Skip to content

Skip to table of contents

“ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”

“ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ”

“ਯਹੋਵਾਹ ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।”ਮੱਤੀ 5:33.

ਗੀਤ: 18, 7

1. (ੳ) ਨਿਆਂਕਾਰ ਯਿਫ਼ਤਾਹ ਅਤੇ ਹੰਨਾਹ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਸਾਨੂੰ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਮਿਲਣਗੇ?

ਨਿਆਂਕਾਰ ਯਿਫ਼ਤਾਹ ਇਕ ਸੂਰਬੀਰ ਅਤੇ ਵਧੀਆ ਆਗੂ ਸੀ। ਹੰਨਾਹ ਇਕ ਅਧੀਨ ਅਤੇ ਚੰਗੀ ਪਤਨੀ ਸੀ। ਦੋਵੇਂ ਯਹੋਵਾਹ ਦੀ ਸੇਵਾ ਕਰਦੇ ਸਨ। ਪਰ ਇਸ ਗੱਲ ਤੋਂ ਇਲਾਵਾ ਇਨ੍ਹਾਂ ਦੋਨਾਂ ਵਿਚ ਹੋਰ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਸਨ? ਦੋਨਾਂ ਨੇ ਯਹੋਵਾਹ ਨਾਲ ਇਕ ਅਹਿਮ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਨੇ ਵਫ਼ਾਦਾਰੀ ਨਾਲ ਆਪੋ-ਆਪਣੇ ਵਾਅਦੇ ਨਿਭਾਏ। ਯਹੋਵਾਹ ਨਾਲ ਵਾਅਦੇ ਕਰਨ ਵਾਲਿਆਂ ਲਈ ਉਹ ਵਧੀਆ ਮਿਸਾਲ ਹਨ। ਪਰ ਇਨ੍ਹਾਂ ਕੁਝ ਸਵਾਲਾਂ ’ਤੇ ਗੌਰ ਕਰਨਾ ਜ਼ਰੂਰੀ ਹੈ: ਸਹੁੰ ਖਾਣ ਦਾ ਮਤਲਬ ਕੀ ਹੈ? ਪਰਮੇਸ਼ੁਰ ਨਾਲ ਵਾਅਦਾ ਕਰਨਾ ਕਿੰਨੀ ਕੁ ਗੰਭੀਰ ਗੱਲ ਹੈ? ਅਸੀਂ ਯਿਫ਼ਤਾਹ ਅਤੇ ਹੰਨਾਹ ਤੋਂ ਕੀ ਸਿੱਖ ਸਕਦੇ ਹਾਂ?

2, 3. (ੳ) ਸਹੁੰ ਖਾਣ ਦਾ ਕੀ ਮਤਲਬ ਹੈ? (ਅ) ਪਰਮੇਸ਼ੁਰ ਨਾਲ ਸਹੁੰ ਖਾਣ ਬਾਰੇ ਬਾਈਬਲ ਕੀ ਕਹਿੰਦੀ ਹੈ?

2 ਬਾਈਬਲ ਵਿਚ ਸਹੁੰ ਖਾਣ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਨਾਲ ਇਕ ਅਹਿਮ ਵਾਅਦਾ ਕਰਦੇ ਹਾਂ। ਇਕ ਵਿਅਕਤੀ ਸ਼ਾਇਦ ਕੋਈ ਕੰਮ ਕਰਨ ਦਾ ਵਾਅਦਾ ਕਰੇ, ਪਰਮੇਸ਼ੁਰ ਨੂੰ ਕੁਝ ਦੇਣ ਦਾ ਵਾਅਦਾ ਕਰੇ, ਕੋਈ ਖ਼ਾਸ ਸੇਵਾ ਕਰਨ ਦਾ ਵਾਅਦਾ ਕਰੇ ਜਾਂ ਕਿਸੇ ਕੰਮ ਜਾਂ ਚੀਜ਼ ਤੋਂ ਦੂਰ ਰਹਿਣ ਦਾ ਵਾਅਦਾ ਕਰੇ। ਵਾਅਦੇ ਮਜਬੂਰੀ ਨਾਲ ਨਹੀਂ, ਸਗੋਂ ਦਿਲੋਂ ਕੀਤੇ ਜਾਂਦੇ ਹਨ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਾਅਦੇ ਬਹੁਤ ਗੰਭੀਰ ਹੁੰਦੇ ਹਨ ਕਿਉਂਕਿ ਇਹ ਸਹੁੰ ਜਾਂ ਕਸਮ ਖਾਣ ਦੇ ਬਰਾਬਰ ਹਨ। (ਉਤ. 14:22, 23; ਇਬ. 6:16, 17) ਪਰਮੇਸ਼ੁਰ ਨਾਲ ਸਹੁੰ ਖਾਣ ਦੀ ਗੰਭੀਰਤਾ ਬਾਰੇ ਬਾਈਬਲ ਕੀ ਕਹਿੰਦੀ ਹੈ?

3 ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ: “ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਅਥਵਾ ਸੌਂਹ ਖਾਵੇ . . . ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ।” (ਗਿਣ. 30:2) ਬਾਅਦ ਵਿਚ ਸੁਲੇਮਾਨ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖਿਆ: “ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇਂ ਤਾਂ ਉਹ ਦੇ ਦੇਣ ਵਿੱਚ ਢਿੱਲ ਨਾ ਲਾ, ਕਿਉਂ ਜੋ ਉਹ ਮੂਰਖਾਂ ਨਾਲ ਪਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ।” (ਉਪ. 5:4) ਵਾਅਦਿਆਂ ਦੀ ਗੰਭੀਰਤਾ ਬਾਰੇ ਗੱਲ ਕਰਦਿਆਂ ਯਿਸੂ ਨੇ ਕਿਹਾ: “ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ, ਪਰ ਯਹੋਵਾਹ ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’”ਮੱਤੀ 5:33.

4. (ੳ) ਯਹੋਵਾਹ ਨਾਲ ਵਾਅਦਾ ਕਰਨਾ ਕਿੰਨੀ ਕੁ ਗੰਭੀਰ ਗੱਲ ਹੈ? (ਅ) ਅਸੀਂ ਯਿਫ਼ਤਾਹ ਅਤੇ ਹੰਨਾਹ ਬਾਰੇ ਕੀ ਜਾਣਨਾ ਚਾਹੁੰਦੇ ਹਾਂ?

4 ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨਾਲ ਵਾਅਦੇ ਕਰਨੇ ਬਹੁਤ ਗੰਭੀਰ ਗੱਲ ਹੈ। ਆਪਣੇ ਵਾਅਦੇ ਨਿਭਾਉਣ ਦੀਆਂ ਕੋਸ਼ਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਕਿੰਨਾ ਕੁ ਕੀਮਤੀ ਸਮਝਦੇ ਹਾਂ। ਦਾਊਦ ਨੇ ਲਿਖਿਆ: “ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾ? ਉਹ . . . ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸੌਂਹ ਨਹੀਂ ਖਾਧੀ।” (ਜ਼ਬੂ. 24:3, 4) ਯਿਫ਼ਤਾਹ ਅਤੇ ਹੰਨਾਹ ਨੇ ਕਿਹੜੀ ਸੁੱਖਣਾ ਸੁੱਖੀ ਸੀ? ਕੀ ਉਨ੍ਹਾਂ ਲਈ ਆਪਣੀ ਸੁੱਖਣਾ ਦੇਣੀ ਸੌਖੀ ਸੀ?

