Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਉਮਰ ਭਰ ਆਪਣੇ ਜੀਵਨ-ਸਾਥੀ ਦਾ ਸਾਥ ਨਿਭਾਓ

ਉਮਰ ਭਰ ਆਪਣੇ ਜੀਵਨ-ਸਾਥੀ ਦਾ ਸਾਥ ਨਿਭਾਓ

ਪਤਨੀ: “ਮੈਂ ਕਈ ਦਿਨਾਂ ਤੋਂ ਦੇਖ ਰਹੀ ਸੀ ਕਿ ਮੇਰਾ ਘਰਵਾਲਾ ਮਾਈਕਲ ਨਾ ਤਾਂ ਮੇਰੇ ਨਾਲ ਤੇ ਨਾ ਹੀ ਨਿਆਣਿਆਂ ਨਾਲ ਚੱਜ ਨਾਲ ਗੱਲ ਕਰਦਾ ਸੀ। ਬਸ ਆਪਣੇ ਆਪ ਵਿਚ ਹੀ ਰਹਿੰਦਾ ਸੀ। * ਉਸ ਵਿਚ ਇਹ ਤਬਦੀਲੀ ਉਦੋਂ ਆਈ ਜਦੋਂ ਅਸੀਂ ਘਰ ਵਿਚ ਇੰਟਰਨੈੱਟ ਲਵਾਇਆ। ਮੈਨੂੰ ਸ਼ੱਕ ਸੀ ਕਿ ਉਹ ਕੰਪਿਊਟਰ ਉੱਤੇ ਪੋਰਨੋਗ੍ਰਾਫੀ ਦੇਖਦਾ ਸੀ। ਇਕ ਰਾਤ ਨਿਆਣਿਆਂ ਦੇ ਸੌਂ ਜਾਣ ਤੋਂ ਬਾਅਦ ਮੈਂ ਉਸ ਨੂੰ ਇਸ ਬਾਰੇ ਪੁੱਛ ਹੀ ਲਿਆ। ਉਸ ਨੇ ਕਬੂਲ ਕਰ ਲਿਆ ਕਿ ਉਹ ਇੰਟਰਨੈੱਟ ਉੱਤੇ ਪੋਰਨੋਗ੍ਰਾਫੀ ਦੇਖਦਾ ਸੀ। ਇਹ ਸੁਣ ਕੇ ਮੈਨੂੰ ਬਹੁਤ ਧੱਕਾ ਲੱਗਾ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਇੱਦਾਂ ਕਰ ਰਿਹਾ ਸੀ। ਮੇਰਾ ਤਾਂ ਉਸ ਤੋਂ ਭਰੋਸਾ ਹੀ ਚੁੱਕਿਆ ਗਿਆ। ਉੱਪਰੋਂ ਇਕ ਹੋਰ ਬਲਾ ਮੇਰੇ ਗਲ ਪੈ ਗਈ। ਮੇਰੇ ਨਾਲ ਕੰਮ ਕਰਦਾ ਇਕ ਬੰਦਾ ਮੇਰੇ ਵਿਚ ਰੋਮਾਂਟਿਕ ਦਿਲਚਸਪੀ ਲੈਣ ਲੱਗ ਪਿਆ।”

ਪਤੀ: “ਮੈਂ ਪੋਰਨੋਗ੍ਰਾਫੀ ਦੀ ਵੈੱਬ-ਸਾਈਟ ਤੋਂ ਇਕ ਫੋਟੋ ਡਾਊਨਲੋਡ ਕਰ ਕੇ ਕੰਪਿਊਟਰ ਉੱਤੇ ਰੱਖੀ ਹੋਈ ਸੀ। ਕੁਝ ਦਿਨ ਪਹਿਲਾਂ ਮੇਰੀ ਪਤਨੀ ਮਰੀਆ ਨੇ ਇਹ ਫੋਟੋ ਦੇਖ ਲਈ ਤੇ ਮੇਰੇ ਤੋਂ ਇਸ ਬਾਰੇ ਪੁੱਛਿਆ। ਜਦੋਂ ਮੈਂ ਕਬੂਲ ਕੀਤਾ ਕਿ ਮੈਂ ਪੋਰਨੋਗ੍ਰਾਫੀ ਦੇਖਦਾ ਰਹਿੰਦਾਂ, ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਮਰੀਆ ਨੇ ਮੈਨੂੰ ਛੱਡ ਦੇਣਾ।”

