Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਇਕਵੇਡਾਰ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਇਕਵੇਡਾਰ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਇਕਵੇਡਾਰ

ਇਟਲੀ ਵਿਚ ਬਰੂਨੋ ਨਾਂ ਦੇ ਨੌਜਵਾਨ ਨੇ ਇਕ ਅਹਿਮ ਫ਼ੈਸਲਾ ਕਰਨਾ ਸੀ। ਉਹ ਹਾਈ ਸਕੂਲ ਵਿਚ ਆਪਣੀ ਕਲਾਸ ਦੇ ਸਾਰੇ ਵਿਦਿਆਰਥੀਆਂ ਨਾਲੋਂ ਜ਼ਿਆਦਾ ਨੰਬਰ ਲੈ ਕੇ ਪਾਸ ਹੋਇਆ ਸੀ। ਇਸ ਕਰਕੇ ਉਸ ਦਾ ਪਰਿਵਾਰ, ਰਿਸ਼ਤੇਦਾਰ ਤੇ ਅਧਿਆਪਕ ਉਸ ਉੱਤੇ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਦਾ ਜ਼ੋਰ ਪਾ ਰਹੇ ਸਨ। ਪਰ ਕੁਝ ਸਾਲ ਪਹਿਲਾਂ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਵਾਅਦਾ ਕੀਤਾ ਸੀ ਕਿ ਉਹ ਹਮੇਸ਼ਾ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦੇਵੇਗਾ। ਉਸ ਨੇ ਕੀ ਫ਼ੈਸਲਾ ਕੀਤਾ? ਉਹ ਦੱਸਦਾ ਹੈ: “ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਿਹਾ ਸੀ ਕਿ ਮੈਂ ਆਪਣਾ ਵਾਅਦਾ ਜ਼ਰੂਰ ਨਿਭਾਵਾਂਗਾ ਅਤੇ ਉਸ ਨੂੰ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਆਂਗਾ। ਪਰ ਮੈਂ ਪ੍ਰਾਰਥਨਾ ਵਿਚ ਇਹ ਵੀ ਕਿਹਾ ਕਿ ਮੈਂ ਉਸ ਦੀ ਸੇਵਾ ਕਰਦਿਆਂ ਬੋਰਿੰਗ ਜ਼ਿੰਦਗੀ ਨਹੀਂ ਜੀਉਣੀ ਚਾਹੁੰਦਾ, ਸਗੋਂ ਤਰ੍ਹਾਂ-ਤਰ੍ਹਾਂ ਦੇ ਕੰਮ ਕਰਨ ਦਾ ਮਜ਼ਾ ਲੈਣਾ ਚਾਹੁੰਦਾ ਹਾਂ।”

ਕੁਝ ਸਾਲ ਬਾਅਦ ਬਰੂਨੋ ਦੱਖਣੀ ਅਮਰੀਕਾ ਦੇ ਦੇਸ਼ ਇਕਵੇਡਾਰ ਚਲਾ ਗਿਆ। ਉਹ ਕਹਿੰਦਾ ਹੈ: “ਮੈਂ ਪ੍ਰਾਰਥਨਾ ਵਿਚ ਜੋ ਮੰਗਿਆ ਸੀ, ਯਹੋਵਾਹ ਨੇ ਉਸ ਤੋਂ ਕਿਤੇ ਵੱਧ ਮੈਨੂੰ ਦਿੱਤਾ ਹੈ।” ਉਸ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਦੂਸਰੇ ਦੇਸ਼ਾਂ ਤੋਂ ਉਸ ਵਰਗੇ ਹੋਰ ਬਹੁਤ ਸਾਰੇ ਨੌਜਵਾਨ ਇਕਵੇਡਾਰ ਆਏ ਹੋਏ ਸਨ ਜਿਹੜੇ ਯਹੋਵਾਹ ਦੀ ਸੇਵਾ ਜ਼ਿਆਦਾ ਕਰਨੀ ਚਾਹੁੰਦੇ ਸਨ।

