Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

ਉਸ ਨੇ ਰੋਟੀ-ਪਾਣੀ ਪਿਆਰ ਨਾਲ ਬਣਦਾ ਦੇਖਿਆ

ਉਸ ਨੇ ਰੋਟੀ-ਪਾਣੀ ਪਿਆਰ ਨਾਲ ਬਣਦਾ ਦੇਖਿਆ

ਯਹੋਵਾਹ ਦੇ ਲੋਕਾਂ ਲਈ ਉਸ ਦੇ ਮੇਜ਼ ਤੋਂ ਖਾਣਾ ਹਮੇਸ਼ਾ ਤੋਂ ਖ਼ੁਸ਼ੀ ਦਾ ਮੌਕਾ ਰਿਹਾ ਹੈ। ਜਦੋਂ ਉਹ ਪਰਮੇਸ਼ੁਰ ਦਾ ਗਿਆਨ ਲੈਣ ਲਈ ਸੰਮੇਲਨਾਂ ਵਿਚ ਇਕੱਠੇ ਹੁੰਦੇ ਹਨ, ਤਾਂ ਇਕ-ਦੂਜੇ ਨਾਲ ਆਪਣਾ ਖਾਣਾ-ਪੀਣਾ ਸਾਂਝਾ ਕਰਨ ਨਾਲ ਵੀ ਉਨ੍ਹਾਂ ਦੀ ਖ਼ੁਸ਼ੀ ਦੁਗਣੀ ਹੁੰਦੀ ਹੈ।

ਸਤੰਬਰ 1919 ਵਿਚ ਬਾਈਬਲ ਸਟੂਡੈਂਟਸ ਨੇ ਸੀਡਰ ਪਾਇੰਟ ਓਹੀਓ, ਅਮਰੀਕਾ ਵਿਚ ਅੱਠ ਦਿਨਾਂ ਦਾ ਸੰਮੇਲਨ ਕੀਤਾ ਸੀ। ਉੱਥੇ ਹੋਟਲਾਂ ਵਿਚ ਭੈਣਾਂ-ਭਰਾਵਾਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਹਜ਼ਾਰਾਂ ਹੀ ਭੈਣ-ਭਰਾ ਆ ਪਹੁੰਚੇ ਜਿਨ੍ਹਾਂ ਦੇ ਆਉਣ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ। ਇੰਨੇ ਸਾਰੇ ਲੋਕਾਂ ਨੂੰ ਦੇਖ ਕੇ ਵੇਟਰ ਅਤੇ ਵੇਟਰੈਸਾਂ ਪਰੇਸ਼ਾਨ ਹੋ ਗਈਆਂ ਤੇ ਕੰਮ ਛੱਡ ਕੇ ਚਲੀਆਂ ਗਈਆਂ। ਹੋਰ ਕੋਈ ਚਾਰਾ ਨਾ ਹੋਣ ਕਰਕੇ ਮੈਨੇਜਰ ਨੇ ਭੈਣਾਂ-ਭਰਾਵਾਂ ਤੋਂ ਪੁੱਛਿਆ ਕਿ ਕੀ ਤੁਹਾਡੇ ਵਿੱਚੋਂ ਕੁਝ ਨੌਜਵਾਨ ਸਾਡੀ ਮਦਦ ਕਰ ਸਕਦੇ ਹਨ। ਬਹੁਤ ਸਾਰੇ ਨੌਜਵਾਨ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਤਿਆਰ ਹੋ ਗਏ। ਉਨ੍ਹਾਂ ਵਿੱਚੋਂ ਇਕ ਸੀ ਸੇਡੀ ਗ੍ਰੀਨ। ਉਹ ਦੱਸਦੀ ਹੈ: “ਇਹ ਪਹਿਲੀ ਵਾਰ ਸੀ ਜਦੋਂ ਮੈਂ ਵੇਟਰੈਸ ਦਾ ਕੰਮ ਕੀਤਾ, ਪਰ ਮਜ਼ਾ ਬਹੁਤ ਆਇਆ!”

