Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕਲੀਸਿਯਾ ਦੇ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ ਜਦ ਕੋਈ ਭੈਣ-ਭਰਾ ਕਾਰ ਚਲਾਉਂਦੇ ਸਮੇਂ ਹਾਦਸੇ ਵਿਚ ਕਿਸੇ ਨੂੰ ਮਾਰ ਦਿੰਦਾ ਹੈ?

ਕਲੀਸਿਯਾ ਦੇ ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਅਜਿਹੇ ਮਾਮਲੇ ਦੀ ਪੂਰੀ ਛਾਣ-ਬੀਣ ਕਰਨ ਅਤੇ ਪਤਾ ਕਰਨ ਕਿ ਡ੍ਰਾਈਵਰ ਦੋਸ਼ੀ ਹੈ ਕਿ ਨਹੀਂ। ਇਹ ਜ਼ਰੂਰੀ ਹੈ ਤਾਂਕਿ ਕਲੀਸਿਯਾ ਉੱਤੇ ਖ਼ੂਨ ਦਾ ਦੋਸ਼ ਨਾ ਲੱਗੇ ਅਤੇ ਉਸ ਦੀ ਬਦਨਾਮੀ ਨਾ ਹੋਵੇ। (ਬਿਵਸਥਾ ਸਾਰ 21:1-9; 22:8) ਜੇ ਡ੍ਰਾਈਵਰ ਦੀ ਕਿਸੇ ਲਾਪਰਵਾਹੀ ਕਾਰਨ ਜਾਂ ਉਸ ਵੱਲੋਂ ਟ੍ਰੈਫਿਕ ਨਿਯਮ ਤੋੜਨ ਕਾਰਨ ਇਹ ਹਾਦਸਾ ਹੋਇਆ ਹੈ, ਤਾਂ ਉਸ ਉੱਤੇ ਖ਼ੂਨ ਦਾ ਦੋਸ਼ ਆ ਸਕਦਾ ਹੈ। (ਮਰਕੁਸ 12:14) ਲੇਕਿਨ ਅਜਿਹੇ ਮਾਮਲੇ ਵਿਚ ਹੋਰ ਗੱਲਾਂ ਵੱਲ ਧਿਆਨ ਦੇਣ ਦੀ ਵੀ ਲੋੜ ਹੈ।

ਪ੍ਰਾਚੀਨ ਇਸਰਾਏਲ ਵਿਚ ਜੇ ਕਿਸੇ ਤੋਂ ਖ਼ੂਨ ਹੋ ਜਾਂਦਾ ਸੀ, ਤਾਂ ਉਹ ਆਪਣੀ ਰੱਖਿਆ ਲਈ ਪਨਾਹ ਦੇ ਨਗਰਾਂ ਨੂੰ ਭੱਜ ਸਕਦਾ ਸੀ ਅਤੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਸੀ। ਜੇ ਖ਼ੂਨ ਇਤਫ਼ਾਕ ਨਾਲ ਹੋਇਆ ਹੋਵੇ, ਤਾਂ ਉਸ ਨੂੰ ਪਨਾਹ ਦੇ ਨਗਰ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਉੱਥੇ ਉਹ ਬਦਲਾ ਲੈਣ ਵਾਲੇ ਤੋਂ ਬਚ ਕੇ ਰਹਿ ਸਕਦਾ ਸੀ। (ਗਿਣਤੀ 35:6-25) ਤਾਂ ਫਿਰ ਜੇ ਕਿਸੇ ਹਾਦਸੇ ਵਿਚ ਮਸੀਹੀ ਤੋਂ ਕਿਸੇ ਦਾ ਖ਼ੂਨ ਹੋ ਜਾਂਦਾ ਹੈ, ਤਾਂ ਬਜ਼ੁਰਗਾਂ ਨੂੰ ਪੂਰੀ ਜਾਂਚ ਕਰਨੀ ਚਾਹੀਦੀ ਹੈ ਕਿ ਉਹ ਖ਼ੂਨ ਦੇ ਦੋਸ਼ ਤੋਂ ਮੁਕਤ ਹੈ ਕਿ ਨਹੀਂ। ਇਹ ਜ਼ਰੂਰੀ ਨਹੀਂ ਕਿ ਕਲੀਸਿਯਾ ਉਹੀ ਫ਼ੈਸਲਾ ਕਰੇਗੀ ਜੋ ਸਰਕਾਰ ਜਾਂ ਅਦਾਲਤ ਕਰੇਗੀ।