ਯਹੋਵਾਹ ’ਤੇ ਭਰੋਸਾ ਰੱਖਣ ਵਾਲੇ ਨੌਜਵਾਨ

ਦੁਨੀਆਂ ਭਰ ਵਿਚ ਬਰੂਨੋ ਵਰਗੇ ਹਜ਼ਾਰਾਂ ਨੌਜਵਾਨ ਯਹੋਵਾਹ ਦੀ ਇਸ ਗੱਲ ਉੱਤੇ ਭਰੋਸਾ ਰੱਖਦੇ ਹਨ: “ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ!” (ਮਲਾ. 3:10) ਉਹ ਪਰਮੇਸ਼ੁਰ ਨਾਲ ਪਿਆਰ ਕਰਦੇ ਹਨ, ਇਸ ਲਈ ਉਹ ਉਨ੍ਹਾਂ ਦੇਸ਼ਾਂ ਵਿਚ ਜਾ ਕੇ ਖ਼ੁਸ਼ੀ-ਖ਼ੁਸ਼ੀ ਪ੍ਰਚਾਰ ਦੇ ਕੰਮ ਵਿਚ ਆਪਣਾ ਸਮਾਂ, ਤਾਕਤ ਅਤੇ ਹੋਰ ਚੀਜ਼ਾਂ ਇਸਤੇਮਾਲ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ।

ਹੋਰ ਦੇਸ਼ ਵਿਚ ਪਹੁੰਚਣ ਤੇ ਇਹ ਨੌਜਵਾਨ ਆਪਣੀ ਅੱਖੀਂ ਦੇਖਦੇ ਹਨ ਕਿ “ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ।” (ਮੱਤੀ 9:37) ਉਦਾਹਰਣ ਲਈ, ਜਰਮਨੀ ਤੋਂ ਆਈ ਯਾਕਲੀਨ ਨੇ ਖ਼ੁਸ਼ੀ-ਖ਼ੁਸ਼ੀ ਇਕਵੇਡਾਰ ਬ੍ਰਾਂਚ ਨੂੰ ਚਿੱਠੀ ਵਿਚ ਇਹ ਲਿਖਿਆ: “ਮੈਂ ਦੋ ਸਾਲਾਂ ਤੋਂ ਇਕਵੇਡਾਰ ਵਿਚ ਸੇਵਾ ਕਰ ਰਹੀ ਹਾਂ। ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੇਰੇ ਕੋਲ ਹੁਣ 13 ਬਾਈਬਲ ਸਟੱਡੀਆਂ ਹਨ ਜਿਨ੍ਹਾਂ ਵਿਚ ਚਾਰ ਸਟੱਡੀਆਂ ਲਗਾਤਾਰ ਮੀਟਿੰਗਾਂ ਵਿਚ ਆਉਂਦੀਆਂ ਹਨ।” ਕੈਨੇਡਾ ਤੋਂ ਆਈ ਸ਼ਾਂਟੈਲ ਦੱਸਦੀ ਹੈ: “ਮੈਂ 2008 ਵਿਚ ਇਕਵੇਡਾਰ ਦੇ ਇਕ ਸਮੁੰਦਰੀ ਇਲਾਕੇ ਵਿਚ ਪ੍ਰਚਾਰ ਕਰਨ ਗਈ ਸੀ ਜਿੱਥੇ ਇੱਕੋ ਮੰਡਲੀ ਸੀ। ਹੁਣ ਉੱਥੇ ਤਿੰਨ ਮੰਡਲੀਆਂ ਅਤੇ 30 ਤੋਂ ਜ਼ਿਆਦਾ ਪਾਇਨੀਅਰ ਹਨ। ਜਿੰਨੀ ਖ਼ੁਸ਼ੀ ਨਵੇਂ ਲੋਕਾਂ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਦੇਖ ਕੇ ਹੁੰਦੀ ਹੈ, ਉੱਨੀ ਖ਼ੁਸ਼ੀ ਹੋਰ ਕਿਸੇ ਚੀਜ਼ ਤੋਂ ਨਹੀਂ ਹੁੰਦੀ।” ਉਹ ਅੱਗੇ ਕਹਿੰਦੀ ਹੈ: “ਮੈਂ ਕੁਝ ਸਮਾਂ ਪਹਿਲਾਂ ਐਂਡੀਜ਼ ਪਹਾੜਾਂ ਵਿਚ 9,000 ਫੁੱਟ (2,743 ਮੀਟਰ) ਦੀ ਉਚਾਈ ’ਤੇ ਵਸੇ ਇਕ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਈ। ਇੱਥੇ 75,000 ਲੋਕ ਰਹਿੰਦੇ ਹਨ, ਪਰ ਇੱਥੇ ਇੱਕੋ ਮੰਡਲੀ ਹੈ। ਮੈਨੂੰ ਇੱਥੇ ਪ੍ਰਚਾਰ ਕਰ ਕੇ ਬਹੁਤ ਮਜ਼ਾ ਆਉਂਦਾ ਹੈ ਤੇ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਰਹੇ ਹਨ।”

