Skip to content

Skip to table of contents

ਮੁੱਖ ਪੰਨੇ ਤੋਂ: ਕੀ ਰੱਬ ਬੇਰਹਿਮ ਹੈ?

ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ?

ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ?

ਮੁੱਖ ਪੰਨੇ ਦੇ ਸਵਾਲ ਨੂੰ ਪੜ੍ਹ ਕੇ ਤੁਹਾਨੂੰ ਕਿੱਦਾਂ ਲੱਗਾ? ਬਹੁਤ ਸਾਰੇ ਲੋਕਾਂ ਵਾਂਗ ਸ਼ਾਇਦ ਤੁਸੀਂ ਵੀ ਸੋਚਦੇ ਹੋਵੋ ਕਿ ‘ਇਹ ਕਦੀ ਹੋ ਹੀ ਨਹੀਂ ਸਕਦਾ!’ ਪਰ ਕਈ ਲੋਕ ਸੱਚ-ਮੁੱਚ ਸੋਚਦੇ ਹਨ ਕਿ ਰੱਬ ਬੇਰਹਿਮ ਤੇ ਕਰੂਰ ਹੈ। ਉਹ ਇੱਦਾਂ ਕਿਉਂ ਸੋਚਦੇ ਹਨ?

ਕੁਦਰਤੀ ਆਫ਼ਤਾਂ ਤੋਂ ਬਚਣ ਵਾਲੇ ਕਈ ਲੋਕ ਅਜਿਹੇ ਸਵਾਲ ਪੁੱਛਦੇ ਹਨ: “ਰੱਬ ਇਨ੍ਹਾਂ ਗੱਲਾਂ ਨੂੰ ਕਿਉਂ ਹੋਣ ਦਿੰਦਾ ਹੈ? ਕੀ ਉਸ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ? ਜਾਂ ਕੀ ਉਹ ਜ਼ਾਲਮ ਹੈ?”

ਕਈ ਬਾਈਬਲ ਪੜ੍ਹਨ ਵਾਲੇ ਵੀ ਮਨ ਵਿਚ ਇਹੀ ਸੋਚਦੇ ਹਨ। ਜਦੋਂ ਉਹ ਨੂਹ ਅਤੇ ਜਲ-ਪਰਲੋ ਵਰਗੇ ਬਿਰਤਾਂਤ ਪੜ੍ਹਦੇ ਹਨ, ਤਾਂ ਉਹ ਸੋਚਦੇ ਹਨ: ‘ਇਕ ਪਿਆਰ ਕਰਨ ਵਾਲਾ ਰੱਬ ਇੰਨੇ ਸਾਰੇ ਲੋਕਾਂ ਨੂੰ ਕਿਵੇਂ ਮਾਰ ਸਕਦਾ ਹੈ? ਕੀ ਉਹ ਬੇਰਹਿਮ ਹੈ?’

ਕੀ ਤੁਸੀਂ ਵੀ ਕਦੀ ਇੱਦਾਂ ਸੋਚਿਆ ਹੈ? ਜਾਂ ਕੀ ਤੁਸੀਂ ਬੌਂਦਲ ਜਾਂਦੇ ਹੋ ਜਦੋਂ ਲੋਕ ਤੁਹਾਨੂੰ ਕਹਿੰਦੇ ਹਨ ਕਿ ਰੱਬ ਬੇਰਹਿਮ ਹੈ? ਗੱਲ ਜੋ ਵੀ ਹੋਵੇ, ਮਦਦ ਲਈ ਹੇਠਾਂ ਦਿੱਤੇ ਸਵਾਲ ’ਤੇ ਗੌਰ ਕਰੋ।

ਅਸੀਂ ਜ਼ੁਲਮ ਦੇਖ ਕੇ ਦੁਖੀ ਕਿਉਂ ਹੁੰਦੇ ਹਾਂ?

