Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਿਊਯਾਰਕ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਿਊਯਾਰਕ

ਕੁਝ ਸਾਲ ਪਹਿਲਾਂ ਸੇਸਾਰ ਤੇ ਉਸ ਦੀ ਪਤਨੀ ਰੋਸੀਓ ਕੈਲੇਫ਼ੋਰਨੀਆ ਵਿਚ ਆਰਾਮਦਾਇਕ ਜ਼ਿੰਦਗੀ ਜੀ ਰਹੇ ਸਨ। ਸੇਸਾਰ ਹੀਟਿੰਗ, ਵੈਨਟੀਲੇਸ਼ਨ ਅਤੇ ਏ. ਸੀ. ਦਾ ਕੰਮ ਕਰਦਾ ਸੀ ਤੇ ਉਸ ਦੀ ਪਤਨੀ ਰੋਸੀਓ ਡਾਕਟਰ ਦੇ ਦਫ਼ਤਰ ਵਿਚ ਪਾਰਟ-ਟਾਈਮ ਕੰਮ ਕਰਦੀ ਸੀ। ਉਨ੍ਹਾਂ ਦਾ ਆਪਣਾ ਘਰ ਸੀ ਅਤੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ। ਉਹ ਕੀ ਸੀ?

ਅਕਤੂਬਰ 2009 ਵਿਚ ਅਮਰੀਕਾ ਦੇ ਬ੍ਰਾਂਚ ਆਫ਼ਿਸ ਨੇ ਆਪਣੇ ਦੇਸ਼ ਦੀਆਂ ਸਾਰੀਆਂ ਮੰਡਲੀਆਂ ਨੂੰ ਇਕ ਚਿੱਠੀ ਭੇਜੀ। ਇਸ ਵਿਚ ਹੁਨਰਮੰਦ ਭੈਣਾਂ-ਭਰਾਵਾਂ ਨੂੰ ਬੈਥਲ ਵਿਚ ਆ ਕੇ ਕੁਝ ਸਮੇਂ ਲਈ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ ਤਾਂਕਿ ਉਹ ਵੌਲਕਿਲ, ਨਿਊਯਾਰਕ ਦੇ ਬ੍ਰਾਂਚ ਆਫ਼ਿਸ ਨੂੰ ਵੱਡਾ ਕਰਨ ਦੇ ਕੰਮ ਵਿਚ ਮਦਦ ਕਰ ਸਕਣ। ਇਸ ਕੰਮ ਲਈ ਉਨ੍ਹਾਂ ਭੈਣਾਂ-ਭਰਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਜਿਨ੍ਹਾਂ ਦੀ ਬੈਥਲ ਸੇਵਾ ਲਈ ਰੱਖੀ ਸੀਮਿਤ ਉਮਰ ਲੰਘ ਚੁੱਕੀ ਸੀ। ਸੇਸਾਰ ਤੇ ਰੋਸੀਓ ਨੇ ਕਿਹਾ: “ਅਸੀਂ ਜਾਣਦੇ ਸੀ ਕਿ ਸਾਡੀ ਉਮਰ ਜ਼ਿਆਦਾ ਹੋਣ ਕਰਕੇ ਬੈਥਲ ਵਿਚ ਸੇਵਾ ਕਰਨ ਦਾ ਇਹ ਸੁਨਹਿਰਾ ਮੌਕਾ ਸਾਨੂੰ ਦੁਬਾਰਾ ਨਹੀਂ ਮਿਲਣਾ। ਅਸੀਂ ਕਿਸੇ ਵੀ ਕਾਰਨ ਕਰਕੇ ਇਹ ਮੌਕਾ ਆਪਣੇ ਹੱਥੋਂ ਖੁੰਝਣ ਨਹੀਂ ਦੇਣਾ ਚਾਹੁੰਦੇ ਸੀ।” ਉਨ੍ਹਾਂ ਨੇ ਬਿਨਾਂ ਦੇਰ ਕੀਤਿਆਂ ਬੈਥਲ ਲਈ ਫਾਰਮ ਭਰ ਦਿੱਤਾ।