ਮਿਸਾਲ ਲਈ, ਹੋ ਸਕਦਾ ਹੈ ਕਿ ਕੋਈ ਟ੍ਰੈਫਿਕ ਨਿਯਮ ਤੋੜਨ ਕਾਰਨ ਅਦਾਲਤ ਦੀਆਂ ਨਜ਼ਰਾਂ ਵਿਚ ਮਸੀਹੀ ਗੁਨਾਹਗਾਰ ਹੋਵੇ, ਪਰ ਜਦ ਬਜ਼ੁਰਗ ਮਾਮਲੇ ਦੀ ਛਾਣ-ਬੀਣ ਕਰਨ, ਤਾਂ ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਮਸੀਹੀ ਉੱਤੇ ਖ਼ੂਨ ਦਾ ਦੋਸ਼ ਨਹੀਂ ਹੈ ਕਿਉਂਕਿ ਹਾਦਸੇ ਨੂੰ ਰੋਕਣਾ ਉਸ ਦੀ ਵੱਸ ਦੀ ਗੱਲ ਨਹੀਂ ਸੀ। ਪਰ ਇਸ ਦੇ ਉਲਟ ਇਹ ਵੀ ਹੋ ਸਕਦਾ ਹੈ ਕਿ ਅਦਾਲਤ ਮਸੀਹੀ ਨੂੰ ਬਰੀ ਕਰ ਦੇਵੇ, ਲੇਕਿਨ ਬਜ਼ੁਰਗ ਉਸ ਨੂੰ ਕਸੂਰਵਾਰ ਠਹਿਰਾਉਣ।

ਬਜ਼ੁਰਗ ਜੋ ਵੀ ਫ਼ੈਸਲਾ ਕਰਦੇ ਹਨ ਇਸ ਨੂੰ ਬਾਈਬਲ ਉੱਤੇ ਅਤੇ ਸਬੂਤਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਡ੍ਰਾਈਵਰ ਖ਼ੁਦ ਆਪਣੀ ਗ਼ਲਤੀ ਦਾ ਇਕਬਾਲ ਕਰੇ ਜਾਂ ਫਿਰ ਦੋ ਜਾਂ ਤਿੰਨ ਭਰੋਸੇਯੋਗ ਚਸ਼ਮਦੀਦ ਗਵਾਹਾਂ ਦੀ ਜ਼ਬਾਨੀ ਬਜ਼ੁਰਗ ਘਟਨਾ ਦੀ ਹਕੀਕਤ ਪਤਾ ਕਰਨ। (ਬਿਵਸਥਾ ਸਾਰ 17:6; ਮੱਤੀ 18:15, 16) ਜੇ ਸਬੂਤਾਂ ਦੇ ਆਧਾਰ ਤੇ ਬਜ਼ੁਰਗ ਇਹ ਫ਼ੈਸਲਾ ਕਰਨ ਕਿ ਮਸੀਹੀ ਉੱਤੇ ਖ਼ੂਨ ਦਾ ਦੋਸ਼ ਹੈ, ਤਾਂ ਜੁਡੀਸ਼ਲ ਕਮੇਟੀ ਨਿਯੁਕਤ ਕੀਤੀ ਜਾਣੀ ਚਾਹੀਦੀ ਹੈ। ਜੇ ਕਮੇਟੀ ਦੇ ਮੈਂਬਰ ਦੇਖਣ ਕਿ ਵਿਅਕਤੀ ਨੇ ਤੋਬਾ ਕੀਤੀ ਹੈ, ਤਾਂ ਉਸ ਨੂੰ ਬਾਈਬਲ ਤੇ ਆਧਾਰਿਤ ਤਾੜਨਾ ਦਿੱਤੀ ਜਾਵੇਗੀ ਅਤੇ ਕਲੀਸਿਯਾ ਵਿਚ ਉਸ ਦੀਆਂ ਜ਼ਿੰਮੇਵਾਰੀਆਂ ਉੱਤੇ ਪਾਬੰਦੀ ਲਗਾਈ ਜਾਵੇਗੀ। ਉਹ ਕਲੀਸਿਯਾ ਵਿਚ ਇਕ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਸੇਵਾ ਨਹੀਂ ਕਰ ਸਕੇਗਾ। ਉਸ ਉੱਤੇ ਹੋਰ ਵੀ ਪਾਬੰਦੀਆਂ ਲਾਈਆਂ ਜਾਣਗੀਆਂ। ਇਸ ਦੇ ਨਾਲ-ਨਾਲ, ਉਸ ਨੂੰ ਆਪਣੀ ਲਾਪਰਵਾਹੀ ਲਈ ਯਹੋਵਾਹ ਪਰਮੇਸ਼ੁਰ ਨੂੰ ਵੀ ਜਵਾਬ ਦੇਣਾ ਪਵੇਗਾ।—ਗਲਾਤੀਆਂ 6:5, 7.

