Skip to content

Skip to table of contents

ਮੁੱਖ ਪੰਨੇ ਤੋਂ | ਆਪਣੀਆਂ ਆਦਤਾਂ ਕਿਵੇਂ ਸੁਧਾਰੀਏ

2 ਮਾਹੌਲ ਦਾ ਧਿਆਨ ਰੱਖੋ

2 ਮਾਹੌਲ ਦਾ ਧਿਆਨ ਰੱਖੋ
  • ਤੁਸੀਂ ਟੀਚਾ ਰੱਖਿਆ ਸੀ ਕਿ ਤੁਸੀਂ ਪੌਸ਼ਟਿਕ ਖਾਣਾ ਖਾਓਗੇ, ਪਰ ਆਈਸ-ਕ੍ਰੀਮ ਦੇਖ ਕੇ ਤੁਹਾਡੇ ਮੂੰਹ ਵਿੱਚੋਂ ਲਾਰਾਂ ਟਪਕਣ ਲੱਗ ਪੈਂਦੀਆਂ ਹਨ।

  • ਤੁਸੀਂ ਸਿਗਰਟ ਛੱਡਣ ਦਾ ਫ਼ੈਸਲਾ ਕੀਤਾ ਹੈ, ਪਰ ਤੁਹਾਡਾ ਦੋਸਤ, ਜਿਸ ਨੂੰ ਪਤਾ ਹੈ ਕਿ ਤੁਸੀਂ ਸਿਗਰਟ ਛੱਡਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਨੂੰ ਸਿਗਰਟ ਪੀਣ ਲਈ ਕਹਿੰਦਾ ਹੈ।

  • ਤੁਸੀਂ ਅੱਜ ਕਸਰਤ ਕਰਨ ਦੀ ਸੋਚੀ ਹੈ, ਪਰ ਅਲਮਾਰੀ ਵਿੱਚੋਂ ਬੂਟਾਂ ਨੂੰ ਕੱਢਣਾ ਹੀ ਤੁਹਾਨੂੰ ਪਹਾੜ ਜਿੱਡਾ ਕੰਮ ਲੱਗਦਾ ਹੈ!

ਕੀ ਤੁਸੀਂ ਇਨ੍ਹਾਂ ਗੱਲਾਂ ਵਿਚ ਕੋਈ ਸਮਾਨਤਾ ਦੇਖ ਸਕਦੇ ਹੋ? ਵਾਰ-ਵਾਰ ਇਹੀ ਦੇਖਣ ਵਿਚ ਆਇਆ ਹੈ ਕਿ ਚੰਗੀਆਂ ਆਦਤਾਂ ਪਾਉਣ ਅਤੇ ਬੁਰੀਆਂ ਆਦਤਾਂ ਛੱਡਣ ਵਿਚ ਸਾਡੇ ਆਲੇ-ਦੁਆਲੇ ਦਾ ਮਾਹੌਲ ਅਹਿਮ ਰੋਲ ਅਦਾ ਕਰਦਾ ਹੈ। ਕਹਿਣ ਦਾ ਮਤਲਬ ਹੈ ਕਿ ਅਸੀਂ ਜਿਨ੍ਹਾਂ ਹਾਲਾਤਾਂ ਵਿਚ ਰਹਿੰਦੇ ਹਾਂ ਅਤੇ ਜਿਸ ਤਰ੍ਹਾਂ ਦੇ ਲੋਕਾਂ ਨਾਲ ਸਮਾਂ ਬਿਤਾਉਂਦੇ ਹਾਂ, ਉਨ੍ਹਾਂ ਦਾ ਸਾਡੇ ’ਤੇ ਅਸਰ ਪੈਂਦਾ ਹੈ।

ਬਾਈਬਲ ਦਾ ਅਸੂਲ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”ਕਹਾਉਤਾਂ 22:3.

