Skip to content

Skip to table of contents

ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ

“ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ, ਸੇਵਾ ਦਾ ਆਪਣਾ ਕੰਮ ਪੂਰਾ ਕਰ।”​—2 ਤਿਮੋ. 4:5.

1. ਸਭ ਤੋਂ ਪਹਿਲਾਂ ਕਿਸ ਨੇ ਖ਼ੁਸ਼ ਖ਼ਬਰੀ ਸੁਣਾਈ ਸੀ ਤੇ ਇਹ ਖ਼ੁਸ਼ ਖ਼ਬਰੀ ਕੀ ਸੀ?

ਸਭ ਤੋਂ ਪਹਿਲਾਂ ਕਿਸ ਨੇ ਖ਼ੁਸ਼ ਖ਼ਬਰੀ ਸੁਣਾਈ ਸੀ ਤੇ ਇਹ ਖ਼ੁਸ਼ ਖ਼ਬਰੀ ਕੀ ਸੀ? ਯਹੋਵਾਹ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ ਇਹ ਖ਼ੁਸ਼ੀ ਦੀ ਖ਼ਬਰ ਦਿੱਤੀ ਸੀ ਕਿ ਸੱਪ ਯਾਨੀ ਸ਼ੈਤਾਨ ਨੂੰ ਖ਼ਤਮ ਕੀਤਾ ਜਾਵੇਗਾ। (ਉਤ. 3:15) ਸਦੀਆਂ ਦੌਰਾਨ ਯਹੋਵਾਹ ਨੇ ਆਪਣੇ ਬਚਨ ਵਿਚ ਲਿਖਵਾਇਆ ਸੀ ਕਿ ਉਸ ਦੇ ਨਾਂ ’ਤੇ ਲੱਗੇ ਕਲੰਕ ਨੂੰ ਕਿਵੇਂ ਮਿਟਾਇਆ ਜਾਵੇਗਾ, ਸ਼ੈਤਾਨ ਵੱਲੋਂ ਖੜ੍ਹੀਆਂ ਕੀਤੀਆਂ ਮੁਸ਼ਕਲਾਂ ਨੂੰ ਹੱਲ ਕਿਵੇਂ ਕੀਤਾ ਜਾਵੇਗਾ ਅਤੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦੁਬਾਰਾ ਕਿਵੇਂ ਦਿੱਤਾ ਜਾਵੇਗਾ। ਕੀ ਇਸ ਤੋਂ ਵੱਡੀ ਕੋਈ ਖ਼ੁਸ਼ ਖ਼ਬਰੀ ਹੋ ਸਕਦੀ ਹੈ?

2. (ੳ) ਦੂਤ ਖ਼ੁਸ਼ ਖ਼ਬਰੀ ਕਿਵੇਂ ਸੁਣਾਉਂਦੇ ਹਨ? (ਅ) ਯਿਸੂ ਨੇ ਆਪਣੇ ਚੇਲਿਆਂ ਲਈ ਕਿਹੜੀ ਮਿਸਾਲ ਕਾਇਮ ਕੀਤੀ?

2 ਦੂਤ ਵੀ ਖ਼ੁਸ਼ ਖ਼ਬਰੀ ਸੁਣਾਉਂਦੇ ਹਨ ਅਤੇ ਇਸ ਦਾ ਪ੍ਰਚਾਰ ਕਰਨ ਵਿਚ ਦੂਸਰਿਆਂ ਦੀ ਮਦਦ ਕਰਦੇ ਹਨ। (ਲੂਕਾ 1:19; 2:10; ਰਸੂ. 8:26, 27, 35; ਪ੍ਰਕਾ. 14:6) ਮਹਾਂ ਦੂਤ ਮੀਕਾਏਲ ਬਾਰੇ ਕੀ? ਉਹ ਵੀ ਖ਼ੁਸ਼ ਖ਼ਬਰੀ ਸੁਣਾਉਂਦਾ ਹੈ। ਜਦ ਉਹ ਧਰਤੀ ’ਤੇ ਯਿਸੂ ਵਜੋਂ ਆਇਆ ਸੀ, ਤਾਂ ਉਸ ਨੇ ਆਪਣੇ ਚੇਲਿਆਂ ਲਈ ਖ਼ੁਸ਼ ਖ਼ਬਰੀ ਸੁਣਾਉਣ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਸੀ।​—ਲੂਕਾ 4:16-21.

3. (ੳ) ਅਸੀਂ ਲੋਕਾਂ ਨੂੰ ਕਿਹੜੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ? (ਅ) ਅਸੀਂ ਕਿਹੜੇ ਦੋ ਸਵਾਲਾਂ ਦੇ ਜਵਾਬ ਜਾਣਾਂਗੇ?