ਵਿਦੇਸ਼ ਜਾ ਕੇ ਸੇਵਾ ਕਰਨ ਦੀਆਂ ਚੁਣੌਤੀਆਂ

ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਲਈ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕਈ ਨੌਜਵਾਨਾਂ ਨੂੰ ਤਾਂ ਉੱਥੇ ਜਾਣ ਤੋਂ ਪਹਿਲਾਂ ਹੀ ਮੁਸ਼ਕਲਾਂ ਆਉਂਦੀਆਂ ਹਨ। ਅਮਰੀਕਾ ਤੋਂ ਆਈ ਕਾਇਲਾ ਦੱਸਦੀ ਹੈ: “ਕੁਝ ਭਰਾਵਾਂ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਹੋਰ ਦੇਸ਼ ਨਾ ਜਾਵਾਂ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਵਿਦੇਸ਼ ਜਾ ਕੇ ਸੇਵਾ ਕਿਉਂ ਕਰਨੀ ਚਾਹੁੰਦੀ ਸੀ। ਉਨ੍ਹਾਂ ਦੀਆਂ ਗੱਲਾਂ ਨੇ ਮੈਨੂੰ ਬਹੁਤ ਨਿਰਾਸ਼ ਕੀਤਾ। ਕਈ ਵਾਰ ਤਾਂ ਮੈਂ ਵੀ ਸੋਚਣ ਲੱਗ ਪੈਂਦੀ ਸੀ, ‘ਕੀ ਮੈਂ ਸਹੀ ਫ਼ੈਸਲਾ ਕਰ ਰਹੀ ਹਾਂ?’” ਫਿਰ ਵੀ ਕਾਇਲਾ ਨੇ ਇਕਵੇਡਾਰ ਜਾਣ ਦਾ ਫ਼ੈਸਲਾ ਕੀਤਾ। ਉਹ ਦੱਸਦੀ ਹੈ: “ਮੈਂ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕੀਤੀ ਅਤੇ ਸਮਝਦਾਰ ਭੈਣਾਂ-ਭਰਾਵਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਨ।”