ਕੁਝ ਵਲੰਟੀਅਰ ਜੋ ਵਾਰਵਿਕ ਵਿਚ ਕੰਮ ਕਰਦੇ ਹਨ

ਇਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਸੀ, ਪਰ ਸੇਸਾਰ ਤੇ ਰੋਸੀਓ ਨੂੰ ਬੈਥਲ ਨਹੀਂ ਬੁਲਾਇਆ ਗਿਆ। ਫਿਰ ਵੀ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਲਈ ਹੋਰ ਕਦਮ ਚੁੱਕੇ। ਅਸੀਂ ਆਪਣੇ ਗਰਾਜ ਨੂੰ ਇਕ ਕਮਰੇ ਵਾਲਾ ਘਰ ਬਣਾ ਲਿਆ ਤਾਂਕਿ ਅਸੀਂ ਆਪਣਾ ਘਰ ਕਿਰਾਏ ’ਤੇ ਦੇ ਸਕੀਏ। ਸਾਡਾ 200 ਵਰਗ ਮੀਟਰ ਦਾ ਘਰ ਆਲੀਸ਼ਾਨ ਸੀ ਜਿਸ ਨੂੰ ਅਸੀਂ ਦੋ ਸਾਲ ਪਹਿਲਾਂ ਹੀ ਬਣਾਇਆ ਸੀ। ਪਰ ਅਸੀਂ ਇਸ ਆਲੀਸ਼ਾਨ ਘਰ ਤੋਂ 25 ਵਰਗ ਮੀਟਰ ਦੇ ਘਰ ਵਿਚ ਚਲੇ ਗਏ। ਸੇਸਾਰ ਕਹਿੰਦਾ ਹੈ: “ਅਸੀਂ ਸੋਚਿਆ ਕਿ ਜੇ ਸਾਨੂੰ ਬੈਥਲ ਤੋਂ ਸੱਦਾ ਮਿਲਿਆ, ਤਾਂ ਇਨ੍ਹਾਂ ਤਬਦੀਲੀਆਂ ਕਰਕੇ ਸਾਡੇ ਲਈ ਉਸ ਸੱਦੇ ਨੂੰ ਸਵੀਕਾਰ ਕਰਨਾ ਹੋਰ ਸੌਖਾ ਹੋ ਜਾਣਾ ਸੀ।” ਫਿਰ ਕੀ ਹੋਇਆ? ਰੋਸੀਓ ਦੱਸਦੀ ਹੈ: “ਇਕ ਕਮਰੇ ਵਾਲੇ ਘਰ ਜਾਣ ਤੋਂ ਇਕ ਮਹੀਨੇ ਬਾਅਦ ਸਾਨੂੰ ਵੌਲਕਿਲ ਵਿਚ ਥੋੜ੍ਹੇ ਸਮੇਂ ਲਈ ਸੇਵਾ ਕਰਨ ਦਾ ਸੱਦਾ ਮਿਲਿਆ। ਇਸ ਗੱਲ ਤੋਂ ਸਾਨੂੰ ਸਾਫ਼ ਪਤਾ ਲੱਗ ਗਿਆ ਕਿ ਆਪਣੀ ਜ਼ਿੰਦਗੀ ਨੂੰ ਸਾਦਾ ਕਰਨ ਕਰਕੇ ਯਹੋਵਾਹ ਨੇ ਸਾਨੂੰ ਬਰਕਤ ਦਿੱਤੀ।”

ਜੇਸਨ, ਸੇਸਾਰ ਤੇ ਵਿਲਿਅਮ

ਕੁਰਬਾਨੀਆਂ ਕਰਨ ਨਾਲ ਬਰਕਤਾਂ

ਸੇਸਾਰ ਤੇ ਰੋਸੀਓ ਵਾਂਗ ਸੈਂਕੜੇ ਹੀ ਭੈਣਾਂ-ਭਰਾਵਾਂ ਨੇ ਨਿਊਯਾਰਕ ਰਾਜ ਵਿਚ ਹੋ ਰਹੇ ਉਸਾਰੀ ਦੇ ਕੰਮ ਵਿਚ ਹਿੱਸਾ ਲੈਣ ਲਈ ਕੁਰਬਾਨੀਆਂ ਕੀਤੀਆਂ ਹਨ। ਵੌਲਕਿਲ ਵਿਚ ਬ੍ਰਾਂਚ ਆਫ਼ਿਸ ਨੂੰ ਵੱਡਾ ਕਰਨ ਵਿਚ ਕਈ ਭੈਣ-ਭਰਾ ਹਿੱਸਾ ਲੈ ਰਹੇ ਹਨ, ਜਦਕਿ ਹੋਰ ਭੈਣ-ਭਰਾ ਵਾਰਵਿਕ ਵਿਚ ਹੈੱਡ-ਕੁਆਰਟਰ ਨੂੰ ਬਣਾਉਣ ਵਿਚ ਮਦਦ ਕਰ ਰਹੇ ਹਨ। * ਬਹੁਤ ਸਾਰੇ ਜੋੜਿਆਂ ਨੇ ਆਪਣੇ ਸੋਹਣੇ ਘਰ, ਨੌਕਰੀਆਂ ਤੇ ਇੱਥੋਂ ਤਕ ਕਿ ਆਪਣੇ ਪਾਲਤੂ ਜਾਨਵਰ ਵੀ ਛੱਡ ਦਿੱਤੇ ਤਾਂਕਿ ਉਹ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰ ਸਕਣ। ਕੀ ਯਹੋਵਾਹ ਨੇ ਇਨ੍ਹਾਂ ਕੁਰਬਾਨੀਆਂ ਕਰਕੇ ਉਨ੍ਹਾਂ ਨੂੰ ਬਰਕਤ ਦਿੱਤੀ ਹੈ? ਬਿਲਕੁਲ!