ਤੁਹਾਡੇ ਖ਼ਿਆਲ ਵਿਚ ਕੀ ਮਰੀਆ ਮਾਈਕਲ ਨੂੰ ਛੱਡ ਕੇ ਚਲੀ ਗਈ? ਤੁਸੀਂ ਸ਼ਾਇਦ ਸੋਚੋ ਕਿ ਉਨ੍ਹਾਂ ਵਿਚ ਝਗੜਾ ਇਸ ਕਰਕੇ ਹੋਇਆ ਸੀ ਕਿਉਂਕਿ ਮਾਈਕਲ ਪੋਰਨੋਗ੍ਰਾਫੀ ਦੇਖਦਾ ਹੁੰਦਾ ਸੀ। ਉਨ੍ਹਾਂ ਦੇ ਝਗੜੇ ਦੀ ਅਸਲੀ ਜੜ੍ਹ ਕੁਝ ਹੋਰ ਸੀ। ਮਾਈਕਲ ਦਾ ਆਪਣੀ ਘਰਵਾਲੀ ਤੋਂ ਦਿਲ ਚੁੱਕਿਆ ਗਿਆ ਸੀ। * ਜਦੋਂ ਮਾਈਕਲ ਅਤੇ ਮਰੀਆ ਦਾ ਵਿਆਹ ਹੋਇਆ ਸੀ, ਉਸ ਵੇਲੇ ਉਨ੍ਹਾਂ ਨੇ ਇਕੱਠਿਆਂ ਜ਼ਿੰਦਗੀ ਦੀਆਂ ਖ਼ੁਸ਼ੀਆਂ ਮਾਣਨ ਦੇ ਸੁਪਨੇ ਦੇਖੇ ਸਨ। ਪਰ ਜਿਵੇਂ ਅਕਸਰ ਵਿਆਹੁਤਾ ਜੋੜਿਆਂ ਨਾਲ ਹੁੰਦਾ ਹੈ, ਉਨ੍ਹਾਂ ਦਾ ਵੀ ਆਪਸ ਵਿਚ ਪਿਆਰ ਘੱਟ ਗਿਆ ਤੇ ਉਨ੍ਹਾਂ ਵਿਚ ਦੂਰੀਆਂ ਪੈ ਗਈਆਂ।

ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦੋਹਾਂ ਦਾ ਰਿਸ਼ਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ? ਕੀ ਤੁਸੀਂ ਮੁੜ ਤੋਂ ਆਪਣੇ ਰਿਸ਼ਤੇ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ? ਜੇ ਹਾਂ, ਤਾਂ ਤੁਹਾਨੂੰ ਅੱਗੇ ਦਿੱਤੇ ਤਿੰਨ ਸਵਾਲਾਂ ਦੇ ਜਵਾਬ ਜਾਣਨ ਦੀ ਲੋੜ ਹੈ: ਜੀਵਨ-ਸਾਥੀ ਦਾ ਸਾਥ ਨਿਭਾਉਣਾ ਕਿਉਂ ਜ਼ਰੂਰੀ ਹੈ? ਸਾਥ ਨਿਭਾਉਣਾ ਔਖਾ ਕਿਉਂ ਹੋ ਸਕਦਾ ਹੈ? ਸਾਥ ਨਿਭਾਉਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?

ਸਾਥ ਨਿਭਾਉਣਾ ਕਿਉਂ ਜ਼ਰੂਰੀ ਹੈ?

ਕਈ ਲੋਕ ਕਹਿੰਦੇ ਹਨ ਕਿ ਇਕ-ਦੂਜੇ ਦਾ ਸਾਥ ਨਿਭਾਉਣਾ ਪਤੀ-ਪਤਨੀ ਦਾ ਫ਼ਰਜ਼ ਹੈ। ਮਿਸਾਲ ਲਈ, ਸ਼ਾਇਦ ਪਤੀ-ਪਤਨੀ ਸੋਚਣ ਕਿ ਬੱਚਿਆਂ ਦੀ ਖ਼ਾਤਰ ਉਨ੍ਹਾਂ ਨੂੰ ਇਕੱਠੇ ਰਹਿਣਾ ਪਵੇਗਾ। ਜਾਂ ਉਹ ਸ਼ਾਇਦ ਸੋਚਣ ਕਿ ਵਿਆਹ ਦੀ ਰੀਤ ਯਹੋਵਾਹ ਨੇ ਚਲਾਈ ਸੀ, ਇਸ ਕਰਕੇ ਇਕੱਠੇ ਰਹਿਣਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ। (ਉਤਪਤ 2:22-24) ਮੰਨਿਆ ਕਿ ਇਹ ਗੱਲ ਠੀਕ ਹੈ ਅਤੇ ਇਸ ਕਰਕੇ ਮੁਸ਼ਕਲਾਂ ਵਿਚ ਵੀ ਵਿਆਹੁਤਾ ਰਿਸ਼ਤਾ ਟੁੱਟੇਗਾ ਨਹੀਂ। ਪਰ ਖ਼ੁਸ਼ੀ ਪਾਉਣ ਲਈ ਪਤੀ-ਪਤਨੀ ਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ।