3 ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। (ਮੱਤੀ 28:19, 20; ਰਸੂ. 1:8) ਪੌਲੁਸ ਰਸੂਲ ਨੇ ਆਪਣੇ ਸਾਥੀ ਤਿਮੋਥਿਉਸ ਨੂੰ ਕਿਹਾ: “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ, ਸੇਵਾ ਦਾ ਆਪਣਾ ਕੰਮ ਪੂਰਾ ਕਰ।” (2 ਤਿਮੋ. 4:5) ਯਿਸੂ ਦੇ ਚੇਲਿਆਂ ਵਜੋਂ ਅਸੀਂ ਲੋਕਾਂ ਨੂੰ ਕਿਹੜੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ? ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਪਿਆਰ ਕਰਦਾ ਹੈ। (ਯੂਹੰ. 3:16; 1 ਪਤ. 5:7) ਪਰਮੇਸ਼ੁਰ ਦਾ ਰਾਜ ਇਸ ਗੱਲ ਦਾ ਸਬੂਤ ਹੈ ਕਿ ਉਹ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਹੈ। ਅਸੀਂ ਖ਼ੁਸ਼ੀ-ਖ਼ੁਸ਼ੀ ਲੋਕਾਂ ਨੂੰ ਦੱਸਦੇ ਹਾਂ ਕਿ ਜੇ ਉਹ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ, ਉਸ ਦਾ ਕਹਿਣਾ ਮੰਨਣ ਅਤੇ ਸਹੀ ਕੰਮ ਕਰਨ, ਤਾਂ ਉਹ ਉਸ ਨਾਲ ਰਿਸ਼ਤਾ ਜੋੜ ਸਕਦੇ ਹਨ। (ਜ਼ਬੂ. 15:1, 2) ਯਹੋਵਾਹ ਸਾਰੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ ਅਤੇ ਦੁੱਖ ਭਰੀਆਂ ਯਾਦਾਂ ਨੂੰ ਵੀ ਮਿਟਾ ਦੇਵੇਗਾ। ਵਾਕਈ ਇਹ ਖ਼ੁਸ਼ ਖ਼ਬਰੀ ਹੈ! (ਯਸਾ. 65:17) ਆਓ ਆਪਾਂ ਇਨ੍ਹਾਂ ਦੋ ਜ਼ਰੂਰੀ ਸਵਾਲਾਂ ਦੇ ਜਵਾਬ ਜਾਣੀਏ: ਅੱਜ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਕਿਉਂ ਹੈ? ਅਸੀਂ ਚੰਗੀ ਤਰ੍ਹਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ?

ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਕਿਉਂ ਹੈ?

ਵਧੀਆ ਸਵਾਲ ਪੁੱਛ ਕੇ, ਪਤਾ ਕਰੋ ਕਿ ਲੋਕ ਕਿਸੇ ਗੱਲ ’ਤੇ ਵਿਸ਼ਵਾਸ ਕਿਉਂ ਕਰਦੇ ਹਨ

4. ਲੋਕਾਂ ਨੂੰ ਪਰਮੇਸ਼ੁਰ ਬਾਰੇ ਕਿਹੜੇ ਝੂਠ ਦੱਸੇ ਜਾਂਦੇ ਹਨ?

4 ਫ਼ਰਜ਼ ਕਰੋ ਕਿ ਕੋਈ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਛੱਡ ਦਿੱਤਾ ਹੈ। ਉਹ ਕਹਿੰਦਾ ਹੈ ਕਿ ਤੁਹਾਡੇ ਪਿਤਾ ਨੇ ਪਰਿਵਾਰ ਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਹ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਸੀ, ਉਹ ਕੁਝ ਗੱਲਾਂ ਤੁਹਾਡੇ ਤੋਂ ਲੁਕੋ ਕੇ ਰੱਖਦਾ ਸੀ ਅਤੇ ਉਹ ਬੇਰਹਿਮ ਸੀ। ਉਹ ਇਹ ਵੀ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਪਿਤਾ ਨੂੰ ਮਿਲਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਮਰ ਚੁੱਕਾ ਹੈ। ਦਰਅਸਲ ਲੋਕਾਂ ਨੂੰ ਪਰਮੇਸ਼ੁਰ ਬਾਰੇ ਵੀ ਅਜਿਹੇ ਝੂਠ ਦੱਸੇ ਜਾਂਦੇ ਹਨ। ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਪਰਮੇਸ਼ੁਰ ਨੂੰ ਜਾਣਨਾ ਨਾਮੁਮਕਿਨ ਹੈ ਅਤੇ ਉਹ ਬੇਰਹਿਮ ਹੈ। ਮਿਸਾਲ ਲਈ, ਕੁਝ ਧਾਰਮਿਕ ਆਗੂ ਲੋਕਾਂ ਨੂੰ ਸਿਖਾਉਂਦੇ ਹਨ ਕਿ ਪਰਮੇਸ਼ੁਰ ਬੁਰੇ ਲੋਕਾਂ ਨੂੰ ਨਰਕ ਵਿਚ ਹਮੇਸ਼ਾ ਲਈ ਤਸੀਹੇ ਦਿੰਦਾ ਹੈ। ਦੂਜੇ ਕਹਿੰਦੇ ਹਨ ਕਿ ਕੁਦਰਤੀ ਆਫ਼ਤਾਂ ਪਿੱਛੇ ਰੱਬ ਦਾ ਹੱਥ ਹੈ। ਭਾਵੇਂ ਇਨ੍ਹਾਂ ਵਿਚ ਚੰਗੇ ਤੇ ਬੁਰੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ, ਫਿਰ ਵੀ ਉਹ ਕਹਿੰਦੇ ਹਨ ਕਿ ਇਹ ਰੱਬ ਦੀ ਮਾਰ ਹੈ।

ਸਵਾਲ ਪੁੱਛ ਕੇ, ਸੱਚਾਈ ਦੇ ਬੀ ਬੀਜੋ ਤਾਂਕਿ ਲੋਕ ਸੱਚਾਈ ਨੂੰ ਕਬੂਲ ਕਰਨ

5, 6. ਝੂਠੀਆਂ ਸਿੱਖਿਆਵਾਂ ਦਾ ਲੋਕਾਂ ’ਤੇ ਕੀ ਅਸਰ ਪਿਆ ਹੈ?