ਬਹੁਤ ਸਾਰੇ ਨੌਜਵਾਨਾਂ ਲਈ ਨਵੀਂ ਭਾਸ਼ਾ ਸਿੱਖਣੀ ਔਖੀ ਹੈ। ਆਇਰਲੈਂਡ ਤੋਂ ਆਈ ਸ਼ਵੌਨ ਯਾਦ ਕਰਦੀ ਹੈ: “ਨਵੀਂ ਭਾਸ਼ਾ ਵਿਚ ਮੇਰੇ ਲਈ ਆਪਣੀ ਗੱਲ ਕਹਿਣੀ ਬਹੁਤ ਔਖੀ ਸੀ। ਮੈਂ ਧੀਰਜ ਤੋਂ ਕੰਮ ਲੈਣਾ ਸਿੱਖਿਆ ਤੇ ਸਪੈਨਿਸ਼ ਭਾਸ਼ਾ ਸਿੱਖਣ ਲਈ ਹੋਰ ਮਿਹਨਤ ਕੀਤੀ ਅਤੇ ਆਪਣੀਆਂ ਗ਼ਲਤੀਆਂ ਤੇ ਹੱਸਣਾ ਸਿੱਖਿਆ।” ਏਸਟੋਨੀਆ ਤੋਂ ਆਈ ਆਨਾ ਕਹਿੰਦੀ ਹੈ: “ਉੱਥੇ ਗਰਮੀ ਤੇ ਮਿੱਟੀ-ਘੱਟੇ ਨੇ ਮੱਤ ਮਾਰੀ ਹੋਈ ਸੀ ਤੇ ਨਹਾਉਣ ਲਈ ਗਰਮ ਪਾਣੀ ਵੀ ਨਹੀਂ ਸੀ। ਉੱਪਰੋਂ ਦੀ ਸਪੈਨਿਸ਼ ਭਾਸ਼ਾ ਸਿੱਖਣੀ ਬੜੀ ਔਖੀ ਸੀ। ਕਈ ਵਾਰ ਤਾਂ ਲੱਗਦਾ ਸੀ ਕਿ ਸਾਰਾ ਕੁਝ ਛੱਡ ਕੇ ਵਾਪਸ ਚਲੀ ਜਾਵਾਂ। ਪਰ ਫਿਰ ਮੈਂ ਆਪਣੀਆਂ ਗ਼ਲਤੀਆਂ ਵੱਲ ਧਿਆਨ ਦੇਣ ਦੀ ਬਜਾਇ ਇਸ ਗੱਲ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਕਿ ਮੈਂ ਕਿੰਨੀ ਸਪੈਨਿਸ਼ ਸਿੱਖ ਲਈ ਸੀ।”

ਕਈਆਂ ਨੂੰ ਘਰ ਦੀ ਯਾਦ ਬਹੁਤ ਸਤਾਉਂਦੀ ਹੈ। ਅਮਰੀਕਾ ਤੋਂ ਆਇਆ ਜੋਨਾਥਨ ਕਹਿੰਦਾ ਹੈ: “ਇੱਥੇ ਆਉਣ ਤੋਂ ਕੁਝ ਸਮੇਂ ਬਾਅਦ ਮੈਂ ਆਪਣੇ ਦੋਸਤਾਂ-ਮਿੱਤਰਾਂ ਤੇ ਪਰਿਵਾਰ ਤੋਂ ਦੂਰ ਹੋਣ ਕਰਕੇ ਉਦਾਸ ਹੋ ਗਿਆ। ਪਰ ਮੈਂ ਬਾਈਬਲ ਦੀ ਸਟੱਡੀ ਤੇ ਪ੍ਰਚਾਰ ਵੱਲ ਜ਼ਿਆਦਾ ਧਿਆਨ ਦੇਣ ਰਾਹੀਂ ਆਪਣੀ ਉਦਾਸੀ ਦੂਰ ਕੀਤੀ। ਫਿਰ ਮੈਨੂੰ ਪ੍ਰਚਾਰ ਵਿਚ ਮਜ਼ੇਦਾਰ ਤਜਰਬੇ ਹੋਣ ਲੱਗ ਪਏ ਅਤੇ ਮੈਂ ਮੰਡਲੀ ਵਿਚ ਨਵੇਂ ਦੋਸਤ ਬਣਾਏ ਜਿਸ ਕਰਕੇ ਮੈਂ ਦੁਬਾਰਾ ਖ਼ੁਸ਼ ਰਹਿਣ ਲੱਗ ਪਿਆ।”