ਜਦੋਂ ਯਹੋਵਾਹ ਪਰਮੇਸ਼ੁਰ ਨੇ ਵਿਆਹ ਦੀ ਰੀਤ ਚਲਾਈ ਸੀ, ਉਸ ਵੇਲੇ ਉਹ ਚਾਹੁੰਦਾ ਸੀ ਕਿ ਪਤੀ-ਪਤਨੀ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਉਣ। ਯਹੋਵਾਹ ਉਮੀਦ ਰੱਖਦਾ ਸੀ ਕਿ ਆਦਮੀ ‘ਆਪਣੀ ਵਹੁਟੀ ਨਾਲ ਅਨੰਦ ਰਹੇ’ ਅਤੇ ਪਤਨੀ ਆਪਣੇ ਪਤੀ ਨਾਲ ਪਿਆਰ ਕਰੇ ਅਤੇ ਉਸ ਨੂੰ ਇਹ ਅਹਿਸਾਸ ਰਹੇ ਕਿ ਉਸ ਦਾ ਪਤੀ ਉਸ ਨੂੰ ਆਪਣੇ ਵਾਂਗ ਹੀ ਪਿਆਰ ਕਰਦਾ ਹੈ। (ਕਹਾਉਤਾਂ 5:18; ਅਫ਼ਸੀਆਂ 5:28) ਇਹ ਤਾਂ ਹੀ ਹੋ ਸਕਦਾ ਹੈ ਜੇ ਦੋਵੇਂ ਜਣੇ ਇਕ-ਦੂਜੇ ਉੱਤੇ ਭਰੋਸਾ ਰੱਖਣ ਅਤੇ ਇਕ-ਦੂਜੇ ਦੇ ਪੱਕੇ ਦੋਸਤ ਬਣਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੋਵੇਗਾ। ਬਾਈਬਲ ਕਹਿੰਦੀ ਹੈ ਕਿ ਉਹ ਇਕ-ਦੂਜੇ ਦੇ ਇੰਨੇ ਨੇੜੇ ਆ ਜਾਣਗੇ ਕਿ ਦੋ ਸਰੀਰ ਹੁੰਦੇ ਹੋਇਆਂ ਵੀ “ਇੱਕ ਸਰੀਰ ਹੋਣਗੇ।”—ਮੱਤੀ 19:5.

ਪਤੀ-ਪਤਨੀ ਦੇ ਰਿਸ਼ਤੇ ਦੀ ਤੁਲਨਾ ਇਕ ਘਰ ਨਾਲ ਕੀਤੀ ਜਾ ਸਕਦੀ ਹੈ। ਜਿਵੇਂ ਇੱਟਾਂ ਜੋੜਨ ਲਈ ਸੀਮਿੰਟ, ਰੇਤੇ ਅਤੇ ਪਾਣੀ ਦਾ ਮਸਾਲਾ ਬਣਾ ਕੇ ਲਾਇਆ ਜਾਂਦਾ ਹੈ, ਉਸੇ ਤਰ੍ਹਾਂ ਪਤੀ-ਪਤਨੀ ਦੇ ਰਿਸ਼ਤੇ ਦੀ ਮਜ਼ਬੂਤੀ ਲਈ ਫ਼ਰਜ਼, ਭਰੋਸਾ ਅਤੇ ਦੋਸਤੀ ਬਹੁਤ ਜ਼ਰੂਰੀ ਹੈ। ਇਸ ਰਿਸ਼ਤੇ ਨੂੰ ਕਿਹੜੀ ਚੀਜ਼ ਕਮਜ਼ੋਰ ਕਰ ਸਕਦੀ ਹੈ?

ਸਾਥ ਨਿਭਾਉਣਾ ਮੁਸ਼ਕਲ ਕਿਉਂ ਹੈ?

ਸਾਥ ਨਿਭਾਉਣ ਲਈ ਆਪਣੀਆਂ ਇੱਛਾਵਾਂ ਨਾਲੋਂ ਆਪਣੇ ਸਾਥੀ ਦੀਆਂ ਇੱਛਾਵਾਂ ਨੂੰ ਪਹਿਲਾਂ ਰੱਖਣਾ ਜ਼ਰੂਰੀ ਹੈ। ਪਰ ਅੱਜ ਲੋਕ ਇਸ ਤਰ੍ਹਾਂ ਨਹੀਂ ਕਰਦੇ। ਉਨ੍ਹਾਂ ਨੂੰ ਦੂਸਰਿਆਂ ਦੀ ਖ਼ੁਸ਼ੀ ਲਈ ਆਪਣੇ ਅਰਮਾਨਾਂ ਨੂੰ ਕੁਰਬਾਨ ਕਰਨਾ ਗਵਾਰਾ ਨਹੀਂ ਹੈ। ਪਰ ਆਪਣੇ ਆਪ ਤੋਂ ਪੁੱਛੋ, ‘ਮੈਂ ਕਿੰਨੇ ਕੁ ਸੁਆਰਥੀ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੀ ਆਪਣੇ ਸਾਥੀ ਨਾਲ ਚੰਗੀ ਨਿਭ ਰਹੀ ਹੈ?’ ਸ਼ਾਇਦ ਇਕ-ਅੱਧਾ ਹੋਣਾ। ਕਿਉਂ? ਕਿਉਂਕਿ ਸੁਆਰਥੀ ਇਨਸਾਨ ਨੂੰ ਜਦੋਂ ਕਿਤੇ ਆਪਣੇ ਸਾਥੀ ਲਈ ਕੋਈ ਤਿਆਗ ਕਰਨਾ ਪਵੇ, ਤਾਂ ਉਹ ਸ਼ਾਇਦ ਆਪਣੇ ਸਾਥੀ ਨੂੰ ਹੀ ਛੱਡ ਦੇਵੇ, ਖ਼ਾਸ ਕਰਕੇ ਜੇ ਉਸ ਨੂੰ ਲੱਗੇ ਕਿ ਤਿਆਗ ਕਰ ਕੇ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਇਹੋ ਜਿਹੇ ਰਿਸ਼ਤੇ ਵਿਚ ਚਾਹੇ ਪਹਿਲਾਂ ਮਿਠਾਸ ਹੋਵੇ, ਪਰ ਇਹ ਬਾਅਦ ਵਿਚ ਕੁੜੱਤਣ ਨਾਲ ਭਰ ਜਾਂਦਾ ਹੈ।