5 ਕੁਝ ਲੋਕ ਕਹਿੰਦੇ ਹਨ ਕਿ ਰੱਬ ਹੈ ਹੀ ਨਹੀਂ। ਉਹ ਮੰਨਦੇ ਨਹੀਂ ਕਿ ਕਾਇਨਾਤ ਵਿਚ ਸਾਰੀਆਂ ਚੀਜ਼ਾਂ ਪਰਮੇਸ਼ੁਰ ਨੇ ਬਣਾਈਆਂ ਹਨ। ਕਈ ਕਹਿੰਦੇ ਹਨ ਕਿ ਇਨਸਾਨ ਜਾਨਵਰਾਂ ਤੋਂ ਆਏ ਹਨ, ਇਸੇ ਲਈ ਉਹ ਜਾਨਵਰਾਂ ਵਰਗੇ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ ਤਾਕਤਵਰ ਲੋਕ ਹਮੇਸ਼ਾ ਕਮਜ਼ੋਰ ਲੋਕਾਂ ’ਤੇ ਜ਼ੁਲਮ ਢਾਹੁੰਦੇ ਆਏ ਹਨ, ਇਸੇ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬੇਇਨਸਾਫ਼ੀ ਦਾ ਬੋਲਬਾਲਾ ਹਮੇਸ਼ਾ ਰਹੇਗਾ। ਸੋ ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ।

6 ਇਨ੍ਹਾਂ ਆਖ਼ਰੀ ਦਿਨਾਂ ਵਿਚ ਇਨਸਾਨਾਂ ਦੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਇਕ ਕਾਰਨ ਹੈ ਕਿ ਕਈ ਲੋਕ ਵਿਕਾਸਵਾਦ ਅਤੇ ਹੋਰ ਝੂਠੀਆਂ ਸਿੱਖਿਆਵਾਂ ਨੂੰ ਮੰਨਦੇ ਹਨ। (ਰੋਮੀ. 1:28-31; 2 ਤਿਮੋ. 3:1-5) ਇਹ ਸਿੱਖਿਆਵਾਂ ਲੋਕਾਂ ਨੂੰ ਕੋਈ ਦਿਲਾਸਾ ਨਹੀਂ ਦਿੰਦੀਆਂ। ਇਸ ਦੀ ਬਜਾਇ ਜਿਵੇਂ ਪੌਲੁਸ ਰਸੂਲ ਨੇ ਕਿਹਾ ਸੀ, ਇਨ੍ਹਾਂ ਸਿੱਖਿਆਵਾਂ ਕਰਕੇ ਲੋਕਾਂ “ਦੇ ਮਨ ਹਨੇਰੇ ਵਿਚ ਹਨ ਅਤੇ ਉਹ ਉਸ ਜ਼ਿੰਦਗੀ ਤੋਂ ਵਾਂਝੇ ਹਨ ਜੋ ਪਰਮੇਸ਼ੁਰ ਤੋਂ ਹੈ।” (ਅਫ਼. 4:17-19) ਨਾਲੇ ਵਿਕਾਸਵਾਦ ਅਤੇ ਹੋਰ ਝੂਠੀਆਂ ਸਿੱਖਿਆਵਾਂ ਕਰਕੇ ਲੋਕਾਂ ਲਈ ਪਰਮੇਸ਼ੁਰ ਵੱਲੋਂ ਖ਼ੁਸ਼ ਖ਼ਬਰੀ ਕਬੂਲ ਕਰਨੀ ਮੁਸ਼ਕਲ ਹੋ ਜਾਂਦੀ ਹੈ।​—ਅਫ਼ਸੀਆਂ 2:11-13 ਪੜ੍ਹੋ।

ਸਵਾਲ ਪੁੱਛ ਕੇ, ਸਹੀ ਨਤੀਜੇ ’ਤੇ ਪਹੁੰਚਣ ਵਿਚ ਲੋਕਾਂ ਦੀ ਮਦਦ ਕਰੋ

7, 8. ਲੋਕ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਖ਼ੁਸ਼ ਖ਼ਬਰੀ ਕਿਵੇਂ ਜਾਣ ਸਕਦੇ ਹਨ?

7 ਜੇ ਕੋਈ ਯਹੋਵਾਹ ਨਾਲ ਸੁਲ੍ਹਾ ਕਰਨੀ ਚਾਹੁੰਦਾ ਹੈ, ਤਾਂ ਉਸ ਨੂੰ ਪਹਿਲਾਂ ਇਹ ਮੰਨਣ ਦੀ ਲੋੜ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਸ ਨਾਲ ਰਿਸ਼ਤਾ ਜੋੜ ਕੇ ਉਸ ਨੂੰ ਕਈ ਫ਼ਾਇਦੇ ਹੋਣਗੇ। ਅਸੀਂ ਇਹ ਗਿਆਨ ਲੈਣ ਵਿਚ ਲੋਕਾਂ ਦੀ ਮਦਦ ਕਰ ਸਕਦੇ ਹਾਂ ਤੇ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਬਣਾਈਆਂ ਚੀਜ਼ਾਂ ਉੱਤੇ ਗੌਰ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਜਦ ਲੋਕ ਸ੍ਰਿਸ਼ਟੀ ਬਾਰੇ ਸਿੱਖਣ ਲਈ ਤਿਆਰ ਹੁੰਦੇ ਹਨ, ਤਾਂ ਉਨ੍ਹਾਂ ਨੂੰ ਪਰਮੇਸ਼ੁਰ ਦੀ ਬੁੱਧ ਤੇ ਤਾਕਤ ਦਾ ਪਤਾ ਲੱਗਦਾ ਹੈ। (ਰੋਮੀ. 1:19, 20) ਅਸੀਂ ਲੋਕਾਂ ਦੀ ਇਹ ਜਾਣਨ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ ਕਿ ਇਹ ਕਾਇਨਾਤ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ? ਅਸੀਂ ਉਨ੍ਹਾਂ ਨੂੰ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਨਾਂ ਦਾ ਬਰੋਸ਼ਰ ਪੜ੍ਹਨ ਲਈ ਦੇ ਸਕਦੇ ਹਾਂ। ਪਰ ਸਿਰਫ਼ ਸ੍ਰਿਸ਼ਟੀ ਬਾਰੇ ਸਿੱਖਣ ਨਾਲ ਹੀ ਕਿਸੇ ਨੂੰ ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਨਹੀਂ ਮਿਲਣਗੇ, ਜਿਵੇਂ ਕਿ ਰੱਬ ਨੇ ਹਾਲੇ ਤਕ ਦੁੱਖਾਂ ਦਾ ਅੰਤ ਕਿਉਂ ਨਹੀਂ ਕੀਤਾ? ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ? ਕੀ ਰੱਬ ਨੂੰ ਮੇਰਾ ਫ਼ਿਕਰ ਹੈ?

