Skip to content

Skip to table of contents

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਸਮੱਸਿਆਵਾਂ ਬਾਰੇ ਕਿਵੇਂ ਗੱਲਬਾਤ ਕਰੀਏ

ਸਮੱਸਿਆਵਾਂ ਬਾਰੇ ਕਿਵੇਂ ਗੱਲਬਾਤ ਕਰੀਏ

ਚੁਣੌਤੀ

ਜਦੋਂ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਕਿਸੇ ਸਮੱਸਿਆ ਬਾਰੇ ਗੱਲ ਕਰਦੇ ਹੋ, ਤਾਂ ਕੀ ਤੁਸੀਂ ਗੱਲਬਾਤ ਖ਼ਤਮ ਹੋਣ ਤੇ ਹੋਰ ਵੀ ਪਰੇਸ਼ਾਨ ਹੋ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਸੁਧਾਰ ਕਰ ਸਕਦੇ ਹੋ। ਪਰ ਪਹਿਲਾਂ ਤੁਹਾਨੂੰ ਆਦਮੀਆਂ ਅਤੇ ਔਰਤਾਂ ਦੇ ਗੱਲਬਾਤ ਕਰਨ ਦੇ ਵੱਖੋ-ਵੱਖਰੇ ਤਰੀਕਿਆਂ ਬਾਰੇ ਕੁਝ ਜਾਣਨ ਦੀ ਲੋੜ ਹੈ। *

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਔਰਤਾਂ ਨੂੰ ਅਕਸਰ ਕਿਸੇ ਸਮੱਸਿਆ ਦਾ ਹੱਲ ਸੁਣਨ ਤੋਂ ਪਹਿਲਾਂ ਉਸ ਬਾਰੇ ਗੱਲ ਕਰਨੀ ਚੰਗੀ ਲੱਗਦੀ ਹੈ। ਕਦੇ-ਕਦੇ ਗੱਲ ਕਰਨ ਨਾਲ ਹੀ ਸਮੱਸਿਆ ਹੱਲ ਹੋ ਜਾਂਦੀ ਹੈ।

“ਮੈਨੂੰ ਚੰਗਾ ਲੱਗਦਾ ਹੈ ਜਦੋਂ ਮੈਂ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਦਿੰਦੀ ਹਾਂ ਤੇ ਮੈਨੂੰ ਪਤਾ ਕਿ ਮੇਰਾ ਪਤੀ ਮੈਨੂੰ ਸਮਝਦਾ ਹੈ। ਗੱਲ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਮੈਨੂੰ ਬਹੁਤ ਚੰਗਾ ਲੱਗਦਾ ਹੈ।”—ਸ਼ਿਲਪਾ। *

“ਮੈਂ ਉਦੋਂ ਤਕ ਕਿਸੇ ਪਰੇਸ਼ਾਨੀ ਨੂੰ ਭੁੱਲ ਨਹੀਂ ਸਕਦੀ ਜਦੋਂ ਤਕ ਮੈਂ ਆਪਣੇ ਪਤੀ ਨੂੰ ਨਹੀਂ ਦੱਸ ਦਿੰਦੀ ਕਿ ਮੈਂ ਕਿਵੇਂ ਮਹਿਸੂਸ ਕਰ ਰਹੀ ਹਾਂ। ਜਦੋਂ ਮੈਂ ਆਪਣੀ ਮੁਸ਼ਕਲ ਬਾਰੇ ਗੱਲ ਕਰ ਲੈਂਦੀ ਹਾਂ, ਤਾਂ ਮੈਂ ਫਿਰ ਉਸ ਬਾਰੇ ਜ਼ਿਆਦਾ ਸੋਚਦੀ ਨਹੀਂ।”—ਅੰਜਲੀ।

“ਇਹ ਜਾਸੂਸੀ ਕਰਨ ਵਾਂਗ ਹੈ। ਸਮੱਸਿਆ ਦੀ ਜੜ੍ਹ ਤਕ ਪਹੁੰਚਣ ਲਈ ਮੈਂ ਬੋਲਦੇ ਸਮੇਂ ਇਕ ਤੋਂ ਬਾਅਦ ਇਕ ਗੱਲ ’ਤੇ ਗੌਰ ਕਰਦੀ ਹਾਂ।”—ਲਵੀਨਾ।