ਬਾਈਬਲ ਵਿਚ ਕਿਹਾ ਗਿਆ ਹੈ ਕਿ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਬਣਾਈ ਰੱਖਣ ਲਈ ਪਤੀ-ਪਤਨੀ ਨੂੰ ਮਿਹਨਤ ਕਰਨ ਦੀ ਲੋੜ ਹੈ। ਇਸ ਵਿਚ ਲਿਖਿਆ ਹੈ ਕਿ “ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ।” ਅਤੇ ‘ਵਿਆਹੀ ਇਸਤ੍ਰੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ।’ (1 ਕੁਰਿੰਥੀਆਂ 7:33, 34) ਜਿਹੜੇ ਪਤੀ-ਪਤਨੀ ਇਕ-ਦੂਜੇ ਦਾ ਖ਼ਿਆਲ ਰੱਖਦੇ ਵੀ ਹਨ, ਉਹ ਵੀ ਕਈ ਵਾਰ ਇਕ-ਦੂਜੇ ਦੀਆਂ ਪਰੇਸ਼ਾਨੀਆਂ ਨੂੰ ਸਮਝ ਨਹੀਂ ਪਾਉਂਦੇ ਜਾਂ ਆਪਣੇ ਸਾਥੀ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਕਰਦੇ। ਜਦੋਂ ਪਤੀ-ਪਤਨੀ ਇਕ-ਦੂਜੇ ਦੀ ਕਦਰ ਨਹੀਂ ਕਰਦੇ, ਤਾਂ ਉਹ ਜ਼ਿਆਦਾ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ।—1 ਕੁਰਿੰਥੀਆਂ 7:28.

ਜੇ ਤੁਸੀਂ ਚਾਹੁੰਦੇ ਹੋ ਕਿ ਮੁਸ਼ਕਲ ਸਮਿਆਂ ਵਿਚ ਤੁਹਾਡਾ ਰਿਸ਼ਤਾ ਨਾ ਟੁੱਟੇ ਅਤੇ ਚੰਗੇ ਸਮਿਆਂ ਵਿਚ ਹੋਰ ਮਜ਼ਬੂਤ ਹੋਵੇ, ਤਾਂ ਤੁਹਾਨੂੰ ਇਸ ਨੂੰ ਉਮਰ ਭਰ ਦਾ ਸਾਥ ਸਮਝਣਾ ਚਾਹੀਦਾ ਹੈ। ਤੁਸੀਂ ਦੋਵੇਂ ਇਹ ਨਜ਼ਰੀਆ ਕਿਵੇਂ ਰੱਖ ਸਕਦੇ ਹੋ?

ਸਾਥ ਨਿਭਾਉਣ ਵਿਚ ਕਿਹੜੀ ਚੀਜ਼ ਮਦਦ ਕਰੇਗੀ?

ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਬਾਈਬਲ ਦੀ ਸਲਾਹ ਉੱਤੇ ਚੱਲਣਾ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ “ਲਾਭ” ਹੋਵੇਗਾ। (ਯਸਾਯਾਹ 48:17) ਬਾਈਬਲ ਦੇ ਆਧਾਰ ’ਤੇ ਦਿੱਤੇ ਦੋ ਸੁਝਾਵਾਂ ਉੱਤੇ ਗੌਰ ਕਰੋ।

ਆਪਣੇ ਸਾਥੀ ਲਈ ਸਮਾਂ ਕੱਢੋ

1. ਆਪਣੇ ਜੀਵਨ-ਸਾਥੀ ਨੂੰ ਪਹਿਲ ਦਿਓ।

ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਚੰਗ ਚੰਗੇਰੀਆਂ ਗੱਲਾਂ” ਯਾਨੀ ਜ਼ਿਆਦਾ ਅਹਿਮ ਗੱਲਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। (ਫ਼ਿਲਿੱਪੀਆਂ 1:10) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ ਕਿ ਪਤੀ-ਪਤਨੀ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਜਿਹੜਾ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੈ, ਯਹੋਵਾਹ ਉਸ ਦੀ ਇੱਜ਼ਤ ਕਰਦਾ ਹੈ। ਜਿਹੜੀ ਪਤਨੀ ਆਪਣੇ ਪਤੀ ਦਾ ਆਦਰ ਕਰਦੀ ਹੈ, ਉਹ ‘ਪਰਮੇਸ਼ਰ ਦੇ ਸਾਹਮਣੇ ਬਹੁਮੁੱਲੀ ਹੈ।’—1 ਪਤਰਸ 3:1-4, 7, CL.