8 ਬਾਈਬਲ ਦੀ ਸਟੱਡੀ ਕਰ ਕੇ ਹੀ ਲੋਕ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਖ਼ੁਸ਼ ਖ਼ਬਰੀ ਜਾਣ ਸਕਦੇ ਹਨ। ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ! ਉਨ੍ਹਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਬੀਜਣ ਲਈ ਇੰਨਾ ਕਾਫ਼ੀ ਨਹੀਂ ਕਿ ਅਸੀਂ ਉਨ੍ਹਾਂ ਨੂੰ ਗਿਆਨ ਦੇਈਏ, ਸਗੋਂ ਸਾਨੂੰ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਵੀ ਲੋੜ ਹੈ। (2 ਤਿਮੋ. 3:14) ਅਸੀਂ ਇੱਦਾਂ ਤਾਂ ਹੀ ਕਰ ਸਕਾਂਗੇ ਜੇ ਅਸੀਂ ਯਿਸੂ ਦੀ ਰੀਸ ਕਰੀਏ। ਯਿਸੂ ਲੋਕਾਂ ਨੂੰ ਯਕੀਨ ਕਿਵੇਂ ਦਿਵਾ ਸਕਿਆ? ਇਸ ਦਾ ਇਕ ਕਾਰਨ ਸੀ ਕਿ ਉਹ ਸਵਾਲ ਪੁੱਛਣ ਵਿਚ ਬੜਾ ਮਾਹਰ ਸੀ। ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਸਵਾਲ ਪੁੱਛਣ ਵਿਚ ਮਾਹਰ ਬਣੋ

9. ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

9 ਯਿਸੂ ਵਾਂਗ ਸਾਨੂੰ ਪ੍ਰਚਾਰ ਕਰਦਿਆਂ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ? ਇਕ ਮਿਸਾਲ ’ਤੇ ਗੌਰ ਕਰੋ: ਜੇ ਡਾਕਟਰ ਤੁਹਾਨੂੰ ਦੱਸੇ ਕਿ ਉਹ ਤੁਹਾਡੀ ਬੀਮਾਰੀ ਓਪਰੇਸ਼ਨ ਨਾਲ ਠੀਕ ਕਰ ਸਕਦਾ ਹੈ, ਤਾਂ ਸ਼ਾਇਦ ਤੁਸੀਂ ਉਸ ਦੀ ਗੱਲ ਮੰਨ ਲਓ। ਪਰ ਜੇ ਉਹ ਤੁਹਾਨੂੰ ਕੋਈ ਸਵਾਲ ਪੁੱਛੇ ਬਿਨਾਂ ਇਹ ਸਲਾਹ ਦਿੰਦਾ ਹੈ, ਤਾਂ ਤੁਹਾਨੂੰ ਕਿੱਦਾਂ ਲੱਗੇਗਾ? ਤੁਹਾਡੇ ਲਈ ਉਸ ਉੱਤੇ ਭਰੋਸਾ ਕਰਨਾ ਮੁਸ਼ਕਲ ਹੋਵੇਗਾ। ਇਕ ਵਧੀਆ ਡਾਕਟਰ ਨੂੰ ਵੀ ਸਵਾਲ ਪੁੱਛਣ ਅਤੇ ਤੁਹਾਡੀ ਗੱਲ ਸੁਣਨ ਦੀ ਲੋੜ ਹੈ। ਫਿਰ ਹੀ ਉਹ ਤੁਹਾਡੀ ਮਦਦ ਕਰ ਸਕੇਗਾ। ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਰਾਜ ਦੀ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ, ਤਾਂ ਸਾਨੂੰ ਸਵਾਲ ਪੁੱਛਣ ਵਿਚ ਮਾਹਰ ਬਣਨ ਦੀ ਲੋੜ ਹੈ। ਫਿਰ ਹੀ ਸਾਨੂੰ ਪਤਾ ਲੱਗੇਗਾ ਕਿ ਅਸੀਂ ਲੋਕਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ।

ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਬੀਜਣ ਲਈ ਸਾਨੂੰ ਉਨ੍ਹਾਂ ਨੂੰ ਯਕੀਨ ਦਿਵਾਉਣ ਦੀ ਲੋੜ ਹੈ

10, 11. ਯਿਸੂ ਵਾਂਗ ਸਵਾਲ ਪੁੱਛਣ ਦੇ ਕੀ ਫ਼ਾਇਦੇ ਹਨ?