ਸੀਅਰਾ ਲਿਓਨ, 1982

ਬਾਅਦ ਦੇ ਸਾਲਾਂ ਦੌਰਾਨ ਵੀ ਵੱਡੇ ਸੰਮੇਲਨਾਂ ਵਿਚ ਖਾਣਾ ਬਣਾਉਣ ਦੇ ਇੰਤਜ਼ਾਮਾਂ ਕਰਕੇ ਬਹੁਤ ਸਾਰੇ ਵਲੰਟੀਅਰ ਖ਼ੁਸ਼ੀ-ਖ਼ੁਸ਼ੀ ਆਪਣੇ ਭੈਣਾਂ-ਭਰਾਵਾਂ ਦੀ ਸੇਵਾ ਕਰ ਸਕੇ। ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਮਿਲੀ ਹੱਲਾਸ਼ੇਰੀ ਕਾਰਨ ਕਾਫ਼ੀ ਨੌਜਵਾਨਾਂ ਨੇ ਯਹੋਵਾਹ ਦੀ ਹੋਰ ਸੇਵਾ ਕਰਨ ਲਈ ਟੀਚੇ ਰੱਖੇ। 1937 ਦੇ ਇਕ ਸੰਮੇਲਨ ਵਿਚ ਗਲੈਡਿਸ ਬੋਲਟਨ ਨੇ ਖਾਣਾ ਬਣਾਉਣ ਅਤੇ ਵਰਤਾਉਣ ਵਿਚ ਹੱਥ ਵਟਾਇਆ। ਉਹ ਦੱਸਦੀ ਹੈ ਕਿ “ਮੈਂ ਵੱਖੋ-ਵੱਖਰੀਆਂ ਥਾਵਾਂ ਤੋਂ ਆਏ ਭੈਣਾਂ-ਭਰਾਵਾਂ ਨੂੰ ਮਿਲੀ ਤੇ ਉਨ੍ਹਾਂ ਨਾਲ ਗੱਲ ਕਰ ਕੇ ਮੈਂ ਜਾਣਿਆ ਕਿ ਉਹ ਸਮੱਸਿਆਵਾਂ ਨਾਲ ਕਿਵੇਂ ਸਿੱਝ ਰਹੇ ਸਨ। ਉਦੋਂ ਤੋਂ ਹੀ ਮੇਰੇ ਦਿਲ ਵਿਚ ਪਾਇਨੀਅਰ ਬਣਨ ਦੀ ਇੱਛਾ ਜਾਗ ਉੱਠੀ।”

ਸੰਮੇਲਨ ਵਿਚ ਆਈ ਬਿਊਲਾ ਕੋਵੀ ਕਹਿੰਦੀ ਹੈ: “ਵਲੰਟੀਅਰਾਂ ਦੀ ਸਖ਼ਤ ਮਿਹਨਤ ਕਰਕੇ ਸਾਰਾ ਕੁਝ ਐਨ ਸਮੇਂ ਸਿਰ ਹੋ ਰਿਹਾ ਸੀ।” ਪਰ ਇਸ ਕੰਮ ਵਿਚ ਕੁਝ ਚੁਣੌਤੀਆਂ ਵੀ ਆਈਆਂ। 1969 ਵਿਚ ਲਾਸ ਏਂਜਲੀਜ਼, ਕੈਲੇਫ਼ੋਰਨੀਆ ਦੇ ਡੋਜਰ ਸਟੇਡੀਅਮ ਵਿਚ ਜਦੋਂ ਭਰਾ ਆਂਜੇਲੋ ਮਨੇਰਾ ਪਹੁੰਚਿਆ, ਤਾਂ ਉਸ ਨੂੰ ਪਤਾ ਲੱਗਾ ਕਿ ਖਾਣ-ਪੀਣ ਦਾ ਸਾਰਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਗਈ ਸੀ। ਉਹ ਕਹਿੰਦਾ ਹੈ: “ਮੇਰੇ ਪੈਰਾਂ ਥੱਲਿਓਂ ਤਾਂ ਜ਼ਮੀਨ ਹੀ ਨਿਕਲ ਗਈ!” ਉਸ ਸੰਮੇਲਨ ਦੀਆਂ ਤਿਆਰੀਆਂ ਕਰਨ ਦੇ ਨਾਲ-ਨਾਲ ਅਸੀਂ ਇਕ 400 ਮੀਟਰ ਲੰਬੀ ਨਾਲੀ ਪੁੱਟੀ ਜਿਸ ਵਿਚ ਪਾਈਪ ਪਾ ਕੇ ਗੈਸ ਰਸੋਈ ਤਕ ਪਹੁੰਚਾਈ ਗਈ।

