Skip to content

Skip to table of contents

ਕੀ ਤੁਹਾਡੀ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ?

ਕੀ ਤੁਹਾਡੀ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ?

 ਦੇਖਿਆ ਜਾਵੇ, ਤਾਂ ਚਾਰੇ ਪਾਸੇ ਬੇਇਨਸਾਫ਼ੀ ਦਾ ਬੋਲਬਾਲਾ ਹੈ। ਆਓ ਆਪਾਂ ਦੋ ਵਿਅਕਤੀਆਂ ਦੀਆਂ ਮਿਸਾਲਾਂ ʼਤੇ ਗੌਰ ਕਰੀਏ ਜਿਨ੍ਹਾਂ ਨਾਲ ਬੇਇਨਸਾਫ਼ੀ ਹੋਈ ਸੀ।

  •   ਜਨਵਰੀ 2018 ਵਿਚ ਅਮਰੀਕਾ ਦੇ ਜੱਜ ਨੇ ਲਗਭਗ 38 ਸਾਲਾਂ ਤੋਂ ਕੈਦ ਆਦਮੀ ਨੂੰ ਜੇਲ੍ਹ ਵਿੱਚੋਂ ਰਿਹਾ ਕਰਨ ਦਾ ਹੁਕਮ ਦਿੱਤਾ। ਡੀ. ਐੱਨ. ਏ. ਦੇ ਆਧਾਰ ʼਤੇ ਉਸ ਨੂੰ ਨਿਰਦੋਸ਼ ਕਰਾਰ ਦਿੱਤਾ ਗਿਆ।

  •   ਸਤੰਬਰ 1994 ਵਿਚ ਅਫ਼ਰੀਕਾ ਵਿਚ ਤਿੰਨ ਨੌਜਵਾਨਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਆਪਣੇ ਵਿਸ਼ਵਾਸਾਂ ਕਰਕੇ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕੀਤਾ ਸੀ। ਸਤੰਬਰ 2020 ਵਿਚ ਉਨ੍ਹਾਂ ਨੂੰ ਜੇਲ੍ਹ ਵਿਚ ਕੈਦ 26 ਸਾਲ ਹੋ ਗਏ ਸਨ। ਉਨ੍ਹਾਂ ਖ਼ਿਲਾਫ਼ ਨਾ ਤਾਂ ਕੋਈ ਰਿਪੋਰਟ ਦਰਜ ਕੀਤੀ ਗਈ ਤੇ ਨਾ ਹੀ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।

 ਜੇ ਤੁਹਾਡੇ ਨਾਲ ਵੀ ਬੇਇਨਸਾਫ਼ੀ ਹੋਈ ਹੈ, ਤਾਂ ਸ਼ਾਇਦ ਤੁਸੀਂ ਵੀ ਅੱਯੂਬ ਨਾਂ ਦੇ ਆਦਮੀ ਵਾਂਗ ਮਹਿਸੂਸ ਕਰੋ। ਉਸ ਨੇ ਕਿਹਾ: “ਮੈਂ ਮਦਦ ਲਈ ਦੁਹਾਈ ਦਿੰਦਾ ਰਹਿੰਦਾ ਹਾਂ, ਪਰ ਇਨਸਾਫ਼ ਨਹੀਂ ਮਿਲਦਾ।” (ਅੱਯੂਬ 19:7) ਭਾਵੇਂ ਇਨਸਾਫ਼ ਮਿਲਣਾ ਸਾਨੂੰ ਇਕ ਸੁਪਨਾ ਲੱਗੇ, ਪਰ ਬਾਈਬਲ ਉਸ ਸਮੇਂ ਦਾ ਵਾਅਦਾ ਕਰਦੀ ਹੈ ਜਦੋਂ ਇਨਸਾਫ਼ ਦੀ ਪੁਕਾਰ ਸੁਣੀ ਜਾਵੇਗੀ। ਇਸ ਤੋਂ ਇਲਾਵਾ, ਬਾਈਬਲ ਵਿਚ ਪਾਈ ਜਾਂਦੀ ਬੁੱਧ ਬੇਇਨਸਾਫ਼ੀ ਸਹਿਣ ਵਿਚ ਸਾਡੀ ਮਦਦ ਕਰ ਸਕਦੀ ਹੈ।

ਬੇਇਨਸਾਫ਼ੀ ਕਿਉਂ ਹੁੰਦੀ ਹੈ?