ਉਨ੍ਹਾਂ ਨੇ ਖ਼ੁਸ਼ੀ ਨਾਲ ਆਪਣੀ ਸੁੱਖਣਾ ਪੂਰੀ ਕੀਤੀ

5. ਯਿਫ਼ਤਾਹ ਨੇ ਕਿਹੜੀ ਸੁੱਖਣਾ ਸੁੱਖੀ ਅਤੇ ਇਸ ਦੀ ਕੀ ਨਤੀਜਾ ਨਿਕਲਿਆ?

5 ਯਿਫ਼ਤਾਹ ਨੇ ਯਹੋਵਾਹ ਨਾਲ ਆਪਣਾ ਵਾਅਦਾ ਪੂਰਾ ਕੀਤਾ। ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ ਕਿ ਉਹ ਅੰਮੋਨੀਆਂ ਉੱਤੇ ਉਸ ਨੂੰ ਫਤਹਿ ਦਿਲਾਵੇ ਕਿਉਂਕਿ ਅੰਮੋਨੀਆਂ ਨੇ ਇਜ਼ਰਾਈਲੀਆਂ ਨੂੰ ਦੁਖੀ ਕੀਤਾ ਹੋਇਆ ਸੀ। (ਨਿਆ. 10:7-9) ਯਿਫ਼ਤਾਹ ਨੇ ਵਾਅਦਾ ਕੀਤਾ: “ਜੇ ਤੂੰ ਸੱਚ ਮੁੱਚ ਅੰਮੋਨੀਆਂ ਨੂੰ ਮੇਰੇ ਹੱਥ ਸੌਂਪ ਦੇਵੇਂ। ਤਾਂ ਅਜੇਹਾ ਹੋਵੇਗਾ ਕਿ ਜਿਸ ਵੇਲੇ ਮੈਂ ਅੰਮੋਨੀਆਂ ਵੱਲੋਂ ਸੁਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਤੋਂ ਮੇਰੇ ਮਿਲਣ ਨੂੰ ਪਹਿਲੋਂ ਨਿੱਕਲੇਗਾ ਸੋ ਉਹ ਯਹੋਵਾਹ ਦਾ ਹੋਵੇਗਾ।” ਸੋ ਕੀ ਹੋਇਆ? ਜਦੋਂ ਯਿਫ਼ਤਾਹ ਅੰਮੋਨੀਆਂ ਨੂੰ ਹਰਾ ਕੇ ਘਰ ਵਾਪਸ ਆਇਆ, ਤਾਂ ਉਸ ਦੀ ਪਿਆਰੀ ਧੀ ਨੇ ਉਸ ਦਾ ਸੁਆਗਤ ਕੀਤਾ। ਉਸ ਦੀ ਧੀ ਹੁਣ ‘ਯਹੋਵਾਹ ਦੀ’ ਸੀ। (ਨਿਆ. 11:30-34) ਪਰ ਇਸ ਗੱਲ ਦਾ ਉਸ ਦੀ ਧੀ ਉੱਤੇ ਕੀ ਅਸਰ ਪਿਆ?

6. (ੳ) ਯਿਫ਼ਤਾਹ ਅਤੇ ਉਸ ਦੀ ਧੀ ਲਈ ਆਪਣੀ ਸੁੱਖਣਾ ਪੂਰੀ ਕਰਨੀ ਸੌਖੀ ਕਿਉਂ ਨਹੀਂ ਸੀ? (ਅ) ਬਿਵਸਥਾ ਸਾਰ 23:21, 23 ਅਤੇ ਜ਼ਬੂਰ 15:4 ਤੋਂ ਸੁੱਖਣਾ ਸੁੱਖਣ ਬਾਰੇ ਅਸੀਂ ਕੀ ਸਿੱਖਦੇ ਹਾਂ?

6 ਯਿਫ਼ਤਾਹ ਦੀ ਧੀ ਨੂੰ ਆਪਣੇ ਪਿਤਾ ਦਾ ਵਾਅਦਾ ਪੂਰਾ ਕਰਨ ਲਈ ਪੂਰੀ ਜ਼ਿੰਦਗੀ ਯਹੋਵਾਹ ਦੇ ਡੇਰੇ ਵਿਚ ਸੇਵਾ ਕਰਨੀ ਪੈਣੀ ਸੀ। ਕੀ ਯਿਫ਼ਤਾਹ ਨੇ ਬਿਨਾਂ ਸੋਚੇ-ਸਮਝੇ ਇਹ ਵਾਅਦਾ ਕੀਤਾ? ਨਹੀਂ। ਯਿਫ਼ਤਾਹ ਨੂੰ ਸ਼ਾਇਦ ਪਤਾ ਸੀ ਕਿ ਮਿਲਣ ਲਈ ਪਹਿਲਾਂ ਉਸ ਦੀ ਧੀ ਬਾਹਰ ਆਵੇਗੀ। ਸੋਚੋ ਕਿ ਬਾਪ-ਬੇਟੀ ਲਈ ਇਹ ਕੁਰਬਾਨੀ ਕਰਨੀ ਕਿੰਨੀ ਔਖੀ ਸੀ? ਜਦੋਂ ਉਸ ਨੇ ਆਪਣੀ ਧੀ ਨੂੰ ਦੇਖਿਆ, ਤਾਂ ਯਿਫ਼ਤਾਹ ਨੇ ਆਪਣੇ “ਲੀੜੇ ਪਾੜ ਕੇ” ਕਿਹਾ ਕਿ ‘ਮੇਰਾ ਦਿਲ ਟੁੱਟ ਗਿਆ।’ ਉਸ ਦੀ ਧੀ ਨੇ ਜਾ ਕੇ “ਆਪਣੇ ਕੁਆਰਪੁਣੇ ਦਾ ਸੋਗ” ਮਨਾਇਆ। ਕਿਉਂ? ਕਿਉਂਕਿ ਯਿਫ਼ਤਾਹ ਦਾ ਕੋਈ ਮੁੰਡਾ ਨਹੀਂ ਸੀ ਅਤੇ ਹੁਣ ਉਸ ਦੀ ਇਕਲੌਤੀ ਧੀ ਨਾ ਤਾਂ ਕਦੇ ਵਿਆਹ ਕਰਾ ਸਕਦੀ ਸੀ ਤੇ ਨਾ ਹੀ ਯਿਫ਼ਤਾਹ ਲਈ ਦੋਹਤੇ-ਦੋਹਤੀਆਂ ਪੈਦਾ ਕਰ ਸਕਦੀ ਸੀ। ਉਸ ਦੇ ਖ਼ਾਨਦਾਨ ਨੂੰ ਅੱਗੇ ਤੋਰਨ ਵਾਲਾ ਕੋਈ ਨਹੀਂ ਸੀ ਹੋਣਾ। ਪਰ ਉਨ੍ਹਾਂ ਲਈ ਇਹ ਗੱਲ ਜ਼ਿਆਦਾ ਮਾਅਨੇ ਨਹੀਂ ਰੱਖਦੀ ਸੀ। ਯਿਫ਼ਤਾਹ ਨੇ ਕਿਹਾ: “ਮੈਂ ਯਹੋਵਾਹ ਨੂੰ ਬਚਨ ਦਿੱਤਾ ਹੈ ਅਤੇ ਟਾਲ ਨਹੀਂ ਸੱਕਦਾ।” ਉਸ ਦੇ ਧੀ ਨੇ ਜਵਾਬ ਦਿੱਤਾ: “ਜੋ ਕੁਝ ਤੈਂ ਮੂੰਹੋਂ ਕੱਢਿਆ ਹੈ ਸੋ ਮੇਰੇ ਨਾਲ ਕਰ।” (ਨਿਆ. 11:35-39) ਕਿੰਨੇ ਹੀ ਵਫ਼ਾਦਾਰ ਸੇਵਕ! ਇਨ੍ਹਾਂ ਦੇ ਮਨ ਵਿਚ ਇਹ ਖ਼ਿਆਲ ਵੀ ਨਹੀਂ ਆਇਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਕੀਤਾ ਆਪਣਾ ਵਾਅਦਾ ਤੋੜਨ। ਚਾਹੇ ਉਨ੍ਹਾਂ ਨੂੰ ਇਸ ਦੀ ਕਿੰਨੀ ਹੀ ਵੱਡੀ ਕੀਮਤੀ ਕਿਉਂ ਨਹੀਂ ਚੁਕਾਉਣੀ ਪਈ।ਬਿਵਸਥਾ ਸਾਰ 23:21, 23; ਜ਼ਬੂਰਾਂ ਦੀ ਪੋਥੀ 15:4 ਪੜ੍ਹੋ।