ਬਾਈਬਲ ਸਾਨੂੰ ਦੂਰ ਦੀ ਸੋਚਣ ਦੀ ਸਲਾਹ ਦਿੰਦੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਸਮਝਦਾਰੀ ਨਾਲ ਅਜਿਹੇ ਹਾਲਾਤਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਕਰਕੇ ਸਾਡੇ ਟੀਚੇ ਅਧੂਰੇ ਰਹਿ ਸਕਦੇ ਹਨ। ਨਾਲੇ ਅਸੀਂ ਆਪਣੇ ਹਾਲਾਤਾਂ ਨੂੰ ਵਧੀਆ ਬਣਾ ਸਕਾਂਗੇ। (2 ਤਿਮੋਥਿਉਸ 2:22) ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਅਸੀਂ ਆਪਣੇ ਮਾਹੌਲ ਦਾ ਧਿਆਨ ਰੱਖ ਸਕਦੇ ਹਾਂ।

ਗ਼ਲਤ ਕੰਮ ਕਰਨਾ ਆਪਣੇ ਲਈ ਔਖਾ ਬਣਾਓ ਤੇ ਸਹੀ ਕੰਮ ਕਰਨਾ ਸੌਖਾ

ਤੁਸੀਂ ਕੀ ਕਰ ਸਕਦੇ ਹੋ

  • ਗ਼ਲਤ ਕੰਮ ਕਰਨਾ ਆਪਣੇ ਲਈ ਔਖਾ ਬਣਾਓ। ਮਿਸਾਲ ਲਈ, ਜੇ ਤੁਸੀਂ ਚਟਪਟਾ ਜਾਂ ਬਜ਼ਾਰੂ ਖਾਣਾ ਨਹੀਂ ਖਾਣਾ ਚਾਹੁੰਦੇ, ਤਾਂ ਇਸ ਨੂੰ ਆਪਣੀ ਰਸੋਈ ਵਿਚ ਨਾ ਰੱਖੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਤੁਹਾਡੇ ਲਈ ਠੀਕ ਨਹੀਂ ਹੈ। ਫਿਰ ਜਦੋਂ ਤੁਹਾਡਾ ਮਨ ਇਹ ਚੀਜ਼ਾਂ ਖਾਣ ਨੂੰ ਕਰੇਗਾ, ਤਾਂ ਤੁਹਾਨੂੰ ਆਪਣੀ ਇੱਛਾ ਅੱਗੇ ਝੁਕਣ ਲਈ ਜ਼ਿਆਦਾ ਜੱਦੋ-ਜਹਿਦ ਕਰਨੀ ਪਵੇਗੀ।

  • ਸਹੀ ਕੰਮ ਕਰਨਾ ਆਪਣੇ ਲਈ ਸੌਖਾ ਬਣਾਓ। ਮਿਸਾਲ ਲਈ, ਜੇ ਤੁਸੀਂ ਸੋਚਿਆ ਹੈ ਕਿ ਸਵੇਰੇ ਉੱਠਦਿਆਂ ਹੀ ਕਸਰਤ ਕਰਨ ਜਾਓਗੇ, ਤਾਂ ਰਾਤ ਨੂੰ ਹੀ ਆਪਣੇ ਬੈੱਡ ਦੇ ਨੇੜੇ ਕਸਰਤ ਵਾਲੇ ਕੱਪੜੇ ਰੱਖ ਲਓ। ਤੁਹਾਡੇ ਲਈ ਇਹ ਕੰਮ ਕਰਨਾ ਜਿੰਨਾ ਸੌਖਾ ਹੋਵੇਗਾ, ਉੱਨਾ ਹੀ ਤੁਸੀਂ ਇਸ ਅਨੁਸਾਰ ਚੱਲੋਗੇ।

  • ਧਿਆਨ ਨਾਲ ਆਪਣੇ ਦੋਸਤ ਚੁਣੋ। ਜਿਨ੍ਹਾਂ ਲੋਕਾਂ ਨਾਲ ਅਸੀਂ ਸਮਾਂ ਬਿਤਾਉਂਦੇ ਹਾਂ, ਉਨ੍ਹਾਂ ਵਰਗੇ ਹੀ ਬਣਨ ਦੀ ਕੋਸ਼ਿਸ਼ ਕਰਦੇ ਹਾਂ। (1 ਕੁਰਿੰਥੀਆਂ 15:33) ਇਸ ਲਈ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਸਮਾਂ ਨਾ ਬਿਤਾਓ ਜੋ ਅਜਿਹੀਆਂ ਆਦਤਾਂ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ ਜੋ ਤੁਸੀਂ ਛੱਡਣੀਆਂ ਚਾਹੁੰਦੇ ਹੋ। ਉਨ੍ਹਾਂ ਲੋਕਾਂ ਨਾਲ ਮਿਲੋ-ਗਿਲੋ ਜੋ ਚੰਗੀਆਂ ਆਦਤਾਂ ਪਾਉਣ ਦੀ ਹੱਲਾਸ਼ੇਰੀ ਦਿੰਦੇ ਹਨ।