ਕਈਆਂ ਨੂੰ ਹੋਰ ਦੇਸ਼ ਦੇ ਰਹਿਣ-ਸਹਿਣ ਦੇ ਢੰਗ ਤੋਂ ਪਰੇਸ਼ਾਨੀ ਹੁੰਦੀ ਹੈ। ਉੱਥੇ ਦਾ ਰਹਿਣ-ਸਹਿਣ ਸ਼ਾਇਦ ਉਨ੍ਹਾਂ ਦੇ ਦੇਸ਼ ਨਾਲੋਂ ਨੀਵਾਂ ਹੋਵੇ। ਕੈਨੇਡਾ ਤੋਂ ਆਇਆ ਬੌ ਦੱਸਦਾ ਹੈ: “ਕੈਨੇਡਾ ਵਿਚ ਸਾਨੂੰ ਬਿਜਲੀ ਅਤੇ ਪਾਣੀ ਵਰਗੀਆਂ ਸਹੂਲਤਾਂ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ। ਪਰ ਇੱਥੇ ਇਹ ਚੀਜ਼ਾਂ ਦਾ ਕੋਈ ਭਰੋਸਾ ਨਹੀਂ। ਬਿਜਲੀ ਆਪਣੀ ਮਰਜ਼ੀ ਨਾਲ ਆਉਂਦੀ-ਜਾਂਦੀ ਹੈ।” ਬਹੁਤ ਸਾਰੇ ਦੇਸ਼ਾਂ ਵਿਚ ਲੋਕ ਗ਼ਰੀਬ ਤੇ ਅਨਪੜ੍ਹ ਹਨ ਅਤੇ ਆਵਾਜਾਈ ਦੇ ਸਾਧਨ ਵਧੀਆ ਨਹੀਂ ਹਨ। ਆਸਟ੍ਰੀਆ ਤੋਂ ਆਈ ਈਨੈਸ ਇਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਇ ਉੱਥੇ ਦੇ ਲੋਕਾਂ ਦੇ ਚੰਗੇ ਗੁਣਾਂ ਵੱਲ ਧਿਆਨ ਦਿੰਦੀ ਹੈ। ਉਹ ਦੱਸਦੀ ਹੈ: “ਲੋਕ ਨਿਮਰ ਤੇ ਨਰਮ ਸੁਭਾਅ ਦੇ ਹਨ ਅਤੇ ਬੜੀ ਪਰਾਹੁਣਚਾਰੀ ਤੇ ਮਦਦ ਕਰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਲੈਣ ਵਿਚ ਬੜੀ ਦਿਲਚਸਪੀ ਹੈ।”

ਬੇਸ਼ੁਮਾਰ ਬਰਕਤਾਂ

ਇਨ੍ਹਾਂ ਸਾਰੇ ਨੌਜਵਾਨਾਂ ਨੇ ਕਈ ਕੁਰਬਾਨੀਆਂ ਕੀਤੀਆਂ ਹਨ, ਪਰ ਇਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਆਸ ਤੋਂ “ਕਿਤੇ ਵੱਧ” ਦਿੱਤਾ ਹੈ। (ਅਫ਼. 3:20) ਹਾਂ, ਉਹ ਮਹਿਸੂਸ ਕਰਦੇ ਹਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ। (ਮਲਾ. 3:10) ਆਓ ਦੇਖੀਏ ਕਿ ਉਹ ਆਪਣੀ ਸੇਵਾ ਬਾਰੇ ਕੀ ਮਹਿਸੂਸ ਕਰਦੇ ਹਨ:

ਬਰੂਨੋ: “ਇਕਵੇਡਾਰ ਦਾ ਐਮੇਜ਼ਨ ਇਲਾਕਾ ਬੜਾ ਹੀ ਦਿਲਚਸਪ ਹੈ ਤੇ ਮੈਂ ਇੱਥੇ ਹੀ ਸੇਵਾ ਕਰਨੀ ਸ਼ੁਰੂ ਕੀਤੀ ਸੀ। ਬਾਅਦ ਵਿਚ ਜਦੋਂ ਇਕਵੇਡਾਰ ਬ੍ਰਾਂਚ ਨੂੰ ਵੱਡਾ ਕੀਤਾ ਗਿਆ, ਤਾਂ ਮੈਂ ਉੱਥੇ ਉਸਾਰੀ ਦੇ ਕੰਮ ਵਿਚ ਮਦਦ ਕੀਤੀ। ਹੁਣ ਮੈਂ ਇੱਥੇ ਬੈਥਲ ਵਿਚ ਸੇਵਾ ਕਰਦਾ ਹਾਂ। ਇਟਲੀ ਵਿਚ ਮੈਂ ਯਹੋਵਾਹ ਨੂੰ ਪਹਿਲ ਦੇਣ ਦਾ ਫ਼ੈਸਲਾ ਕੀਤਾ ਸੀ ਅਤੇ ਉਹ ਮੇਰੀ ਤਮੰਨਾ ਪੂਰੀ ਕਰ ਰਿਹਾ ਹੈ ਕਿ ਮੈਨੂੰ ਉਸ ਦੀ ਸੇਵਾ ਵਿਚ ਵੱਖੋ-ਵੱਖਰੇ ਕੰਮ ਕਰ ਕੇ ਮਜ਼ਾ ਆਵੇ।”

