

ਰੋਜ਼ਾਨਾ ਬਾਈਬਲ ਪੜ੍ਹ ਕੇ ਹੀ ਨਹੀਂ, ਸਗੋਂ ਖੋਜ ਕਰ ਕੇ ਵੀ ਸਾਡੀ ਨਿਹਚਾ ਵਧਦੀ ਹੈ ਅਤੇ ਸਾਨੂੰ ਇਸ ਤੋਂ ਪ੍ਰੇਰਣਾ ਮਿਲਦੀ ਹਾਂ। ਇਸ ਤਰ੍ਹਾਂ ਅਸੀਂ ਸ਼ਾਫਾਨ ਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਵਰਗੇ ਯਹੋਵਾਹ ਦੇ ਪ੍ਰਾਚੀਨ ਗਵਾਹਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ। ਉਹ ਵੀ ‘ਗਵਾਹਾਂ ਦੇ ਉਸ ਵੱਡੇ ਬੱਦਲ’ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਮਿਸਾਲ ਦੀ ਅਸੀਂ ਨਕਲ ਕਰ ਸਕਦੇ ਹਾਂ।—ਇਬਰਾਨੀਆਂ 12:1.

[ਫੁਟਨੋਟ]

^ ਪੈਰਾ 6 ਸ਼ਾਫਾਨ ਯੋਸੀਯਾਹ ਤੋਂ ਕਾਫ਼ੀ ਵੱਡਾ ਹੋਣਾ ਕਿਉਂਕਿ ਸ਼ਾਫਾਨ ਦਾ ਪੁੱਤਰ ਅਹੀਕਾਮ ਜਵਾਨ ਹੋ ਚੁੱਕਾ ਸੀ ਜਦੋਂ ਯੋਸੀਯਾਹ ਹਾਲੇ 25 ਕੁ ਸਾਲਾਂ ਦਾ ਸੀ।—2 ਰਾਜਿਆਂ 22:1-3, 11-14.

[ਸਫ਼ਾ 22 ਉੱਤੇ ਡੱਬੀ]

ਹੁਲਦਾਹ ਇਕ ਮੰਨੀ-ਪ੍ਰਮੰਨੀ ਨਬੀਆ ਸੀ

ਹੈਕਲ ਵਿੱਚੋਂ ਲੱਭੀ “ਬਿਵਸਥਾ ਦੀ ਪੋਥੀ” ਦੀਆਂ ਗੱਲਾਂ ਸੁਣ ਕੇ ਰਾਜੇ ਯੋਸੀਯਾਹ ਨੇ ਸ਼ਾਫਾਨ ਅਤੇ ਚਾਰ ਹੋਰ ਉੱਚ-ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਪੋਥੀ ਬਾਰੇ “ਯਹੋਵਾਹ ਤੋਂ ਪੁੱਛ ਗਿੱਛ” ਕਰਨ। (2 ਰਾਜਿਆਂ 22:8-20) ਇਹ ਬੰਦੇ ਕਿਸ ਤੋਂ ਪੁੱਛ-ਗਿੱਛ ਕਰ ਸਕਦੇ ਸਨ? ਉਸ ਸਮੇਂ ਯਿਰਮਿਯਾਹ, ਸ਼ਾਇਦ ਨਹੂਮ ਤੇ ਸਫ਼ਨਯਾਹ, ਬਾਕੀ ਸਾਰੇ ਨਬੀ ਤੇ ਬਾਈਬਲ ਦੇ ਲਿਖਾਰੀ ਵੀ ਯਹੂਦਾਹ ਵਿਚ ਹੀ ਰਹਿੰਦੇ ਸਨ। ਪਰ ਇਹ ਗਰੁੱਪ ਪੁੱਛ-ਗਿੱਛ ਕਰਨ ਲਈ ਹੁਲਦਾਹ ਨਬੀਆ ਕੋਲ ਗਿਆ।