ਫ੍ਰੈਂਕਫਰਟ, ਜਰਮਨੀ, 1951

ਸੀਅਰਾ ਲਿਓਨ ਵਿਚ 1982 ਵਿਚ ਮਿਹਨਤੀ ਵਲੰਟੀਅਰਾਂ ਨੇ ਪਹਿਲਾਂ ਖੇਤਾਂ ਨੂੰ ਸਾਫ਼ ਕੀਤਾ ਅਤੇ ਫਿਰ ਉਨ੍ਹਾਂ ਕੋਲ ਜੋ ਵੀ ਸਾਮਾਨ ਸੀ ਉਸ ਨਾਲ ਉਨ੍ਹਾਂ ਨੇ ਖਾਣਾ ਬਣਾਉਣ ਲਈ ਜਗ੍ਹਾ ਤਿਆਰ ਕੀਤੀ। ਜਰਮਨੀ ਦੇ ਫ੍ਰੈਂਕਫਰਟ ਸ਼ਹਿਰ ਵਿਚ 1951 ਨੂੰ ਕਾਬਲ ਭਰਾਵਾਂ ਨੇ ਇਕ ਰੇਲ-ਇੰਜਣ ਕਿਰਾਏ ’ਤੇ ਲਿਆ ਜਿਸ ਤੋਂ ਪੈਦਾ ਹੁੰਦੀ ਭਾਫ਼ ਨਾਲ ਵੱਡੇ-ਵੱਡੇ ਪਤੀਲਿਆਂ ਜਿੱਡੀਆਂ 40 ਕੇਤਲੀਆਂ ਵਿਚ ਖਾਣਾ ਬਣਾਇਆ ਗਿਆ। ਹਰ ਰੋਜ਼ ਭੈਣ-ਭਰਾ ਇਕ ਘੰਟੇ ਵਿਚ 30 ਹਜ਼ਾਰ ਜਣਿਆਂ ਨੂੰ ਦੁਪਹਿਰ ਦਾ ਖਾਣਾ ਖਿਲਾ ਦਿੰਦੇ ਸਨ। ਭਾਂਡੇ ਧੋਣ ਵਾਲੇ 576 ਵਲੰਟੀਅਰਾਂ ਦਾ ਬੋਝ ਹਲਕਾ ਕਰਨ ਲਈ ਭੈਣ-ਭਰਾ ਘਰੋਂ ਕਾਂਟੇ-ਛੁਰੀਆਂ ਲੈ ਕੇ ਆਉਂਦੇ ਸਨ। ਯਾਂਗੁਨ, ਮਿਆਨਮਾਰ ਵਿਚ ਖਾਣਾ ਬਣਾਉਣ ਵਾਲੇ ਭੈਣਾਂ-ਭਰਾਵਾਂ ਨੇ ਸੋਚ-ਸਮਝ ਕੇ ਉਨ੍ਹਾਂ ਭੈਣਾਂ-ਭਰਾਵਾਂ ਦੀ ਖ਼ਾਤਰ ਖਾਣੇ ਵਿਚ ਥੋੜ੍ਹੀਆਂ ਮਿਰਚਾਂ ਪਾਈਆਂ ਜਿਹੜੇ ਹੋਰ ਦੇਸ਼ਾਂ ਤੋਂ ਆਏ ਸਨ।