ਤੁਹਾਡੀ ਨਜ਼ਰ ਵਿਚ ਵਿਆਹੁਤਾ ਰਿਸ਼ਤਾ ਜਿੰਨਾ ਜ਼ਰੂਰੀ ਹੋਵੇਗਾ, ਉਸ ਨੂੰ ਮਜ਼ਬੂਤ ਰੱਖਣ ਲਈ ਤੁਸੀਂ ਉੱਨਾ ਹੀ ਸਮਾਂ ਲਗਾਓਗੇ। ਆਪਣੇ ਤੋਂ ਪੁੱਛੋ, ‘ਪਿਛਲੇ ਮਹੀਨੇ, ਮੈਂ ਆਪਣੇ ਜੀਵਨ-ਸਾਥੀ ਨਾਲ ਕਿੰਨਾ ਕੁ ਸਮਾਂ ਗੁਜ਼ਾਰਿਆ ਸੀ? ਮੈਂ ਕੀ ਕਰ ਕੇ ਉਸ ਨੂੰ ਭਰੋਸਾ ਦਿਵਾਇਆ ਕਿ ਅਸੀਂ ਅਜੇ ਵੀ ਪੱਕੇ ਦੋਸਤ ਹਾਂ?’ ਜੇ ਤੁਸੀਂ ਆਪਣੇ ਸਾਥੀ ਨਾਲ ਬਹੁਤ ਥੋੜ੍ਹਾ ਜਾਂ ਬਿਲਕੁਲ ਵੀ ਸਮਾਂ ਨਹੀਂ ਬਿਤਾਉਂਦੇ, ਤਾਂ ਤੁਹਾਡੇ ਸਾਥੀ ਨੂੰ ਸ਼ਾਇਦ ਭਰੋਸਾ ਨਾ ਰਹੇ ਕਿ ਤੁਸੀਂ ਜ਼ਿੰਦਗੀ ਭਰ ਉਸ ਦਾ ਸਾਥ ਨਿਭਾਉਣਾ ਚਾਹੁੰਦੇ ਹੋ।

ਕੀ ਤੁਹਾਡੇ ਜੀਵਨ-ਸਾਥੀ ਨੂੰ ਵਿਸ਼ਵਾਸ ਹੈ ਕਿ ਤੁਸੀਂ ਰਿਸ਼ਤੇ ਨੂੰ ਕਾਇਮ ਰੱਖਣਾ ਚਾਹੁੰਦੇ ਹੋ? ਤੁਸੀਂ ਇਹ ਕਿਵੇਂ ਪਤਾ ਲਗਾ ਸਕਦੇ ਹੋ?

ਸੁਝਾਅ: ਇਕ ਕਾਗਜ਼ ਉੱਤੇ ਇਹ ਪੰਜ ਚੀਜ਼ਾਂ ਲਿਖ ਲਓ: ਪੈਸਾ, ਕੰਮ, ਵਿਆਹੁਤਾ ਰਿਸ਼ਤਾ, ਮਨੋਰੰਜਨ ਤੇ ਦੋਸਤ। ਜਿਹੜੀ ਚੀਜ਼ ਤੁਹਾਡੇ ਸਾਥੀ ਲਈ ਸਭ ਤੋਂ ਜ਼ਰੂਰੀ ਹੈ, ਉਹ ਪਹਿਲੇ ਨੰਬਰ ’ਤੇ ਲਿਖ ਲਓ। ਉਸ ਤੋਂ ਘੱਟ ਜ਼ਰੂਰੀ ਚੀਜ਼ ਨੂੰ ਦੂਜੇ ਨੰਬਰ ਤੇ ਲਿਖ ਲਓ ਅਤੇ ਇਸੇ ਤਰ੍ਹਾਂ ਬਾਕੀ ਚੀਜ਼ਾਂ ਨਾਲ ਵੀ ਕਰੋ। ਆਪਣੇ ਸਾਥੀ ਨੂੰ ਵੀ ਕਹੋ ਕਿ ਉਹ ਵੀ ਉਨ੍ਹਾਂ ਚੀਜ਼ਾਂ ਦੀ ਸੂਚੀ ਬਣਾਵੇ ਜੋ ਤੁਹਾਡੇ ਲਈ ਜ਼ਰੂਰੀ ਹਨ। ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਇਕ-ਦੂਜੇ ਦੀ ਲਿਸਟ ਲੈ ਲਓ। ਜੇ ਤੁਹਾਡੇ ਜੀਵਨ-ਸਾਥੀ ਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਜ਼ਿਆਦਾ ਕੁਝ ਨਹੀਂ ਕਰ ਰਹੇ ਅਤੇ ਨਾ ਹੀ ਸਮਾਂ ਦੇ ਰਹੇ ਹੋ, ਤਾਂ ਉਸ ਨਾਲ ਗੱਲ ਕਰੋ ਕਿ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਆਪਣੇ ਤੋਂ ਇਹ ਵੀ ਪੁੱਛੋ: ‘ਮੈਂ ਉਨ੍ਹਾਂ ਚੀਜ਼ਾਂ ਵਿਚ ਜ਼ਿਆਦਾ ਦਿਲਚਸਪੀ ਕਿਵੇਂ ਲੈ ਸਕਦਾ ਹਾਂ ਜਿਹੜੀਆਂ ਮੇਰੇ ਸਾਥੀ ਨੂੰ ਪਸੰਦ ਹਨ?’