ਵੇ

ਮਿਸਾਲ ਲਈ, ਇਲੈਕਟ੍ਰੀਸ਼ੀਅਨ ਵੇ ਅਤੇ ਉਸ ਦੀ ਪਤਨੀ ਡੈਬਰਾ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਕੈਂਸਸ ਵਿਚ ਆਪਣਾ ਘਰ ਤੇ ਹੋਰ ਬਹੁਤ ਸਾਰਾ ਸਾਮਾਨ ਵੇਚ ਦਿੱਤਾ ਤੇ ਵੌਲਕਿਲ ਵਿਚ ਚਲੇ ਗਏ ਤਾਂਕਿ ਉੱਥੇ ਉਹ ਬੈਥਲ ਦੇ ਕਮਿਊਟਰਾਂ ਵਜੋਂ ਸੇਵਾ ਕਰ ਸਕਣ। * ਭਾਵੇਂ ਕਿ ਇੱਦਾਂ ਕਰਨ ਲਈ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ ਦੀ ਲੋੜ ਸੀ, ਫਿਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੁਰਬਾਨੀਆਂ ਕਰਨ ਨਾਲ ਫ਼ਾਇਦਾ ਹੋਇਆ ਹੈ। ਬੈਥਲ ਵਿਚ ਆਪਣੇ ਕੰਮ ਬਾਰੇ ਡੈਬਰਾ ਦੱਸਦੀ ਹੈ: “ਕਈ ਵਾਰ ਮੈਨੂੰ ਇੱਦਾਂ ਲੱਗਦਾ ਹੈ ਕਿ ਮੈਂ ਵੀ ਨਵੀਂ ਦੁਨੀਆਂ ਵਿਚ ਹੋ ਰਹੇ ਉਸਾਰੀ ਦੇ ਕੰਮ ਦੀਆਂ ਉਨ੍ਹਾਂ ਤਸਵੀਰਾਂ ਵਿਚ ਹਾਂ ਜੋ ਸਾਡੇ ਪ੍ਰਕਾਸ਼ਨਾਂ ਵਿਚ ਦਿੱਤੀਆਂ ਹੁੰਦੀਆਂ ਹਨ।”

ਮੈਲਵਿਨ ਤੇ ਸ਼ੈਰਨ ਨੇ ਦੱਖਣੀ ਕੈਰੋਲਾਇਨਾ ਵਿਚ ਆਪਣਾ ਘਰ ਤੇ ਸਾਮਾਨ ਵੇਚ ਦਿੱਤਾ ਤਾਂਕਿ ਉਹ ਵਾਰਵਿਕ ਵਿਚ ਹੋ ਰਹੇ ਕੰਮ ਵਿਚ ਮਦਦ ਕਰ ਸਕਣ। ਭਾਵੇਂ ਕਿ ਇਹ ਕੁਰਬਾਨੀਆਂ ਕਰਨੀਆਂ ਸੌਖੀਆਂ ਨਹੀਂ ਸਨ, ਪਰ ਇਸ ਜੋੜੇ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਇਤਿਹਾਸਕ ਪ੍ਰਾਜੈਕਟ ਵਿਚ ਕੰਮ ਕਰਨਾ ਸਨਮਾਨ ਦੀ ਗੱਲ ਹੈ। ਉਹ ਦੱਸਦੇ ਹਨ: “ਤੁਹਾਨੂੰ ਇਕ ਅਲੱਗ ਹੀ ਤਰ੍ਹਾਂ ਦੀ ਖ਼ੁਸ਼ੀ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ, ਉਸ ਦਾ ਫ਼ਾਇਦਾ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਹੋਵੇਗਾ।”

ਕੈੱਨਥ

ਉਸਾਰੀ ਦੇ ਕੰਮ ਤੋਂ ਰੀਟਾਇਰ ਹੋਇਆ ਕੈੱਨਥ ਤੇ ਉਸ ਦੀ ਪਤਨੀ ਮੋਰੀਨ 55 ਕੁ ਸਾਲ ਦੇ ਹਨ। ਉਹ ਕੈਲੇਫ਼ੋਰਨੀਆ ਤੋਂ ਵਾਰਵਿਕ ਵਿਚ ਹੋ ਰਹੇ ਕੰਮ ਵਿਚ ਹੱਥ ਵਟਾਉਣ ਲਈ ਚਲੇ ਗਏ। ਉੱਥੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਕ ਮੰਡਲੀ ਦੀ ਇਕ ਭੈਣ ਨੂੰ ਆਪਣੇ ਘਰ ਦੀ ਦੇਖ-ਭਾਲ ਕਰਨ ਤੇ ਆਪਣੇ ਪਰਿਵਾਰ ਨੂੰ ਕੈੱਨਥ ਦੇ ਬਜ਼ੁਰਗ ਡੈਡੀ ਜੀ ਦੀ ਦੇਖ-ਭਾਲ ਕਰਨ ਲਈ ਕਿਹਾ। ਕੀ ਉਨ੍ਹਾਂ ਨੂੰ ਬੈਥਲ ਵਿਚ ਸੇਵਾ ਕਰਨ ਲਈ ਕੀਤੀਆਂ ਕੁਰਬਾਨੀਆਂ ਦਾ ਕੋਈ ਪਛਤਾਵਾ ਹੈ? ਬਿਲਕੁਲ ਨਹੀਂ। ਕੈੱਨਥ ਦੱਸਦਾ ਹੈ: “ਇਸ ਦਾ ਸਾਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਕੀ ਇਹ ਸੇਵਾ ਕਰਨ ਵਿਚ ਮੁਸ਼ਕਲਾਂ ਨਹੀਂ ਆਉਂਦੀਆਂ? ਮੁਸ਼ਕਲਾਂ ਤਾਂ ਆਉਂਦੀਆਂ ਹਨ, ਪਰ ਸਾਨੂੰ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਖ਼ੁਸ਼ੀਆਂ ਮਿਲੀਆਂ ਹਨ ਤੇ ਅਸੀਂ ਪੂਰੇ ਦਿਲੋਂ ਹੋਰ ਭੈਣਾਂ-ਭਰਾਵਾਂ ਨੂੰ ਇਹ ਸੇਵਾ ਕਰਨ ਦੀ ਸਲਾਹ ਦਿੰਦੇ ਹਾਂ।”