“ਲੋਕ ਖੜ੍ਹ ਕੇ ਖਾਣਾ ਖਾਂਦੇ ਹਨ”

ਐਨੀ ਪੋਗਨਸੀ ਨੂੰ 1950 ਵਿਚ ਇਕ ਬਰਕਤ ਮਿਲੀ ਜਦੋਂ ਉਹ ਅਮਰੀਕਾ ਵਿਚ ਹੋਏ ਇਕ ਸੰਮੇਲਨ ਵਿਚ ਖਾਣਾ ਲੈਣ ਲਈ ਕਾਫ਼ੀ ਦੇਰ ਤਕ ਤੇਜ਼ ਧੁੱਪ ਵਿਚ ਖੜ੍ਹੀ ਰਹੀ। ਉਹ ਦੱਸਦੀ ਹੈ: “ਮੈਂ ਦੋ ਭੈਣਾਂ ਨਾਲ ਗੱਲਾਂ ਕਰਨ ਵਿਚ ਬਹੁਤ ਰੁੱਝ ਗਈ ਜੋ ਯੂਰਪ ਤੋਂ ਕਿਸ਼ਤੀ ਵਿਚ ਆਈਆਂ ਸਨ।” ਇਨ੍ਹਾਂ ਭੈਣਾਂ ਨੇ ਦੱਸਿਆ ਕਿ ਯਹੋਵਾਹ ਨੇ ਸੰਮੇਲਨ ’ਤੇ ਆਉਣ ਵਿਚ ਉਨ੍ਹਾਂ ਦੀ ਕਿੱਦਾਂ ਮਦਦ ਕੀਤੀ। ਐਨੀ ਨੇ ਅੱਗੇ ਕਿਹਾ: “ਜਿੰਨੀ ਖ਼ੁਸ਼ੀ ਇਨ੍ਹਾਂ ਭੈਣਾਂ ਦੇ ਚਿਹਰਿਆਂ ’ਤੇ ਸੀ, ਉੱਨੀ ਖ਼ੁਸ਼ੀ ਕਿਸੇ ਹੋਰ ਦੇ ਚਿਹਰੇ ’ਤੇ ਨਹੀਂ ਸੀ। ਉਨ੍ਹਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਕਦੋਂ ਦੀਆਂ ਤਪਦੀ ਧੁੱਪ ਵਿਚ ਲਾਈਨ ਵਿਚ ਖੜ੍ਹੀਆਂ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ।”

ਸਿਓਲ, ਕੋਰੀਆ, 1963

ਬਹੁਤ ਸਾਰੇ ਵੱਡੇ ਸੰਮੇਲਨਾਂ ਵਿਚ ਵੱਡੇ-ਵੱਡੇ ਟੈਂਟ ਲਾ ਕੇ ਉਨ੍ਹਾਂ ਵਿਚ ਉੱਚੇ-ਉੱਚੇ ਮੇਜ਼ਾਂ ਦੀਆਂ ਲਾਈਨਾਂ ਲਗਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਭੈਣ-ਭਰਾ ਖੜ੍ਹ ਕੇ ਜਲਦੀ-ਜਲਦੀ ਖਾਣਾ ਖਾਂਦੇ ਸਨ ਤਾਂਕਿ ਹੋਰ ਭੈਣ-ਭਰਾ ਆ ਕੇ ਖਾਣਾ ਖਾ ਸਕਣ। ਹਜ਼ਾਰਾਂ ਹੀ ਲੋਕਾਂ ਨੂੰ ਇਸੇ ਤਰੀਕੇ ਨਾਲ ਦੁਪਹਿਰ ਵੇਲੇ ਖਾਣਾ ਖੁਆਇਆ ਜਾ ਸਕਦਾ ਸੀ। ਇਕ ਬੰਦਾ, ਜੋ ਯਹੋਵਾਹ ਦਾ ਗਵਾਹ ਨਹੀਂ ਸੀ, ਨੇ ਕਿਹਾ: “ਇਹ ਬੜਾ ਅਜੀਬ ਧਰਮ ਆ, ਲੋਕ ਖੜ੍ਹ ਕੇ ਖਾਣਾ ਖਾਂਦੇ ਹਨ!”