ਬੇਵਫ਼ਾਈ ਗ਼ਲਤ ਵਿਚਾਰਾਂ ਨਾਲ ਸ਼ੁਰੂ ਹੁੰਦੀ ਹੈ

2. ਆਪਣੇ ਸਾਥੀ ਨਾਲ ਬੇਵਫ਼ਾਈ ਨਾ ਕਰੋ।

ਯਿਸੂ ਨੇ ਕਿਹਾ ਸੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਜਦੋਂ ਕੋਈ ਵਿਅਕਤੀ ਕਿਸੇ ਪਰਾਈ ਔਰਤ ਜਾਂ ਮਰਦ ਨਾਲ ਸਰੀਰਕ ਸੰਬੰਧ ਕਾਇਮ ਕਰਦਾ ਹੈ, ਤਾਂ ਉਹ ਆਪਣੇ ਵਿਆਹੁਤਾ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦਾ ਹੈ ਅਤੇ ਬਾਈਬਲ ਮੁਤਾਬਕ ਵਿਭਚਾਰ ਕਰਨ ਵਾਲੇ ਜੀਵਨ-ਸਾਥੀ ਤੋਂ ਤਲਾਕ ਲਿਆ ਜਾ ਸਕਦਾ ਹੈ। (ਮੱਤੀ 5:32) ਪਰ ਉੱਪਰ ਜ਼ਿਕਰ ਕੀਤੇ ਗਏ ਯਿਸੂ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਵਿਭਚਾਰ ਕਰਨ ਵਾਲਾ ਵਿਅਕਤੀ ਪਹਿਲਾਂ ਕਿਸੇ ਬਾਰੇ ਆਪਣੇ ਮਨ ਵਿਚ ਗ਼ਲਤ ਵਿਚਾਰ ਪਾਲਦਾ ਹੈ। ਇਸ ਲਈ ਮਨ ਵਿਚ ਅਜਿਹੇ ਗ਼ਲਤ ਵਿਚਾਰ ਲਿਆਉਣੇ ਵੀ ਆਪਣੇ ਸਾਥੀ ਨਾਲ ਬੇਵਫ਼ਾਈ ਕਰਨ ਦੇ ਬਰਾਬਰ ਹੈ।

ਆਪਣੇ ਵਿਆਹੁਤਾ ਰਿਸ਼ਤੇ ਨੂੰ ਬਚਾਈ ਰੱਖਣ ਲਈ ਪੋਰਨੋਗ੍ਰਾਫੀ ਨਾ ਦੇਖਣ ਦਾ ਇਰਾਦਾ ਕਰਨਾ ਜ਼ਰੂਰੀ ਹੈ। ਲੋਕ ਭਾਵੇਂ ਜੋ ਮਰਜ਼ੀ ਕਹਿਣ, ਪੋਰਨੋਗ੍ਰਾਫੀ ਵਿਆਹੁਤਾ ਰਿਸ਼ਤੇ ਵਿਚ ਜ਼ਹਿਰ ਘੋਲ ਦਿੰਦੀ ਹੈ। ਧਿਆਨ ਦਿਓ ਕਿ ਇਕ ਪਤਨੀ ਨੇ ਆਪਣੇ ਪਤੀ ਬਾਰੇ ਕੀ ਕਿਹਾ ਜਿਸ ਨੂੰ ਪੋਰਨੋਗ੍ਰਾਫੀ ਦੇਖਣ ਦੀ ਆਦਤ ਹੈ: “ਮੇਰਾ ਪਤੀ ਕਹਿੰਦਾ ਹੈ ਕਿ ਪੋਰਨੋਗ੍ਰਾਫੀ ਦੇਖ ਕੇ ਅਸੀਂ ਆਪਣੇ ਰੋਮਾਂਸ ਨੂੰ ਹੋਰ ਵੀ ਮਜ਼ੇਦਾਰ ਬਣਾ ਸਕਦੇ ਹਾਂ। ਪਰ ਮੈਂ ਆਪਣੇ ਆਪ ਨੂੰ ਬਹੁਤ ਘਟੀਆ ਮਹਿਸੂਸ ਕਰਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਉਸ ਨੂੰ ਖ਼ੁਸ਼ ਨਹੀਂ ਕਰ ਸਕਦੀ। ਜਦੋਂ ਉਹ ਰਾਤ ਨੂੰ ਗੰਦੀਆਂ ਤਸਵੀਰਾਂ ਦੇਖਦਾ ਹੈ, ਤਾਂ ਮੈਂ ਰੋ-ਰੋ ਕੇ ਨਿਢਾਲ ਹੋ ਜਾਂਦੀ ਹਾਂ।” ਕੀ ਤੁਹਾਨੂੰ ਲੱਗਦਾ ਹੈ ਕਿ ਇਹ ਆਦਮੀ ਆਪਣੇ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰ ਰਿਹਾ ਹੈ ਜਾਂ ਫਿਰ ਇਸ ਨੂੰ ਕਮਜ਼ੋਰ ਕਰ ਰਿਹਾ ਹੈ? ਕੀ ਤੁਸੀਂ ਕਹੋਗੇ ਕਿ ਉਹ ਵਫ਼ਾਦਾਰ ਰਹਿਣ ਵਿਚ ਆਪਣੀ ਪਤਨੀ ਦੀ ਮਦਦ ਕਰ ਰਿਹਾ ਹੈ? ਕੀ ਉਹ ਉਸ ਨੂੰ ਆਪਣੀ ਪੱਕੀ ਦੋਸਤ ਮੰਨਦਾ ਹੈ?