ਮੁਸ਼ਕਲਾਂ ਦਾ ਸਾਮ੍ਹਣਾ ਕਰਨਾ

ਜਿਹੜੇ ਭੈਣ-ਭਰਾ ਸੇਵਾ ਕਰਨ ਲਈ ਤਿਆਰ ਹੋਏ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਕੁਝ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਮਿਸਾਲ ਲਈ, 61-62 ਸਾਲਾਂ ਦੇ ਵਿਲੀਅਮ ਤੇ ਸਾਂਡਰਾ ਪੈਨਸਿਲਵੇਨੀਆ ਵਿਚ ਸੁੱਖ-ਆਰਾਮ ਦੀ ਜ਼ਿੰਦਗੀ ਜੀ ਰਹੇ ਸਨ। ਉਨ੍ਹਾਂ ਦੀ ਮਸ਼ੀਨ ਦੇ ਪੁਰਜੇ ਬਣਾਉਣ ਵਾਲੀ ਕੰਪਨੀ ਸੀ ਜਿਸ ਵਿਚ 17 ਲੋਕ ਕੰਮ ਕਰਦੇ ਸਨ। ਉਹ ਉਸ ਮੰਡਲੀ ਵਿਚ ਸੇਵਾ ਕਰ ਰਹੇ ਸਨ ਜਿਸ ਵਿਚ ਉਹ ਬਚਪਨ ਤੋਂ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਉਸੇ ਇਲਾਕੇ ਵਿਚ ਹੀ ਰਹਿੰਦੇ ਸਨ। ਸੋ ਜਦੋਂ ਉਨ੍ਹਾਂ ਨੂੰ ਵੌਲਕਿਲ ਵਿਚ ਕਮਿਊਟਰਾਂ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਲਗਭਗ ਆਪਣੀ ਜਾਣ-ਪਛਾਣ ਦੇ ਸਾਰੇ ਲੋਕਾਂ ਨੂੰ ਤੇ ਸਾਰਾ ਕੁਝ ਛੱਡਣਾ ਪੈਣਾ ਸੀ। ਵਿਲਿਅਮ ਦੱਸਦਾ ਹੈ: “ਬਿਨਾਂ ਸ਼ੱਕ ਸਾਡੇ ਲਈ ਸਭ ਤੋਂ ਵੱਡੀ ਮੁਸ਼ਕਲ ਸੀ ਆਪਣੀ ਸੁੱਖ-ਆਰਾਮ ਦੀ ਜ਼ਿੰਦਗੀ ਛੱਡਣੀ।” ਪਰ ਕਾਫ਼ੀ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਇਸ ਜੋੜੇ ਨੇ ਵੌਲਕਿਲ ਜਾਣ ਦਾ ਫ਼ੈਸਲਾ ਕੀਤਾ ਜਿਸ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਵਿਲਿਅਮ ਦੱਸਦਾ ਹੈ: “ਬੈਥਲ ਦੇ ਕੰਮ ਵਿਚ ਯੋਗਦਾਨ ਪਾਉਣ ਤੇ ਇੱਥੇ ਭੈਣਾਂ-ਭਰਾਵਾਂ ਨਾਲ ਮਿਲ ਕੇ ਸੇਵਾ ਕਰਨ ਦੇ ਬਰਾਬਰ ਹੋਰ ਕੋਈ ਕੰਮ ਨਹੀਂ। ਮੈਂ ਤੇ ਸਾਂਡਰਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ੁਸ਼ ਹਾਂ!”