ਬੌ: “ਯਹੋਵਾਹ ਨਾਲ ਮੇਰਾ ਰਿਸ਼ਤਾ ਬਹੁਤ ਗੂੜ੍ਹਾ ਹੋਇਆ ਹੈ ਕਿਉਂਕਿ ਇਕਵੇਡਾਰ ਵਿਚ ਮੈਂ ਆਪਣਾ ਸਾਰਾ ਸਮਾਂ ਉਸ ਦੇ ਕੰਮਾਂ ਵਿਚ ਲਾਉਂਦਾ ਹਾਂ। ਇਸ ਦੇ ਨਾਲ-ਨਾਲ ਮੈਂ ਕਈ ਸੋਹਣੀਆਂ-ਸੋਹਣੀਆਂ ਥਾਵਾਂ ਵੀ ਦੇਖੀਆਂ ਹਨ ਜਿਹੜੀਆਂ ਮੈਂ ਹਮੇਸ਼ਾ ਦੇਖਣੀਆਂ ਚਾਹੁੰਦਾ ਸੀ।”

ਆਨਾ: “ਮੈਂ ਸੋਚਦੀ ਹੁੰਦੀ ਸੀ ਕਿ ਕੁਆਰੀ ਹੋਣ ਕਰਕੇ ਮੈਂ ਮਿਸ਼ਨਰੀਆਂ ਵਾਂਗ ਸੇਵਾ ਨਹੀਂ ਕਰ ਸਕਦੀ। ਪਰ ਹੁਣ ਮੈਂ ਜਾਣ ਗਈ ਹਾਂ ਕਿ ਇਸ ਤਰ੍ਹਾਂ ਸੇਵਾ ਕਰਨੀ ਮੇਰੇ ਲਈ ਮੁਮਕਿਨ ਹੈ। ਯਹੋਵਾਹ ਦੀ ਮਿਹਰ ਨਾਲ ਮੈਨੂੰ ਚੇਲੇ ਬਣਾ ਕੇ, ਕਿੰਗਡਮ ਹਾਲ ਬਣਾ ਕੇ ਅਤੇ ਨਵੇਂ ਦੋਸਤ ਬਣਾ ਕੇ ਖ਼ੁਸ਼ੀ ਮਿਲਦੀ ਹੈ।”

ਐਲਕ: “ਆਸਟ੍ਰੀਆ ਵਿਚ ਮੈਂ ਯਹੋਵਾਹ ਨੂੰ ਹਮੇਸ਼ਾ ਪ੍ਰਾਰਥਨਾ ਕਰਦੀ ਸੀ ਕਿ ਮੈਨੂੰ ਇਕ ਬਾਈਬਲ ਸਟੱਡੀ ਮਿਲ ਜਾਵੇ। ਇੱਥੇ ਮੇਰੇ ਕੋਲ 15 ਬਾਈਬਲ ਸਟੱਡੀਆਂ ਹਨ! ਤਰੱਕੀ ਕਰ ਰਹੇ ਲੋਕਾਂ ਦੇ ਖ਼ੁਸ਼ ਚਿਹਰੇ ਦੇਖ ਕੇ ਮੈਨੂੰ ਬਹੁਤ ਸਕੂਨ ਮਿਲਦਾ ਹੈ।”