10 ਯਿਸੂ ਨੂੰ ਪਤਾ ਸੀ ਕਿ ਸਵਾਲ ਪੁੱਛ ਕੇ ਹੀ ਇਕ ਟੀਚਰ ਆਪਣੇ ਸਟੂਡੈਂਟ ਨੂੰ ਜਾਣ ਸਕਦਾ ਹੈ ਅਤੇ ਉਸ ਨੂੰ ਗੱਲਬਾਤ ਵਿਚ ਸ਼ਾਮਲ ਕਰ ਸਕਦਾ ਹੈ। ਮਿਸਾਲ ਲਈ, ਜਦ ਯਿਸੂ ਆਪਣੇ ਚੇਲਿਆਂ ਨੂੰ ਨਿਮਰਤਾ ਦਾ ਸਬਕ ਸਿਖਾਉਣਾ ਚਾਹੁੰਦਾ ਸੀ, ਤਾਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਅਜਿਹਾ ਸਵਾਲ ਪੁੱਛਿਆ ਕਿ ਉਹ ਸੋਚਣ ਲਈ ਮਜਬੂਰ ਹੋ ਗਏ। (ਮਰ. 9:33) ਜਦ ਯਿਸੂ ਬਾਈਬਲ ਦੇ ਅਸੂਲ ਸਮਝਣ ਵਿਚ ਪਤਰਸ ਦੀ ਮਦਦ ਕਰਨੀ ਚਾਹੁੰਦਾ ਸੀ, ਤਾਂ ਉਸ ਨੇ ਉਸ ਨੂੰ ਸਵਾਲ ਪੁੱਛਿਆ ਅਤੇ ਦੋ ਜਵਾਬਾਂ ਵਿੱਚੋਂ ਸਹੀ ਜਵਾਬ ਚੁਣਨ ਲਈ ਕਿਹਾ। (ਮੱਤੀ 17:24-26) ਇਕ ਹੋਰ ਮੌਕੇ ਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਸਵਾਲ ਪੁੱਛੇ ਤਾਂਕਿ ਉਹ ਜਾਣ ਸਕੇ ਕਿ ਉਨ੍ਹਾਂ ਦੇ ਦਿਲ ਵਿਚ ਕੀ ਸੀ। (ਮੱਤੀ 16:13-17 ਪੜ੍ਹੋ।) ਯਿਸੂ ਲੋਕਾਂ ਨੂੰ ਸਿਰਫ਼ ਇਹ ਨਹੀਂ ਦੱਸਦਾ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ, ਸਗੋਂ ਸਵਾਲ ਪੁੱਛ ਕੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਕਬੂਲ ਕਰਨ ਅਤੇ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਕਰਦਾ ਸੀ।

11 ਯਿਸੂ ਵਾਂਗ ਸਵਾਲ ਪੁੱਛਣ ਦੇ ਕਈ ਫ਼ਾਇਦੇ ਹਨ। ਮਿਸਾਲ ਲਈ, ਅਸੀਂ ਜਾਣ ਸਕਾਂਗੇ ਕਿ ਅਸੀਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਅਸੀਂ ਲੋਕਾਂ ਨੂੰ ਸਿਖਾ ਸਕਾਂਗੇ ਕਿ ਬਾਈਬਲ ਮੁਤਾਬਕ ਚੱਲਣ ਦੇ ਕੀ ਫ਼ਾਇਦੇ ਹਨ। ਨਾਲੇ ਜਦ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ, ਤਾਂ ਸਵਾਲ ਪੁੱਛ ਕੇ ਸ਼ਾਇਦ ਅਸੀਂ ਆਪਣੀ ਗੱਲਬਾਤ ਜਾਰੀ ਰੱਖ ਸਕਾਂਗੇ। ਆਓ ਆਪਾਂ ਤਿੰਨ ਮਿਸਾਲਾਂ ਵੱਲ ਧਿਆਨ ਦੇਈਏ ਜੋ ਦਿਖਾਉਂਦੀਆਂ ਹਨ ਕਿ ਅਸੀਂ ਸਵਾਲ ਪੁੱਛਣ ਵਿਚ ਮਾਹਰ ਕਿਵੇਂ ਬਣ ਸਕਦੇ ਹਾਂ।

12-14. ਮਿਸਾਲ ਦੇ ਕੇ ਸਮਝਾਓ ਕਿ ਯਕੀਨ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਤੁਸੀਂ ਆਪਣੇ ਬੱਚੇ ਦੀ ਮਦਦ ਕਿਵੇਂ ਕਰ ਸਕਦੇ ਹੋ।

12 ਪਹਿਲੀ ਮਿਸਾਲ: ਮਾਪਿਓ, ਜੇ ਤੁਹਾਡਾ ਬੱਚਾ ਸਕੂਲੇ ਮੁੰਡੇ-ਕੁੜੀਆਂ ਨੂੰ ਇਹ ਦੱਸਣ ਤੋਂ ਡਰਦਾ ਹੈ ਕਿ ਉਹ ਪਰਮੇਸ਼ੁਰ ਨੂੰ ਕਿਉਂ ਮੰਨਦਾ ਹੈ, ਤਾਂ ਤੁਸੀਂ ਉਸ ਦੀ ਮਦਦ ਕਿੱਦਾਂ ਕਰ ਸਕਦੇ ਹੋ? ਤੁਸੀਂ ਚਾਹੋਗੇ ਕਿ ਉਹ ਯਕੀਨ ਨਾਲ ਦੂਜਿਆਂ ਨੂੰ ਪ੍ਰਚਾਰ ਕਰ ਸਕੇ। ਸੋ ਉਸ ਦੀ ਨੁਕਤਾਚੀਨੀ ਕਰਨ ਜਾਂ ਉਸ ਨੂੰ ਇਹ ਦੱਸਣ ਦੀ ਬਜਾਇ ਕਿ ਉਸ ਨੂੰ ਕੀ ਕਹਿਣਾ ਚਾਹੀਦਾ ਹੈ, ਕਿਉਂ ਨਾ ਯਿਸੂ ਵਾਂਗ ਉਸ ਦੇ ਦਿਲ ਦੀ ਗੱਲ ਜਾਣਨ ਲਈ ਉਸ ਨੂੰ ਸਵਾਲ ਪੁੱਛੋ? ਤੁਸੀਂ ਇਹ ਕਿਵੇਂ ਕਰ ਸਕਦੇ ਹੋ?