ਕੁਝ ਜੋੜੇ ਜੋ ਵੌਲਕਿਲ ਵਿਚ ਕੰਮ ਕਰਦੇ ਹਨ

ਰਿਕੀ ਹਵਾਈ ਵਿਚ ਉਸਾਰੀ ਪ੍ਰਾਜੈਕਟ ਦੇ ਮੈਨੇਜਰ ਵਜੋਂ ਕੰਮ ਕਰਦਾ ਸੀ ਜਿਸ ਨੂੰ ਬੈਥਲ ਦੇ ਕਮਿਊਟਰ ਵਜੋਂ ਵਾਰਵਿਕ ਪ੍ਰਾਜੈਕਟ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਉਸ ਦੀ ਪਤਨੀ ਕੇਂਦਰਾ ਚਾਹੁੰਦੀ ਸੀ ਕਿ ਉਹ ਇਸ ਸੱਦੇ ਨੂੰ ਸਵੀਕਾਰ ਕਰ ਲਵੇ। ਪਰ ਉਨ੍ਹਾਂ ਦੀ ਇਕ ਜਾਇਜ਼ ਚਿੰਤਾ ਸੀ। ਉਹ ਸੀ: ਆਪਣੇ 11 ਸਾਲਾਂ ਦੇ ਬੇਟੇ ਜੇਕਬ ਦੀ ਚਿੰਤਾ। ਉਹ ਸੋਚਦੇ ਸਨ ਕਿ ਕੀ ਇਹ ਬੁੱਧੀਮਾਨੀ ਦੀ ਗੱਲ ਹੋਵੇਗੀ ਜੇ ਪੂਰਾ ਪਰਿਵਾਰ ਨਿਊਯਾਰਕ ਰਾਜ ਵਿਚ ਚਲਾ ਜਾਵੇ ਤੇ ਕੀ ਉਨ੍ਹਾਂ ਦਾ ਬੇਟਾ ਉਸ ਨਵੇਂ ਮਾਹੌਲ ਵਿਚ ਰਹਿ ਸਕੇਗਾ ਕਿ ਨਹੀਂ?

ਰਿਕੀ ਦੱਸਦਾ ਹੈ: “ਸਾਡੇ ਲਈ ਸਭ ਤੋਂ ਜ਼ਰੂਰੀ ਸੀ ਕਿ ਅਸੀਂ ਉਸ ਮੰਡਲੀ ਵਿਚ ਜਾਈਏ ਜਿੱਥੇ ਬੱਚੇ ਹੋਣ ਤੇ ਉਹ ਸੱਚਾਈ ਵਿਚ ਤਰੱਕੀ ਕਰਦੇ ਹੋਣ। ਅਸੀਂ ਚਾਹੁੰਦੇ ਸੀ ਕਿ ਜੇਕਬ ਨੂੰ ਜ਼ਿਆਦਾ ਭੈਣਾਂ-ਭਰਾਵਾਂ ਦੀ ਵਧੀਆ ਸੰਗਤੀ ਮਿਲੇ।” ਪਰ ਹੋਇਆ ਇੱਦਾਂ ਕਿ ਜਿਸ ਮੰਡਲੀ ਵਿਚ ਉਹ ਗਏ, ਉੱਥੇ ਬਹੁਤ ਥੋੜ੍ਹੇ ਬੱਚੇ ਸਨ, ਪਰ ਕਾਫ਼ੀ ਬੈਥਲ ਤੋਂ ਭੈਣ-ਭਰਾ ਸਨ। ਰਿਕੀ ਦੱਸਦਾ ਹੈ: “ਪਹਿਲੀ ਮੀਟਿੰਗ ਤੋਂ ਬਾਅਦ ਮੈਂ ਜੇਕਬ ਨੂੰ ਪੁੱਛਿਆ ਕਿ ਉਹ ਨਵੀਂ ਮੰਡਲੀ ਬਾਰੇ ਕੀ ਸੋਚਦਾ ਸੀ, ਖ਼ਾਸ ਕਰਕੇ ਇਸ ਲਈ ਕਿ ਮੰਡਲੀ ਵਿਚ ਉਸ ਦੀ ਉਮਰ ਦੇ ਬੱਚੇ ਨਹੀਂ ਸਨ।” “ਉਸ ਨੇ ਮੈਨੂੰ ਕਿਹਾ, ‘ਫ਼ਿਕਰ ਨਾ ਕਰੋ, ਡੈਡੀ ਜੀ। ਬੈਥਲ ਵਿਚ ਆਏ ਨਵੇਂ ਭੈਣ-ਭਰਾ ਮੇਰੇ ਦੋਸਤ ਬਣਨਗੇ।’”

