Skip to content

Skip to table of contents

ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?

ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਮੀਟਿੰਗਾਂ

ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਮੀਟਿੰਗਾਂ

26 ਜੂਨ 2020

 ਕੋਰੋਨਾਵਾਇਰਸ ਮਹਾਂਮਾਰੀ ਕਰਕੇ ਪੂਰੀ ਦੁਨੀਆਂ ਵਿਚ ਕਈ ਸਰਕਾਰਾਂ ਨੇ ਵੱਡੇ-ਵੱਡੇ ਗਰੁੱਪਾਂ ਵਿਚ ਇਕੱਠੇ ਹੋਣ ʼਤੇ ਪਾਬੰਦੀ ਲਗਾ ਦਿੱਤੀ ਹੈ। ਨਾਲੇ ਲੋਕਾਂ ਨੂੰ ਇਹ ਵੀ ਹਿਦਾਇਤ ਦਿੱਤੀ ਹੈ ਕਿ ਉਹ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਯਹੋਵਾਹ ਦੇ ਗਵਾਹ ਸਰਕਾਰ ਵੱਲੋਂ ਮਿਲੀਆਂ ਇਨ੍ਹਾਂ ਹਿਦਾਇਤਾਂ ਨੂੰ ਮੰਨਣਾ ਚਾਹੁੰਦੇ ਹਨ। ਪਰ ਉਹ ਆਪਣੀਆਂ ਮੀਟਿੰਗਾਂ ਨੂੰ ਵੀ ਜਾਰੀ ਰੱਖਣਾ ਚਾਹੁੰਦੇ ਹਨ। ਇਸ ਤਰ੍ਹਾਂ ਕਰਨ ਲਈ ਉਹ ਜ਼ੂਮ ਵਰਗੇ ਵੀਡੀਓ ਕਾਨਫ਼ਰੰਸ ਐਪ ਦੀ ਵਰਤੋਂ ਕਰ ਰਹੇ ਹਨ।

 ਸਾਡੀਆਂ ਮੀਟਿੰਗਾਂ ਚੱਲਦੀਆਂ ਰਹਿਣ ਇਸ ਲਈ ਪ੍ਰਬੰਧਕ ਸਭਾ ਨੇ ਮਨਜ਼ੂਰੀ ਦਿੱਤੀ ਹੈ ਕਿ ਦਾਨ ਕੀਤੇ ਪੈਸਿਆਂ ਨਾਲ ਮੰਡਲੀਆਂ ਲਈ ਜ਼ੂਮ ਐਪ ਦੇ ਅਕਾਊਂਟ ਖ਼ਰੀਦਣ। ਇਸ ਅਕਾਊਂਟ ਦੀ ਕੀਮਤ ਲਗਭਗ 1,200 ਤੋਂ 1,500 ਰੁਪਏ ਹੈ। ਇਸ ਪ੍ਰਬੰਧ ਨਾਲ ਖ਼ਾਸ ਕਰਕੇ ਉਨ੍ਹਾਂ ਮੰਡਲੀਆਂ ਨੂੰ ਫ਼ਾਇਦਾ ਹੋਇਆ ਹੈ ਜੋ ਆਪਣੇ ਆਰਥਿਕ ਹਾਲਾਤਾਂ ਕਰਕੇ ਵੀਡੀਓ ਕਾਨਫ਼ਰੰਸ ਅਕਾਊਂਟ ਖ਼ਰੀਦ ਨਹੀਂ ਸਕਦੀਆਂ। ਇਸ ਤੋਂ ਪਹਿਲਾਂ ਇਹ ਮੰਡਲੀਆਂ ਅਜਿਹੇ ਮੁਫ਼ਤ ਐਪ ਦੀ ਵਰਤੋ ਕਰ ਰਹੀਆਂ ਸਨ ਜੋ ਸੁਰੱਖਿਅਤ ਨਹੀਂ ਸਨ ਅਤੇ ਜਿਨ੍ਹਾਂ ਵਿਚ ਜ਼ਿਆਦਾ ਲੋਕਾਂ ਨੂੰ ਜੋੜਿਆ ਨਹੀਂ ਜਾ ਸਕਦਾ ਸੀ। ਪਰ ਹੁਣ ਮੰਡਲੀ ਦੀਆਂ ਮੀਟਿੰਗਾਂ ਵਿਚ ਜ਼ਿਆਦਾ ਲੋਕ ਜੁੜ ਸਕਦੇ ਹਨ ਨਾਲੇ ਯੂਜ਼ਰ ਸਕਿਊਰਟੀ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਦੁਨੀਆਂ ਭਰ ਵਿਚ 170 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਤਕਰੀਬਨ 65,000 ਮੰਡਲੀਆਂ ਸੰਗਠਨ ਵੱਲੋਂ ਮਿਲੇ ਇਸ ਅਕਾਊਂਟ ਦਾ ਇਸਤੇਮਾਲ ਕਰ ਰਹੀਆਂ ਹਨ।