 ਪਰਮੇਸ਼ੁਰ ਦੀ ਸੇਧ ਵਿਚ ਨਾ ਚੱਲਣ ਵਾਲੇ ਲੋਕ ਬੇਇਨਸਾਫ਼ੀ ਕਰਦੇ ਹਨ। ਬਾਈਬਲ ਦੱਸਦੀ ਹੈ ਕਿ ਸਹੀ ਇਨਸਾਫ਼ ਪਰਮੇਸ਼ੁਰ ਹੀ ਕਰਦਾ ਹੈ। (ਯਸਾਯਾਹ 51:4) ਬਾਈਬਲ ਵਿਚ “ਨਿਆਂ” ਅਤੇ “ਧਰਮੀ ਅਸੂਲਾਂ” ਦਾ ਮਤਲਬ ਮਿਲਦਾ-ਜੁਲਦਾ ਹੈ। (ਅੱਯੂਬ 37:23) ਪਰਮੇਸ਼ੁਰ ਦੇ ਧਰਮੀ ਅਸੂਲਾਂ ਮੁਤਾਬਕ ਸਹੀ ਅਤੇ ਜਾਇਜ਼ ਕੰਮ ਕਰਨ ਵਾਲਾ ਇਨਸਾਨ ਨਿਆਂ ਕਰਦਾ ਹੈ। ਇਸ ਦੇ ਉਲਟ, ਜਿਹੜਾ ਇਨਸਾਨ ਪਾਪ ਕਰਦਾ ਹੈ ਯਾਨੀ ਪਰਮੇਸ਼ੁਰ ਦੇ ਧਰਮੀ ਅਸੂਲ ਤੋੜਦਾ ਹੈ, ਉਹ ਦੂਜਿਆਂ ਨਾਲ ਅਨਿਆਂ ਕਰਦਾ ਹੈ। ਆਓ ਕੁਝ ਮਿਸਾਲਾਂ ਦੇਖੀਏ:

  •   ਸੁਆਰਥ। ਸੁਆਰਥੀ ਇੱਛਾਵਾਂ ਅਤੇ ਪਾਪ ਦਾ ਇਕ-ਦੂਜੇ ਨਾਲ ਗੂੜ੍ਹਾ ਸੰਬੰਧ ਹੈ। (ਯਾਕੂਬ 1:14, 15) ਬਹੁਤ ਸਾਰੇ ਲੋਕ ਆਪਣੀ ਸੁਆਰਥੀ ਇੱਛਾ ਪੂਰੀ ਕਰਨ ਲਈ ਦੂਜਿਆਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਹਨ ਅਤੇ ਉਨ੍ਹਾਂ ਦਾ ਫ਼ਾਇਦਾ ਉਠਾਉਂਦੇ ਹਨ। ਪਰ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਦੂਜਿਆਂ ਦੇ ਭਲੇ ਬਾਰੇ ਸੋਚੀਏ।—1 ਕੁਰਿੰਥੀਆਂ 10:24.

  •   ਅਣਜਾਣੇ ਵਿਚ। ਕੁਝ ਲੋਕ ਸ਼ਾਇਦ ਅਣਜਾਣੇ ਵਿਚ ਦੂਜਿਆਂ ਨਾਲ ਬੇਇਨਸਾਫ਼ੀ ਕਰਨ, ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਵੀ ਪਾਪ ਹੈ। (ਰੋਮੀਆਂ 10:3) ਦਰਅਸਲ, ਅਣਜਾਣੇ ਵਿਚ ਸਭ ਤੋਂ ਵੱਡੀ ਬੇਇਨਸਾਫ਼ੀ ਉਦੋਂ ਹੋਈ ਜਦੋਂ ਲੋਕਾਂ ਨੇ ਯਿਸੂ ਨੂੰ ਸੂਲ਼ੀ ʼਤੇ ਚੜ੍ਹਾਇਆ ਸੀ।—ਰਸੂਲਾਂ ਦੇ ਕੰਮ 3:15, 17.