ਜੇਕਬ ਤੇ ਉਸ ਦੇ ਮਾਪੇ ਆਪਣੀ ਮੰਡਲੀ ਵਿਚ ਬੈਥਲ ਦੇ ਭਰਾਵਾਂ ਨਾਲ ਸੰਗਤੀ ਦਾ ਆਨੰਦ ਮਾਣਦੇ ਹੋਏ

ਬਿਨਾਂ ਸ਼ੱਕ ਬੈਥਲ ਵਿਚ ਆਏ ਨਵੇਂ ਭੈਣ-ਭਰਾ ਜੇਕਬ ਦੇ ਦੋਸਤ ਬਣੇ। ਇਸ ਦਾ ਉਸ ’ਤੇ ਕੀ ਅਸਰ ਪਿਆ? ਰਿਕੀ ਦੱਸਦਾ ਹੈ: “ਇਕ ਰਾਤ ਜਦੋਂ ਮੈਂ ਆਪਣੇ ਬੇਟੇ ਦੇ ਕਮਰੇ ਕੋਲੋਂ ਦੀ ਲੰਘ ਰਿਹਾ ਸੀ, ਤਾਂ ਮੈਂ ਉਸ ਦੇ ਕਮਰੇ ਦੀਆਂ ਲਾਈਟਾਂ ਜਗਦੀਆਂ ਦੇਖੀਆਂ। ਮੈਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਵੀਡੀਓ ਗੇਮ ਖੇਡਦੇ ਫੜਾਂਗਾ, ਪਰ ਉਹ ਬਾਈਬਲ ਪੜ੍ਹ ਰਿਹਾ ਸੀ! ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ, ਤਾਂ ਉਸ ਨੇ ਕਿਹਾ, ‘ਮੈਂ ਨਵਾਂ-ਨਵਾਂ ਬੈਥਲਾਈਟ ਹਾਂ ਤੇ ਮੈਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹਾਂਗਾ।’” ਇਹ ਸੁਣ ਕੇ ਰਿਕੀ ਤੇ ਕੇਂਦਰਾ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ। ਉਹ ਸਿਰਫ਼ ਇਸ ਕਰਕੇ ਖ਼ੁਸ਼ ਨਹੀਂ ਸਨ ਕਿ ਰਿਕੀ ਵਾਰਵਿਕ ਵਿਚ ਉਸਾਰੀ ਦੇ ਕੰਮ ਵਿਚ ਹਿੱਸਾ ਲੈ ਸਕਦਾ ਹੈ, ਸਗੋਂ ਉਨ੍ਹਾਂ ਦੇ ਇੱਥੇ ਆਉਣ ਕਰਕੇ ਉਨ੍ਹਾਂ ਦਾ ਬੇਟਾ ਵੀ ਸੱਚਾਈ ਵਿਚ ਤਰੱਕੀ ਕਰ ਰਿਹਾ ਹੈ।ਕਹਾ. 22:6.

ਭਵਿੱਖ ਦੀ ਕੋਈ ਚਿੰਤਾ ਨਹੀਂ

ਲੂਇਸ ਤੇ ਡੇਲ

ਵੌਲਕਿਲ ਤੇ ਵਾਰਵਿਕ ਵਿਚ ਉਸਾਰੀ ਦਾ ਕੰਮ ਇਕ ਦਿਨ ਖ਼ਤਮ ਹੋ ਜਾਵੇਗਾ। ਇਸ ਲਈ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਉੱਥੇ ਆ ਕੇ ਸੇਵਾ ਕਰਨ ਦਾ ਸੱਦਾ ਮਿਲਿਆ ਹੈ, ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਬੈਥਲ ਤੋਂ ਜਾਣਾ ਪਵੇਗਾ। ਕੀ ਇਹ ਭੈਣ-ਭਰਾ ਹੱਦੋਂ ਵੱਧ ਚਿੰਤਾ ਕਰਦੇ ਹਨ ਕਿ ਉਹ ਕਿੱਥੇ ਜਾਣਗੇ ਜਾਂ ਕੀ ਕਰਨਗੇ? ਬਿਲਕੁਲ ਨਹੀਂ! ਬਹੁਤ ਸਾਰੇ ਭੈਣ-ਭਰਾ ਫ਼ਲੋਰਿਡਾ ਤੋਂ ਆਏ 50-55 ਸਾਲ ਦੇ ਜੋੜੇ ਵਾਂਗ ਮਹਿਸੂਸ ਕਰਦੇ ਹਨ। ਉਸਾਰੀ ਮੈਨੇਜਰ ਜੌਨ ਤੇ ਉਸ ਦੀ ਪਤਨੀ ਕਾਰਮਨ, ਜੋ ਵਾਰਵਿਕ ਵਿਚ ਥੋੜ੍ਹੇ ਸਮੇਂ ਲਈ ਸੇਵਾ ਕਰਨ ਆਏ ਹਨ, ਦੱਸਦੇ ਹਨ: “ਅਸੀਂ ਦੇਖਿਆ ਹੈ ਕਿ ਹੁਣ ਤਕ ਯਹੋਵਾਹ ਨੇ ਸਾਡੀਆਂ ਖ਼ਾਸ ਜ਼ਰੂਰਤਾਂ ਕਿਵੇਂ ਪੂਰੀਆਂ ਕੀਤੀਆਂ ਹਨ। ਅਸੀਂ ਸੋਚਦੇ ਹਾਂ ਕਿ ਯਹੋਵਾਹ ਹੁਣ ਸਾਨੂੰ ਇਸ ਲਈ ਇੱਥੇ ਨਹੀਂ ਲਿਆਇਆ ਤਾਂਕਿ ਉਹ ਬਾਅਦ ਵਿਚ ਸਾਨੂੰ ਛੱਡ ਦੇਵੇ।” (ਜ਼ਬੂ. 119:116) ਅੱਗ ਬੁਝਾਉਣ ਵਾਲੇ ਯੰਤਰਾਂ ਨੂੰ ਡੀਜ਼ਾਈਨ ਕਰਨ ਵਾਲਾ ਲੂਇਸ ਤੇ ਉਸ ਦੀ ਪਤਨੀ ਕੀਨੀਆ ਵੌਲਕਿਲ ਵਿਚ ਸੇਵਾ ਕਰਦੇ ਹਨ। ਉਹ ਦੱਸਦੇ ਹਨ: “ਅਸੀਂ ਪਹਿਲਾਂ ਹੀ ਯਹੋਵਾਹ ਦੀ ਦਰਿਆ-ਦਿਲੀ ਦੇਖ ਚੁੱਕੇ ਹਾਂ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ। ਚਾਹੇ ਅਸੀਂ ਨਹੀਂ ਜਾਣਦੇ ਕਿ ਯਹੋਵਾਹ ਕਿਵੇਂ, ਕਦੋਂ ਜਾਂ ਕਿੱਥੇ ਸਾਡੀ ਦੇਖ-ਭਾਲ ਕਰੇਗਾ, ਪਰ ਸਾਨੂੰ ਪੱਕਾ ਭਰੋਸਾ ਹੈ ਕਿ ਉਹ ਲਗਾਤਾਰ ਸਾਡੀ ਦੇਖ-ਭਾਲ ਕਰਦਾ ਰਹੇਗਾ।”ਜ਼ਬੂ. 34:10; 37:25.

“ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ”

ਜੌਨ ਤੇ ਮੈਲਵਿਨ

ਜਿਨ੍ਹਾਂ ਭੈਣਾਂ-ਭਰਾਵਾਂ ਨੇ ਨਿਊਯਾਰਕ ਵਿਚ ਉਸਾਰੀ ਦੇ ਕੰਮ ਵਿਚ ਮਦਦ ਕੀਤੀ, ਉਨ੍ਹਾਂ ਵਿੱਚੋਂ ਬਹੁਤ ਸਾਰੇ ਭੈਣ-ਭਰਾ ਇੱਥੇ ਕੰਮ ਨਾ ਕਰਨ ਦੇ ਬਹਾਨੇ ਲੱਭ ਸਕਦੇ ਸਨ। ਪਰ ਉਨ੍ਹਾਂ ਨੇ ਯਹੋਵਾਹ ਨੂੰ ਪਰਤਾਇਆ ਜਿਵੇਂ ਉਹ ਸਾਨੂੰ ਸਾਰਿਆਂ ਨੂੰ ਕਰਨ ਨੂੰ ਕਹਿੰਦਾ ਹੈ: “ਮੈਨੂੰ ਜ਼ਰਾ ਪਰਤਾਓ, . . . ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!”ਮਲਾ. 3:10.

ਕੀ ਤੁਸੀਂ ਵੀ ਯਹੋਵਾਹ ਨੂੰ ਪਰਤਾਓਗੇ ਤੇ ਉਸ ਤੋਂ ਬਰਕਤਾਂ ਪਾਓਗੇ? ਪ੍ਰਾਰਥਨਾ ਕਰ ਕੇ ਇਸ ਗੱਲ ’ਤੇ ਸੋਚ-ਵਿਚਾਰ ਕਰੋ ਕਿ ਤੁਸੀਂ ਨਿਊਯਾਰਕ ਵਿਚ ਹੋ ਰਹੇ ਉਸਾਰੀ ਦੇ ਕੰਮ ਜਾਂ ਪਰਮੇਸ਼ੁਰ ਦੀ ਸੇਵਾ ਸੰਬੰਧੀ ਚੱਲ ਰਹੇ ਹੋਰ ਉਸਾਰੀ ਦੇ ਕੰਮਾਂ ਵਿਚ ਹਿੱਸਾ ਪਾਉਣ ਲਈ ਕੀ ਕਰ ਸਕਦੇ ਹੋ। ਫਿਰ ਦੇਖੋ ਕਿ ਯਹੋਵਾਹ ਤੁਹਾਨੂੰ ਕਿਵੇਂ ਬਰਕਤਾਂ ਦੇਵੇਗਾ।ਮਰ. 10:29, 30.