ਅੱਯੂਬ ਨੇ ਆਪਣੀ ਪਤਨੀ ਅਤੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਉਸ ਨੇ “ਆਪਣੀਆਂ ਅੱਖਾਂ ਨਾਲ ਨੇਮ ਕੀਤਾ” ਸੀ ਤਾਂਕਿ ਉਹ ਕਿਸੇ ਕੁਆਰੀ ਕੁੜੀ ਨਾਲ ਅੱਖਾਂ ਨਾ ਮਟਕਾਵੇ। (ਅੱਯੂਬ 31:1) ਤੁਸੀਂ ਅੱਯੂਬ ਦੀ ਰੀਸ ਕਿਵੇਂ ਕਰ ਸਕਦੇ ਹੋ?

ਪੋਰਨੋਗ੍ਰਾਫੀ ਨਾ ਦੇਖਣ ਦੇ ਨਾਲ-ਨਾਲ, ਤੁਹਾਨੂੰ ਕਿਸੇ ਪਰਾਏ ਮਰਦ ਜਾਂ ਔਰਤ ਨਾਲ ਨਜ਼ਦੀਕੀਆਂ ਨਹੀਂ ਪਾਉਣੀਆਂ ਚਾਹੀਦੀਆਂ। ਕਈ ਕਹਿੰਦੇ ਹਨ ਕਿ ਕਿਸੇ ਹੋਰ ਨਾਲ ਫਲਰਟ ਕਰਨ ਨਾਲ ਵਿਆਹੁਤਾ ਰਿਸ਼ਤੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਪਰ ਪਰਮੇਸ਼ੁਰ ਦਾ ਬਚਨ ਸਾਨੂੰ ਖ਼ਬਰਦਾਰ ਕਰਦਾ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?” (ਯਿਰਮਿਯਾਹ 17:9) ਕੀ ਤੁਸੀਂ ਆਪਣੇ ਦਿਲ ਦੇ ਧੋਖੇ ਵਿਚ ਤਾਂ ਨਹੀਂ ਆ ਗਏ? ਆਪਣੇ ਤੋਂ ਪੁੱਛੋ: ‘ਮੈਂ ਕਿਹਦੇ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ—ਆਪਣੇ ਜੀਵਨ-ਸਾਥੀ ਵੱਲ ਜਾਂ ਫਿਰ ਕਿਸੇ ਹੋਰ ਵੱਲ? ਮੈਂ ਪਹਿਲਾਂ ਕਿਹਦੇ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਦਾ ਹਾਂ—ਆਪਣੇ ਸਾਥੀ ਨਾਲ ਜਾਂ ਕਿਸੇ ਹੋਰ ਨਾਲ? ਜੇ ਮੇਰਾ ਸਾਥੀ ਮੈਨੂੰ ਕਿਸੇ ਹੋਰ ਨਾਲ ਜ਼ਿਆਦਾ ਮਿਲਣ-ਗਿਲਣ ਤੋਂ ਮਨ੍ਹਾ ਕਰਦਾ ਹੈ, ਤਾਂ ਮੈਂ ਕਿਵੇਂ ਪੇਸ਼ ਆਉਂਦਾ ਹਾਂ? ਕੀ ਮੈਂ ਗੁੱਸੇ ਵਿਚ ਆ ਜਾਂਦਾ ਹਾਂ ਜਾਂ ਫਿਰ ਖ਼ੁਸ਼ੀ-ਖ਼ੁਸ਼ੀ ਉਸ ਦੀ ਗੱਲ ਮੰਨ ਲੈਂਦਾ ਹਾਂ?’

