Skip to content

Skip to table of contents

ਕੀ ਗ਼ਰੀਬੀ ਪਰਮੇਸ਼ੁਰ ਦੇ ਸਰਾਪ ਦਾ ਸਬੂਤ ਹੈ?

ਕੀ ਗ਼ਰੀਬੀ ਪਰਮੇਸ਼ੁਰ ਦੇ ਸਰਾਪ ਦਾ ਸਬੂਤ ਹੈ?

ਕੀ ਗ਼ਰੀਬੀ ਪਰਮੇਸ਼ੁਰ ਦੇ ਸਰਾਪ ਦਾ ਸਬੂਤ ਹੈ?

ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ: “ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ।” ਇਹ ਇਸ ਲਈ ਸੀ ਕਿਉਂਕਿ ਜਿਹੜੇ ਹੁਕਮ ਪਰਮੇਸ਼ੁਰ ਨੇ ਦਿੱਤੇ ਸਨ ਉਨ੍ਹਾਂ ਵਿਚ ਗ਼ਰੀਬਾਂ ਦੀ ਮਦਦ ਕਰਨ ਤੇ ਉਨ੍ਹਾਂ ਦੇ ਕਰਜ਼ੇ ਲਾਹੁਣ ਦੇ ਪ੍ਰਬੰਧ ਕੀਤੇ ਗਏ ਸਨ। (ਬਿਵਸਥਾ ਸਾਰ 15:1-4, 7-10) ਸੋ ਇਸਰਾਏਲੀਆਂ ਵਿਚਕਾਰ ਕੋਈ ਵੀ ਗ਼ਰੀਬ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦੇਣ ਦਾ ਵਾਅਦਾ ਕੀਤਾ ਸੀ। ਪਰ ਇਹ ਬਰਕਤ ਉਦੋਂ ਹੀ ਮਿਲ ਸਕਦੀ ਸੀ ਜੇ ਇਸਰਾਏਲੀ ਉਸ ਦਾ ਕਹਿਣਾ ਮੰਨਦੇ, ਲੇਕਿਨ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ।

ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਗ਼ਰੀਬਾਂ ਉੱਤੇ ਯਹੋਵਾਹ ਦਾ ਸਰਾਪ ਸੀ ਅਤੇ ਅਮੀਰਾਂ ਉੱਤੇ ਯਹੋਵਾਹ ਦੀ ਮਿਹਰ। ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕ ਗ਼ਰੀਬ ਸਨ। ਆਮੋਸ ਇਕ ਗ਼ਰੀਬ ਅਯਾਲੀ ਹੋਣ ਦੇ ਨਾਲ-ਨਾਲ ਗਲਰਾਂ ਦਾ ਛਾਂਗਣ ਵਾਲਾ ਵੀ ਸੀ। (ਆਮੋਸ 1:1; 7:14) ਏਲੀਯਾਹ ਨਬੀ ਦੇ ਜ਼ਮਾਨੇ ਵਿਚ ਇਸਰਾਏਲ ਦੇਸ਼ ਉੱਤੇ ਕਾਲ ਪਿਆ। ਉਸ ਸਮੇਂ ਏਲੀਯਾਹ ਨੂੰ ਇਕ ਗ਼ਰੀਬ ਵਿਧਵਾ ਤੋਂ ਮਦਦ ਮਿਲੀ ਜਿਸ ਦਾ ਥੋੜ੍ਹਾ ਜਿਹਾ ਆਟਾ ਅਤੇ ਤੇਲ ਚਮਤਕਾਰੀ ਢੰਗ ਨਾਲ ਖ਼ਤਮ ਨਹੀਂ ਹੋਇਆ। ਇਸ ਚਮਤਕਾਰ ਰਾਹੀਂ ਨਾ ਤਾਂ ਏਲੀਯਾਹ ਤੇ ਨਾ ਹੀ ਵਿਧਵਾ ਅਮੀਰ ਬਣੀ, ਪਰ ਯਹੋਵਾਹ ਨੇ ਸਿਰਫ਼ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।—1 ਰਾਜਿਆਂ 17:8-16.

ਲੋਕਾਂ ਦੇ ਹਾਲਾਤ ਇਸ ਹੱਦ ਤਕ ਬਦਲ ਸਕਦੇ ਹਨ ਕਿ ਉਹ ਗ਼ਰੀਬੀ ਵਿਚ ਪੈ ਜਾਣ। ਹੋ ਸਕਦਾ ਹੈ ਕਿ ਕਿਸੇ ਹਾਦਸੇ ਜਾਂ ਬੀਮਾਰੀ ਕਾਰਨ ਕੋਈ ਸ਼ਾਇਦ ਥੋੜ੍ਹੇ ਚਿਰ ਲਈ ਜਾਂ ਹਮੇਸ਼ਾ ਲਈ ਕੰਮ ਨਾ ਕਰ ਸਕੇ। ਕਿਸੇ ਦੀ ਮੌਤ ਹੋਣ ਕਾਰਨ ਸ਼ਾਇਦ ਕੋਈ ਬੱਚਾ ਅਨਾਥ ਹੋ ਜਾਵੇ ਜਾਂ ਕੋਈ ਤੀਵੀਂ ਵਿਧਵਾ ਬਣ ਜਾਵੇ। ਅਜਿਹੇ ਮਾੜੇ ਹਾਲਾਤ ਵੀ ਪਰਮੇਸ਼ੁਰ ਦੇ ਸਰਾਪ ਦਾ ਸਬੂਤ ਨਹੀਂ ਹਨ। ਰੂਥ ਤੇ ਨਾਓਮੀ ਦੀ ਮਿਸਾਲ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਯਹੋਵਾਹ ਲੋੜਵੰਦਾਂ ਦੀ ਦੇਖ-ਭਾਲ ਕਰਦਾ ਹੈ। ਭਾਵੇਂ ਆਪਣੇ ਪਤੀਆਂ ਦੀ ਮੌਤ ਤੋਂ ਬਾਅਦ ਇਹ ਨੂੰਹ-ਸੱਸ ਗ਼ਰੀਬੀ ਵਿਚ ਡੁੱਬ ਗਈਆਂ ਸਨ, ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।—ਰੂਥ 1:1-6; 2:2-12; 4:13-17.

ਸੋ ਗ਼ਰੀਬ ਹੋਣ ਦਾ ਇਹ ਮਤਲਬ ਨਹੀਂ ਕਿ ਰੱਬ ਤੁਹਾਡੇ ਨਾਲ ਖ਼ੁਸ਼ ਨਹੀਂ ਹੈ। ਜਿਹੜੇ ਲੋਕ ਵਫ਼ਾਦਾਰੀ ਨਾਲ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦੇ ਹਨ ਉਹ ਰਾਜਾ ਦਾਊਦ ਦੇ ਇਨ੍ਹਾਂ ਸ਼ਬਦਾਂ ’ਤੇ ਭਰੋਸਾ ਰੱਖ ਸਕਦੇ ਹਨ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ।”—ਜ਼ਬੂਰਾਂ ਦੀ ਪੋਥੀ 37:25. (w09 9/1)

[ਸਫ਼ਾ 8 ਉੱਤੇ ਤਸਵੀਰ]

ਭਾਵੇਂ ਰੂਥ ਅਤੇ ਨਾਓਮੀ ਗ਼ਰੀਬ ਸਨ, ਫਿਰ ਵੀ ਯਹੋਵਾਹ ਨੇ ਉਨ੍ਹਾਂ ਦੀ ਦੇਖ-ਭਾਲ ਕੀਤੀ