ਮਿਸਾਲ ਦੇ ਤੌਰ ਤੇ, ਜੇ ਹਾਦਸੇ ਵੇਲੇ ਮੌਸਮ ਖ਼ਰਾਬ ਸੀ, ਤਾਂ ਡ੍ਰਾਈਵਰ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸੀ। ਜੇ ਉਸ ਨੂੰ ਨੀਂਦ ਆ ਰਹੀ ਸੀ, ਤਾਂ ਉਸ ਨੂੰ ਰੁੱਕ ਕੇ ਕੁਝ ਸਮੇਂ ਲਈ ਆਰਾਮ ਕਰਨਾ ਚਾਹੀਦਾ ਸੀ ਜਾਂ ਕਿਸੇ ਹੋਰ ਨੂੰ ਕਾਰ ਚਲਾਉਣ ਲਈ ਕਹਿਣਾ ਚਾਹੀਦਾ ਸੀ।

ਫ਼ਰਜ਼ ਕਰੋ ਕਿ ਮਸੀਹੀ ਕਾਰ ਜ਼ਿਆਦਾ ਤੇਜ਼ ਚਲਾ ਰਿਹਾ ਸੀ। ਸਪੀਡ ਲਿਮਿਟ ਤੋੜਨ ਨਾਲ ਉਹ ਸਰਕਾਰ ਦਾ ਕਾਨੂੰਨ ਤੋੜਦਾ ਹੈ। ਉਹ ‘ਕੈਸਰ ਦੀਆਂ ਚੀਜ਼ਾਂ ਕੈਸਰ ਨੂੰ’ ਨਹੀਂ ਦੇ ਰਿਹਾ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਉਹ ਜੀਵਨ ਦੀ ਕਦਰ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਕਾਰ ਤੇਜ਼ ਚਲਾਉਣ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ। (ਮੱਤੀ 22:21) ਇਸ ਦੇ ਸੰਬੰਧ ਵਿਚ ਇਕ ਹੋਰ ਗੱਲ ਉੱਤੇ ਗੌਰ ਕਰੋ। ਬਜ਼ੁਰਗ ਕਲੀਸਿਯਾ ਦੇ ਬਾਕੀ ਮੈਂਬਰਾਂ ਲਈ ਕਿਹੋ ਜਿਹੀ ਉਦਾਹਰਣ ਕਾਇਮ ਕਰ ਰਿਹਾ ਹੋਵੇਗਾ ਜੇ ਉਹ ਖ਼ੁਦ ਸਰਕਾਰ ਦੁਆਰਾ ਤੈਅ ਕੀਤੇ ਗਏ ਟ੍ਰੈਫਿਕ ਨਿਯਮਾਂ ਅਨੁਸਾਰ ਕਾਰ ਚਲਾਉਣ ਵਿਚ ਲਾਪਰਵਾਹੀ ਕਰਦਾ ਹੈ ਜਾਂ ਜਾਣ-ਬੁੱਝ ਕੇ ਉਨ੍ਹਾਂ ਨੂੰ ਤੋੜਦਾ ਹੈ?—1 ਪਤਰਸ 5:3.

ਸਾਨੂੰ ਦੂਸਰਿਆਂ ਤੋਂ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਹ ਕਿਸੇ ਜਗ੍ਹਾ ਤੇ ਖ਼ਾਸ ਸਮੇਂ ਤੇ ਪਹੁੰਚਣ ਜੇ ਸਾਨੂੰ ਪਤਾ ਹੈ ਕਿ ਉਨ੍ਹਾਂ ਨੂੰ ਉੱਥੇ ਪਹੁੰਚਣ ਲਈ ਸਪੀਡ ਲਿਮਿਟ ਤੋੜਨੀ ਪਵੇਗੀ। ਜੇ ਅਸੀਂ ਸਫ਼ਰ ਕਰਨ ਲਈ ਲੋੜੀਂਦਾ ਸਮਾਂ ਤੈਅ ਕਰਦੇ ਹਾਂ, ਤਾਂ ਸਾਨੂੰ ਕਾਰ ਤੇਜ਼ ਚਲਾਉਣ ਦੀ ਲੋੜ ਨਹੀਂ ਪਵੇਗੀ। ਅਸੀਂ ਸਰਕਾਰ ਦੁਆਰਾ ਤੈਅ ਕੀਤੇ ਗਏ ਨਿਯਮਾਂ ਅਨੁਸਾਰ ਕਾਰ ਚਲਾ ਸਕਾਂਗੇ। (ਰੋਮੀਆਂ 13:1, 5) ਇਸ ਤਰ੍ਹਾਂ ਕਰਨ ਨਾਲ ਡ੍ਰਾਈਵਰ ਅਜਿਹੇ ਹਾਦਸਿਆਂ ਤੋਂ ਬਚ ਸਕਦਾ ਹੈ ਜਿਨ੍ਹਾਂ ਕਾਰਨ ਕਿਸੇ ਦੀ ਜਾਨ ਜਾ ਸਕਦੀ ਹੈ ਅਤੇ ਉਸ ਉੱਤੇ ਖ਼ੂਨ ਦਾ ਦੋਸ਼ ਲੱਗ ਸਕਦਾ ਹੈ। ਇਸ ਦੇ ਨਾਲ-ਨਾਲ ਉਹ ਦੂਸਰਿਆਂ ਲਈ ਇਕ ਚੰਗੀ ਮਿਸਾਲ ਕਾਇਮ ਕਰੇਗਾ ਅਤੇ ਉਸ ਦੀ ਜ਼ਮੀਰ ਵੀ ਸਾਫ਼ ਰਹੇਗੀ।—1 ਪਤਰਸ 3:16.