7. (ੳ) ਹੰਨਾਹ ਨੇ ਕਿਹੜੀ ਸੁੱਖਣਾ ਸੁੱਖੀ ਅਤੇ ਕਿਉਂ? ਉਸ ਦੀ ਸੁੱਖਣਾ ਦਾ ਕੀ ਨਤੀਜਾ ਨਿਕਲਿਆ? (ਅ) ਹੰਨਾਹ ਦੀ ਸੁੱਖਣਾ ਕਰਕੇ ਸਮੂਏਲ ਉੱਤੇ ਕੀ ਅਸਰ ਪਿਆ? (ਫੁਟਨੋਟ ਦੇਖੋ।)

7 ਹੰਨਾਹ ਨੇ ਵੀ ਵਫ਼ਾਦਾਰੀ ਨਾਲ ਯਹੋਵਾਹ ਅੱਗੇ ਕੀਤੀ ਆਪਣੀ ਸੁੱਖਣਾ ਪੂਰੀ ਕੀਤੀ। ਬਾਂਝ ਹੋਣ ਕਰਕੇ ਉਹ ਦੁੱਖਾਂ ਅਤੇ ਤਾਅਨੇ-ਮਿਹਣਿਆਂ ਨਾਲ ਘਿਰੀ ਹੋਈ ਸੀ। ਇਸ ਦੇ ਬਾਵਜੂਦ ਵੀ ਉਸ ਨੇ ਯਹੋਵਾਹ ਨਾਲ ਸੁੱਖਣਾ ਸੁੱਖੀ। (1 ਸਮੂ. 1:4-7, 10, 16) ਹੰਨਾਹ ਨੇ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹਿਆ ਅਤੇ ਵਾਅਦਾ ਕੀਤਾ: “ਹੇ ਸੈਨਾਂ ਦੇ ਯਹੋਵਾਹ, ਜੇ ਤੂੰ ਆਪਣੀ ਟਹਿਲਣ ਦੇ ਦੁਖ ਵੱਲ ਧਿਆਨ ਕਰੇਂ ਅਤੇ ਮੈਨੂੰ ਚੇਤੇ ਕਰੇਂ ਅਤੇ ਆਪਣੀ ਟਹਿਲਣ ਨੂੰ ਨਾ ਭੁਲਾਵੇਂ ਅਤੇ ਆਪਣੀ ਟਹਿਲਣ ਨੂੰ ਪੁੱਤ੍ਰ ਦੇਵੇਂ ਤਾਂ ਮੈਂ ਉਹ ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।” * (1 ਸਮੂ. 1:11) ਯਹੋਵਾਹ ਨੇ ਹੰਨਾਹ ਦੀ ਬੇਨਤੀ ਸੁਣੀ ਅਤੇ ਉਸ ਨੂੰ ਮੁੰਡਾ ਦੇ ਕੇ ਉਸ ਦੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ। ਪਰ ਉਹ ਆਪਣੀ ਸੁੱਖਣਾ ਭੁੱਲੀ ਨਹੀਂ। ਜਦੋਂ ਉਸ ਦੇ ਮੁੰਡਾ ਹੋਇਆ, ਤਾਂ ਉਸ ਨੇ ਕਿਹਾ: “ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ।”1 ਸਮੂ. 1:20.

8. (ੳ) ਹੰਨਾਹ ਲਈ ਆਪਣੀ ਸੁੱਖਣਾ ਪੂਰੀ ਕਰਨੀ ਸੌਖੀ ਕਿਉਂ ਨਹੀਂ ਸੀ? (ਅ) ਜ਼ਬੂਰ 61 ਦੇ ਸ਼ਬਦ ਪੜ੍ਹ ਕੇ ਸਾਨੂੰ ਹੰਨਾਹ ਦੀ ਯਾਦ ਕਿਉਂ ਆਉਂਦੀ ਹੈ?

8 ਜਦੋਂ ਸਮੂਏਲ ਲਗਭਗ ਤਿੰਨ ਸਾਲ ਦਾ ਸੀ, ਤਾਂ ਹੰਨਾਹ ਨੇ ਪਰਮੇਸ਼ੁਰ ਨਾਲ ਕੀਤੀ ਆਪਣੀ ਸੁੱਖਣਾ ਪੂਰੀ ਕੀਤੀ। ਉਸ ਨੇ ਇਕ ਪਲ ਲਈ ਵੀ ਨਹੀਂ ਸੋਚਿਆ ਕਿ ਉਹ ਆਪਣੇ ਵਾਅਦੇ ਤੋਂ ਮੁੱਕਰ ਜਾਵੇ। ਉਹ ਸਮੂਏਲ ਨੂੰ ਸ਼ੀਲੋਹ ਦੇ ਡੇਹਰੇ ਵਿਚ ਮਹਾਂ ਪੁਜਾਰੀ ਏਲੀ ਕੋਲ ਲੈ ਆਈ ਅਤੇ ਕਿਹਾ: “ਮੈਂ ਏਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਅਰਜੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ। ਏਸ ਲਈ ਮੈਂ ਵੀ ਏਹ ਯਹੋਵਾਹ ਨੂੰ ਦੇ ਦਿੱਤਾ ਹੈ। ਜਿੰਨਾ ਚਿਰ ਉਹ ਜੀਉਂਦਾ ਹੈ ਯਹੋਵਾਹ ਦਾ ਦਿੱਤਾ ਹੋਇਆ ਰਹੇ।” (1 ਸਮੂ. 1:24-28) ਉੱਥੇ “ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ।” (1 ਸਮੂ. 2:21) ਪਰ ਹੰਨਾਹ ਉੱਤੇ ਕੀ ਬੀਤੀ? ਉਹ ਆਪਣੇ ਮੁੰਡੇ ਨੂੰ ਬੇਹੱਦ ਪਿਆਰ ਕਰਦੀ ਸੀ। ਪਰ ਹੁਣ ਉਸ ਨੇ ਰੋਜ਼ ਆਪਣੇ ਮੁੰਡੇ ਦਾ ਸੋਹਣਾ ਜਿਹਾ ਮੁਖੜਾ ਨਹੀਂ ਦੇਖ ਪਾਉਣਾ ਸੀ। ਉਸ ਲਈ ਆਪਣੇ ਮੁੰਡੇ ਦਾ ਬਚਪਨ ਦੇਖਣ ਦਾ ਸੁਪਨਾ ਅਧੂਰਾ ਰਹਿ ਜਾਣਾ ਸੀ। ਸੋਚੋ ਕਿ ਉਹ ਆਪਣੇ ਮੁੰਡੇ ਨੂੰ ਆਪਣੇ ਕਲਾਵੇ ਵਿਚ ਲੈਣ, ਉਸ ਨਾਲ ਖੇਡਣ ਅਤੇ ਵੱਡਾ ਹੁੰਦਿਆਂ ਦੇਖਣ ਲਈ ਕਿੰਨਾ ਤਰਸਦੀ ਹੋਣੀ। ਹਰ ਮਾਂ ਵਾਂਗ ਉਹ ਵੀ ਆਪਣੇ ਬੱਚੇ ਦੀਆਂ ਮਿੱਠੀਆਂ ਯਾਦਾਂ ਆਪਣੇ ਦਿਲ ਵਿਚ ਸਮਾਉਣਾ ਚਾਹੁੰਦੀ ਸੀ। ਪਰ ਉਹ ਇਨ੍ਹਾਂ ਸਾਰੀਆਂ ਗੱਲਾਂ ਤੋਂ ਵਾਂਝੀ ਰਹਿ ਗਈ। ਫਿਰ ਵੀ ਹੰਨਾਹ ਨੂੰ ਆਪਣੀ ਸੁੱਖਣਾ ਪੂਰੀ ਕਰਨ ਦਾ ਜ਼ਰਾ ਵੀ ਪਛਤਾਵਾ ਨਹੀਂ ਸੀ। ਯਹੋਵਾਹ ਵਿੱਚ ਉਸ ਦਾ ਦਿਲ ਬਾਗ਼ੋ ਬਾਗ਼ ਸੀ।1 ਸਮੂ. 2:1, 2; ਜ਼ਬੂਰਾਂ ਦੀ ਪੋਥੀ 61:1, 5, 8 ਪੜ੍ਹੋ।