ਮਿਲਟਰੀ ਤੇ ਸਿਵਲ ਅਧਿਕਾਰੀ ਹੈਰਾਨ ਰਹੇ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਸਾਰਾ ਕੰਮ ਸਹੀ ਢੰਗ ਨਾਲ ਅਤੇ ਸਮੇਂ ਸਿਰ ਹੋ ਰਿਹਾ ਸੀ। ਨਿਊਯਾਰਕ ਸਿਟੀ ਦੇ ਯੈਂਕੀ ਸਟੇਡੀਅਮ ਵਿਚ ਹੋਏ ਸੰਮੇਲਨ ਵਿਚ ਸਾਡੇ ਖਾਣ-ਪੀਣ ਦੇ ਇੰਤਜ਼ਾਮ ਨੂੰ ਇਕ ਮਿਲਟਰੀ ਅਧਿਕਾਰੀ ਦੇਖਣ ਆਇਆ। ਉਸ ਨੇ ਬ੍ਰਿਟਿਸ਼ ਵਾਰ ਡਿਪਾਰਟਮੈਂਟ ਦੇ ਮੇਜਰ ਫੋਕਨਰ ਨੂੰ ਕਿਹਾ ਕਿ ਉਹ ਵੀ ਆਪਣੇ ਦੇਸ਼ ਵਿਚ ਇਸ ਤਰ੍ਹਾਂ ਦੇ ਵਧੀਆ ਇੰਤਜ਼ਾਮ ਨੂੰ ਦੇਖੇ। ਇਸ ਲਈ ਉਹ 1955 ਵਿਚ ਇੰਗਲੈਂਡ ਦੇ ਟਵਿਕਨਮ ਸਟੇਡੀਅਮ ਵਿਚ ਹੋਏ “ਜੇਤੂ ਰਾਜ” ਨਾਮਕ ਸੰਮੇਲਨ ਵਿਚ ਆਪਣੀ ਪਤਨੀ ਨਾਲ ਗਿਆ। ਉਸ ਨੇ ਦੇਖ ਕੇ ਕਿਹਾ ਕਿ ਸਾਰੇ ਜਣੇ ਪਿਆਰ ਨਾਲ ਖਾਣਾ ਬਣਾ ਰਹੇ ਤੇ ਵਰਤਾ ਰਹੇ ਸਨ।