ਸੁਝਾਅ: ਜੇ ਤੁਸੀਂ ਕਿਸੇ ਹੋਰ ਵੱਲ ਖਿੱਚੇ ਗਏ ਹੋ, ਤਾਂ ਉਸ ਨਾਲ ਜ਼ਿਆਦਾ ਨਾ ਮਿਲੋ-ਗਿਲੋ। ਲੋੜ ਪੈਣ ਤੇ ਹੀ ਉਸ ਨਾਲ ਗੱਲ ਕਰੋ ਅਤੇ ਆਪਣੇ ਕੰਮ ਨਾਲ ਹੀ ਵਾਸਤਾ ਰੱਖੋ। ਇਹ ਨਾ ਸੋਚੋ ਕਿ ਉਸ ਵਿਚ ਤੁਹਾਡੇ ਜੀਵਨ-ਸਾਥੀ ਨਾਲੋਂ ਜ਼ਿਆਦਾ ਗੁਣ ਹਨ। ਇਸ ਦੀ ਬਜਾਇ ਆਪਣੇ ਸਾਥੀ ਦੇ ਗੁਣਾਂ ਉੱਤੇ ਹੀ ਧਿਆਨ ਲਾਓ। (ਕਹਾਉਤਾਂ 31:29) ਉਨ੍ਹਾਂ ਗੱਲਾਂ ਨੂੰ ਯਾਦ ਕਰੋ ਜਿਨ੍ਹਾਂ ਕਰਕੇ ਤੁਸੀਂ ਆਪਣੇ ਸਾਥੀ ਨਾਲ ਪਿਆਰ ਕਰਨ ਲੱਗੇ ਸੀ। ਆਪਣੇ ਤੋਂ ਪੁੱਛੋ, ‘ਕੀ ਸੱਚ-ਮੁੱਚ ਮੇਰੇ ਸਾਥੀ ਵਿਚ ਹੁਣ ਪਹਿਲਾਂ ਵਾਲੇ ਗੁਣ ਨਹੀਂ ਰਹੇ ਜਾਂ ਫਿਰ ਮੈਂ ਹੀ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ?’

ਪਹਿਲ ਕਰੋ

ਮਾਈਕਲ ਅਤੇ ਮਰੀਆ, ਜਿਨ੍ਹਾਂ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਨੇ ਆਪਣੀ ਸਮੱਸਿਆ ਨੂੰ ਹੱਲ ਕਰਨ ਲਈ ਕਿਸੇ ਤੋਂ ਸਲਾਹ ਲੈਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੀ ਸਮੱਸਿਆ ਨੂੰ ਹੱਲ ਕਰਨ ਅਤੇ ਸਲਾਹ ਲੈਣ ਦਾ ਫ਼ੈਸਲਾ ਕਰ ਕੇ ਦਿਖਾਇਆ ਕਿ ਉਹ ਆਪਣੇ ਵਿਆਹੁਤਾ ਰਿਸ਼ਤੇ ਨੂੰ ਬਚਾਉਣਾ ਚਾਹੁੰਦੇ ਸਨ।

ਭਾਵੇਂ ਤੁਹਾਡੀ ਚੰਗੀ ਨਿਭਦੀ ਹੈ ਜਾਂ ਫਿਰ ਤੁਹਾਡੇ ਵਿਚ ਅਣਬਣ ਹੈ, ਤੁਸੀਂ ਆਪਣੇ ਸਾਥੀ ਨੂੰ ਭਰੋਸਾ ਦਿਵਾਓ ਕਿ ਤੁਸੀਂ ਜ਼ਿੰਦਗੀ ਭਰ ਉਸ ਦਾ ਸਾਥ ਨਿਭਾਉਣਾ ਚਾਹੁੰਦੇ ਹੋ। ਕੀ ਤੁਸੀਂ ਇਹ ਕਰਨ ਲਈ ਤਿਆਰ ਹੋ? (w08 11/1)

^ ਪੈਰਾ 3 ਅਸਲੀ ਨਾਂ ਨਹੀਂ ਵਰਤੇ ਗਏ ਹਨ।

^ ਪੈਰਾ 5 ਭਾਵੇਂ ਇਸ ਲੇਖ ਵਿਚ ਪਤੀ ਦੀ ਉਦਾਹਰਣ ਇਸਤੇਮਾਲ ਕੀਤੀ ਗਈ ਹੈ, ਪਰ ਜੋ ਪਤਨੀ ਪੋਰਨੋਗ੍ਰਾਫੀ ਦੇਖਦੀ ਹੈ, ਉਹ ਵੀ ਆਪਣੇ ਵਿਆਹੁਤਾ ਰਿਸ਼ਤੇ ਨੂੰ ਖ਼ਤਰੇ ਵਿਚ ਪਾਉਂਦੀ ਹੈ।

ਆਪਣੇ ਆਪ ਨੂੰ ਪੁੱਛੋ . . .

  • ਆਪਣੇ ਸਾਥੀ ਨਾਲ ਜ਼ਿਆਦਾ ਸਮਾਂ ਬਿਤਾਉਣ ਲਈ ਮੈਂ ਜ਼ਿੰਦਗੀ ਵਿਚ ਕਿਹੜੇ ਫੇਰ-ਬਦਲ ਕਰ ਸਕਦਾ ਹਾਂ?

  • ਮੈਂ ਆਪਣੇ ਸਾਥੀ ਨੂੰ ਕਿਵੇਂ ਭਰੋਸਾ ਦਿਵਾ ਸਕਦਾ ਹਾਂ ਕਿ ਮੈਂ ਜ਼ਿੰਦਗੀ ਭਰ ਉਸ ਦਾ ਸਾਥ ਨਿਭਾਉਣਾ ਚਾਹੁੰਦਾ ਹਾਂ?