ਜੋਅਲ: “ਕਿਸੇ ਅਣਜਾਣ ਜਗ੍ਹਾ ਆ ਕੇ ਯਹੋਵਾਹ ਦੀ ਸੇਵਾ ਕਰਨੀ ਬਹੁਤ ਵਧੀਆ ਤਜਰਬਾ ਹੈ। ਤੁਸੀਂ ਉਸ ਉੱਤੇ ਜ਼ਿਆਦਾ ਭਰੋਸਾ ਰੱਖਣਾ ਸਿੱਖਦੇ ਹੋ ਅਤੇ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਉਹ ਤੁਹਾਡੇ ਜਤਨਾਂ ’ਤੇ ਬਰਕਤਾਂ ਪਾਉਂਦਾ ਹੈ। ਅਮਰੀਕਾ ਤੋਂ ਆਉਣ ਤੋਂ ਬਾਅਦ ਇਕ ਸਾਲ ਦੇ ਅੰਦਰ-ਅੰਦਰ ਮੇਰੇ ਗਰੁੱਪ ਵਿਚ ਪਬਲੀਸ਼ਰਾਂ ਦੀ ਗਿਣਤੀ 6 ਤੋਂ ਵਧ ਕੇ 21 ਹੋ ਗਈ ਅਤੇ ਮੈਮੋਰੀਅਲ ਵਿਚ 110 ਲੋਕ ਆਏ ਸਨ!”

ਤੁਹਾਡੇ ਬਾਰੇ ਕੀ?

ਨੌਜਵਾਨ ਭੈਣੋ ਤੇ ਭਰਾਵੋ, ਕੀ ਤੁਹਾਡੇ ਹਾਲਾਤ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀ ਇਜਾਜ਼ਤ ਦਿੰਦੇ ਹਨ ਜਿੱਥੇ ਹੋਰ ਪ੍ਰਚਾਰਕਾਂ ਦੀ ਲੋੜ ਹੈ? ਇਹ ਬਹੁਤ ਵੱਡਾ ਫ਼ੈਸਲਾ ਹੈ ਜਿਸ ਬਾਰੇ ਕਾਫ਼ੀ ਸੋਚ-ਵਿਚਾਰ ਕਰਨ ਦੀ ਲੋੜ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਹਾਡੇ ਦਿਲ ਵਿਚ ਯਹੋਵਾਹ ਅਤੇ ਗੁਆਂਢੀ ਲਈ ਪਿਆਰ ਹੋਣਾ ਚਾਹੀਦਾ ਹੈ। ਜੇ ਤੁਹਾਡੇ ਦਿਲ ਵਿਚ ਪਿਆਰ ਹੈ ਅਤੇ ਤੁਸੀਂ ਕਿਸੇ ਹੋਰ ਜਗ੍ਹਾ ਜਾ ਸਕਦੇ ਹੋ, ਤਾਂ ਕਿਸੇ ਹੋਰ ਦੇਸ਼ ਜਾ ਕੇ ਸੇਵਾ ਕਰਨ ਸੰਬੰਧੀ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਨਾਲੇ ਆਪਣੇ ਮਾਤਾ-ਪਿਤਾ ਤੇ ਮੰਡਲੀ ਦੇ ਬਜ਼ੁਰਗਾਂ ਨਾਲ ਇਸ ਬਾਰੇ ਗੱਲ ਕਰੋ। ਇਸ ਤੋਂ ਬਾਅਦ ਤੁਸੀਂ ਸ਼ਾਇਦ ਫ਼ੈਸਲਾ ਕਰੋ ਕਿ ਤੁਸੀਂ ਵੀ ਕਿਸੇ ਹੋਰ ਦੇਸ਼ ਜਾ ਕੇ ਯਹੋਵਾਹ ਦੀ ਸੇਵਾ ਕਰਨ ਦਾ ਮਜ਼ਾ ਲੈ ਸਕਦੇ ਹੋ।

[ਸਫ਼ਾ 3 ਉੱਤੇ ਸੁਰਖੀ]