13 ਉਸ ਨਾਲ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਨਾਂ ਦੇ ਬਰੋਸ਼ਰ ਵਿੱਚੋਂ ਪੜ੍ਹੋ ਅਤੇ ਉਸ ਨੂੰ ਪੁੱਛੋ ਕਿ ਉਸ ਨੂੰ ਕਿਹੜੀਆਂ ਗੱਲਾਂ ਵਧੀਆ ਲੱਗਦੀਆਂ ਹਨ। ਉਸ ਨੂੰ ਇਹ ਵੀ ਪੁੱਛੋ ਕਿ ਉਹ ਕਿਹੜੇ ਕਾਰਨਾਂ ਕਰਕੇ ਪਰਮੇਸ਼ੁਰ ਨੂੰ ਮੰਨਦਾ ਹੈ ਅਤੇ ਉਸ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ। (ਰੋਮੀ. 12:2) ਉਸ ਨੂੰ ਦੱਸੋ ਕਿ ਉਸ ਦੇ ਵਿਸ਼ਵਾਸ ਕਰਨ ਦੇ ਕਾਰਨ ਤੁਹਾਡੇ ਤੋਂ ਵੱਖਰੇ ਹੋ ਸਕਦੇ ਹਨ।

14 ਆਪਣੇ ਬੱਚੇ ਨੂੰ ਸਮਝਾਓ ਕਿ ਉਹ ਵੀ ਇਹੀ ਤਰੀਕਾ ਵਰਤ ਕੇ ਸਕੂਲੇ ਕਿਸੇ ਨਾਲ ਗੱਲਬਾਤ ਕਰ ਸਕਦਾ ਹੈ। ਪਹਿਲਾਂ ਉਹ ਉਸ ਨੂੰ ਸ੍ਰਿਸ਼ਟੀ ਬਾਰੇ ਕੁਝ ਗੱਲਾਂ ਦੱਸ ਸਕਦਾ ਹੈ ਤੇ ਫਿਰ ਉਸ ਦਾ ਵਿਚਾਰ ਜਾਣਨ ਲਈ ਸਵਾਲ ਪੁੱਛ ਸਕਦਾ ਹੈ। ਮਿਸਾਲ ਲਈ, ਉਹ ਉਸ ਨੂੰ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਨਾਂ ਦੇ ਬਰੋਸ਼ਰ ਦੇ 7ਵੇਂ ਸਫ਼ੇ ਤੋਂ ਕੁਝ ਪੜ੍ਹ ਕੇ ਸੁਣਾ ਸਕਦਾ ਹੈ। ਫਿਰ ਉਹ ਉਸ ਨੂੰ ਪੁੱਛ ਸਕਦਾ ਹੈ, “ਮੰਨ ਲਓ ਕਿ ਤੁਸੀਂ ਇਕ ਅਜਿਹੇ ਘਰ ਵਿਚ ਜਾਂਦੇ ਹੋ ਜਿੱਥੇ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਘਰ ਦੇ ਅੰਦਰ ਠੰਢ ਤੋਂ ਬਚਣ ਲਈ ਹੀਟਰ ਹੈ, ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਲੱਗਾ ਹੋਇਆ ਹੈ ਤੇ ਪਾਣੀ ਦਾ ਵੀ ਵਧੀਆ ਇੰਤਜ਼ਾਮ ਹੈ। ਇਹ ਸਭ ਦੇਖ ਕੇ ਤੁਸੀਂ ਕਿਸ ਸਿੱਟੇ ’ਤੇ ਪਹੁੰਚੋਗੇ? ਕੀ ਇਹ ਸਭ ਕੁਝ ਆਪਣੇ ਆਪ ਆ ਗਿਆ?” ਸ਼ਾਇਦ ਉਹ ਕਹੇ ਨਹੀਂ। ਫਿਰ ਤੁਹਾਡਾ ਬੱਚਾ ਪੁੱਛ ਸਕਦਾ ਹੈ, “ਕੀ ਤੈਨੂੰ ਨਹੀਂ ਲੱਗਦਾ ਕਿ ਇਹ ਸਭ ਕੁਝ ਕਿਸੇ ਬੁੱਧੀਮਾਨ ਸ਼ਖ਼ਸ ਨੇ ਸੋਚ-ਸਮਝ ਕੇ ਬਣਾਇਆ ਹੈ?” ਘਰੇ ਆਪਣੇ ਬੱਚੇ ਨਾਲ ਤਿਆਰੀ ਕਰੋ ਤਾਂਕਿ ਉਹ ਯਕੀਨ ਨਾਲ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੇ। ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਵਾਲ ਪੁੱਛਣੇ ਸਿਖਾਓਗੇ, ਤਾਂ ਉਹ ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕੇਗਾ।

15. ਅਸੀਂ ਸਵਾਲ ਪੁੱਛ ਕੇ ਉਨ੍ਹਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ ਜੋ ਰੱਬ ਨੂੰ ਨਹੀਂ ਮੰਨਦੇ?

15 ਦੂਸਰੀ ਮਿਸਾਲ: ਪ੍ਰਚਾਰ ਕਰਦਿਆਂ ਅਸੀਂ ਉਨ੍ਹਾਂ ਲੋਕਾਂ ਨੂੰ ਮਿਲਦੇ ਹਾਂ ਜੋ ਰੱਬ ਨੂੰ ਨਹੀਂ ਮੰਨਦੇ। ਅਸੀਂ ਫਿਰ ਵੀ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਆਦਰ ਨਾਲ ਕਿਸੇ ਨੂੰ ਪੁੱਛ ਸਕਦੇ ਹਾਂ, ‘ਕੀ ਤੁਸੀਂ ਹਮੇਸ਼ਾ ਇੱਦਾਂ ਸੋਚਦੇ ਆਏ ਹੋ? ਤੁਸੀਂ ਇੱਦਾਂ ਕਿਉਂ ਮੰਨਦੇ ਹੋ?’ ਉਸ ਦਾ ਜਵਾਬ ਸੁਣਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ, ‘ਇਹ ਚੰਗੀ ਗੱਲ ਹੈ ਕਿ ਤੁਸੀਂ ਇਸ ਵਿਸ਼ੇ ਬਾਰੇ ਸੋਚ-ਵਿਚਾਰ ਕੀਤਾ ਹੈ।’ ਫਿਰ ਅਸੀਂ ਪੁੱਛ ਸਕਦੇ ਹਾਂ, ‘ਕੀ ਤੁਸੀਂ ਇਕ ਬਰੋਸ਼ਰ ਪੜ੍ਹਨਾ ਚਾਹੋਗੇ ਜੋ ਸਬੂਤ ਦਿੰਦਾ ਹੈ ਕਿ ਰੱਬ ਨੇ ਸਭ ਕੁਝ ਬਣਾਇਆ ਹੈ?’ ਜੇ ਉਹ ਬਰੋਸ਼ਰ ਲੈਣ ਲਈ ਤਿਆਰ ਹੈ, ਤਾਂ ਅਸੀਂ ਉਸ ਨੂੰ ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ? ਨਾਂ ਦਾ ਬਰੋਸ਼ਰ ਦੇ ਸਕਦੇ ਹਾਂ। ਆਦਰ ਨਾਲ ਸਵਾਲ ਪੁੱਛ ਕੇ ਅਸੀਂ ਲੋਕਾਂ ਦੇ ਦਿਲਾਂ ਵਿਚ ਸੱਚਾਈ ਦਾ ਬੀ ਬੀਜ ਸਕਦੇ ਹਾਂ ਤਾਂਕਿ ਉਹ ਖ਼ੁਸ਼ ਖ਼ਬਰੀ ਨੂੰ ਕਬੂਲ ਕਰਨ।