  •   ਨਾਕਾਮ ਮਨੁੱਖੀ ਸੰਗਠਨ। ਰਾਜਨੀਤਿਕ ਤੇ ਧਾਰਮਿਕ ਸੰਗਠਨ ਅਤੇ ਵਪਾਰ ਜਗਤ ਸਾਰਿਆਂ ਨਾਲ ਇੱਕੋ ਤਰੀਕੇ ਨਾਲ ਪੇਸ਼ ਆਉਣ ਅਤੇ ਇਨਸਾਫ਼ ਕਰਨ ਦਾਅਵਾ ਕਰਦੇ ਹਨ। ਪਰ ਅਸਲ ਵਿਚ ਇਨ੍ਹਾਂ ਕਰਕੇ ਹੀ ਪੱਖਪਾਤ, ਭ੍ਰਿਸ਼ਟਾਚਾਰ ਅਤੇ ਲਾਲਚ ਨੂੰ ਹੱਲਾਸ਼ੇਰੀ ਮਿਲਦੀ ਹੈ ਜਿਸ ਕਰਕੇ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ ਤੇ ਗ਼ਰੀਬ ਹੋਰ ਗ਼ਰੀਬ। ਇਹ ਸਭ ਕੁਝ ਬੇਇਨਸਾਫ਼ੀ ਦੀ ਜੜ੍ਹ ਹਨ। ਇਨ੍ਹਾਂ ਵਿੱਚੋਂ ਕੁਝ ਸੰਗਠਨ ਚੰਗੇ ਇਰਾਦੇ ਨਾਲ ਬਣਾਏ ਗਏ ਹਨ। ਪਰ ਪਰਮੇਸ਼ੁਰ ਦੀ ਸੇਧ ਮੁਤਾਬਕ ਨਾ ਚੱਲਣ ਕਰਕੇ ਇਨਸਾਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੁੰਦੀਆਂ ਹਨ।—ਉਪਦੇਸ਼ਕ ਦੀ ਕਿਤਾਬ 8:9; ਯਿਰਮਿਯਾਹ 10:23.

ਪਰਮੇਸ਼ੁਰ ਬੇਇਨਸਾਫ਼ੀ ਬਾਰੇ ਕੀ ਸੋਚਦਾ ਹੈ?

 ਉਹ ਬੇਇਨਸਾਫ਼ੀ ਨਾਲ ਨਫ਼ਰਤ ਕਰਦਾ ਹੈ। ਉਹ ਉਨ੍ਹਾਂ ਕੰਮਾਂ ਅਤੇ ਰਵੱਈਏ ਤੋਂ ਵੀ ਨਫ਼ਰਤ ਕਰਦਾ ਹੈ ਜਿਨ੍ਹਾਂ ਕਰਕੇ ਬੇਇਨਸਾਫ਼ੀ ਹੁੰਦੀ ਹੈ। (ਕਹਾਉਤਾਂ 6:16-18) ਉਸ ਨੇ ਯਸਾਯਾਹ ਨਬੀ ਨੂੰ ਇਹ ਲਿਖਣ ਲਈ ਪ੍ਰੇਰਿਆ: “ਮੈਂ ਯਹੋਵਾਹ a ਇਨਸਾਫ਼ ਨੂੰ ਪਿਆਰ ਕਰਦਾ ਹਾਂ; ਮੈਂ ਲੁੱਟ ਤੇ ਬੁਰਾਈ ਤੋਂ ਘਿਣ ਕਰਦਾ ਹਾਂ।”—ਯਸਾਯਾਹ 61:8.