ਕਈ ਸਾਲਾਂ ਤਕ ਵਲੰਟੀਅਰਾਂ ਨੇ ਸੰਮੇਲਨਾਂ ਵਿਚ ਭੈਣਾਂ-ਭਰਾਵਾਂ ਨੂੰ ਪੌਸ਼ਟਿਕ ਤੇ ਸਸਤਾ ਖਾਣਾ ਖੁਆਇਆ। ਪਰ ਇੰਨਾ ਸਾਰਾ ਕੰਮ ਕਰਨ ਲਈ ਬਹੁਤ ਵਲੰਟੀਅਰਾਂ ਦੀ ਲੋੜ ਪੈਂਦੀ ਸੀ ਜਿਨ੍ਹਾਂ ਨੂੰ ਕਿੰਨੇ-ਕਿੰਨੇ ਘੰਟੇ ਕੰਮ ਕਰਨਾ ਪੈਂਦਾ ਸੀ, ਇੱਥੋਂ ਤਕ ਕਿ ਉਨ੍ਹਾਂ ਤੋਂ ਪ੍ਰੋਗਰਾਮ ਦਾ ਕੁਝ ਹਿੱਸਾ ਜਾਂ ਫਿਰ ਸਾਰਾ ਪ੍ਰੋਗਰਾਮ ਹੀ ਨਹੀਂ ਸੀ ਸੁਣ ਹੁੰਦਾ। 1970 ਦੇ ਦਹਾਕੇ ਦੇ ਅਖ਼ੀਰ ਵਿਚ ਕਾਫ਼ੀ ਥਾਵਾਂ ’ਤੇ ਖਾਣ-ਪੀਣ ਦੇ ਪ੍ਰਬੰਧ ਨੂੰ ਸਾਦਾ ਕੀਤਾ ਗਿਆ। ਫਿਰ 1995 ਦੇ ਸ਼ੁਰੂ ਵਿਚ ਭੈਣਾਂ-ਭਰਾਵਾਂ ਨੂੰ ਕਿਹਾ ਗਿਆ ਸੀ ਕਿ ਹੁਣ ਤੋਂ ਉਹ ਸੰਮੇਲਨਾਂ ਵਿਚ ਘਰੋਂ ਰੋਟੀ-ਪਾਣੀ ਲੈ ਕੇ ਆਉਣ। ਇਸ ਤਬਦੀਲੀ ਕਰਕੇ ਖਾਣਾ ਬਣਾਉਣ ਅਤੇ ਵਰਤਾਉਣ ਵਾਲੇ ਭੈਣ-ਭਰਾ ਸੰਮੇਲਨ ਦਾ ਪ੍ਰੋਗਰਾਮ ਸੁਣ ਸਕਦੇ ਸਨ ਤੇ ਹੋਰਨਾਂ ਨਾਲ ਸੰਗਤੀ ਦਾ ਵੀ ਆਨੰਦ ਮਾਣ ਸਕਦੇ ਸਨ। *

ਜਿਨ੍ਹਾਂ ਵਲੰਟੀਅਰਾਂ ਨੇ ਆਪਣੇ ਭੈਣਾਂ-ਭਰਾਵਾਂ ਦੀ ਟਹਿਲ-ਸੇਵਾ ਕਰਨ ਲਈ ਇੰਨੀ ਮਿਹਨਤ ਕੀਤੀ, ਯਹੋਵਾਹ ਉਨ੍ਹਾਂ ਦੀ ਕਿੰਨੀ ਕਦਰ ਕਰਦਾ ਹੋਣਾ! ਕੁਝ ਸ਼ਾਇਦ ਉਨ੍ਹਾਂ ਦਿਨਾਂ ਨੂੰ ਯਾਦ ਕਰ ਕੇ ਕਹਿਣ ਕਿ ਉਦੋਂ ਖਾਣਾ ਬਣਾਉਣ ਤੇ ਵਰਤਾਉਣ ਵਿਚ ਕਿੰਨਾ ਮਜ਼ਾ ਆਉਂਦਾ ਸੀ! ਭਾਵੇਂ ਕਿ ਸੰਮੇਲਨਾਂ ਵਿਚ ਹੁਣ ਰੋਟੀ-ਪਾਣੀ ਨਹੀਂ ਮਿਲਦਾ, ਪਰ ਭੈਣਾਂ-ਭਰਾਵਾਂ ਦਾ ਡਾਢਾ ਪਿਆਰ ਹਾਲੇ ਵੀ ਮਿਲਦਾ ਹੈ।—ਯੂਹੰ. 13:34, 35.

^ ਪੈਰਾ 12 ਫਿਰ ਵੀ ਅੱਜ ਸੰਮੇਲਨ ਦੇ ਹੋਰ ਵਿਭਾਗਾਂ ਵਿਚ ਵਲੰਟੀਅਰਾਂ ਕੋਲ ਮਦਦ ਕਰਨ ਦੇ ਬਹੁਤ ਸਾਰੇ ਮੌਕੇ ਹਨ।