 ਉੱਤਰੀ ਇੰਡੋਨੇਸ਼ੀਆ ਦੀ ਕੈਰਾਗੀ ਮੰਡਲੀ ਪਹਿਲਾਂ ਵੀਡੀਓ ਕਾਨਫ਼ਰੰਸ ਕਰਨ ਲਈ ਇਕ ਮੁਫ਼ਤ ਐਪ ਦੀ ਵਰਤੋਂ ਕਰਦੀ ਸੀ। ਪਰ ਹੁਣ ਇਸ ਮੰਡਲੀ ਦੀਆਂ ਮੀਟਿੰਗਾਂ ਸੰਗਠਨ ਵੱਲੋਂ ਮਿਲੇ ਜ਼ੂਮ ਐਪ ʼਤੇ ਚਲਾਈਆਂ ਜਾਂਦੀਆਂ ਹਨ। ਭਰਾ ਹਾਡੀ ਸਨਟੋਸੋ ਕਹਿੰਦੇ ਹਨ “ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਮੋਬਾਇਲ ਜਾਂ ਟੈਬਲੇਟ ਬਾਰੇ ਜ਼ਿਆਦਾ ਨਹੀਂ ਪਤਾ ਉਹ ਵੀ ਹੁਣ ਮੀਟਿੰਗਾਂ ਦਾ ਮਜ਼ਾ ਲੈ ਰਹੇ ਹਨ। ਉਨ੍ਹਾਂ ਨੂੰ ਹੁਣ ਵਾਰ-ਵਾਰ ਲਾਗ-ਇਨ ਨਹੀਂ ਕਰਨਾ ਪੈਂਦਾ ਤੇ ਉਹ ਪੂਰੀ ਮੀਟਿੰਗ ਨੂੰ ਆਰਾਮ ਨਾਲ ਸੁਣ ਪਾ ਰਹੇ ਹਨ।”