ਅਸੀਂ ਇਸ ਕਰਕੇ ਦੁਖੀ ਹੁੰਦੇ ਹਾਂ ਕਿਉਂਕਿ ਅਸੀਂ ਸਹੀ ਅਤੇ ਗ਼ਲਤ ਵਿਚ ਫ਼ਰਕ ਕਰ ਸਕਦੇ ਹਾਂ। ਜਾਨਵਰ ਇਸ ਤਰ੍ਹਾਂ ਨਹੀਂ ਕਰ ਸਕਦੇ। ਪਰ ਰੱਬ ਨੇ ਸਾਨੂੰ “ਆਪਣੇ ਸਰੂਪ ਉੱਤੇ” ਬਣਾਇਆ ਹੈ। (ਉਤਪਤ 1:27) ਇਸ ਦਾ ਕੀ ਮਤਲਬ ਹੈ? ਪਰਮੇਸ਼ੁਰ ਨੇ ਸਾਨੂੰ ਇਹ ਕਾਬਲੀਅਤ ਦਿੱਤੀ ਹੈ ਕਿ ਅਸੀਂ ਉਸ ਦੇ ਗੁਣਾਂ ਨੂੰ ਜ਼ਾਹਰ ਕਰ ਸਕਦੇ ਹਾਂ, ਉਸ ਦੇ ਨੈਤਿਕ ਮਿਆਰਾਂ ’ਤੇ ਚੱਲ ਸਕਦੇ ਹਾਂ ਅਤੇ ਉਸ ਵਾਂਗ ਸਹੀ-ਗ਼ਲਤ ਦੀ ਪਛਾਣ ਕਰ ਸਕਦੇ ਹਾਂ। ਇਸ ਬਾਰੇ ਸੋਚੋ: ਜੇ ਪਰਮੇਸ਼ੁਰ ਨੇ ਸਾਨੂੰ ਸਹੀ ਅਤੇ ਗ਼ਲਤ ਪਛਾਣਨ ਦੀ ਕਾਬਲੀਅਤ ਦਿੱਤੀ ਹੈ ਅਤੇ ਅਸੀਂ ਜ਼ੁਲਮ ਦੇਖ ਕੇ ਦੁਖੀ ਹੁੰਦੇ ਹਾਂ, ਤਾਂ ਕੀ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਪਰਮੇਸ਼ੁਰ ਵੀ ਜ਼ੁਲਮ ਦੇਖ ਕੇ ਦੁਖੀ ਹੁੰਦਾ ਹੈ?

ਬਾਈਬਲ ਵੀ ਇਸ ਗੱਲ ਨਾਲ ਸਹਿਮਤ ਹੈ ਕਿਉਂਕਿ ਉਹ ਪਰਮੇਸ਼ੁਰ ਬਾਰੇ ਕਹਿੰਦੀ ਹੈ: “ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” (ਯਸਾਯਾਹ 55:9) ਜੇ ਅਸੀਂ ਰੱਬ ਨੂੰ ਬੇਰਹਿਮ ਕਹਿੰਦੇ ਹਾਂ, ਤਾਂ ਅਸੀਂ ਇਹ ਕਹਿ ਰਹੇ ਹੋਵਾਂਗੇ ਕਿ ਸਾਡੇ ਰਾਹ ਉਸ ਦੇ ਰਾਹਾਂ ਨਾਲੋਂ ਉੱਚੇ ਹਨ। ਇਸ ਤਰ੍ਹਾਂ ਕਹਿਣ ਤੋਂ ਪਹਿਲਾਂ ਚੰਗਾ ਹੋਵੇਗਾ ਕਿ ਅਸੀਂ ਹੋਰ ਜਾਣਕਾਰੀ ਲਈਏ। ਮਿਸਾਲ ਲਈ, ਇਹ ਪੁੱਛਣ ਦੀ ਬਜਾਇ, ‘ਕੀ ਪਰਮੇਸ਼ੁਰ ਬੇਰਹਿਮ ਹੈ?’ ਸਾਨੂੰ ਸ਼ਾਇਦ ਇਹ ਪੁੱਛਣਾ ਚਾਹੀਦਾ ਹੈ ਕਿ ‘ਸਾਨੂੰ ਕਿਉਂ ਲੱਗ ਸਕਦਾ ਹੈ ਕਿ ਰੱਬ ਬੇਰਹਿਮੀ ਨਾਲ ਕਈ ਕੰਮ ਕਰਦਾ ਹੈ?’ ਇਹ ਸਮਝਣ ਲਈ ਆਓ ਆਪਾਂ ਦੇਖੀਏ ਕਿ “ਬੇਰਹਿਮ” ਹੋਣ ਦਾ ਕੀ ਮਤਲਬ ਹੈ।