ਗੈਰੀ

ਐਲਬਾਮਾ ਤੋਂ ਸਿਵਲ ਇੰਜੀਨੀਅਰ ਡੇਲ ਤੇ ਕੈਥੀ ਇਸ ਤਰ੍ਹਾਂ ਦੀ ਸੇਵਾ ਕਰਨ ਦੀ ਸਲਾਹ ਦਿੰਦੇ ਹਨ। ਵੌਲਕਿਲ ਵਿਚ ਸੇਵਾ ਕਰਦਿਆਂ ਉਹ ਦੱਸਦੇ ਹਨ: “ਜੇ ਤੁਹਾਡੇ ਵਿਚ ਆਪਣੇ ਸੁੱਖ-ਆਰਾਮ ਤਿਆਗਣ ਦੀ ਹਿੰਮਤ ਹੈ, ਤਾਂ ਤੁਹਾਨੂੰ ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ ਕੰਮ ਕਰਦਿਆਂ ਦੇਖਣ ਦਾ ਮੌਕਾ ਮਿਲੇਗਾ।” ਆਪਣੇ ਆਪ ਨੂੰ ਇਸ ਸੇਵਾ ਲਈ ਤਿਆਰ ਕਰਨ ਲਈ ਕੀ ਜ਼ਰੂਰੀ ਹੈ? ਡੇਲ ਕਹਿੰਦਾ ਹੈ: “ਆਪਣੀ ਜ਼ਿੰਦਗੀ ਸਾਦੀ ਕਰੋ, ਸਾਦੀ ਕਰੋ ਤੇ ਫਿਰ ਕੁਝ ਹੋਰ ਸਾਦੀ ਕਰੋ। ਇਸ ਤਰ੍ਹਾਂ ਕਰ ਕੇ ਤੁਹਾਨੂੰ ਕਦੇ ਵੀ ਪਛਤਾਵਾ ਨਹੀਂ ਹੋਵੇਗਾ।” ਉੱਤਰੀ ਕੈਰੋਲਾਇਨਾ ਦੇ ਗੈਰੀ ਨੂੰ ਉਸਾਰੀ ਦੇ ਕੰਮ ਵਿਚ 30 ਸਾਲ ਦਾ ਤਜਰਬਾ ਹੈ। ਉਹ ਤੇ ਉਸ ਦੀ ਪਤਨੀ ਮੋਰੀਨ ਦੱਸਦੇ ਹਨ ਕਿ ਵਾਰਵਿਕ ਵਿਚ ਕੰਮ ਕਰਦਿਆਂ ਉਹ ਬਹੁਤ ਸਾਰੀਆਂ ਬਰਕਤਾਂ ਦਾ ਆਨੰਦ ਮਾਣ ਰਹੇ ਹਨ, ਉਨ੍ਹਾਂ ਵਿੱਚੋਂ ਇਕ ਹੈ: “ਉਨ੍ਹਾਂ ਭੈਣਾਂ-ਭਰਾਵਾਂ ਨੂੰ ਮਿਲਣਾ ਤੇ ਉਨ੍ਹਾਂ ਨਾਲ ਕੰਮ ਕਰਨਾ ਜਿਨ੍ਹਾਂ ਨੇ ਬੈਥਲ ਵਿਚ ਯਹੋਵਾਹ ਦੀ ਸੇਵਾ ਕਰਦਿਆਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ।” ਗੈਰੀ ਅੱਗੇ ਦੱਸਦਾ ਹੈ: “ਬੈਥਲ ਵਿਚ ਸੇਵਾ ਕਰਨ ਲਈ ਤੁਹਾਨੂੰ ਆਪਣੀ ਜ਼ਿੰਦਗੀ ਸਾਦੀ ਕਰਨ ਦੀ ਲੋੜ ਹੈ ਜੋ ਕਿ ਇਸ ਦੁਨੀਆਂ ਵਿਚ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਹੈ।” ਇਲੀਨਾਇ ਤੋਂ ਠੇਕੇਦਾਰ ਦੇ ਅਧੀਨ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲਾ ਜੇਸਨ ਤੇ ਉਸ ਦੀ ਪਤਨੀ ਜੈਨੀਫ਼ਰ ਕਹਿੰਦੇ ਹਨ ਕਿ ਵੌਲਕਿਲ ਵਿਚ “ਬੈਥਲ ਪ੍ਰਾਜੈਕਟ ’ਤੇ ਕੰਮ ਕਰ ਕੇ ਇੱਦਾਂ ਲੱਗਦਾ ਜਿੱਦਾਂ ਅਸੀਂ ਨਵੀਂ ਦੁਨੀਆਂ ਵਿਚ ਹੋਈਏ।” ਜੈਨੀਫ਼ਰ ਅੱਗੇ ਦੱਸਦੀ ਹੈ: “ਇਹ ਸੋਚ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਉਸ ਦੀ ਯਹੋਵਾਹ ਕਦਰ ਕਰਦਾ ਹੈ ਤੇ ਉਹ ਇਸ ਕੰਮ ਨੂੰ ਕਦੇ ਵੀ ਨਹੀਂ ਭੁੱਲੇਗਾ। ਯਹੋਵਾਹ ਤੁਹਾਨੂੰ ਉਹ ਬਰਕਤਾਂ ਦੇਵੇਗਾ ਜਿਨ੍ਹਾਂ ਦੀ ਤੁਸੀਂ ਕਦੇ ਉਮੀਦ ਵੀ ਨਹੀਂ ਕੀਤੀ।”

^ ਪੈਰਾ 6 ਯਹੋਵਾਹ ਦੇ ਗਵਾਹਾਂ ਦੀ 2014 ਯੀਅਰ ਬੁੱਕ (ਅੰਗ੍ਰੇਜ਼ੀ) ਦੇ ਸਫ਼ੇ 12-13 ਦੇਖੋ।

^ ਪੈਰਾ 7 ਕਮਿਊਟਰਾਂ ਵਜੋਂ ਸੇਵਾ ਕਰਨ ਵਾਲੇ ਭੈਣ-ਭਰਾ ਹਫ਼ਤੇ ਵਿਚ ਇਕ ਜਾਂ ਜ਼ਿਆਦਾ ਦਿਨ ਬੈਥਲ ਵਿਚ ਆਉਂਦੇ ਹਨ, ਉਹ ਆਪਣੇ ਘਰ ਦੀ ਖ਼ੁਦ ਦੇਖ-ਭਾਲ ਕਰਦੇ ਹਨ ਤੇ ਆਪਣਾ ਖ਼ਰਚਾ ਆਪ ਚੁੱਕਦੇ ਹਨ।