ਕੀ ਤੁਸੀਂ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਪੂਰੇ ਕਰ ਰਹੇ ਹੋ?

9. ਅਸੀਂ ਹੁਣ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

9 ਹੁਣ ਅਸੀਂ ਇਹ ਜਾਣ ਗਏ ਹਾਂ ਕਿ ਪਰਮੇਸ਼ੁਰ ਨਾਲ ਵਾਅਦਾ ਕਰਨਾ ਕਿੰਨੀ ਹੀ ਗੰਭੀਰ ਗੱਲ ਹੈ। ਇਸ ਲਈ ਆਓ ਆਪਾਂ ਹੁਣ ਇਨ੍ਹਾਂ ਸਵਾਲਾਂ ’ਤੇ ਗੌਰ ਕਰੀਏ: ਅੱਜ ਅਸੀਂ ਕਿਹੜੇ ਵਾਅਦੇ ਕਰਦੇ ਹਾਂ? ਆਪਣੇ ਵਾਅਦੇ ਪੂਰੇ ਕਰਨ ਦਾ ਸਾਡਾ ਇਰਾਦਾ ਕਿੰਨਾ ਕੁ ਪੱਕਾ ਹੈ?

ਤੁਹਾਡੇ ਸਮਰਪਣ ਦਾ ਵਾਅਦਾ

ਸਮਰਪਣ ਦਾ ਵਾਅਦਾ (ਪੈਰਾ 10 ਦੇਖੋ)

10. ਇਕ ਮਸੀਹੀ ਲਈ ਸਭ ਤੋਂ ਜ਼ਰੂਰੀ ਵਾਅਦਾ ਕਿਹੜਾ ਹੈ? ਇਸ ਵਿਚ ਕੀ ਸ਼ਾਮਲ ਹੈ?

10 ਇਕ ਮਸੀਹੀ ਲਈ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਦਾ ਵਾਅਦਾ ਸਭ ਤੋਂ ਜ਼ਰੂਰੀ ਹੁੰਦਾ ਹੈ। ਪਰ ਕਿਉਂ? ਕਿਉਂਕਿ ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਵਾਅਦਾ ਕਰਦਾ ਹੈ ਕਿ ਉਹ ਪੂਰੀ ਜ਼ਿੰਦਗੀ ਹਰ ਹਾਲਾਤ ਵਿਚ ਉਸ ਦੀ ਸੇਵਾ ਕਰੇਗਾ। ਯਿਸੂ ਨੇ ਕਿਹਾ ਸੀ ਕਿ ਅਜਿਹਾ ਮਸੀਹੀ “ਆਪਣੇ ਆਪ ਦਾ ਤਿਆਗ” ਕਰਦਾ ਹੈ ਯਾਨੀ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਹਵਾਲੇ ਕਰ ਦਿੰਦਾ ਹੈ। ਆਪਣੀ ਇੱਛਾ ਤੋਂ ਪਹਿਲਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਦਾ ਹੈ। (ਮੱਤੀ 16:24) ਉਸ ਦਿਨ ਤੋਂ ਬਾਅਦ ਉਹ ‘ਯਹੋਵਾਹ ਦੀ ਹੀ’ ਅਮਾਨਤ ਹੈ। (ਰੋਮੀ. 14:8) ਸਾਨੂੰ ਆਪਣੇ ਸਮਰਪਣ ਦੇ ਵਾਅਦੇ ਨੂੰ ਐਵੇਂ ਨਹੀਂ ਲੈਣਾ ਚਾਹੀਦਾ, ਸਗੋਂ ਸਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਸੋਚਣਾ ਚਾਹੀਦਾ ਹੈ। ਉਸ ਨੇ ਕਿਹਾ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ? ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ।”ਜ਼ਬੂ. 116:12, 14.

11. ਤੁਹਾਡੇ ਬਪਤਿਸਮੇ ਦੇ ਦਿਨ ’ਤੇ ਕੀ ਹੋਇਆ ਸੀ?

11 ਕੀ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈ ਚੁੱਕੇ ਹੋ? ਜੇ ਹਾਂ, ਤਾਂ ਇਹ ਬਹੁਤ ਵਧੀਆ ਗੱਲ ਹੈ। ਆਪਣੇ ਬਪਤਿਸਮੇ ਵਾਲੇ ਦਿਨ ਨੂੰ ਯਾਦ ਕਰੋ। ਕਈ ਲੋਕਾਂ ਸਾਮ੍ਹਣੇ ਤੁਹਾਡੇ ਤੋਂ ਇਹ ਪੁੱਛਿਆ ਗਿਆ ਸੀ, ਕੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਅਤੇ “ਬਪਤਿਸਮਾ ਲੈਣ ਤੋਂ ਬਾਅਦ ਤੁਸੀਂ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਓਗੇ?” ਨਾਲੇ “ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਚੱਲ ਰਹੇ ਉਸ ਦੇ ਸੰਗਠਨ ਦੇ ਮੈਂਬਰ ਬਣ ਜਾਓਗੇ?” ਸਾਰਿਆਂ ਦੇ ਸਾਮ੍ਹਣੇ “ਹਾਂ” ਵਿਚ ਦਿੱਤੇ ਤੁਹਾਡੇ ਜਵਾਬ ਤੋਂ ਸਾਬਤ ਹੋਇਆ ਕਿ ਤੁਸੀਂ ਬਿਨਾਂ ਕਿਸੇ ਸ਼ਰਤ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣ ਦੇ ਯੋਗ ਸੀ ਅਤੇ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਣ ਲਈ ਤਿਆਰ ਸੀ। ਨਾਲੇ ਤੁਸੀਂ ਯਹੋਵਾਹ ਦਾ ਦਿਲ ਜ਼ਰੂਰ ਖ਼ੁਸ਼ ਕੀਤਾ ਹੋਣਾ!