ਜਦੋਂ ਅਸੀਂ ਕਿਸੇ ਨੂੰ ਬੇਰਹਿਮ ਕਹਿੰਦੇ ਹਾਂ, ਤਾਂ ਅਸੀਂ ਉਸ ਦੇ ਇਰਾਦਿਆਂ ਨੂੰ ਗ਼ਲਤ ਕਹਿੰਦੇ ਹਾਂ। ਬੇਰਹਿਮ ਇਨਸਾਨ ਦੂਸਰਿਆਂ ਦੇ ਦੁੱਖ ਦੇਖ ਕੇ ਖ਼ੁਸ਼ ਹੁੰਦਾ ਹੈ ਜਾਂ ਉਨ੍ਹਾਂ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਕਰਦਾ। ਮਿਸਾਲ ਲਈ, ਉਹ ਪਿਤਾ ਬੇਰਹਿਮ ਮੰਨਿਆ ਜਾਂਦਾ ਹੈ ਜੋ ਆਪਣੀ ਹੀ ਖ਼ੁਸ਼ੀ ਲਈ ਆਪਣੇ ਬੇਟੇ ਨੂੰ ਤਾੜਦਾ ਹੈ। ਪਰ ਉਸ ਪਿਤਾ ਨੂੰ ਚੰਗਾ ਕਿਹਾ ਜਾਂਦਾ ਹੈ ਜੋ ਆਪਣੇ ਬੇਟੇ ਦੇ ਭਲੇ ਲਈ ਉਸ ਨੂੰ ਤਾੜਦਾ ਹੈ। ਕੋਈ ਕਿਸੇ ਦੇ ਇਰਾਦਿਆਂ ’ਤੇ ਜਲਦੀ ਸ਼ੱਕ ਕਰ ਸਕਦਾ ਹੈ। ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਹੋਵੇ ਜਦੋਂ ਕਿਸੇ ਨੇ ਤੁਹਾਡੇ ਇਰਾਦਿਆਂ ’ਤੇ ਸ਼ੱਕ ਕੀਤਾ ਹੋਵੇ।

ਆਓ ਆਪਾਂ ਦੋ ਕਾਰਨਾਂ ਵੱਲ ਧਿਆਨ ਦੇਈਏ ਕਿ ਕੁਝ ਲੋਕ ਰੱਬ ਨੂੰ ਬੇਰਹਿਮ ਕਿਉਂ ਕਹਿੰਦੇ ਹਨ। ਇਕ ਕਾਰਨ ਹੈ ਕੁਦਰਤੀ ਆਫ਼ਤਾਂ ਅਤੇ ਦੂਸਰਾ ਬਾਈਬਲ ਵਿਚ ਦੱਸੇ ਬਿਰਤਾਂਤ ਜਿਨ੍ਹਾਂ ਵਿਚ ਪਰਮੇਸ਼ੁਰ ਵੱਲੋਂ ਦਿੱਤੀ ਸਜ਼ਾ ਬਾਰੇ ਦੱਸਿਆ ਗਿਆ ਹੈ। ਕੀ ਇਨ੍ਹਾਂ ਗੱਲਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਪਰਮੇਸ਼ੁਰ ਬੇਰਹਿਮ ਹੈ? (w13-E 05/01)