 ਪੁਰਾਣੇ ਸਮੇਂ ਵਿਚ ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਕਾਨੂੰਨ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਚਾਹੁੰਦਾ ਸੀ ਕਿ ਲੋਕ ਇਨਸਾਫ਼ ਕਰਨ। ਉਸ ਨੇ ਨਿਆਂਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਨਾ ਤਾਂ ਰਿਸ਼ਵਤ ਲੈਣ ਤੇ ਨਾ ਹੀ ਅਜਿਹੇ ਕੰਮ ਕਰਨ ਜਿਨ੍ਹਾਂ ਕਰਕੇ ਬੇਇਨਸਾਫ਼ੀ ਹੋ ਸਕਦੀ ਸੀ। (ਬਿਵਸਥਾ ਸਾਰ 16:18-20) ਪਰਮੇਸ਼ੁਰ ਨੇ ਗ਼ਰੀਬ ਤੇ ਲਾਚਾਰ ਲੋਕਾਂ ਦਾ ਫ਼ਾਇਦਾ ਉਠਾਉਣ ਵਾਲੇ ਇਜ਼ਰਾਈਲੀਆਂ ਦੀ ਨਿੰਦਿਆ ਕੀਤੀ। ਅਖ਼ੀਰ, ਉਸ ਨੇ ਧਰਮੀ ਮਿਆਰਾਂ ਉੱਤੇ ਨਾ ਚੱਲਣ ਵਾਲੇ ਇਜ਼ਰਾਈਲੀਆਂ ਨੂੰ ਠੁਕਰਾ ਦਿੱਤਾ।—ਯਸਾਯਾਹ 10:1-3.

ਕੀ ਪਰਮੇਸ਼ੁਰ ਬੇਇਨਸਾਫ਼ੀ ਨੂੰ ਖ਼ਤਮ ਕਰੇਗਾ?

 ਹਾਂ। ਪਰਮੇਸ਼ੁਰ ਯਿਸੂ ਮਸੀਹ ਦੇ ਜ਼ਰੀਏ ਪਾਪ ਨੂੰ ਖ਼ਤਮ ਕਰੇਗਾ ਜਿਸ ਕਰਕੇ ਬੇਇਨਸਾਫ਼ੀ ਹੁੰਦੀ ਹੈ ਅਤੇ ਇਨਸਾਨਾਂ ਨੂੰ ਦੁਬਾਰਾ ਮੁਕੰਮਲ ਬਣਾਵੇਗਾ। (ਯੂਹੰਨਾ 1:29; ਰੋਮੀਆਂ 6:23) ਨਾਲੇ ਉਸ ਨੇ ਆਪਣਾ ਰਾਜ ਸਥਾਪਿਤ ਕੀਤਾ ਹੈ ਜਿਸ ਰਾਹੀਂ ਉਹ ਨਵੀਂ ਦੁਨੀਆਂ ਲਿਆਵੇਗਾ ਜਿੱਥੇ ਸਾਰਿਆਂ ਨੂੰ ਇਨਸਾਫ਼ ਮਿਲੇਗਾ। (ਯਸਾਯਾਹ 32:1; 2 ਪਤਰਸ 3:13) ਇਸ ਸਵਰਗੀ ਰਾਜ ਬਾਰੇ ਹੋਰ ਜਾਣਨ ਲਈ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ।

ਨਵੀਂ ਦੁਨੀਆਂ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ?

 ਜਦੋਂ ਸਾਰੀ ਧਰਤੀ ʼਤੇ ਨਿਆਂ ਹੋਵੇਗਾ, ਤਾਂ ਲੋਕ ਸ਼ਾਂਤੀ ਅਤੇ ਸੁਰੱਖਿਅਤ ਮਹਿਸੂਸ ਕਰਨਗੇ। (ਯਸਾਯਾਹ 32:16-18) ਪਰਮੇਸ਼ੁਰ ਹਰ ਇਨਸਾਨ ਦੀ ਜ਼ਿੰਦਗੀ ਦੀ ਕਦਰ ਕਰਦਾ ਹੈ। ਇਸ ਕਰਕੇ ਸਾਰਿਆਂ ਨਾਲ ਇਨਸਾਫ਼ ਕੀਤਾ ਜਾਵੇਗਾ। ਬੇਇਨਸਾਫ਼ੀ ਕਰਕੇ ਨਿਰਾਸ਼ਾ ਤੇ ਦੁੱਖ ਹੁੰਦਾ ਹੈ ਜੋ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਇੱਥੋਂ ਤਕ ਕਿ ਬੇਇਨਸਾਫ਼ੀ ਕਰਕੇ ਮਿਲੇ ਦੁੱਖਾਂ ਦੀਆਂ ਯਾਦਾਂ ਵੀ ਹੌਲੀ-ਹੌਲੀ ਮਿਟ ਜਾਣਗੀਆਂ। (ਯਸਾਯਾਹ 65:17; ਪ੍ਰਕਾਸ਼ ਦੀ ਕਿਤਾਬ 21:3, 4) ਹੋਰ ਜਾਣਕਾਰੀ ਲਈ ਪਰਮੇਸ਼ੁਰ ਦਾ ਰਾਜ ਕੀ ਕਰੇਗਾ? ਨਾਂ ਦਾ ਲੇਖ ਦੇਖੋ।