12. (ੳ) ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ? (ਅ) ਪਤਰਸ ਨੇ ਸਾਨੂੰ ਕੀ ਕਰਨ ਲਈ ਕਿਹਾ?

12 ਪਰ ਬਪਤਿਸਮਾ ਸਿਰਫ਼ ਸ਼ੁਰੂਆਤ ਹੈ। ਇਸ ਤੋਂ ਬਾਅਦ ਵੀ ਅਸੀਂ ਆਪਣੇ ਸਮਰਪਣ ਦੇ ਵਾਅਦੇ ਅਨੁਸਾਰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਨੀ ਚਾਹੁੰਦੇ ਹਾਂ। ਇਸ ਲਈ ਆਪਣੇ ਆਪ ਤੋਂ ਪੁੱਛੋ: ‘ਬਪਤਿਸਮੇ ਤੋਂ ਬਾਅਦ ਕੀ ਮੈਂ ਸੱਚਾਈ ਵਿਚ ਤਰੱਕੀ ਕਰ ਰਿਹਾ ਹਾਂ? ਕੀ ਮੈਂ ਅਜੇ ਵੀ ਯਹੋਵਾਹ ਦੀ ਦਿਲੋਂ ਸੇਵਾ ਕਰ ਰਿਹਾ ਹਾਂ? (ਕੁਲੁ. 3:23) ਕੀ ਮੈਂ ਬਾਕਾਇਦਾ ਪ੍ਰਾਰਥਨਾ ਕਰਦਾ ਹਾਂ? ਕੀ ਮੈਂ ਰੋਜ਼ ਬਾਈਬਲ ਪੜਦਾ ਹਾਂ? ਕੀ ਮੈਂ ਹਰ ਸਭਾ ਵਿਚ ਜਾਂਦਾ ਹਾਂ? ਜਿੰਨਾ ਹੋ ਸਕੇ ਕੀ ਮੈਂ ਪ੍ਰਚਾਰ ਵਿਚ ਹਿੱਸਾ ਲੈਂਦਾ ਹਾਂ? ਜਾਂ ਕੀ ਇਨ੍ਹਾਂ ਕੰਮਾਂ ਲਈ ਮੇਰਾ ਜੋਸ਼ ਠੰਢਾ ਪੈ ਗਿਆ ਹੈ?’ ਜੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਜੋਸ਼ ਠੰਢਾ ਪਵੇ, ਤਾਂ ਸਾਨੂੰ ਪਤਸਰ ਰਸੂਲ ਦੀ ਸਲਾਹ ਅਨੁਸਾਰ ਧੀਰਜ ਤੇ ਗਿਆਨ ਨੂੰ ਵਧਾਉਣ ਦੇ ਨਾਲ-ਨਾਲ ਭਗਤੀ ਦੇ ਕੰਮਾਂ ਵਿਚ ਵੀ ਅੱਗੇ ਵਧਣਾ ਚਾਹੀਦਾ ਹੈ।2 ਪਤਰਸ 1:5-8 ਪੜ੍ਹੋ।

13. ਸਮਰਪਿਤ ਅਤੇ ਬਪਤਿਸਮਾ-ਪ੍ਰਾਪਤ ਮਸੀਹੀ ਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

13 ਜੇ ਕੋਈ ਪਰਮੇਸ਼ੁਰ ਨੂੰ ਸਮਰਪਣ ਕਰਨ ਦਾ ਵਾਅਦਾ ਕਰਦਾ ਹੈ, ਤਾਂ ਉਹ ਆਪਣੀ ਜ਼ਬਾਨ ਵਾਪਸ ਨਹੀਂ ਲੈ ਸਕਦਾ। ਜੇ ਕੋਈ ਯਹੋਵਾਹ ਦੀ ਸੇਵਾ ਕਰ ਕੇ ਜਾਂ ਮਸੀਹੀਆਂ ਵਜੋਂ ਜ਼ਿੰਦਗੀ ਜੀਓ ਕੇ ਅੱਕ ਗਿਆ, ਤਾਂ ਉਹ ਇਹ ਨਹੀਂ ਕਹਿ ਸਕਦਾ ਕਿ ਉਸ ਨੇ ਆਪਣੀ ਜ਼ਿੰਦਗੀ ਸਮਰਪਿਤ ਹੀ ਨਹੀਂ ਕੀਤੀ ਸੀ ਅਤੇ ਉਸ ਦਾ ਬਪਤਿਸਮਾ ਵੀ ਹੁਣ ਰੱਦ ਹੈ। * ਉਸ ਨੇ ਖ਼ੁਦ ਇਹ ਫ਼ੈਸਲਾ ਕੀਤਾ ਸੀ ਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੁੰਦਾ ਹੈ। ਜੇ ਉਹ ਗੰਭੀਰ ਪਾਪ ਕਰ ਬੈਠਦਾ ਹੈ, ਤਾਂ ਉਸ ਨੂੰ ਯਹੋਵਾਹ ਅਤੇ ਮੰਡਲੀ ਨੂੰ ਲੇਖਾ ਦੇਣਾ ਪਵੇਗਾ। (ਰੋਮੀ. 14:12) ਤੁਹਾਡੇ ਬਾਰੇ ਕੋਈ ਇਹ ਗੱਲ ਨਾ ਕਹੇ ਕਿ “ਤੂੰ ਹੁਣ ਪਹਿਲਾਂ ਵਾਂਗ ਪਿਆਰ ਨਹੀਂ ਕਰਦਾ।” ਇਸ ਦੀ ਬਜਾਇ, ਅਸੀਂ ਚਾਹੁੰਦੇ ਹਾਂ ਕਿ ਯਿਸੂ ਸਾਡੇ ਬਾਰੇ ਇਹ ਕਹੇ: “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਅਤੇ ਇਹ ਵੀ ਜਾਣਦਾ ਹਾਂ ਕਿ ਤੂੰ ਕਿੰਨਾ ਪਿਆਰ ਕਰਦਾ ਹੈਂ ਅਤੇ ਕਿੰਨੀ ਨਿਹਚਾ ਤੇ ਸੇਵਾ ਕਰਦਾ ਹੈਂ ਅਤੇ ਕਿੰਨਾ ਧੀਰਜ ਰੱਖਦਾ ਹੈਂ। ਮੈਨੂੰ ਇਹ ਵੀ ਪਤਾ ਹੈ ਕਿ ਤੇਰੇ ਕੰਮ ਪਹਿਲਾਂ ਨਾਲੋਂ ਹੁਣ ਜ਼ਿਆਦਾ ਵਧੀਆ ਹਨ।” (ਪ੍ਰਕਾ. 2:4, 19) ਆਓ ਆਪਾਂ ਆਪਣੇ ਸਮਰਪਣ ਦੇ ਵਾਅਦੇ ’ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰੀਏ ਤਾਂਕਿ ਅਸੀਂ ਯਹੋਵਾਹ ਨੂੰ ਖ਼ੁਸ਼ ਕਰ ਸਕੀਏ।

ਵਿਆਹ ਦੀਆਂ ਸਹੁੰਆਂ

ਵਿਆਹ ਦੀ ਸਹੁੰ (ਪੈਰਾ 14 ਦੇਖੋ)

14. ਇਕ ਮਸੀਹੀ ਲਈ ਦੂਜਾ ਸਭ ਤੋਂ ਜ਼ਰੂਰੀ ਵਾਅਦਾ ਕਿਹੜਾ ਹੈ ਅਤੇ ਕਿਉਂ?