16. ਇੰਨਾ ਕਾਫ਼ੀ ਕਿਉਂ ਨਹੀਂ ਕਿ ਕੋਈ ਸਟੱਡੀ ਕਿਤਾਬ ਤੋਂ ਪੜ੍ਹ ਕੇ ਜਵਾਬ ਦੇਵੇ?

16 ਤੀਸਰੀ ਮਿਸਾਲ: ਜਦੋਂ ਅਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦੇ ਹਾਂ, ਤਾਂ ਕੀ ਇੰਨਾ ਕਾਫ਼ੀ ਹੈ ਕਿ ਉਹ ਕਿਤਾਬ ਤੋਂ ਪੜ੍ਹ ਕੇ ਜਵਾਬ ਦੇਵੇ? ਨਹੀਂ। ਜਿੱਦਾਂ ਇਕ ਦਰਖ਼ਤ ਨੂੰ ਵਧਣ ਲਈ ਡੂੰਘੀਆਂ ਜੜ੍ਹਾਂ ਦੀ ਲੋੜ ਹੁੰਦੀ ਹੈ, ਉੱਦਾਂ ਇਕ ਸਟੱਡੀ ਨੂੰ ਸਿੱਖੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਤਾਂਕਿ ਸੱਚਾਈ ਉਸ ਦੇ ਦਿਲ ਵਿਚ ਜੜ੍ਹ ਫੜ ਸਕੇ। ਵਰਨਾ ਤਰੱਕੀ ਕਰਨ ਦੀ ਬਜਾਇ ਉਹ ਮੁਸੀਬਤਾਂ ਆਉਣ ’ਤੇ ਸਟੱਡੀ ਕਰਨੀ ਛੱਡ ਦੇਵੇਗਾ। (ਮੱਤੀ 13:20, 21) ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹ ਜਾਣੀਏ ਕਿ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਉਸ ਦਾ ਕੀ ਵਿਚਾਰ ਹੈ। ਕੀ ਉਹ ਇਨ੍ਹਾਂ ਗੱਲਾਂ ਨੂੰ ਮੰਨਦਾ ਹੈ ਜਾਂ ਨਹੀਂ? ਇਹ ਵੀ ਜਾਣੋ ਕਿ ਉਹ ਕਿਸੇ ਗੱਲ ਨੂੰ ਕਿਉਂ ਮੰਨਦਾ ਹੈ ਜਾਂ ਕਿਉਂ ਨਹੀਂ ਮੰਨਦਾ। ਬਾਈਬਲ ਵਰਤ ਕੇ ਉਸ ਦੀ ਮਦਦ ਕਰੋ ਤਾਂਕਿ ਉਹ ਖ਼ੁਦ ਸਹੀ ਨਤੀਜੇ ’ਤੇ ਪਹੁੰਚ ਸਕੇ। (ਇਬ. 5:14) ਸਵਾਲ ਪੁੱਛਣ ਵਿਚ ਮਾਹਰ ਬਣ ਕੇ ਅਸੀਂ ਸਟੱਡੀਆਂ ਦੀ ਮਦਦ ਕਰ ਸਕਾਂਗੇ ਤਾਂਕਿ ਉਹ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕਣ। ਫਿਰ ਜੇ ਕੋਈ ਉਨ੍ਹਾਂ ਦਾ ਵਿਰੋਧ ਕਰੇ ਜਾਂ ਉਨ੍ਹਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਹ ਸੱਚਾਈ ਵਿਚ ਪੱਕੇ ਰਹਿ ਸਕਣਗੇ। (ਕੁਲੁ. 2:6-8) ਵਧੀਆ ਤਰੀਕੇ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?

ਪ੍ਰਚਾਰ ਕਰਦਿਆਂ ਇਕ-ਦੂਜੇ ਦੀ ਮਦਦ ਕਰੋ

17, 18. ਜਦ ਤੁਸੀਂ ਕਿਸੇ ਭੈਣ-ਭਰਾ ਨਾਲ ਪ੍ਰਚਾਰ ਵਿਚ ਜਾਂਦੇ ਹੋ, ਤਾਂ ਤੁਸੀਂ ਉਸ ਨਾਲ ਮਿਲ ਕੇ ਕਿਵੇਂ ਕੰਮ ਕਰ ਸਕਦੇ ਹੋ?