 ਇਕਵੇਡਾਰ ਦੇ ਗੁਆਕੁਇਲ ਸ਼ਹਿਰ ਦੀ ਇਕ ਮੰਡਲੀ ਦਾ ਬਜ਼ੁਰਗ, ਲੈਸਟਰ ਹੀਹੌਨ ਜੂਨੀਅਰ ਕਹਿੰਦਾ ਹੈ, “ਕੁਝ ਮੰਡਲੀਆਂ ਦੇ ਭੈਣ-ਭਰਾ ਬਹੁਤ ਗ਼ਰੀਬ ਹਨ। ਇਸ ਕਰਕੇ ਉਨ੍ਹਾਂ ਲਈ ਜ਼ੂਮ ਐਪ ਦਾ ਲਾਈਸੈਂਸ ਖ਼ਰੀਦਣਾ ਬਹੁਤ ਮੁਸ਼ਕਲ ਸੀ। ਪਰ ਜਦੋਂ ਤੋਂ ਸੰਗਠਨ ਨੇ ਸਾਡੀ ਮੰਡਲੀ ਨੂੰ ਇਹ ਐਪ ਖ਼ਰੀਦ ਕੇ ਦਿੱਤਾ ਹੈ ਉਦੋਂ ਤੋਂ ਸਾਡੀਆਂ ਮੀਟਿੰਗਾਂ ਬਿਨਾਂ ਕਿਸੇ ਰੁਕਾਵਟ ਦੇ ਵਧੀਆ ਤਰੀਕੇ ਨਾਲ ਚੱਲ ਰਹੀਆਂ ਹਨ ਅਤੇ ਇਨ੍ਹਾਂ ਵਿਚ ਬਹੁਤ ਸਾਰੇ ਲੋਕ ਜੁੜ ਪਾ ਰਹੇ ਹਨ।”

 ਜੌਨਸਨ ਮਵਾਂਜ਼ਾ ਨਾਂ ਦਾ ਇਕ ਬਜ਼ੁਰਗ ਜੋ ਜ਼ੈਂਬੀਆ ਦੀ ਉੱਤਰੀ ਨੋਵੇਰੇਰੇ ਮੰਡਲੀ ਵਿਚ ਸੇਵਾ ਕਰਦਾ ਹੈ, ਉਸ ਨੇ ਲਿਖਿਆ “ਭੈਣਾਂ-ਭਰਾਵਾਂ ਨੇ ਕਈ ਵਾਰ ਕਿਹਾ ਹੈ ‘ਜਦੋਂ ਤੋਂ ਸੰਗਠਨ ਨੇ ਜ਼ੂਮ ਐਪ ʼਤੇ ਮੀਟਿੰਗਾਂ ਦਾ ਪ੍ਰਬੰਧ ਕੀਤਾ ਹੈ ਉਦੋਂ ਤੋਂ ਅਸੀਂ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਆਏ ਹਾਂ। ਵਾਕਈ, ਯਹੋਵਾਹ ਸਾਨੂੰ ਭੁੱਲਿਆ ਨਹੀਂ ਹੈ! ਉਹ ਸਾਨੂੰ ਬਹੁਤ ਪਿਆਰ ਕਰਦਾ ਹੈ।’”

 ਦੁਨੀਆਂ ਭਰ ਵਿਚ ਹੋ ਰਹੇ ਸਾਡੇ ਕੰਮ ਲਈ ਜੋ ਪੈਸਾ ਦਾਨ ਕੀਤਾ ਜਾਂਦਾ ਹੈ ਉਸ ਵਿੱਚੋਂ ਕੁਝ ਪੈਸਾ ਰਾਹਤ ਪਹੁੰਚਾਉਣ ਦੇ ਕੰਮ ਲਈ ਅਲੱਗ ਰੱਖਿਆ ਜਾਂਦਾ ਹੈ। ਇਸੇ ਪੈਸੇ ਨਾਲ ਸੰਗਠਨ ਇਹ ਅਕਾਊਂਟ ਵੀ ਖ਼ਰੀਦਦਾ ਹੈ। ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਦਾਨ ਦਿੰਦੇ ਹਨ ਜਿਸ ਵਿੱਚੋਂ ਇਕ ਤਰੀਕਾ ਹੈ donate.dan124.com ਰਾਹੀਂ ਦਾਨ ਦੇਣਾ। ਤੁਹਾਡੇ ਵੱਲੋਂ ਦਿੱਤਾ ਗਿਆ ਦਾਨ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੇ ਬਹੁਤ ਕੰਮ ਆਉਂਦਾ ਹੈ। ਖੁੱਲ੍ਹ-ਦਿਲੀ ਨਾਲ ਦਿੱਤੇ ਗਏ ਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!—2 ਕੁਰਿੰਥੀਆਂ 8:14.