14 ਮਸੀਹੀਆਂ ਲਈ ਸਮਰਪਣ ਦੇ ਵਾਅਦੇ ਤੋਂ ਬਾਅਦ ਵਿਆਹ ਦਾ ਵਾਅਦਾ ਸਭ ਤੋਂ ਜ਼ਰੂਰੀ ਹੁੰਦਾ ਹੈ। ਪਰ ਕਿਉਂ? ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਆਹ ਪਵਿੱਤਰ ਹੈ। ਪਰਮੇਸ਼ੁਰ ਅਤੇ ਲੋਕਾਂ ਸਾਮ੍ਹਣੇ ਲਾੜਾ-ਲਾੜੀ ਇਕ-ਦੂਜੇ ਨਾਲ ਵਿਆਹ ਦੀਆਂ ਕਸਮਾਂ ਖਾਂਦੇ ਹਨ। ਉਹ ਅਕਸਰ “ਪਵਿੱਤਰ ਬਾਈਬਲ ਵਿਚ ਦਿੱਤੇ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਭਰ ਇਕ-ਦੂਜੇ ਨੂੰ ਪਿਆਰ ਕਰਨ, ਖ਼ਿਆਲ ਰੱਖਣ ਅਤੇ ਮਾਣ-ਸਤਿਕਾਰ ਕਰਨ ਦਾ ਵਾਅਦਾ ਕਰਦੇ ਹਨ।” ਸ਼ਾਇਦ ਕਈ ਲੋਕ ਇਹ ਸ਼ਬਦ ਨਾ ਦੁਹਰਾਉਣ, ਪਰ ਉਹ ਵੀ ਪਰਮੇਸ਼ੁਰ ਸਾਮ੍ਹਣੇ ਵਿਆਹ ਦਾ ਵਾਅਦਾ ਕਰਦੇ ਹਨ। ਫਿਰ ਉਹ ਪਤੀ-ਪਤਨੀ ਬਣ ਜਾਂਦੇ ਹਨ ਅਤੇ ਉਨ੍ਹਾਂ ਦਾ ਬੰਧਨ ਉਮਰ ਭਰ ਦਾ ਹੈ। (ਉਤ. 2:24; 1 ਕੁਰਿੰ. 7:39) ਇਸ ਲਈ ਅਸੀਂ ਯਿਸੂ ਦੇ ਸ਼ਬਦ ਯਾਦ ਰੱਖਦੇ ਹਾਂ, ਜਿਸ ਨੇ ਕਿਹਾ ਸੀ: ‘ਜਿਨ੍ਹਾਂ ਨੂੰ ਪਰਮੇਸ਼ੁਰ ਨੇ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਹੈ, ਕੋਈ ਵੀ ਇਨਸਾਨ ਉਨ੍ਹਾਂ ਨੂੰ ਅੱਡ ਨਾ ਕਰੇ।’ ਇਸ ਲਈ ਜੋ ਵਿਆਹ ਕਰਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੇ ਨਾ ਨਿਭੀ, ਤਾਂ ਤਲਾਕ ਤਾਂ ਹੈ ਹੀ।ਮਰ. 10:9.

15. ਵਿਆਹ ਪ੍ਰਤੀ ਮਸੀਹੀ ਦੁਨੀਆਂ ਵਰਗਾ ਰਵੱਈਆ ਕਿਉਂ ਨਹੀਂ ਰੱਖਦੇ?

15 ਅਸੀਂ ਸਾਰੇ ਪਾਪੀ ਹਾਂ ਇਸ ਕਰਕੇ ਅੱਜ ਤਕ ਅਜਿਹਾ ਵਿਆਹ ਨਹੀਂ ਹੋਇਆ ਜਿਸ ਵਿਚ ਮੁਸ਼ਕਲਾਂ ਨਹੀਂ ਆਈਆਂ। ਬਾਈਬਲ ਕਹਿੰਦੀ ਹੈ ਕਿ ਸਾਰੇ ਵਿਆਹੇ ਲੋਕਾਂ ਨੂੰ “ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰ. 7:28) ਦੁੱਖ ਦੀ ਗੱਲ ਹੈ ਕਿ ਕਈ ਲੋਕ ਵਿਆਹ ਨੂੰ ਮਜ਼ਾਕ ਸਮਝਦੇ ਹਨ। ਜਦੋਂ ਮੁਸੀਬਤਾਂ ਆਉਂਦੀਆਂ ਹਨ, ਤਾਂ ਉਹ ਹਾਰ ਮੰਨ ਕੇ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਚਲੇ ਜਾਂਦੇ ਹਨ। ਪਰ ਮਸੀਹੀ ਇਸ ਤਰ੍ਹਾਂ ਨਹੀਂ ਕਰਦੇ। ਵਿਆਹ ਦੀਆਂ ਕਸਮਾਂ ਨੂੰ ਤੋੜਨਾ ਪਰਮੇਸ਼ੁਰ ਨਾਲ ਝੂਠ ਬੋਲਣ ਦੇ ਬਰਾਬਰ ਹੈ ਅਤੇ ਪਰਮੇਸ਼ੁਰ ਝੂਠ ਤੋਂ ਨਫ਼ਰਤ ਕਰਦਾ ਹੈ। (ਲੇਵੀ. 19:12; ਕਹਾ. 6:16-19) ਪੌਲੁਸ ਰਸੂਲ ਨੇ ਕਿਹਾ: “ਕੀ ਤੇਰੀ ਪਤਨੀ ਹੈ? ਉਸ ਨੂੰ ਛੱਡਣ ਬਾਰੇ ਨਾ ਸੋਚ।” (1 ਕੁਰਿੰ. 7:27) ਪੌਲੁਸ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਉਹ ਜਾਣਦਾ ਸੀ ਕਿ ਧੋਖਾ ਦੇ ਕੇ ਤਲਾਕ ਦੇਣ ਵਾਲਿਆਂ ਨੂੰ ਯਹੋਵਾਹ ਨਫ਼ਰਤ ਕਰਦਾ ਹੈ।ਮਲਾ. 2:13-16.

16. ਬਾਈਬਲ ਤਲਾਕ ਲੈਣ ਅਤੇ ਅਲੱਗ ਹੋਣ ਬਾਰੇ ਕੀ ਕਹਿੰਦੀ ਹੈ?