“ਮੈਂ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕੀਤੀ ਅਤੇ ਸਮਝਦਾਰ ਭੈਣਾਂ-ਭਰਾਵਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜਿਹੜੇ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਨ।”—ਕਾਇਲਾ ਜੋ ਅਮਰੀਕਾ ਤੋਂ ਆਈ ਹੈ

[ਸਫ਼ਾ 6 ਉੱਤੇ ਡੱਬੀ/ਤਸਵੀਰ]

ਕਿਸੇ ਹੋਰ ਦੇਸ਼ ਸੇਵਾ ਕਰਨ ਲਈ ਤਿਆਰੀ ਕਰਨ ਵਾਸਤੇ ਕੁਝ ਸੁਝਾਅ

• ਚੰਗੀ ਤਰ੍ਹਾਂ ਬਾਈਬਲ ਦਾ ਅਧਿਐਨ ਕਰਨ ਦੀ ਆਦਤ ਪਾਓ

ਅਗਸਤ 2011 ਦੀ ਸਾਡੀ ਰਾਜ ਸੇਵਕਾਈ ਦੇ ਸਫ਼ੇ 4-6 ਉੱਤੇ ਦਿੱਤੇ ਲੇਖ ’ਤੇ ਵਿਚਾਰ ਕਰੋ

• ਉਨ੍ਹਾਂ ਭੈਣਾਂ-ਭਰਾਵਾਂ ਨਾਲ ਗੱਲ ਕਰੋ ਜਿਹੜੇ ਹੋਰ ਦੇਸ਼ ਵਿਚ ਸੇਵਾ ਕਰ ਚੁੱਕੇ ਹਨ

• ਉਸ ਦੇਸ਼ ਦੇ ਸਭਿਆਚਾਰ ਤੇ ਇਤਿਹਾਸ ਬਾਰੇ ਜਾਣਕਾਰੀ ਲਓ

• ਉੱਥੇ ਦੀ ਭਾਸ਼ਾ ਸਿੱਖੋ

[ਸਫ਼ਾ 6 ਉੱਤੇ ਡੱਬੀ/ਤਸਵੀਰ]

ਕਿਸੇ ਹੋਰ ਦੇਸ਼ ਸੇਵਾ ਕਰ ਰਹੇ ਕੁਝ ਭੈਣ-ਭਰਾ ਇਸ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਹਨ

• ਉਹ ਹਰ ਸਾਲ ਆਪਣੇ ਦੇਸ਼ ਵਾਪਸ ਆ ਕੇ ਕੁਝ ਮਹੀਨਿਆਂ ਲਈ ਕੰਮ ਕਰਦੇ ਹਨ

• ਉਹ ਆਪਣਾ ਘਰ ਵਗੈਰਾ ਕਿਰਾਏ ’ਤੇ ਦੇ ਦਿੰਦੇ ਹਨ

• ਆਪਣਾ ਕੰਮ ਕਿਸੇ ਹੋਰ ਨੂੰ ਸੰਭਾਲ ਜਾਂਦੇ ਹਨ

• ਇੰਟਰਨੈੱਟ ਰਾਹੀਂ ਕੰਮ ਕਰਦੇ ਹਨ

[ਸਫ਼ਾ 4 ਉੱਤੇ ਤਸਵੀਰਾਂ]

1 ਜਰਮਨੀ ਤੋਂ ਯਾਕਲੀਨ

2 ਇਟਲੀ ਤੋਂ ਬਰੂਨੋ

3 ਕੈਨੇਡਾ ਤੋਂ ਬੌ

4 ਆਇਰਲੈਂਡ ਤੋਂ ਸ਼ਵੌਨ

5 ਅਮਰੀਕਾ ਤੋਂ ਜੋਅਲ

6 ਅਮਰੀਕਾ ਤੋਂ ਜੋਨਾਥਨ

7 ਏਸਟੋਨੀਆ ਤੋਂ ਆਨਾ

8 ਆਸਟ੍ਰੀਆ ਤੋਂ ਐਲਕ

9 ਕੈਨੇਡਾ ਤੋਂ ਸ਼ਾਂਟੈਲ

10 ਆਸਟ੍ਰੀਆ ਤੋਂ ਈਨੈਸ