ਇਸ ਮਾਮਲੇ ਬਾਰੇ ਇਕ ਪੁਸਤਕ ਕਹਿੰਦੀ ਹੈ ਕਿ “ਇਹ ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਦੇ ਸੰਬੰਧ ਵਿਚ ਇਕ ਔਰਤ ਤੋਂ ਰਾਇ ਲੈਣ ਬਾਰੇ ਕਿਸੇ ਨੇ ਵੀ ਕੁਝ ਨਹੀਂ ਕਿਹਾ। ਕਿਸੇ ਨੂੰ ਵੀ ਇਤਰਾਜ਼ ਨਹੀਂ ਸੀ ਕਿ ਮਰਦਾਂ ਦੀ ਇਹ ਟੋਲੀ ਬਿਵਸਥਾ ਦੀ ਪੋਥੀ ਬਾਰੇ ਕਿਸੇ ਔਰਤ ਕੋਲੋਂ ਸਲਾਹ ਲੈਣ ਕਿਉਂ ਗਈ ਸੀ। ਜਦੋਂ ਉਸ ਨੇ ਇਸ ਪੋਥੀ ਨੂੰ ਪ੍ਰਭੂ ਦਾ ਬਚਨ ਕਿਹਾ, ਤਾਂ ਕਿਸੇ ਨੇ ਵੀ ਇਸ ਬਾਰੇ ਸਵਾਲ ਨਹੀਂ ਕੀਤਾ। ਪ੍ਰਾਚੀਨ ਇਸਰਾਏਲ ਦੇ ਸਮਾਜ ਵਿਚ ਔਰਤਾਂ ਦੀ ਭੂਮਿਕਾ ਬਾਰੇ ਜਾਂਚ ਕਰਨ ਵਾਲੇ ਵਿਦਵਾਨ ਅਕਸਰ ਇਸ ਨੂੰ ਅਨੋਖੀ ਗੱਲ ਨਹੀਂ ਸਮਝਦੇ।” ਦਰਅਸਲ, ਪੋਥੀ ਵਿਚ ਸੰਦੇਸ਼ ਤਾਂ ਯਹੋਵਾਹ ਤੋਂ ਹੀ ਸੀ।

[ਸਫ਼ਾ 2 ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸ਼ਾਫਾਨ ਦਾ ਖ਼ਾਨਦਾਨ

ਮਸ਼ੁੱਲਾਮ

ਅਸਲਯਾਹ

ਸ਼ਾਫਾਨ

↓ ↓ ↓ ↓

ਅਹੀਕਾਮ ਅਲਆਸਾਹ ਗਮਰਯਾਹ ਯਅਜ਼ਨਯਾਹ

↓ ↓

ਗਦਲਯਾਹ ਮੀਕਾਯਾਹ

[ਸਫ਼ਾ 20 ਉੱਤੇ ਤਸਵੀਰ]

ਗਮਰਯਾਹ ਤੇ ਹੋਰਨਾਂ ਨੇ ਯਹੋਯਾਕੀਮ ਮੋਹਰੇ ਬੇਨਤੀ ਕੀਤੀ ਕਿ ਉਹ ਯਿਰਮਿਯਾਹ ਦੀ ਪੋਥੀ ਨੂੰ ਨਾ ਸਾੜੇ

[ਸਫ਼ਾ 22 ਉੱਤੇ ਤਸਵੀਰ]

ਹਾਲਾਂਕਿ ਯਅਜ਼ਨਯਾਹ ਸ਼ਾਫਾਨ ਦੇ ਖ਼ਾਨਦਾਨ ਦਾ ਮੈਂਬਰ ਸੀ, ਪਰ ਇਕ ਦਰਸ਼ਣ ਵਿਚ ਉਹ ਮੂਰਤੀ-ਪੂਜਾ ਕਰਦਾ ਦੇਖਿਆ ਗਿਆ ਸੀ

[ਸਫ਼ਾ 19 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Courtesy Israel Antiquities Authority

[ਸਫ਼ਾ 21 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ

Courtesy Israel Antiquities Authority