16 ਯਿਸੂ ਨੇ ਤਲਾਕ ਲੈਣ ਦਾ ਸਿਰਫ਼ ਇੱਕੋ-ਇਕ ਕਾਰਨ ਦੱਸਿਆ ਸੀ। ਜੇਕਰ ਸਾਥੀ ਹਰਾਮਕਾਰੀ ਕਰਦਾ ਹੈ ਅਤੇ ਬੇਕਸੂਰ ਸਾਥੀ ਉਸ ਨੂੰ ਮਾਫ਼ ਨਹੀਂ ਕਰਨਾ ਚਾਹੁੰਦਾ, ਤਾਂ ਉਹ ਤਲਾਕ ਲੈ ਸਕਦਾ ਹੈ। (ਮੱਤੀ 19:9; ਇਬ. 13:4) ਪਰ ਆਪਣੇ ਸਾਥੀ ਤੋਂ ਅਲੱਗ ਹੋਣ ਬਾਰੇ ਕੀ? ਬਾਈਬਲ ਇਸ ਬਾਰੇ ਵੀ ਸਾਫ਼-ਸਾਫ਼ ਦੱਸਦੀ ਹੈ। (1 ਕੁਰਿੰਥੀਆਂ 7:10, 11 ਪੜ੍ਹੋ।) ਬਾਈਬਲ ਇਹ ਨਹੀਂ ਦੱਸਦੀ ਕਿ ਮਸੀਹੀਆਂ ਨੂੰ ਕਿਹੜੇ ਹਾਲਾਤਾਂ ਵਿਚ ਆਪਣੇ ਜੀਵਨ ਸਾਥੀ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ। ਪਰ ਕੁਝ ਹਾਲਾਤਾਂ ਵਿਚ ਇਕ ਮਸੀਹੀ ਨੂੰ ਸ਼ਾਇਦ ਲੱਗੇ ਕਿ ਉਸ ਨੂੰ ਆਪਣੇ ਜੀਵਨ ਸਾਥੀ ਤੋਂ ਅਲੱਗ ਹੋ ਜਾਣਾ ਚਾਹੀਦਾ ਹੈ। ਅਲੱਗ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਜਾਨ ਨੂੰ ਖ਼ਤਰਾ ਹੋਵੇ ਜਾਂ ਧਰਮ-ਤਿਆਗੀ ਜੀਵਨ ਸਾਥੀ ਕਰਕੇ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਖ਼ਤਰੇ ਵਿਚ ਹੋਵੇ। *

17. ਇਕ ਮਸੀਹੀ ਜੋੜਾ ਆਪਣੇ ਵਿਆਹੁਤਾ ਬੰਧਨ ਨੂੰ ਕਿਵੇਂ ਮਜ਼ਬੂਤ ਕਰ ਸਕਦਾ ਹੈ?

17 ਜੇ ਵਿਆਹੇ ਜੋੜੇ ਮੁਸ਼ਕਲਾਂ ਆਉਣ ’ਤੇ ਬਜ਼ੁਰਗਾਂ ਤੋਂ ਸਲਾਹ ਲੈਂਦੇ ਹਨ, ਤਾਂ ਵਧੀਆ ਹੋਵੇਗਾ ਜੇ ਬਜ਼ੁਰਗ ਉਨ੍ਹਾਂ ਤੋਂ ਪੁੱਛਣ ਕਿ ‘ਉਨ੍ਹਾਂ ਨੇ ਸੱਚਾ ਪਿਆਰ ਕੀ ਹੈ? (ਅੰਗ੍ਰੇਜ਼ੀ) ਨਾਂ ਦਾ ਵੀਡੀਓ ਦੇਖਿਆ ਹੈ ਅਤੇ ਘਰ ਵਿਚ ਖ਼ੁਸ਼ੀਆਂ ਲਿਆਓ ਨਾਂ ਦੇ ਬਰੋਸ਼ਰ ਦਾ ਅਧਿਐਨ ਕੀਤਾ ਹੈ?’ ਇਨ੍ਹਾਂ ਵਿਚ ਦਿੱਤੇ ਪਰਮੇਸ਼ੁਰ ਦੇ ਅਸੂਲਾਂ ਦੀ ਮਦਦ ਨਾਲ ਕਈਆਂ ਨੇ ਆਪਣੇ ਵਿਆਹੁਤਾ ਰਿਸ਼ਤੇ ਦੀ ਡੋਰ ਮਜ਼ਬੂਤ ਕੀਤੀ। ਇਕ ਜੋੜੇ ਨੇ ਕਿਹਾ: “ਜਦੋਂ ਤੋਂ ਅਸੀਂ ਇਸ ਬਰੋਸ਼ਰ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਸਾਡਾ ਵਿਆਹੁਤਾ ਰਿਸ਼ਤਾ ਹੋਰ ਵੀ ਖ਼ੁਸ਼ੀਆਂ ਭਰਿਆਂ ਬਣਿਆ ਹੈ।” 22 ਸਾਲਾਂ ਤੋਂ ਵਿਆਹੀ ਹੋਈ ਇਕ ਭੈਣ ਨੂੰ ਲੱਗਾ ਕਿ ਉਸ ਦਾ ਵਿਆਹ ਟੁੱਟਣ ਵਾਲਾ ਸੀ। ਫਿਰ ਉਸ ਨੇ ਸੱਚਾ ਪਿਆਰ ਕੀ ਹੈ? ਵੀਡੀਓ ਦੇਖਿਆ। ਉਹ ਕਹਿੰਦੀ ਹੈ: “ਸਾਡਾ ਦੋਨਾਂ ਦਾ ਬਪਤਿਸਮਾ ਹੋਇਆ ਸੀ, ਪਰ ਸਾਡੀ ਸੋਚ ਇਕ ਦੂਜੇ ਤੋਂ ਬਿਲਕੁਲ ਵੱਖਰੀ ਸੀ। ਇਹ ਵੀਡੀਓ ਐਨ ਸਹੀ ਸਮੇਂ ’ਤੇ ਆਇਆ। ਹੁਣ ਸਾਡਾ ਰਿਸ਼ਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇ ਵਿਆਹੇ ਲੋਕ ਪਰਮੇਸ਼ੁਰ ਦੇ ਅਸੂਲਾਂ ਨੂੰ ਲਾਗੂ ਕਰਨ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਵਿਆਹ ਦੇ ਵਾਅਦੇ ਨੂੰ ਨਿਭਾ ਸਕਦੇ ਹਨ।

ਪੂਰੇ ਸਮੇਂ ਦੀ ਖ਼ਾਸ ਸੇਵਾ ਕਰਨ ਵਾਲਿਆਂ ਵੱਲੋਂ ਵਾਅਦਾ

18, 19. (ੳ) ਬਹੁਤ ਸਾਰੇ ਮਸੀਹੀ ਮਾਪਿਆਂ ਨੇ ਕੀ ਕੀਤਾ? (ਅ) ਖ਼ਾਸ ਪੂਰੇ ਸਮੇਂ ਦੇ ਸੇਵਕ ਆਪਣੀ ਸਹੁੰ ਕਿਵੇਂ ਪੂਰੀ ਕਰਦੇ ਹਨ?

18 ਕੀ ਤੁਸੀਂ ਗੌਰ ਕੀਤਾ ਕਿ ਹੰਨਾਹ ਅਤੇ ਯਿਫ਼ਤਾਹ ਵਿਚ ਹੋਰ ਕਿਹੜੀ ਗੱਲ ਮਿਲਦੀ-ਜੁਲਦੀ ਸੀ? ਸੁੱਖਣਾ ਸੁੱਖਣ ਕਰਕੇ ਯਿਫ਼ਤਾਹ ਦੀ ਧੀ ਅਤੇ ਹੰਨਾਹ ਦੇ ਮੁੰਡੇ ਨੇ ਪਰਮੇਸ਼ੁਰ ਦੇ ਡੇਰੇ ਵਿਚ ਖ਼ਾਸ ਸੇਵਾ ਕੀਤੀ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਸੱਚੀ ਖ਼ੁਸ਼ੀ ਮਿਲੀ। ਅੱਜ ਵੀ ਬਹੁਤ ਸਾਰੇ ਮਸੀਹੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪੂਰੇ ਸਮੇਂ ਦੀ ਸੇਵਾ ਕਰਨ ਅਤੇ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਦੀ ਹੱਲਾਸ਼ੇਰੀ ਦਿੱਤੀ ਹੈ। ਇਸ ਤਰ੍ਹਾਂ ਦੇ ਬੱਚੇ ਵਾਕਈ ਤਾਰੀਫ਼ ਦੇ ਲਾਇਕ ਹਨ।ਨਿਆ. 11:40; ਜ਼ਬੂ. 110:3.