ਆਦਮੀ ਫਟਾਫਟ ਹੱਲ ਕੱਢਣ ਦੀ ਸੋਚਦੇ ਹਨ। ਅਸੀਂ ਸਮਝ ਸਕਦੇ ਹਾਂ ਕਿਉਂਕਿ ਕਿਸੇ ਗੱਲ ਦਾ ਹੱਲ ਕੱਢ ਕੇ ਆਦਮੀ ਦਿਖਾਉਂਦਾ ਹੈ ਕਿ ਉਸ ਦੀ ਪਤਨੀ ਮਦਦ ਲਈ ਉਸ ’ਤੇ ਭਰੋਸਾ ਕਰ ਸਕਦੀ ਹੈ। ਇਸ ਲਈ ਪਤੀ ਉਲਝਣ ਵਿਚ ਪੈ ਜਾਂਦੇ ਹਨ ਜਦੋਂ ਉਨ੍ਹਾਂ ਦੇ ਦੱਸੇ ਹੱਲ ਪਤਨੀਆਂ ਨੂੰ ਚੰਗੇ ਨਹੀਂ ਲੱਗਦੇ। ਕਰਣ ਨਾਂ ਦਾ ਪਤੀ ਕਹਿੰਦਾ ਹੈ: “ਮੈਨੂੰ ਸਮਝ ਨਹੀਂ ਆਉਂਦੀ ਕਿ ਉਸ ਸਮੱਸਿਆ ਬਾਰੇ ਗੱਲ ਹੀ ਕਿਉਂ ਕਰੀਏ ਜੇ ਇਸ ਦਾ ਹੱਲ ਨਹੀਂ ਚਾਹੀਦਾ!”

ਪਰ ਇਕ ਕਿਤਾਬ ਚੇਤਾਵਨੀ ਦਿੰਦੀ ਹੈ: “ਕੋਈ ਸਲਾਹ ਦੇਣ ਤੋਂ ਪਹਿਲਾਂ ਗੱਲ ਨੂੰ ਸਮਝਣ ਦੀ ਲੋੜ ਹੈ। ਹੱਲ ਦੱਸਣ ਤੋਂ ਪਹਿਲਾਂ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਅਹਿਸਾਸ ਕਰਾਉਣ ਦੀ ਲੋੜ ਹੈ ਕਿ ਤੁਸੀਂ ਉਸ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਸਮਝਦੇ ਹੋ ਤੇ ਤੁਹਾਨੂੰ ਉਸ ਨਾਲ ਹਮਦਰਦੀ ਹੈ। ਅਕਸਰ ਇੱਦਾਂ ਹੁੰਦਾ ਹੈ ਕਿ ਤੁਹਾਡੇ ਜੀਵਨ ਸਾਥੀ ਨੂੰ ਹੱਲ ਨਹੀਂ ਚਾਹੀਦਾ ਹੁੰਦਾ। ਉਹ ਬਸ ਇੰਨਾ ਚਾਹੁੰਦਾ ਕਿ ਤੁਸੀਂ ਧਿਆਨ ਨਾਲ ਉਸ ਦੀ ਗੱਲ ਸੁਣੋ।”—ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਸੱਤ ਅਸੂਲ (ਅੰਗ੍ਰੇਜ਼ੀ)।

ਤੁਸੀਂ ਕੀ ਕਰ ਸਕਦੇ ਹੋ?

ਪਤੀਆਂ ਲਈ: ਧਿਆਨ ਨਾਲ ਸੁਣਨ ਦੀ ਆਦਤ ਪਾਓ। ਟੋਨੀ ਨਾਂ ਦਾ ਪਤੀ ਕਹਿੰਦਾ ਹੈ: “ਗੱਲ ਸੁਣਨ ਤੋਂ ਬਾਅਦ ਕਦੇ-ਕਦੇ ਮੈਂ ਮਨ ਹੀ ਮਨ ਸੋਚਦਾ ਹਾਂ, ‘ਕੋਈ ਗੱਲ ਤਾਂ ਸਿਰੇ ਚੜ੍ਹੀ ਨਹੀਂ।’ ਪਰ ਅਕਸਰ ਮੇਰੀ ਪਤਨੀ ਇੰਨਾ ਹੀ ਚਾਹੁੰਦੀ ਹੈ ਕਿ ਮੈਂ ਉਸ ਦੀ ਗੱਲ ਸੁਣਾਂ।” ਸਟੀਫ਼ਨ ਨਾਂ ਦਾ ਪਤੀ ਵੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦਾ ਹੈ: “ਜਦੋਂ ਮੇਰੀ ਪਤਨੀ ਆਪਣੀਆਂ ਭਾਵਨਾਵਾਂ ਜ਼ਾਹਰ ਕਰ ਰਹੀ ਹੁੰਦੀ ਹੈ, ਤਾਂ ਮੈਂ ਉਸ ਨੂੰ ਵਿੱਚੇ ਹੀ ਨਹੀਂ ਟੋਕਦਾ। ਮੇਰੇ ਖ਼ਿਆਲ ਨਾਲ ਇਸ ਤਰ੍ਹਾਂ ਕਰਨਾ ਵਧੀਆ ਹੈ। ਗੱਲ ਪੂਰੀ ਕਰਨ ਤੋਂ ਬਾਅਦ ਮੇਰੀ ਪਤਨੀ ਹਮੇਸ਼ਾ ਕਹਿੰਦੀ ਹੈ ਕਿ ਹੁਣ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ।”