17 ਯਿਸੂ ਨੇ ਆਪਣੇ ਚੇਲਿਆਂ ਨੂੰ ਦੋ-ਦੋ ਕਰ ਕੇ ਪ੍ਰਚਾਰ ਵਿਚ ਘੱਲਿਆ ਸੀ। (ਮਰ. 6:7; ਲੂਕਾ 10:1) ਬਾਅਦ ਵਿਚ ਪੌਲੁਸ ਰਸੂਲ ਨੇ ਉਨ੍ਹਾਂ ਭੈਣਾਂ-ਭਰਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਸ ਨਾਲ “ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ . . . ਮੋਢੇ ਨਾਲ ਮੋਢਾ ਜੋੜ ਕੇ ਮਿਹਨਤ ਕੀਤੀ” ਸੀ। (ਫ਼ਿਲਿ. 4:3) ਇਸ ਲਈ 1953 ਵਿਚ ਯਹੋਵਾਹ ਦੇ ਸੰਗਠਨ ਨੇ ਇਕ ਖ਼ਾਸ ਪ੍ਰੋਗ੍ਰਾਮ ਸ਼ੁਰੂ ਕੀਤਾ ਤਾਂਕਿ ਤਜਰਬੇਕਾਰ ਭੈਣ-ਭਰਾ ਦੂਜਿਆਂ ਨੂੰ ਪ੍ਰਚਾਰ ਕਰਨ ਦੀ ਟ੍ਰੇਨਿੰਗ ਦੇ ਸਕਣ।

18 ਜਦ ਤੁਸੀਂ ਕਿਸੇ ਭੈਣ-ਭਰਾ ਨਾਲ ਪ੍ਰਚਾਰ ਵਿਚ ਜਾਂਦੇ ਹੋ, ਤਾਂ ਤੁਸੀਂ ਉਸ ਨਾਲ ਮਿਲ ਕੇ ਕਿਵੇਂ ਕੰਮ ਕਰ ਸਕਦੇ ਹੋ? (1 ਕੁਰਿੰਥੀਆਂ 3:6-9 ਪੜ੍ਹੋ।) ਜਦ ਉਹ ਬਾਈਬਲ ਵਿੱਚੋਂ ਪੜ੍ਹਦਾ ਹੈ, ਤਾਂ ਤੁਸੀਂ ਵੀ ਆਪਣੀ ਬਾਈਬਲ ਖੋਲ੍ਹੋ। ਆਪਣੇ ਸਾਥੀ ਜਾਂ ਘਰ-ਮਾਲਕ ਦੀ ਗੱਲਬਾਤ ਧਿਆਨ ਨਾਲ ਸੁਣੋ। ਇਸ ਤਰ੍ਹਾਂ ਤੁਸੀਂ ਲੋੜ ਪੈਣ ਤੇ ਆਪਣੇ ਸਾਥੀ ਦੀ ਮਦਦ ਕਰ ਸਕੋਗੇ। (ਉਪ. 4:12) ਪਰ ਜੇ ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ, ਤਾਂ ਆਪਣੇ ਸਾਥੀ ਨੂੰ ਵਿੱਚੇ ਨਾ ਟੋਕੋ। ਇੱਦਾਂ ਕਰਨ ਨਾਲ ਸ਼ਾਇਦ ਉਹ ਹੌਸਲਾ ਹਾਰ ਜਾਵੇ ਜਾਂ ਘਰ-ਮਾਲਕ ਨੂੰ ਪਤਾ ਨਾ ਲੱਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਗੱਲਬਾਤ ਵਿਚ ਹਿੱਸਾ ਲੈਣਾ ਗ਼ਲਤ ਨਹੀਂ ਹੈ, ਪਰ ਬਹੁਤਾ ਨਾ ਬੋਲੋ। ਆਪਣੇ ਸਾਥੀ ਨੂੰ ਗੱਲ ਕਰਨ ਦਾ ਮੌਕਾ ਦਿਓ।

19. ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਕਿਉਂ?

19 ਘਰ-ਘਰ ਜਾਂਦਿਆਂ ਤੁਸੀਂ ਇਕ-ਦੂਜੇ ਦੀ ਮਦਦ ਕਿਵੇਂ ਕਰ ਸਕਦੇ ਹੋ? ਕਿਉਂ ਨਾ ਇਸ ਬਾਰੇ ਗੱਲ ਕਰੋ ਕਿ ਤੁਸੀਂ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹੋ? ਪਰ ਕਿ ਤੁਸੀਂ ਉਸ ਇਲਾਕੇ ਦੇ ਲੋਕਾਂ ਜਾਂ ਮੰਡਲੀ ਦੇ ਭੈਣਾਂ-ਭਰਾਵਾਂ ਬਾਰੇ ਬੁਰਾ-ਭਲਾ ਨਾ ਕਹੋ। (ਕਹਾ. 18:24) ਯਾਦ ਰੱਖੋ ਕਿ ਅਸੀਂ ਸਾਰੇ ਮਿੱਟੀ ਦੇ ਭਾਂਡੇ ਹਾਂ। ਖ਼ੁਸ਼ ਖ਼ਬਰੀ ਇਕ ਖ਼ਜ਼ਾਨਾ ਹੈ ਅਤੇ ਯਹੋਵਾਹ ਨੇ ਆਪਣੀ ਦਇਆ ਸਦਕਾ ਸਾਨੂੰ ਇਸ ਦਾ ਪ੍ਰਚਾਰ ਕਰਨ ਦਾ ਸਨਮਾਨ ਦਿੱਤਾ ਹੈ। (2 ਕੁਰਿੰਥੀਆਂ 4:1, 7 ਪੜ੍ਹੋ।) ਆਓ ਆਪਾਂ ਪੂਰੀ ਵਾਹ ਲਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੀਏ ਅਤੇ ਇਸ ਗੱਲ ਦੀ ਕਦਰ ਕਰੀਏ ਕਿ ਯਹੋਵਾਹ ਨੇ ਸਾਨੂੰ ਕਿੰਨਾ ਵੱਡਾ ਸਨਮਾਨ ਦਿੱਤਾ ਹੈ।