ਪੂਰੇ ਸਮੇਂ ਦੀ ਖ਼ਾਸ ਸੇਵਾ ਕਰਨ ਵੇਲੇ ਵਾਅਦਾ (ਪੈਰਾ 19 ਦੇਖੋ)

19 ਅੱਜ ਦੁਨੀਆਂ ਭਰ ਵਿਚ ਲਗਭਗ 67,000 ਯਹੋਵਾਹ ਦੇ ਗਵਾਹ ਖ਼ਾਸ ਪੂਰੇ ਸਮੇਂ ਦੀ ਸੇਵਾ ਕਰ ਰਹੇ ਹਨ। ਕੁਝ ਬੈਥਲ ਵਿਚ ਸੇਵਾ ਕਰਦੇ, ਕੁਝ ਉਸਾਰੀ ਦਾ ਕੰਮ ਕਰਦੇ ਅਤੇ ਕੁਝ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰਦੇ ਹਨ। ਕੁਝ ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਵਿਚ ਸਿਖਲਾਈ ਦਿੰਦੇ ਹਨ। ਕੁਝ ਸਪੈਸ਼ਲ ਪਾਇਨੀਅਰ ਜਾਂ ਮਿਸ਼ਨਰੀ ਵਜੋਂ ਸੇਵਾ ਕਰਦੇ ਹਨ। ਕੁਝ ਅਸੈਂਬਲੀ ਹਾਲਾਂ ਜਾਂ ਉਨ੍ਹਾਂ ਇਮਾਰਤਾਂ ਦੀ ਦੇਖ-ਰੇਖ ਕਰਦੇ ਹਨ ਜਿੱਥੇ ਬਾਈਬਲ ਸਕੂਲ ਚਲਾਏ ਜਾਂਦੇ ਹਨ। ਉਹ “ਆਗਿਆਕਾਰੀ ਤੇ ਸਾਦੀ ਜ਼ਿੰਦਗੀ ਦੀ ਸਹੁੰ” ਖਾਂਦੇ ਹਨ। ਇਸ ਸਹੁੰ ਵਿਚ ਉਹ ਵਾਅਦਾ ਕਰਦੇ ਹਨ ਕਿ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਉਹ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਨ। ਇਸ ਵਾਅਦੇ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਸਾਦੀ ਜ਼ਿੰਦਗੀ ਜੀਉਣਗੇ ਅਤੇ ਬਿਨਾਂ ਇਜਾਜ਼ਤ ਦੇ ਪੈਸੇ ਨਹੀਂ ਕਮਾਉਣਗੇ। ਇਹ ਭੈਣ-ਭਰਾ ਖ਼ਾਸ ਨਹੀਂ, ਸਗੋਂ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਖ਼ਾਸ ਹਨ। ਉਹ ਇਹ ਗੱਲ ਨਿਮਰਤਾ ਨਾਲ ਸਵੀਕਾਰ ਕਰਦੇ ਹਨ ਕਿ ਜਿੰਨੀ ਦੇਰ ਉਹ ਖ਼ਾਸ ਪੂਰੇ ਸਮੇਂ ਦੀ ਸੇਵਾ ਕਰਨਗੇ ਉੱਨੀ ਦੇਰ ਉਹ ਆਪਣੇ ਵਾਅਦੇ ਨਿਭਾਉਣਗੇ।

20. ਸਾਨੂੰ “ਨਿਤਾ ਨੇਮ” ਯਾਨੀ ਹਰ ਰੋਜ਼ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

20 ਅਸੀਂ ਜਿਨ੍ਹਾਂ ਵਾਅਦਿਆਂ ਬਾਰੇ ਗੱਲ ਕੀਤੀ ਹੈ, ਉਨ੍ਹਾਂ ਵਿੱਚੋਂ ਤੁਸੀਂ ਕਿੰਨੇ ਕਰ ਚੁੱਕੇ ਹੋ? ਇਕ, ਦੋ ਜਾਂ ਤਿੰਨੇ? ਤੁਹਾਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਵੇਗਾ ਕਿ ਤੁਹਾਨੂੰ ਆਪਣੇ ਵਾਅਦਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। (ਕਹਾ. 20:25) ਜੇ ਅਸੀਂ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਨਹੀਂ ਨਿਭਾਉਂਦੇ, ਤਾਂ ਸਾਨੂੰ ਸ਼ਾਇਦ ਬੁਰੇ ਨਤੀਜੇ ਭੁਗਤਣੇ ਪੈਣਗੇ। (ਉਪ. 5:6) ਸੋ ਆਓ ਆਪਾਂ ਜ਼ਬੂਰਾਂ ਦੇ ਲਿਖਾਰੀ ਦੀ ਰੀਸ ਕਰੀਏ ਜਿਸ ਨੇ ਯਹੋਵਾਹ ਨੂੰ ਕਿਹਾ: “ਮੈਂ ਤੇਰੇ ਨਾਮ ਦਾ ਗੁਣ ਸਦਾ ਗਾਵਾਂਗਾ, ਭਈ ਮੈਂ ਨਿਤਾ ਨੇਮ ਆਪਣੀਆਂ ਸੁੱਖਣਾਂ ਨੂੰ ਪੂਰੀਆਂ ਕਰਾਂ।”ਜ਼ਬੂ. 61:8.

^ ਪੈਰਾ 7 ਹੰਨਾਹ ਨੇ ਇਹ ਸੁੱਖਣਾ ਸੁੱਖੀ ਸੀ ਕਿ ਜੇ ਉਸ ਦੇ ਮੁੰਡਾ ਹੋਇਆ, ਤਾਂ ਉਹ ਉਸ ਨੂੰ ਇਕ ਨਜ਼ੀਰ ਵਜੋਂ ਯਹੋਵਾਹ ਨੂੰ ਸੌਂਪ ਦੇਵੇਗੀ। ਇਸ ਦਾ ਮਤਲਬ ਸੀ ਕਿ ਸਮੂਏਲ ਨੇ ਉਮਰ ਭਰ ਯਹੋਵਾਹ ਦੀ ਸੇਵਾ ਕਰਨੀ ਸੀ।ਗਿਣ. 6:2, 5, 8.

^ ਪੈਰਾ 13 ਕਿਸੇ ਨੂੰ ਬਪਤਿਸਮੇ ਲੈਣ ਦੇ ਯੋਗ ਠਹਿਰਾਉਣ ਤੋਂ ਪਹਿਲਾਂ ਮੰਡਲੀ ਦੇ ਬਜ਼ੁਰਗ ਬਹੁਤ ਕੁਝ ਦੇਖਦੇ ਹਨ। ਇਸ ਲਈ ਬਹੁਤ ਹੀ ਘੱਟ ਮਾਮਲਿਆਂ ਵਿਚ ਕੋਈ ਇਹ ਦਾਅਵਾ ਕਰ ਸਕਦਾ ਹੈ ਕਿ ਉਸ ਦਾ ਬਪਤਿਸਮਾ ਰੱਦ ਹੈ।

^ ਪੈਰਾ 16 ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਕਿਤਾਬ ਦੇ ਵਧੇਰੇ ਜਾਣਕਾਰੀ “ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ” ਦੇਖੋ।