ਇੱਦਾਂ ਕਰੋ: ਅਗਲੀ ਵਾਰ ਜਦੋਂ ਤੁਸੀਂ ਆਪਣੀ ਪਤਨੀ ਨਾਲ ਸਮੱਸਿਆ ਬਾਰੇ ਗੱਲ ਕਰੋਗੇ, ਤਾਂ ਉਸ ਨੂੰ ਸਲਾਹ ਦੇਣ ਦੀ ਕੋਸ਼ਿਸ਼ ਨਾ ਕਰੋ ਜੋ ਉਸ ਨੇ ਨਹੀਂ ਮੰਗੀ। ਉਸ ਨਾਲ ਅੱਖਾਂ ਮਿਲਾ ਕੇ ਗੱਲ ਕਰੋ ਤੇ ਧਿਆਨ ਨਾਲ ਸੁਣੋ ਕਿ ਉਹ ਕੀ ਕਹਿ ਰਹੀ ਹੈ। ਸਹਿਮਤ ਹੋਣ ਤੇ ਹਾਂ ਵਿਚ ਸਿਰ ਹਿਲਾਓ। ਉਸ ਦੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿਚ ਦੁਹਰਾਓ ਜਿਸ ਤੋਂ ਲੱਗੇਗਾ ਕਿ ਤੁਸੀਂ ਉਸ ਦੀ ਗੱਲ ਸਮਝ ਗਏ ਹੋ। ਚਾਰਲਜ਼ ਨਾਂ ਦਾ ਪਤੀ ਕਹਿੰਦਾ ਹੈ: “ਕਈ ਵਾਰ ਮੇਰੀ ਪਤਨੀ ਨੂੰ ਬਸ ਇਹੀ ਜਾਣਨ ਦੀ ਲੋੜ ਹੁੰਦੀ ਹੈ ਕਿ ਮੈਂ ਉਸ ਨੂੰ ਸਮਝਦਾ ਹਾਂ ਤੇ ਮੈਂ ਉਸ ਦੇ ਪੱਖ ਵਿਚ ਹਾਂ।”ਬਾਈਬਲ ਦਾ ਅਸੂਲ: ਯਾਕੂਬ 1:19.

ਪਤਨੀਆਂ ਲਈ: ਆਪਣੇ ਪਤੀ ਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ। ਅਨੂ ਨਾਂ ਦੀ ਪਤਨੀ ਕਹਿੰਦੀ ਹੈ: “ਅਸੀਂ ਚਾਹੁੰਦੀਆਂ ਹਾਂ ਕਿ ਸਾਡਾ ਜੀਵਨ ਸਾਥੀ ਸਮਝੇ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ। ਪਰ ਕਦੇ-ਕਦੇ ਸਾਨੂੰ ਇਸ ਬਾਰੇ ਖੋਲ੍ਹ ਕੇ ਦੱਸਣਾ ਪੈਂਦਾ ਹੈ।” ਇਨੇਜ਼ ਨਾਂ ਦੀ ਪਤਨੀ ਸੁਝਾਅ ਦਿੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਇਸ ਤਰ੍ਹਾਂ ਕਹਾਂਗੀ, “ਮੈਂ ਕਿਸੇ ਗੱਲੋਂ ਪਰੇਸ਼ਾਨ ਹਾਂ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਗੱਲ ਸੁਣੋ। ਮੈਂ ਇਹ ਨਹੀਂ ਚਾਹੁੰਦੀ ਕਿ ਤੁਸੀਂ ਮੇਰੀ ਪਰੇਸ਼ਾਨੀ ਦੂਰ ਕਰੋ, ਪਰ ਮੈਂ ਇੰਨਾ ਹੀ ਚਾਹੁੰਦੀ ਹਾਂ ਕਿ ਤੁਸੀਂ ਮੇਰੀਆਂ ਭਾਵਨਾਵਾਂ ਨੂੰ ਸਮਝੋ।”