ਕੀ ਤੁਸੀਂ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਭਰੋਸਾ ਕਰ ਸਕਦੇ ਹੋ ਜਦੋਂ ਬੇਇਨਸਾਫ਼ੀ ਨਹੀਂ ਹੋਵੇਗੀ?

 ਹਾਂ। ਬਾਈਬਲ ਵਿਚ ਦਰਜ ਭਰੋਸੇਮੰਦ ਭਵਿੱਖਬਾਣੀਆਂ, ਇਤਿਹਾਸ ਅਤੇ ਵਿਗਿਆਨ ਬਾਰੇ ਦਿੱਤੀ ਸਹੀ-ਸਹੀ ਜਾਣਕਾਰੀ ਅਤੇ ਇਸ ਵਿਚ ਲਿਖੀਆਂ ਗੱਲਾਂ ਦੇ ਤਾਲ-ਮੇਲ ਤੋਂ ਸਬੂਤ ਮਿਲਦਾ ਹੈ ਕਿ ਬਾਈਬਲ ਵਿਚ ਦਿੱਤੇ ਵਾਅਦੇ ਜ਼ਰੂਰ ਪੂਰੇ ਹੋਣਗੇ। ਹੇਠ ਲਿਖੇ ਲੇਖਾਂ ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ:

ਅੱਜ ਹੋ ਰਹੀ ਬੇਇਨਸਾਫ਼ੀ ਬਾਰੇ ਕੀ?

 ਬਾਈਬਲ ਵਿਚ ਚੰਗੇ ਲੋਕਾਂ ਨੇ ਆਪਣੇ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ। ਪੌਲੁਸ ਰਸੂਲ ਨੂੰ ਧਮਕੀ ਦਿੱਤੀ ਗਈ ਕਿ ਉਸ ਉੱਤੇ ਝੂਠਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਜਾਵੇਗਾ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਸੀ। ਉਸ ਨੇ ਬੇਇਨਸਾਫ਼ੀ ਨਹੀਂ ਝੱਲੀ, ਸਗੋਂ ਉਸ ਨੇ ਆਪਣੇ ਕਾਨੂੰਨੀ ਹੱਕ ਵਰਤਦੇ ਹੋਏ ਸਮਰਾਟ ਸਾਮ੍ਹਣੇ ਫ਼ਰਿਆਦ ਕੀਤੀ।—ਰਸੂਲਾਂ ਦੇ ਕੰਮ 25:8-12.

 ਭਾਵੇਂ ਲੋਕ ਬੇਇਨਸਾਫ਼ੀ ਨੂੰ ਖ਼ਤਮ ਕਰਨ ਦੀਆਂ ਲੱਖਾਂ ਕੋਸ਼ਿਸ਼ਾਂ ਕਰਦੇ ਹਨ, ਪਰ ਫਿਰ ਵੀ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ। (ਉਪਦੇਸ਼ਕ ਦੀ ਕਿਤਾਬ 1:15) ਪਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੈ ਕਿ ਨਵੀਂ ਦੁਨੀਆਂ ਵਿਚ ਪੂਰੇ ਹੋਣ ਵਾਲੇ ਪਰਮੇਸ਼ੁਰ ਦੇ ਵਾਅਦਿਆਂ ʼਤੇ ਨਿਹਚਾ ਕਰ ਕੇ ਬੇਇਨਸਾਫ਼ੀ ਝੱਲਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਮਿਲੀ ਹੈ।

a ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.