ਇੱਦਾਂ ਕਰੋ: ਜੇ ਤੁਹਾਡਾ ਪਤੀ ਗੱਲ ਸੁਣਨ ਤੋਂ ਪਹਿਲਾਂ ਤੁਹਾਨੂੰ ਹੱਲ ਦੱਸੇ, ਤਾਂ ਇਹ ਨਾ ਸੋਚੋ ਕਿ ਉਹ ਤੁਹਾਡੇ ਜਜ਼ਬਾਤਾਂ ਨੂੰ ਨਹੀਂ ਸਮਝਦਾ। ਸ਼ਾਇਦ ਉਹ ਤੁਹਾਡਾ ਬੋਝ ਹਲਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਐਸਟਰ ਨਾਂ ਦੀ ਪਤਨੀ ਦੱਸਦੀ ਹੈ: “ਗੁੱਸੇ ਹੋਣ ਦੀ ਬਜਾਇ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਪਤੀ ਨੂੰ ਮੇਰੀ ਪਰਵਾਹ ਹੈ ਅਤੇ ਉਹ ਮੇਰੀ ਗੱਲ ਸੁਣਨੀ ਚਾਹੁੰਦਾ ਹੈ ਤੇ ਮੇਰੀ ਮਦਦ ਵੀ ਕਰਨੀ ਚਾਹੁੰਦਾ ਹੈ।”ਬਾਈਬਲ ਦਾ ਅਸੂਲ: ਰੋਮੀਆਂ 12:10.

ਦੋਵਾਂ ਲਈ: ਅਸੀਂ ਦੂਸਰਿਆਂ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਾਂ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਪੇਸ਼ ਆਉਣ। ਪਰ ਮੁਸ਼ਕਲਾਂ ਬਾਰੇ ਚੰਗੀ ਤਰ੍ਹਾਂ ਗੱਲ ਕਰਨ ਲਈ ਸੋਚੋ ਕਿ ਤੁਹਾਡਾ ਜੀਵਨ ਸਾਥੀ ਕਿਸ ਤਰ੍ਹਾਂ ਚਾਹੁੰਦਾ ਕਿ ਤੁਸੀਂ ਉਸ ਨਾਲ ਪੇਸ਼ ਆਓ। (1 ਕੁਰਿੰਥੀਆਂ 10:24) ਮੋਹਿਤ ਨਾਂ ਦਾ ਪਤੀ ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ: “ਜੇ ਤੁਸੀਂ ਪਤੀ ਹੋ, ਤਾਂ ਗੱਲ ਸੁਣਨ ਲਈ ਤਿਆਰ ਰਹੋ। ਜੇ ਤੁਸੀਂ ਪਤਨੀ ਹੋ, ਤਾਂ ਕਦੇ-ਕਦੇ ਹੱਲ ਸੁਣਨ ਲਈ ਵੀ ਤਿਆਰ ਰਹੋ। ਜਦ ਤੁਸੀਂ ਦੋਵੇਂ ਜਣੇ ਇਕ-ਦੂਜੇ ਨਾਲ ਰਜ਼ਾਮੰਦ ਹੁੰਦੇ ਹੋ, ਤਾਂ ਤੁਹਾਨੂੰ ਦੋਵਾਂ ਨੂੰ ਫ਼ਾਇਦਾ ਹੁੰਦਾ ਹੈ।”ਬਾਈਬਲ ਦਾ ਅਸੂਲ: 1 ਪਤਰਸ 3:8. ▪ (g16-E No. 3)

^ ਪੈਰਾ 4 ਇਸ ਲੇਖ ਵਿਚ ਅਸੀਂ ਜੋ ਗੱਲਾਂ ਕਰਾਂਗੇ, ਉਹ ਹਰ ਪਤੀ-ਪਤਨੀ ’ਤੇ ਲਾਗੂ ਨਹੀਂ ਹੁੰਦੀਆਂ। ਪਰ ਇਸ ਲੇਖ ਵਿਚਲੇ ਅਸੂਲਾਂ ਦੀ ਮਦਦ ਨਾਲ ਹਰ ਵਿਆਹਿਆ ਇਨਸਾਨ ਆਪਣੇ ਜੀਵਨ ਸਾਥੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਅਤੇ ਉਸ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰ ਸਕਦਾ ਹੈ।

^ ਪੈਰਾ 7 ਇਸ ਲੇਖ ਵਿਚ ਨਾਂ ਬਦਲੇ ਗਏ ਹਨ।